ਪ੍ਰੈੱਸ ਰੀਵਿਊ: ਅਕਾਲ ਤਖ਼ਤ ਦੇ ਜਥੇਦਾਰ ਦਾ ਫ਼ਰਮਾਨ ਤੇ ਐਪਲ ਦੀ ਮੁਆਫ਼ੀ

ਦ ਟ੍ਰਬਿਊਨ ਨੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਤੇ ਅੰਮ੍ਰਿਤਸਰ ਦੇ ਉੱਘੇ ਹੋਟਲ ਮਾਲਕ ਚਰਨਜੀਤ ਸਿੰਘ ਚੱਢਾ ਖਿਲਾਫ਼ ਇੱਕ ਸਕੂਲ ਦੀ ਮਹਿਲਾ ਪ੍ਰਿੰਸੀਪਲ ਕਥਿਤ ਤੌਰ 'ਤੇ ਧੱਕਾ ਕਰਨ ਦੀ ਕੋਸ਼ਿਸ਼ ਕਰਨ ਦਾ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਸ਼ਿਕਾਇਤ ਮਿਲਣ 'ਤੇ ਜਿਲ੍ਹਾ ਪੁਲਿਸ ਵੱਲੋਂ ਕਨੂੰਨੀ ਕਾਰਵਾਈ ਕਰਨ ਦੀ ਖਬਰ ਛਾਪੀ ਹੈ।

ਅਖ਼ਬਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੱਢਾ ਨੂੰ ਸੱਦਣ ਦੀ ਖ਼ਬਰ ਵੀ ਦਿੱਤੀ ਹੈ।

ਸਾਰੇ ਹੀ ਅਖ਼ਬਾਰਾਂ ਨੇ ਕੱਲ੍ਹ ਲੋਕ ਸਭਾ ਵਿੱਚ ਪਾਸ ਹੋਏ ਤਿੰਨ ਤਲਾਕ ਬਿਲ ਨੂੰ ਆਪਣੇ ਮੁਖ ਪੰਨੇ 'ਤੇ ਥਾਂ ਦਿੱਤੀ ਹੈ।

ਇੰਡੀਅਨ ਐਕਸਪ੍ਰੈਸ ਨੇ ਪੈਰਾਡਾਈਜ਼ ਦਸਤਾਵੇਜਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਦੇ ਵਪਾਰੀ ਪਵਿੱਤਰ ਸਿੰਘ ਉੱਪਲ ਦੇ ਦਰਜਨ ਭਰ ਤੋਂ ਵੱਧ ਜਾਇਦਾਦਾਂ 'ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦੀ ਖਬਰ ਛਾਪੀ ਹੈ।

ਇਹ ਛਾਪੇ ਬੁੱਧਵਾਰ ਰਾਤ ਤੋਂ ਸ਼ੁਰੂ ਹੋ ਕੇ ਵੀਰਵਾਰ ਤੱਕ ਚੱਲੇ ਤੇ ਇਸ ਕਾਰਵਾਈ ਵਿੱਚ 15 ਟੀਮਾਂ ਨੇ ਹਿੱਸਾ ਲਿਆ।

ਨਿਊ ਯੌਰਕ ਟਾਈਮਜ਼ ਨੇ ਆਪਣੇ ਕੌਮਾਂਤਰੀ ਐਡੀਸ਼ਨ ਵਿੱਚ ਇੱਕ ਸਥਾਨਕ ਖੋਜ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਮਲੇਸ਼ੀਆ ਦੇ ਲੋਕ ਏਸ਼ੀਆ ਵਿੱਚੋਂ ਸਭ ਤੋਂ ਮੋਟੇ ਹੋਏ ਹਨ।

ਮੁਲਕ ਦੀ ਲਗਭਗ ਅੱਧੀ ਤੋਂ ਵਧੇਰੇ ਵਸੋਂ ਮੋਟਾਪੇ ਦੀ ਸ਼ਿਕਾਰ ਹੈ। ਇਸ ਖੋਜ ਲਈ ਨੈਸਲੇ ਕੰਪਨੀ ਨੇ ਪੈਸੇ ਮੁਹੱਈਆ ਕਰਵਾਏ। ਖੋਜ ਮੁਤਾਬਕ ਰਵਾਇਤੀ ਖਾਣ ਪਾਣ ਮੋਟਾਪੇ ਦੀ ਮੁੱਖ ਵਜ੍ਹਾ ਹੈ।

ਦੈਨਿਕ ਭਾਸਕਰ ਨੇ ਫੇਸਬੁੱਕ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਵਿੱਚ ਇਸਦੇ ਵਰਤੋਂਕਾਰਾਂ ਤੋਂ ਨਾ ਤਾਂ ਆਧਾਰ ਨੰਬਰ ਮੰਗੇ ਗਏ ਹਨ ਤੇ ਨਾ ਹੀ ਆਧਾਰ ਕਾਰਡ ਤੇ ਲਿਖੇ ਨਾਂ ਮੁਤਾਬਕ ਫ਼ੇਸਬੱਕ ਅਕਾਊਂਟ ਬਣਾਉਣ ਲਈ ਕਿਹਾ ਗਿਆ ਹੈ।

ਦ ਗਾਰਡੀਅਨ ਨੇ ਐਪਲ ਕੰਪਨੀ ਵੱਲੋਂ ਪੁਰਾਣੇ ਫ਼ੋਨਾਂ ਦੇ ਸੁਸਤ ਹੋ ਜਾਣ ਦੇ ਇਲਜ਼ਾਮਾਂ ਦੇ ਚਲਦਿਆਂ ਮੁਆਫ਼ੀ ਮੰਗਣ ਦੀ ਖ਼ਬਰ ਛਾਪੀ ਹੈ। ਕੰਪਨੀ ਨੇ ਪੁਰਾਣੇ ਮਾਡਲਾਂ ਦੀਆਂ ਬੈਟਰੀਆਂ ਸਸਤੇ ਮੁੱਲ ਤੇ ਬਦਲਣ ਦੀ ਗੱਲ ਵੀ ਕਹੀ ਹੈ।

ਕੰਪਨੀ ਨੇ ਆਪਣੀ ਵੈਬਸਾਈਟ ਤੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਨਾ ਤਾਂ ਕਦੇ ਆਪਣੇ ਗਾਹਕਾਂ ਨੂੰ ਨਵੇਂ ਫ਼ੌਨ ਖਰੀਦਣ ਲਈ ਪ੍ਰੇਰਿਤ ਕਰਨ ਵਾਸਤੇ ਫ਼ੋਨ ਸੁਸਤ ਕੀਤੇ ਹਨ ਤੇ ਨਾ ਕਰਾਂਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)