ਐੱਪਲ ਦੇ ਸਭ ਤੋਂ ਮਹਿੰਗੇ ਫੋਨ ਦੀਆਂ 4 ਵੱਡੀਆਂ ਸਮੱਸਿਆਵਾਂ

27 ਅਕਤੂਬਰ ਨੂੰ ਕਈ ਦੇਸ਼ਾਂ ਵਿੱਚ ਐੱਪਲ X ਦੀ ਆਨਲਾਈਨ ਬੁਕਿੰਗ ਖੋਲ੍ਹੀ ਗਈ ਸੀ ਅਤੇ 10 ਮਿੰਟਾਂ ਦੇ ਅੰਦਰ ਹੀ ਸਾਰੇ ਫੋਨ ਵਿੱਕ ਗਏ ਸਨ।

ਜਦ ਦੁਕਾਨਾਂ ਵਿੱਚ ਆਇਆ ਤਾਂ ਲੰਮੀਆਂ ਕਤਾਰਾਂ ਲੱਗ ਗਈਆਂ। ਕਈ ਲੋਕਾਂ ਨੂੰ ਖਾਲੀ ਹੱਥ ਹੀ ਘਰਾਂ ਨੂੰ ਮੁੜਣਾ ਪਿਆ।

ਪਰ ਜਿਸਦੇ ਹੱਥ ਫੋਨ ਲੱਗਾ, ਉਨ੍ਹਾਂ ਨੇ ਇਸਤੇਮਾਲ ਕਰਨ ਤੇ ਹੇਠ ਲਿਖੀਆ ਖ਼ਾਮੀਆਂ ਸਾਹਮਣੇ ਆਈਆਂ।

ਫੁੱਲ ਸਕ੍ਰੀਨ

ਆਈਫੋਨ ਵਿੱਚ ਫੁੱਲ ਸਕ੍ਰੀਨ ਦੀ ਵਿਸ਼ੇਸ਼ਤਾ ਪਹਿਲੀ ਵਾਰ ਮਿਲੀ ਹੈ। ਸਟਾਰਟ ਬਟਨ ਨੂੰ ਹਟਾ ਕੇ ਓਐੱਲਈਡੀ ਸਕ੍ਰੀਨ ਨੂੰ ਵੱਡਾ ਕੀਤਾ ਗਿਆ ਹੈ।

ਸਕ੍ਰੀਨ ਤੇ ਇੱਕ ਛੋਟਾ ਆਈਕਨ ਹੈ। ਜਿਸ ਨਾਲ ਚਿਹਰੇ ਦੀ ਪਛਾਣ ਹੁੰਦੀ ਹੈ।

ਫੋਨ ਇਸਤੇਮਾਲ ਕਰਨ ਵਾਲਿਆਂ ਨੂੰ ਇਸ ਨਾਲ ਬੇਹੱਦ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਮੁਤਾਬਕ ਇਸ ਨਾਲ ਇੰਟਰਨੈੱਟ ਪੇਜ ਖੋਲ੍ਹਣ 'ਤੇ ਪੂਰੀ ਸਕ੍ਰੀਨ ਸਾਫ਼ ਨਜ਼ਰ ਨਹੀਂ ਆਉਂਦੀ।

ਥੌਮਸ ਫੁਸ਼ ਨੇ ਟਵਿੱਟਰ 'ਤੇ ਲਿਖਿਆ, ਇਹ ਆਈਫੋਨ X ਇੰਟਰਨੈੱਟ ਪੇਜਾਂ ਤੇ ਚਿੱਟੀਆਂ ਲਾਇਨਾਂ ਵਿਖਾਉਂਦਾ ਹੈ। ਮੈਨੂੰ ਸਕ੍ਰੋਲ ਕਰਨ ਵਾਲਾ ਬਟਨ ਤੱਕ ਨਜ਼ਰ ਨਹੀਂ ਆਉਂਦਾ।

ਸਕ੍ਰੀਨ ਦਾ ਐਂਗਲ ਬਦਲਣ ਤੇ ਦਿੱਕਤ

ਇਸ ਫੋਨ ਦੀ ਨਵੀਂ ਓਐੱਲਈਡੀ ਸਕ੍ਰੀਨ ਦੀ ਕਾਫ਼ੀ ਸਿਫਤ ਹੋ ਰਹੀ ਸੀ। ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਨੇ ਇੱਕ ਵੱਖਰੇ ਐਂਗਲ ਤੋਂ ਸਕ੍ਰੀਨ ਵੇਖੀ, ਉਨ੍ਹਾਂ ਦੇ ਰੰਗ ਅਤੇ ਸ਼ਾਰਪਨੈਸ ਬਦਲ ਗਈ।

ਐੱਪਲ ਨੇ ਵੀ ਇਹ ਗੱਲ ਮੰਨੀ ਹੈ ਕਿ ਇਸ ਵਿੱਚ ਕੁਝ ਖ਼ਾਮੀਆਂ ਹੋ ਸਕਦੀਆਂ ਹਨ।

ਐੱਪਲ ਨੇ ਦੱਸਿਆ, ਜੇ ਤੁਸੀਂ ਸਕ੍ਰੀਨ ਨੂੰ ਸਾਹਮਣੇ ਤੋਂ ਨਹੀਂ ਵੇਖ ਰਹੇ ਤਾਂ ਰੰਗਾਂ ਵਿੱਚ ਕੁਝ ਬਦਲਾਅ ਹੋ ਸਕਦਾ ਹੈ। ਇਹ ਇਸ ਸਕ੍ਰੀਨ ਦੀ ਵਿਸ਼ੇਸ਼ਤਾ ਹੈ ਅਤੇ ਇਹ ਇਸੇ ਤਰ੍ਹਾਂ ਕੰਮ ਕਰਦੀ ਹੈ। ਫਿਰ ਵੀ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।

ਫੋਨ ਦੀ ਨਾਜ਼ੁਕਤਾ

ਐੱਪਲ ਦੇ ਨਵੇਂ ਆਈਫੋਨ ਦੀ ਕੀਮਤ 1000 ਅਮਰੀਕੀ ਡਾਲਰ ਹੈ। ਇਹ ਸਭ ਤੋਂ ਮਹਿੰਗਾ ਹੈ ਪਰ ਨਾਲ ਹੀ ਸਭ ਤੋਂ ਨਾਜ਼ੁਕ ਵੀ।

ਡਿੱਗਣ ਵੇਲੇ ਫੋਨ ਕਿੰਨਾ ਬੱਚਦਾ ਹੈ, ਇਸ ਨੂੰ ਮਾਪਣ ਵਾਲੀ ਕੰਪਨੀ 'ਸਕੁਏਰ ਟਰੇਡ' ਮੁਤਾਬਕ ਇਹ ਸਭ ਤੋਂ ਨਾਜ਼ੁਕ ਫੋਨ ਹੈ। ਇਸ ਨੂੰ ਠੀਕ ਕਰਾਉਣਾ ਵੀ ਸਭ ਤੋਂ ਮਹਿੰਗਾ ਹੈ।

ਇਸ ਕੰਪਨੀ ਨੇ ਕਈ ਟੈਸਟ ਕੀਤੇ। ਫੋਨ ਨੂੰ 1.8 ਮੀਟਰ ਦੀ ਉਚਾਈ ਤੋਂ ਥੱਲੇ ਸੁੱਟਿਆ ਗਿਆ।

ਐੱਪਲ ਮੁਤਾਬਕ ਇਹ ਸਭ ਤੋਂ ਮਜ਼ਬੂਤ ਸਕ੍ਰੀਨ ਹੈ ਪਰ ਕੰਪਨੀ ਦੇ ਨਤੀਜਿਆਂ ਮੁਤਾਬਕ ਡਿੱਗਣ ਨਾਲ ਫੋਨ ਵਿੱਚ ਕਦੇ ਨਾ ਠੀਕ ਹੋਣ ਵਾਲਾ ਨੁਕਸਾਨ ਹੁੰਦਾ ਹੈ।

ਆਪਰੇਟਿੰਗ ਸਿਸਟਮ 'ਚ ਗੜਬੜ

ਅਮਰੀਕਾ ਵਿੱਚ ਫੋਨ ਇਸਤੇਮਾਲ ਕਰਨ ਵਾਲੇ ਕੁਝ ਲੋਕਾਂ ਮੁਤਾਬਕ ਸੌਫਟਵੇਅਰ iOS 11.1 ਨੂੰ ਸ਼ੁਰੂ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ।

ਆਰਚੀਬਾਲਡ ਸਮਾਰਟ ਨੇ ਟਵਿੱਟਰ ਤੇ ਲਿਖਿਆ, "ਐੱਪਲ ਮੈਂ ਨਹੀਂ ਜਾਣਦਾ ਜੇ ਤੁਹਾਨੂੰ ਪਤਾ ਹੈ ਕਿ ਐਕਟੀਵੇਸ਼ਨ ਸਰਵਰ ਨਾਲ ਕੁਝ ਪਰੇਸ਼ਾਨੀ ਹੈ।"

ਅਜਿਹੀਆਂ ਹੋਰ ਸ਼ਿਕਾਇਤਾਂ ਵੀ ਆਈਆਂ।

ਅਮਰੀਕੀ ਕੰਪਨੀਆਂ ਵੈਰੀਜ਼ਾਨ ਅਤੇ ਐਟ ਨੇ ਦੱਸਿਆ ਕਿ ਇਹ ਸਮੱਸਿਆ ਤਕਰੀਬਨ ਸਾਰੇ ਹੀ ਫੋਨਜ਼ ਵਿੱਚ ਮੌਜੂਦ ਹੈ।

ਖ਼ਾਸ ਕਰ ਉਹਨਾਂ 'ਚ ਜਿੰਨਾਂ ਨੂੰ ਐੱਪਲ ਦੇ ਸਟੋਰ ਤੋਂ ਖ਼ਰੀਦਿਆ ਗਿਆ ਹੈ।

ਹੁਣ ਤੱਕ ਐੱਪਲ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)