ਅਮਰੀਕਾ: 39 ਰਾਸ਼ਟਰਪਤੀ ਵੇਖ ਚੁੱਕੇ ਰੁੱਖ ਨੂੰ ਕੱਟਣ ਦੀ ਤਿਆਰੀ

ਅਮਰੀਕਾ ਦਾ ਵਾਈਟ ਹਾਊਸ ਦਾ ਕਰੀਬ 200 ਸਾਲ ਪੁਰਾਣਾ ਰੁੱਖ ਕੁਝ ਹੀ ਦਿਨਾਂ ਵਿੱਚ ਕੱਟ ਦਿੱਤਾ ਜਾਏਗਾ।

ਇਹ ਮੈਗਨੇਲੀਆ ਦਾ ਦਰਖ਼ਤ ਤਤਕਾਲੀ ਰਾਸ਼ਟਰਪਤੀ ਐਂਡਰਿਊ ਜੈਕਸਨ ਨੇ ਆਪਣੇ ਮਰਹੂਮ ਪਤਨੀ ਦੀ ਯਾਦ ਵਿੱਚ ਲਾਇਆ ਸੀ।

ਇਹ ਦਰਖ਼ਤ 1928 ਤੋਂ 1988 ਦਰਮਿਆਨ 20 ਡਾਲਰ ਦੇ ਨੋਟ 'ਤੇ ਵੀ ਰਿਹਾ ਹੈ।

ਕੀ ਹੈ ਯੋਜਨਾ?

ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਇੱਕ ਖ਼ਤਰਾ ਬਣ ਗਿਆ ਹੈ ਤੇ ਪ੍ਰਥਮ ਮਹਿਲਾ ਮੈਲੇਨੀਆ ਟਰੰਪ ਨੇ ਇਸ ਦਾ ਵੱਡਾ ਹਿੱਸਾ ਛਾਂਗ ਦੇਣ ਦੀ ਇੱਛਾ ਜ਼ਾਹਰ ਕੀਤੀ ਹੈ।

ਵਾਈਟ ਹਾਊਸ ਦੀ ਬੁਲਾਰੀ ਸਟੈਫਨੀ ਗ੍ਰਿਸ਼ਮ ਨੇ ਕਿਹਾ ਕਿ ਮੈਲੇਨੀਆ ਦਾ ਕਹਿਣਾ ਕਿ ਇਸਦੇ ਬੀਜ ਰੱਖ ਲਏ ਜਾਣ ਤਾਂ ਕਿ ਉਸੇ ਥਾਂ 'ਤੇ ਨਵਾਂ ਰੁੱਖ ਲਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਮੈਲੇਨੀਆ ਦਾ ਕਹਿਣਾ ਹੈ ਕਿ ਜਦੋਂ ਰਾਸ਼ਟਰਪਤੀ ਦਾ ਹੈਲੀਕੌਪਟਰ ਉਡਾਣ ਭਰਦਾ ਹੈ ਤਾਂ ਇਹ ਹੇਠਾਂ ਖੜ੍ਹੇ ਪੱਤਰਕਾਰਾਂ ਤੇ ਲੋਕਾਂ ਲਈ ਖ਼ਤਰਾ ਪੈਦਾ ਕਰਦਾ ਹੈ।

ਮੈਗਨੇਲੀਆ ਦਾ ਰੁੱਖ ਅਸਲ ਵਿੱਚ ਜੈਕਸਨ ਦੰਪਤੀ ਦੇ ਟੈਨੇਸੀ ਫਾਰਮ ਵਿੱਚ ਸ਼੍ਰੀਮਤੀ ਜੈਕਸਨ ਦੇ ਪਸੰਦੀਦਾ ਮੈਗਨੇਲੀਆ ਦੀ ਕਲਮ ਤੋਂ ਆਇਆ ਸੀ।

ਸਹਾਰਿਆਂ 'ਤੇ ਨਿਰਭਰ ਹੈ

ਇਸ ਵਿੱਚ ਪਹਿਲੀ ਵਾਰ ਦਿੱਕਤ 1970 ਵਿੱਚ ਪੈਦਾ ਹੋਣੀ ਸ਼ੁਰੂ ਹੋਈ ਜਦੋਂ ਇਸ ਦਾ ਇੱਕ ਹਿੱਸਾ ਟੁੱਟ ਗਿਆ।

ਉਸ ਥਾਂ ਤੇ ਸੀਮੈਂਟ ਭਰ ਦਿੱਤਾ ਗਿਆ। ਇਹ ਉਸ ਵੇਲੇ ਇੱਕ ਆਮ ਗੱਲ ਸੀ ਪਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਸੀਮੈਂਟ ਭਰਨ ਨਾਲ ਦਰਖ਼ਤ ਨੂੰ ਸਥਾਈ ਨੁਕਸਾਨ ਪਹੁੰਚਿਆ।

1981 ਵਿੱਚ ਸੀਮੈਂਟ ਕੱਢ ਦਿੱਤਾ ਗਿਆ ਤੇ ਦਰਖ਼ਤ ਨੂੰ ਤਾਰਾਂ ਤੇ ਇੱਕ ਵੱਡੇ ਖੰਭੇ ਦਾ ਸਹਾਰਾ ਦੇ ਦਿੱਤਾ ਗਿਆ।

ਪਹਿਲੀ ਨਜ਼ਰੇ ਤਾਂ ਦਰਖ਼ਤ ਠੀਕ-ਠਾਕ ਲਗਦਾ ਹੈ ਪਰ ਇਹ ਬਹੁਤ ਨੁਕਸਾਨਿਆ ਜਾ ਚੁੱਕਿਆ ਹੈ ਤੇ ਪੂਰੀ ਤਰ੍ਹਾਂ ਸਹਾਰਿਆਂ 'ਤੇ ਨਿਰਭਰ ਹੈ।

ਇਸ ਰੁੱਖ ਨੇ ਅਮਰੀਕਾ ਦੇ 39 ਰਾਸ਼ਟਰਪਤੀਆਂ ਦੇ ਨਾਲ ਖਾਨਾ ਜੰਗੀ ਤੇ ਦੋ ਸੰਸਾਰ ਜੰਗਾਂ ਵੀ ਵੇਖੀਆਂ ਹਨ।

ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਬੇਟੀ ਚੈਸਲੀ ਕਲਿੰਟਨ ਨੇ ਟਵੀਟ ਰਾਹੀਂ ਇਸਦੀ ਦੇਖ ਭਾਲ ਕਰਨ ਵਾਲਿਆਂ ਦਾ ਤੇ ਮੈਲੇਨੀਆ ਦੀ ਮੁੜ ਲਾਉਣ ਦੀ ਯੋਜਨਾ ਲਈ ਧੰਨਵਾਦ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)