2017 'ਚ ਗੂਗਲ 'ਤੇ ਸਭ ਤੋਂ ਵੱਧ ਕੀ ਸਰਚ ਹੋਇਆ?

ਅਮਰੀਕੀ ਅਦਾਕਾਰਾ ਮੇਘਨ ਮਾਰਕਲ ਪ੍ਰਿੰਸ ਹੈਰੀ ਨਾਲ ਮੰਗਣੀ ਕਰਕੇ ਕਾਫ਼ੀ ਚਰਚਾ ਵਿੱਚ ਰਹੀ ਸੀ। ਇਸ ਦੇ ਨਾਲ ਹੀ ਇੱਕ ਵਰਚੁਅਲ ਕਰੰਸੀ ਨੇ ਦੋ ਭਾਰਵਾਂ ਨੂੰ ਰਾਤੋ ਰਾਤ ਅਰਬਪਤੀ ਬਣਾਇਆ।

ਇਸੇ ਤਰ੍ਹਾਂ ਹੀ ਬੀਬੀਸੀ ਨੇ ਸਾਲ ਭਰ ਦੀਆਂ ਬੇਹੱਦ ਮਸ਼ਹੂਰ ਕਹਾਣੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

ਮੇਘਨ ਮਾਰਕਲ, ਸਭ ਤੋਂ ਵੱਧ ਖੋਜੀ ਜਾਣ ਵਾਲੀ ਅਦਾਕਾਰਾ

ਇੱਕ ਵੇਲਾ ਸੀ ਜਦੋਂ ਮੇਘਨ ਨੂੰ ਰੇਚਲ ਜ਼ੇਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਿਸ ਨੇ ਅਮਰੀਕਾ ਦੇ ਮਸ਼ਹੂਰ ਟੀਵੀ ਸ਼ੋਅ 'ਸੂਟਸ' 'ਚ ਅਹਿਮ ਭੂਮਿਕਾ ਨਿਭਾਈ ਸੀ।

ਜਦੋਂ ਉਸ ਨੇ ਨਵੰਬਰ ਅਖ਼ੀਰ ਵਿੱਚ ਪ੍ਰਿੰਸ ਹੈਰੀ ਨਾਲ ਡੇਟ ਸ਼ੁਰੂ ਕੀਤੀ ਅਤੇ ਦੋਵਾਂ ਨੇ ਮੰਗਣੀ ਦਾ ਐਲਾਨ ਕੀਤਾ ਤਾਂ ਉਸ ਨੂੰ ਹੋਰ ਵੀ ਕਈ ਚੀਜ਼ਾਂ ਕਰਕੇ ਜਾਣਿਆ ਜਾਣ ਲੱਗਾ।

ਸੰਯੁਕਤ ਰਾਸ਼ਟਰ ਨਾਲ ਉਸ ਦੇ ਮਨੁੱਖਤਾਵਾਦੀ ਯਤਨ ਅਤੇ ਉਸ ਦੇ ਤਲਾਕ ਬਾਰੇ ਵੀ ਚਰਚਾ ਰਹੀ।

ਇਨ੍ਹਾਂ ਦੇ ਵਿਆਹ ਦਾ ਐਲਾਨ ਦੁਨੀਆਂ ਭਰ ਵਿੱਚ ਤੋਹਫੇ ਵਜੋਂ ਮਕਬੂਲ ਹੋਇਆ ਅਤੇ ਇਸ ਤਰ੍ਹਾਂ ਇਹ ਪਹਿਲਾ ਅੰਤਰ-ਨਸਲੀ ਸ਼ਾਹੀ ਜੋੜਾ ਬਣ ਗਿਆ।

ਹਾਲਾਂਕਿ 36 ਸਾਲਾ ਮੇਘਨ ਨੇ ਆਪਣੇ 'ਤੇ ਹੋਈਆਂ ਨਸਲੀ ਟਿੱਪਣੀਆਂ ਉੱਤੇ ਦੁੱਖ ਵੀ ਜ਼ਾਹਰ ਕੀਤਾ ਅਤੇ ਨਾਲ ਹੀ ਕਿਹਾ, "ਦੁਖ਼ ਦੀ ਗੱਲ ਹੈ ਕਿ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਸ ਦੇ ਪਿਤਾ ਗੋਰੇ ਤੇ ਮਾਂ ਅਫ਼ਰੀਕੀ-ਅਮਰੀਕੀ ਹੈ।"

ਇਸ ਦੇ ਨਾਲ ਉਨ੍ਹਾਂ ਦੀ ਮੰਗਣੀ ਦੀ ਅੰਗੂਠੀ ਵੀ ਕਾਫ਼ੀ ਚਰਚਾ ਦਾ ਵਿਸ਼ਾ ਰਹੀ। ਇਸ ਦਾ ਮੁੱਖ ਕਾਰਨ ਸੀ ਮੇਘਨ ਮਾਰਕਲ ਦੀ ਮੰਗਣੀ ਦੀ ਅੰਗੂਠੀ ਪ੍ਰਿੰਸ ਹੈਰੀ ਨੇ ਖ਼ੁਦ ਡਿਜ਼ਾਈਨ ਕੀਤੀ ਸੀ। ਇਸ ਅੰਗੂਠੀ ਵਿੱਚ ਪ੍ਰਿੰਸ ਦੀ ਮਾਂ ਦੇ ਦੋ ਹੀਰੇ ਜੜੇ ਹੋਏ ਸਨ।

ਇਹ ਸੋਨੇ ਦੀ ਬਣੀ ਹੋਈ ਹੈ ਤੇ ਵਿਚਾਲੇ ਬੋਟਸਵਾਨਾ ਤੋਂ ਲਿਆਂਦਾ ਹੀਰਾ ਲੱਗਿਆ ਹੋਇਆ ਹੈ।

ਡੈਸਪੇਸੀਟੋ, ਸਭ ਤੋਂ ਵੱਧ ਖੋਜਿਆ ਜਾਣ ਵਾਲਾ ਗਾਣਾ

ਜਦੋਂ ਡੈਸਪੇਸੀਟੋ ਗਾਣਾ ਪਹਿਲੀ ਵਾਰ ਜਨਵਰੀ 2017 ਵਿੱਚ ਰਿਲੀਜ਼ ਹੋਇਆ ਸੀ ਤਾਂ ਉਸ ਨੇ ਕਾਫ਼ੀ ਨਾਮਨਾ ਖੱਟਿਆ। ਹਾਲਾਂਕਿ ਇਸ ਵਿੱਚ ਉਦੋਂ ਜਸਟਿਨ ਬੀਬਰ ਸ਼ਾਮਿਲ ਨਹੀਂ ਸਨ।

ਇਸ ਤੋਂ ਤਿੰਨ ਮਹੀਨੇ ਬਾਅਦ ਇਸ ਦਾ ਰਿਮਿਕਸ ਰੇਗੇਟਨ ਪੋਪ ਜਾਰੀ ਹੋਇਆ ਤਾਂ ਉਹ ਅਸਮਾਨੀ ਚੜ੍ਹ ਗਿਆ।

ਇਸ ਦੇ ਨਾਲ ਹੀ ਜਸਟਿਨ ਬੀਬਰ ਪ੍ਰਸ਼ੰਸਾ ਅਤੇ ਅਲੋਚਨਾ ਦਾ ਸ਼ਿਕਾਰ ਹੋਏ ਪਰ ਬਾਵਜੂਦ ਇਸ ਦੇ ਕਿ ਇਹ ਸਾਰਾ ਗਾਣਾ ਸਪੈਨਿਸ਼ ਵਿੱਚ ਗਾਇਆ ਗਿਆ ਹੈ। ਇਸ ਨਾਲ ਇਸ ਗਾਣੇ ਦੀ ਪੂਰੀ ਦੁਨੀਆਂ ਵਿੱਚ ਹੋਈ ਮਸ਼ਹੂਰੀ 'ਤੇ ਕੋਈ ਅਸਰ ਨਹੀਂ ਪਿਆ।

ਇਸ ਗਾਣੇ ਦੀ ਵੀਡੀਓ 4.5 ਬਿਲੀਅਨ ਤੋਂ ਵੀ ਵੱਧ ਵਾਰ ਦੇਖੀ ਗਈ। ਇਸ ਦੇ ਨਾਲ ਹੀ ਯੂਟਿਊਬ 'ਤੇ ਵੀ ਇਸ ਨੇ ਸਭ ਤੋਂ ਵੱਧ ਦੇਖੇ ਜਾਣ ਦਾ ਰਿਕਾਰਡ ਬਣਾਇਆ।

ਇਹ ਗਾਣਾ ਗ੍ਰੈਮੀ ਐਵਾਰਡ ਲਈ ਦੋ ਸੂਚੀਆਂ ਲਈ ਨਾਮਜ਼ਦ ਹੋਇਆ।

ਬਿਟਕੁਆਇਨ, ਦੂਜੀ ਸਭ ਤੋਂ ਵੱਧ ਸਰਚ ਕੀਤੀ ਖ਼ਬਰ

ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਬਿਟਕੁਆਇਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਉਛਾਲ ਆਇਆ। ਇਸਦੀ ਕੀਮਤ ਇੱਕ ਹਜ਼ਾਰ ਡਾਲਰ ਤੋਂ ਸ਼ੁਰੂ ਹੋਈ ਜੋ 19 ਹਜ਼ਾਰ ਡਾਲਰ ਤੱਕ ਪਹੁੰਚੀ।

ਬਿਟਕੁਆਇਨ ਔਨਲਾਈਨ ਕਰੰਸੀ ਹੈ। ਕਨੂੰਨੀ ਟੈਂਡਰ ਨਾ ਹੋਣ ਕਰਕੇ ਇਸ ਨੂੰ ਰਵਾਇਤੀ ਵਸਤਾਂ ਅਤੇ ਸੇਵਾਵਾਂ ਲਈ ਭੁਗਤਾਨ ਕਰਨ ਲਈ ਨਹੀਂ ਵਰਤਿਆ ਜਾ ਸਕਦਾ।

ਇਹ ਚਰਚਾ ਵਿੱਚ ਉਦੋਂ ਆਇਆ ਜਦੋਂ ਸਾਲ 2013 ਵਿੱਚ ਬਿਟਕੁਆਇਨ ਦਾ ਇੱਕ ਫ਼ੀਸਦ ਹਿੱਸਾ ਖ਼ਰੀਦਣ ਵਾਲੇ ਵਿੰਕੇਲਵੋਸ ਭਰਾ ਰਾਤੋ ਰਾਤ ਅਰਬਪਤੀ ਬਣ ਗਏ।

ਸਿਰਫ਼ ਇੱਕ ਸਾਲ ਵਿੱਚ ਹੀ ਇਸਦੀ ਕੀਮਤ ਵਿੱਚ ਲਗਭਗ 2100 ਫ਼ੀਸਦ ਉਛਾਲ ਦਾ ਆਇਆ ਹੈ।

ਸਟ੍ਰੇਂਜ਼ਰ ਥਿੰਗਜ਼, ਜ਼ਿਆਦਾ ਖੋਜਿਆ ਜਾਣ ਵਾਲਾ ਟੀਵੀ ਸ਼ੋਅ

ਇਸ ਸ਼ੋਅ ਦਾ ਸੀਜ਼ਨ 2 ਬੇਹੱਦ ਜਨੂੰਨੀ ਰਿਹਾ। ਨੈਟਫਲਿਕਸ 'ਤੇ ਜਾਰੀ ਹੋਣ ਦੇ 24 ਘੰਟਿਆਂ ਬਾਅਦ ਇਹ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸ਼ੋਅ ਬਣ ਗਿਆ।

ਇਹ ਸ਼ੋਅ ਇੰਡਿਆਨਾ ਸ਼ਹਿਰ ਦੇ ਗਾਥਾ 'ਤੇ ਅਧਾਰਿਤ ਹੈ, ਜਿਸ ਦੀ ਕਹਾਣੀ ਇੱਕ ਬੱਚੇ ਦੇ ਅਚਾਨਕ ਗਾਇਬ ਹੋਣ ਅਤੇ ਇਲੈਨਲ ਨਾਂ ਦੀ ਅਪਾਹਜ ਕੁੜੀ ਦੇ ਇਰਦ ਗਿਰਦ ਘੁੰਮਦੀ ਹੈ।

ਆਈਫੋਨ X

ਲੋਕ ਨਵੰਬਰ ਵਿੱਚ ਜਾਰੀ ਹੋਣ ਵਾਲੇ ਆਈਫੋਨ X ਨੂੰ ਪਾਉਣ ਲਈ 4 ਦਿਨ ਲਾਈਨਾਂ 'ਚ ਖੜ੍ਹੇ ਰਹੇ।

ਸਿੰਗਾਪੁਰ ਤੋਂ ਲੈ ਕੇ ਲੰਡਨ ਤੱਕ, ਜਾਪਾਨ ਤੋਂ ਸੈਂਟ ਫ੍ਰਾਂਸਿਸਕੋ ਤੱਕ ਇਹ ਬਾਰੇ ਬਹੁਤ ਉਤਸ਼ਾਹ ਰਿਹਾ ਅਤੇ ਇਸ ਦੇ ਨਾਲ ਐਪਲ ਦੇ ਸ਼ੇਅਰਾਂ ਵਿੱਚ ਬੇਮਿਸਾਲ ਵਾਧਾ ਦਰਜ ਹੋਇਆ।

ਬੀਬੀਸੀ ਰਿਪੋਰਟ ਮੁਤਾਬਕ ਨਵੰਬਰ ਤੋਂ ਇਸ ਦੀ ਵਿਕਰੀ ਵਿੱਚ 12 ਫ਼ੀਸਦ ਵਾਧਾ ਦਰਜ ਹੋਇਆ ਅਤੇ ਨਾਲ ਹੀ 2 ਫੀਸਦ ਸ਼ੇਅਰ ਵੀ ਵਧੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)