You’re viewing a text-only version of this website that uses less data. View the main version of the website including all images and videos.
ਮਹਿਮੂਦ ਫ਼ਾਰੂਕੀ ਬਲਾਤਕਾਰ ਮਾਮਲਾ ਅਤੇ 'ਸਹਿਮਤੀ' ਦਾ ਸਵਾਲ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਕਿਸੇ ਔਰਤ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਪਹਿਲਾਂ ਕੀ ਮਰਦ ਸੱਚਮੁਚ ਉਨ੍ਹਾਂ ਨੂੰ ਪੁੱਛਦੇ ਹਨ ਕਿ, ''ਕੀ ਤੁਸੀਂ ਮੇਰੇ ਨਾਲ ਸੈਕਸ ਕਰਨਾ ਚਾਹੁੰਦੇ ਹੋ?''
ਕੀ ਔਰਤਾਂ ਅਚਾਨਕ ਸਹੀ ਉੱਤਰ ਦਿੰਦੀਆਂ ਹਨ ਕਿ 'ਹਾਂ, ਮੈਂ ਚਾਹੁੰਦੀ ਹਾਂ' ਜਾਂ 'ਨਾਂਹ', ਮੈਂ ਨਹੀਂ ਚਾਹੁੰਦੀ?'
ਮੇਰੇ ਖ਼ਿਆਲ ਨਾਲ ਜ਼ਿਆਦਾਤਰ ਮਾਮਲਿਆਂ 'ਚ ਇਸ ਤਰ੍ਹਾਂ ਨਹੀਂ ਹੁੰਦਾ। ਨਾ ਹੀ ਮਰਦ ਇੰਨੇ ਸਪੱਸ਼ਟ ਤਰੀਕੇ ਨਾਲ ਪੁੱਛਦੇ ਹਨ ਅਤੇ ਨਾ ਹੀ ਔਰਤਾਂ ਸਪੱਸ਼ਟ ਜਵਾਬ ਦਿੰਦੀਆਂ ਹਨ।
ਅਸੀਂ ਅੰਦਾਜ਼ਾ ਤਾਂ ਲਾ ਹੀ ਲੈਂਦੇ ਹਾਂ, ਹੈ ਕਿ ਨਹੀਂ? ਲਾ ਲੈਂਦੇ ਹੋ ਤਾਂ ਠੀਕ ਹੀ ਹੈ, ਕਿਉਂਕਿ ਕਨੂੰਨ ਮੁਤਾਬਕ ਸੈਕਸ ਜੇਕਰ ਸਹਿਮਤੀ ਨਾਲ ਨਾ ਹੋਵੇ ਤਾਂ ਉਹ ਬਲਾਤਕਾਰ ਹੁੰਦਾ ਹੈ।
ਕਿਵੇਂ ਹੋਵੇ 'ਹਾਂ' ਦਾ ਮੁਲੰਕਣ?
ਭਾਵੇਂ ਅਸੀਂ ਦੋਸਤ ਹੀ ਕਿਓਂ ਨਾ ਹੋਈਏ ਪਰ ਜੇ ਮੈਂ ਤੁਹਾਨੂੰ ਸਾਫ਼ ਤੌਰ 'ਤੇ ਕਿਹਾ ਕਿ ਮੈਂ ਤੁਹਾਡੇ ਨਾਲ ਸੈਕਸ ਨਹੀਂ ਕਰਨਾ ਅਤੇ ਤੁਸੀਂ ਫਿਰ ਵੀ ਮੇਰੇ ਨਾਲ ਜ਼ਬਰਜਸਤੀ ਕਰਦੇ ਹੋ ਤਾਂ ਉਹ ਬਲਾਤਕਾਰ ਹੈ।
ਦਿੱਕਤ ਤਾਂ ਉਸ ਵੇਲੇ ਆਉਂਦੀ ਹੈ ਜਦੋਂ ਇਹ ਗੱਲ ਸਾਫ਼ ਤੌਰ 'ਤੇ ਨਹੀਂ ਹੁੰਦੀ ਹੈ, ਜਿਵੇਂ ਕਿ ਕਥਿਤ ਤੌਰ 'ਤੇ ਫ਼ਿਲਮ ਨਿਰਮਾਤਾ ਮਹਿਮੂਦ ਫ਼ਾਰੂਕੀ ਦੇ ਮਾਮਲੇ 'ਚ ਹੋਇਆ ਹੈ।
ਫ਼ਾਰੂਕੀ ਖ਼ਿਲਾਫ਼ ਇੱਕ ਅਮਰੀਕੀ ਖੋਜਕਰਤਾ ਨੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ।
ਦਿੱਲੀ ਹਾਈ ਕੋਰਟ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਜਦੋਂ ਫ਼ਾਰੂਕੀ ਨੇ ਮਹਿਲਾ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਨੇ ਸਾਫ਼ 'ਨਾਂਹ' ਕਿਹਾ ਸੀ ਅਤੇ ਨਾ ਹੀ ਇਹ ਸਾਫ਼ ਹੋਇਆ ਕਿ ਫ਼ਾਰੂਕੀ ਨੂੰ ਉਸ ਦੀ 'ਅਸਹਿਮਤੀ' ਸਮਝ ਆਈ ਕਿ ਨਹੀਂ।
ਇਸ ਲਈ ਫ਼ਾਰੂਕੀ ਨੂੰ 'ਸ਼ੱਕ ਦਾ ਲਾਭ' ਦਿੰਦੇ ਹੋਏ ਨਿਰਦੋਸ਼ ਕਰਾਰ ਦਿੱਤਾ ਗਿਆ। ਪਿਛਲੇ ਸਾਲ ਉਸ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ ਅਤੇ 7 ਸਾਲ ਦੀ ਸਜ਼ਾ ਸੁਣਾਈ ਸੀ।
ਮਸਲਨ, ਸਵਾਲ ਉਹੀ ਹੈ ਕਿ ਬਿਸਤਰ 'ਤੇ ਹਮਬਿਸਤਰ ਹੋਣ ਵੇਲੇ 'ਹਾਂ' ਦਾ ਮੁਲੰਕਣ ਕਿਵੇਂ ਹੋਵੇ ?
ਜ਼ਬਰਦਸਤੀ ਕੀ ਹੈ ?
ਹੁਣ ਸੈਕਸ ਤਾਂ ਸਾਨੂੰ ਸਾਰਿਆਂ ਨੂੰ ਪਸੰਦ ਹੈ, ਪਰ ਉਸ ਬਾਰੇ ਗੱਲ ਕਰਨ 'ਚ ਅਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ।
ਇੱਕ ਵੀਡੀਓ 'ਚ ਇਸੇ ਸ਼ਰਮ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਲਈ ਸੈਕਸ ਦੀ ਥਾਂ ਚਾਹ ਨੂੰ ਰੱਖਿਆ ਅਤੇ ਫਿਰ ਸਵਾਲ ਪੁੱਛਿਆ ਗਿਆ ਕਿ, ''ਕੀ ਤੁਸੀਂ ਚਾਹ ਪੀਣਾ ਚਾਹੁੰਦੇ ਹੋ ?''
ਵੀਡੀਓ 'ਚ ਦਿਖਾਇਆ ਗਿਆ ਕਿ ਜੇਕਰ ਤੁਸੀਂ ਕਿਸੇ ਨੂੰ ਚਾਹ ਦੀ ਪੇਸ਼ਕਸ਼ ਕਰੋ ਤੇ ਉਹ 'ਨਾਂਹ' ਕਹਿ ਦੇਵੇ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਚਾਹ ਨਹੀਂ ਪਿਆਉਣੀ ਚਾਹੀਦੀ।
ਜੇਕਰ ਉਹ ਪਹਿਲਾਂ 'ਹਾਂ' ਕਹੇ ਤੇ ਬਾਅਦ ਵਿੱਚ ਮਨ ਬਦਲ ਜਾਵੇ ਤਾਂ ਵੀ ਜ਼ਬਰਦਸਤੀ ਚਾਹ ਨਹੀਂ ਪਿਆਉਣੀ ਚਾਹੀਦੀ।
ਅਗਰ ਉਹ ਬੇਹੋਸ਼ ਹੋਵੇ ਜਾਂ ਚਾਹ ਪੀਣ ਲਈ 'ਹਾਂ' ਕਹਿਣ ਤੋਂ ਬਾਅਦ ਬੇਹੋਸ਼ ਹੋ ਜਾਵੇ ਤਾਂ ਵੀ ਉਨ੍ਹਾਂ ਨੂੰ ਜ਼ਬਰਦਸਤੀ ਚਾਹ ਨਹੀਂ ਪਿਆਉਣੀ ਚਾਹੀਦੀ।
ਜੇਕਰ ਪਿਛਲੇ ਹਫ਼ਤੇ ਜਾਂ ਕੱਲ੍ਹ ਰਾਤ ਉਨ੍ਹਾਂ ਨੇ ਚਾਹ ਪੀਣ ਲਈ ਸਹਿਮਤੀ ਦਿੱਤੀ ਸੀ ਪਰ ਅੱਜ ਨਹੀਂ ਚਾਹੁੰਦੇ ਤਾਂ ਵੀ ਜ਼ਬਰਦਸਤੀ ਚਾਹ ਨਹੀਂ ਪਿਆਉਣੀ ਚਾਹੀਦੀ।ਮੁੱਕਦੀ ਗੱਲ ਇਹ ਕਿ ਸਹਿਮਤੀ ਹੀ ਸਭ ਕੁਝ ਹੈ।
ਕੀ ਇਸ਼ਾਰਾ ਸਮਝ ਰਹੇ ਹੋ ?
ਹੁਣ ਤੁਸੀਂ ਇਹ ਬਹਿਸ ਕਰ ਸਕਦੇ ਹੋ ਕਿ ਬਿਸਤਰ 'ਚ ਸੈਕਸ ਕਰਨ ਲਈ ਸਹਿਮਤੀ ਲੈਣ ਦੀ ਬਜਾਏ ਚਾਹ ਪੀਣ ਲਈ 'ਹਾਂ' ਜਾਂ 'ਨਾਂਹ' ਪੁੱਛਣਾ ਬਹੁਤ ਸੌਖਾ ਹੈ।
ਪਰ ਪੇਸ਼ਕਸ਼ ਚਾਹ ਦੀ ਹੋਵੇ ਜਾਂ ਸੈਕਸ ਦੀ, ਕਾਇਦਾ ਇਹੀ ਹੈ ਜਵਾਬ ਮੰਗਣ, ਸੁਣਨ ਅਤੇ ਮੰਨਣ ਦੀ ਨੀਤ ਹੋਣੀ ਚਾਹੀਦੀ ਹੈ।
ਕੀ ਤੁਸੀਂ ਨੇੜੇ ਆਉਣਾ ਚਾਹੁੰਦੇ ਹੋ, ਪਰ ਉਸ ਔਰਤ ਦੀਆਂ ਅੱਖਾਂ ਵਿੱਚ 'ਨਾਂਹ' ਝਲਕ ਰਹੀ ਹੈ। ਉਹ ਤੁਹਾਡੇ ਹੱਥ ਪਿੱਛੇ ਧੱਕ ਰਹੀ ਹੈ, ਤੁਹਾਡੇ ਸਰੀਰ ਨੂੰ ਦੂਰ ਕਰ ਰਹੀ ਹੈ ਜਾਂ ਸਰਲ ਭਾਵ ਨਾਲ ਰੁਕਣ ਲਈ ਕਹਿ ਰਹੀ ਹੈ?
ਕੀ ਉਹ ਇਸ਼ਾਰਾ ਕਰ ਰਹੀਂ ਹੈ ? ਕੀ ਤੁਸੀਂ ਸੁਣ ਰਹੇ ਹੋ ? ਕੀ ਦੇਖ ਸਕਦੇ ਹੋ ? ਅਤੇ ਸਭ ਤੋਂ ਜ਼ਿਆਦਾ ਜਰੂਰੀ ਤੁਹਾਡੀ ਨੀਤ ਕੀ ਹੈ ?
ਸਾਡੀਆਂ ਫ਼ਿਲਮਾਂ, ਨਾਟਕਾਂ ਅਤੇ ਮੁੱਖ ਮਾਧਿਅਮ ਮੀਡੀਆ 'ਚ ਅਸੀਂ ਅਜਨਬੀਆਂ ਨੂੰ ਹੀ ਬਲਾਤਕਾਰ ਕਰਦੇ ਦੇਖਿਆ ਹੈ।
ਆਦਮੀ ਆਪਣੀ ਤਾਕਤ ਨਾਲ ਔਰਤ ਨੂੰ ਦਬਾਅ ਰਿਹਾ ਹੈ ਅਤੇ ਉਹ ਰੋ ਕੇ, ਚੀਕ ਕੇ ਕਹਿ ਰਹੀ ਹੈ ਕਿ ਉਸ ਨੂੰ ਇਹ ਨਹੀਂ ਚਾਹੀਦਾ ਹੈ। ਯਾਨਿ ਸਹਿਮਤੀ ਨਹੀਂ ਹੈ ਅਤੇ ਬਲਾਤਕਾਰ ਹੋ ਰਿਹਾ ਹੈ।
ਪਰ ਜੇਕਰ ਆਦਮੀ ਜਾਣਕਾਰ, ਦੋਸਤ, ਆਸ਼ਿਕ ਜਾਂ ਪਤੀ ਹੋਵੇ ?
ਕੀ ਤੁਸੀਂ ਵੀ ਅਜਿਹੇ ਹੋ ?
ਨੈਸ਼ਨਲ ਕ੍ਰਾਇਮ ਰਿਕਾਰਡਸ ਬਿਓਰੋ ਦੇ ਪਿਛਲੇ ਦੋ ਦਹਾਕਿਆਂ ਦੇ ਅੰਕੜੇ ਦੱਸਦੇ ਹਨ ਕਿ ਪੁਲਿਸ ਕੋਲ ਦਰਜ ਕੀਤੇ ਗਏ 97 ਫੀਸਦ ਕੇਸਾਂ 'ਚ ਬਲਾਤਕਾਰ ਕਰਨ ਵਾਲਾ ਮਰਦ, ਔਰਤ ਦਾ ਜਾਣਕਾਰ ਹੀ ਹੁੰਦਾ ਹੈ।
ਮਹਿਮੂਦ ਫ਼ਾਰੂਕੀ ਵਾਲੇ ਫੈਸਲੇ 'ਚ ਵੀ ਅਦਾਲਤ ਨੇ ਕਿਹਾ ਕਿ ਜੇਕਰ ਔਰਤ ਕਮਜ਼ੋਰ ਤਰੀਕੇ ਨਾਲ 'ਨਾਂਹ' ਕਹੇ ਤਾਂ ਉਸ ਦਾ ਮਤਲਬ 'ਹਾਂ' ਵੀ ਹੋ ਸਕਦਾ ਹੈ।
ਖ਼ਾਸ ਕਰ ਜਦੋਂ ਮਰਦ ਤੇ ਔਰਤ ਇੱਕ ਦੂਜੇ ਨੂੰ ਜਾਣਦੇ ਹੋਣ, ਪੜ੍ਹੇ ਲਿਖੇ ਜਾਣਕਾਰ ਹੋਣ ਅਤੇ ਪਹਿਲਾਂ ਵੀ ਸਰੀਰਕ ਸੰਬੰਧ ਬਣਾ ਚੁੱਕੇ ਹਨ।
ਕੀ ਇਹ ਜਾਣਿਆ-ਪਛਾਣਿਆ ਲੱਗਦਾ ਹੈ ? ਕੀ ਇਹ ਤੁਹਾਡੇ ਜਾਣਕਾਰ ਲੋਕਾਂ ਦੀ ਤਸਵੀਰ ਜਾਪਦੀ ਹੈ ? ਕੀ ਤੁਸੀਂ ਵੀ ਇੰਝ ਹੀ ਹੋ?
ਕਿੰਨਾ ਮੁਸ਼ਕਲ ਹੈ ਇਹ ਜਾਨਣਾ ਕਿ ਦੂਜਾ ਵਿਅਕਤੀ ਕੀ ਚਾਹੁੰਦਾ ਹੈ ?
ਉਸ ਅਮਰੀਕੀ ਖੋਜਾਰਥਣ ਨੇ ਆਪਣੇ ਇੱਕ ਦੋਸਤ ਨੂੰ ਕਿਹਾ, "ਮੈਂ ਹਮੇਸ਼ਾ ਇੱਕ ਅਜਿਹੀ ਔਰਤ ਸੀ ਜੋ ਆਪਣੇ ਸਰੀਰ ਅਤੇ ਸੈਕਸੁਆਲਿਟੀ ਦੀ ਮਾਲਕਣ ਰਹੀ ਸੀ। ਉਸ ਰਾਤ ਜੋ ਹੋਇਆ ਉਸ ਨੇ ਮੇਰਾ ਹੱਕ ਖੋਹ ਲਿਆ।"
ਕਿੰਨਾ ਮੁਸ਼ਕਲ ਹੈ ਉਸ ਔਰਤ ਲਈ ਦਿੱਤੇ ਇਸ਼ਾਰੇ ਸੁਣਨਾ, ਦੇਖਣਾ ਅਤੇ ਮੰਨਣਾ ? ਅਜਿਹੇ 'ਚ ਜੇਕਰ 'ਨਾਂਹ' ਕਮਜ਼ੋਰ ਢੰਗ ਨਾਲ ਕਿਹਾ ਗਿਆ ਹੈ ਤਾਂ ਕੀ ਇਹ ਸਹਿਮਤੀ ਹੈ ?
ਅਜਿਹੇ ਵਿੱਚ ਪੂਰਾ ਮਨ ਜਾਣਨ ਦੀ ਲੋੜ ਨਹੀਂ ਹੈ ? ਇੱਕ-ਦੂਜੇ ਲਈ ਸਾਨੂੰ ਇੰਨਾ ਤਾਂ ਕਰਨਾ ਹੀ ਚਾਹੀਦਾ ਹੈ ਨਾ ?
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)