ਸੋਸ਼ਣ ਖਿਲਾਫ਼ ਹਾਲੀਵੁੱਡ ਦੀਆਂ ਔਰਤਾਂ ਦਾ ‘ਟਾਈਮਜ਼ ਅੱਪ’ ਪ੍ਰੋਜੈਕਟ

ਹਾਲੀਵੁੱਡ ਦੀਆਂ ਮਹਿਲਾ ਅਦਾਕਾਰਾਂ, ਲੇਖਕਾਂ ਅਤੇ ਨਿਰਦੇਸ਼ਕਾਂ ਨੇ ਫਿਲਮ ਇੰਡਸਟ੍ਰੀ ਅਤੇ ਹੋਰ ਕੰਮ ਦੀਆਂ ਥਾਵਾਂ 'ਤੇ ਹੋਣ ਵਾਲੇ ਸੋਸ਼ਣ ਖਿਲਾਫ ਪ੍ਰੋਜੈਕਟ ਲਾਂਚ ਕੀਤਾ ਹੈ।

300 ਤੋਂ ਵੱਧ ਮਹਿਲਾਵਾਂ 'ਟਾਈਮਜ਼ ਅੱਪ' ਪ੍ਰੋਜੈਕਟ ਦਾ ਹਿੱਸਾ ਬਣੀਆਂ ਹਨ। ਇਸ ਵਿੱਚ ਨਟਾਲੀ ਪੋਰਟਮੈਨ, ਈਵਾ ਲੌਨਗੋਰੀਆ ਅਤੇ ਐਮਾ ਸਟੋਨ ਵਰਗੀਆਂ ਹਸਤੀਆਂ ਸ਼ਾਮਲ ਹਨ।

ਨਵੇ ਸਾਲ ਮੌਕੇ ਅਖਬਾਰ 'ਨਿਊ ਯੌਰਕ ਟਾਈਮਜ਼' 'ਚ ਛਪੀ ਇੱਕ ਮਸ਼ਹੂਰੀ ਜ਼ਰਿਏ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਗਿਆ।

ਇਹ ਪ੍ਰੋਜੈਕਟ ਮਨੋਰੰਜਨ ਦੀ ਦੁਨੀਆਂ ਦੀ ਔਰਤਾਂ ਵਲੋਂ ਹਰ ਔਰਤ ਲਈ ਬਦਲਾਅ ਦੀ ਪੁਕਾਰ ਹੈ।

ਹਾਲੀਵੁੱਡ ਦੇ ਫਿਲਮ ਨਿਰਮਾਤਾ ਹਾਰਵੀ ਵੀਨਸਟੀਨ 'ਤੇ ਸੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਇਹ ਸ਼ੁਰੂ ਕੀਤਾ ਗਿਆ ਹੈ।

ਵੈਬਸਾਈਟ 'ਤੇ ਛਪੀ ਇੱਕ ਚਿੱਠੀ ਵਿੱਚ ਲਿਖਿਆ ਹੈ, ''ਔਰਤਾਂ ਦੀ ਕਾਮਯਾਬੀ ਦਾ ਸੰਘਰਸ਼ ਹੁਣ ਰੁੱਕਣਾ ਚਾਹੀਦਾ ਹੈ। ਏਕਾਧਿਕਾਰ ਦਾ ਸਮਾਂ ਹੁਣ ਮੁੱਕ ਗਿਆ ਹੈ।''

ਚਿੱਠੀ ਮੁਤਾਬਕ ਅਜਿਹਾ ਸੋਸ਼ਣ ਇਸਲਈ ਜਾਰੀ ਰਹਿੰਦਾ ਹੈ ਕਿਉਂਕਿ ਸੋਸ਼ਣ ਕਰਨ ਵਾਲਿਆਂ ਨੂੰ ਕਦੇ ਆਪਣੇ ਕਾਰਾਂ ਲਈ ਸਜ਼ਾ ਨਹੀਂ ਮਿਲਦੀ।

ਪ੍ਰੋਜੈਕਟ ਦਾ ਟਾਰਗੇਟ 15 ਮਿਲਿਅਨ ਡਾਲਰ ਹੈ ਜਿਸ 'ਚੋਂ 13 ਮਿਲਿਅਨ ਡਾਲਰ ਪਹਿਲਾਂ ਹੀ ਇਕੱਠੇ ਹੋ ਚੁੱਕੇ ਹਨ।

ਕਿਵੇਂ ਹੋਏਗੀ ਮਦਦ?

ਇਸ ਪੈਸੇ ਨਾਲ ਮਰਦ ਅਤੇ ਮਹਿਲਾ ਅਦਾਕਾਰਾਂ ਨੂੰ ਕਨੂੰਨੀ ਮਦਦ ਦਿੱਤੀ ਜਾਏਗੀ।

ਖਾਸ ਤੌਰ 'ਤੇ ਉਨ੍ਹਾਂ ਨਾਲ ਜੋ ਆਪ ਖਰਚਾ ਨਹੀਂ ਚੁੱਕ ਸਕਦੇ ਜਿਵੇਂ ਕਿ ਫੈਕਟ੍ਰੀ ਵਰਕਰ ਜਾਂ ਰੈਸਟੌਰੰਟ ਵਿੱਚ ਕੰਮ ਕਰਨ ਵਾਲੇ ਬੈਰੇ।

ਹੋਰ ਔਰਤਾਂ ਉੱਚੀਆਂ ਅਤੇ ਵਧੀਆ ਤੰਖਾਵਾਂ 'ਤੇ ਕੰਮ ਕਰਨ, ਇਹ ਵੀ ਇਸ ਪ੍ਰੋਜੈਕਟ ਦਾ ਮੁੱਦਾ ਹੈ।

ਦਸੰਬਰ ਵਿੱਚ ਟਾਈਮ ਦੀ ਮੈਗਜ਼ੀਨ 'ਸਾਏਲੰਸ ਬ੍ਰੇਕਰਸ' ਨੇ ਸੋਸ਼ਣ ਖਿਲਾਫ ਬੋਲਣ ਵਾਲੀਆਂ ਨੂੰ 2017 ਦਾ 'ਪਰਸਨ ਆਫ ਦ ਇਅਰ' ਐਲਾਨਿਆ ਸੀ।

ਪਿਛਲੇ ਸਾਲ ਹੈਸ਼ਟੈਗ #MeToo ਜ਼ਰਿਏ ਵੀ ਦੁਨੀਆਂ ਭਰ ਦੀਆਂ ਔਰਤਾਂ ਨੇ ਆਪਣੇ ਨਾਲ ਹੋਏ ਸੋਸ਼ਣ ਦੀਆਂ ਘਟਨਾਵਾਂ ਨੂੰ ਸਾਂਝਾ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)