ਨੌਜਵਾਨ ਦੀ ਖੁਦਕੁਸ਼ੀ ਦਾ ਕਾਰਨ 'ਬਲੂ ਵੇਲ' ਹੋਣ ਦਾ ਖਦਸ਼ਾ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ

ਬਲੂ ਵੇਲ ਇੰਟਰਨੈਟ ਗੇਮ ਅੱਜ ਕੱਲ੍ਹ ਚਰਚਾ ਦਾ ਮੁੱਦਾ ਹੈ। ਦੁਨੀਆਂ ਭਰ ਵਿੱਚ ਅਲੱੜ ਉਮਰ ਦੇ ਬੱਚੇ ਇਸ ਦਾ ਸ਼ਿਕਾਰ ਹੋ ਰਹੇ ਹਨ।

ਤਾਜ਼ਾ ਮਾਮਲਾ ਹਰਿਆਣਾ ਦੇ ਪੰਚਕੂਲਾ ਦਾ ਹੈ। ਪੁਲਿਸ ਮੁਤਾਬਕ 17 ਸਾਲਾਂ ਲੜਕੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਮਾਮਲਾ ਸ਼ਨੀਵਾਰ ਦਾ ਹੈ। ਮੁੰਡੇ ਨੇ ਆਪਣੇ ਘਰ ਵਿੱਚ ਹੀ ਫ਼ਾਹਾ ਲਗਾ ਕੇ ਖੁਦਕੁਸ਼ੀ ਕੀਤੀ। ਮੁੰਡੇ ਦੇ ਮਾਪਿਆਂ ਨੇ ਇਸ ਮਾਮਲੇ ਵਿੱਚ 'ਬਲੂ ਵੇਲ' ਦਾ ਸੰਬੰਧ ਹੋਣ ਦਾ ਸ਼ੱਕ ਪ੍ਰਗਟਾਇਆ ਹੈ।

ਮੁੰਡੇ ਦੇ ਮਾਪਿਆਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ,'' ਉਨ੍ਹਾਂ ਨੂੰ ਮੁੰਡੇ ਦੇ ਕਮਰੇ ਵਿੱਚੋਂ ਕੁਝ ਅਜਿਹੇ ਸੁਰਾਗ ਮਿਲੇ ਹਨ। ਜਿਨ੍ਹਾਂ ਨੂੰ ਬਲੂ ਵੇਲ ਗੇਮ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।''

ਪੰਚਕੂਲਾ ਦੇ ਪੁਲਿਸ ਕਮਿਸ਼ਨਰ ਏ ਐਸ ਚਾਵਲਾ ਨੇ ਬੀਬੀਸੀ ਨੂੰ ਦੱਸਿਆ,'' ਮ੍ਰਿਤਕ ਲੜਕੇ ਦੇ ਮਾਪਿਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ''

ਉੱਤਰੀ ਖਿੱਤੇ ਦਾ ਦੂਜਾ ਮਾਮਲਾ

ਕੁਝ ਦਿਨ ਪਹਿਲਾ ਪਠਾਨਕੋਟ ਵਿੱਚ ਵੀ 16 ਸਾਲਾਂ ਲੜਕੇ ਨੇ 'ਬਲੂ ਵੇਲ'ਗੇਮ ਦੇ ਟੀਚੇ ਨੂੰ ਪੂਰਾ ਕਰਨ ਲਈ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।

ਹਾਲਾਂਕਿ ਪਠਾਨਕੋਟ 'ਚ ਹੋਈ ਇਸ ਘਟਨਾ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ 'ਬਲੂ ਵੇਲ' ਗੇਮ 'ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਸੀ।

ਬਲੂ ਵੇਲ ਗੇਮ ਕੀ ਹੈ? ਇਹ ਕਿਵੇਂ ਬੱਚਿਆਂ ਨੂੰ ਆਪਣੇ ਵੱਲ ਖਿੱਚਦੀ ਹੈ? ਅਤੇ ਕਿਸ ਤਰ੍ਹਾਂ ਬੱਚੇ ਇਸਦੇ ਆਦਿ ਹੋ ਜਾਂਦੇ ਹਨ?

ਇਸ ਬਾਰੇ ਬੀਬੀਸੀ ਨਿਊਜ਼ ਪੰਜਾਬੀ ਵੱਲੋਂ ਕੁਝ ਦਿਨ ਪਹਿਲਾਂ ਮਨੋਵਿਗਿਆਨਿਕ ਅਨਿਰੁੱਧ ਕਾਲਾ ਨਾਲ ਗੱਲਬਾਤ ਕੀਤੀ ਗਈ ਸੀ।

ਗੇਮ ਕਿਵੇਂ ਕਰਦੀ ਹੈ ਪ੍ਰਭਾਵਿਤ?

  • ਬਲੂ ਵੇਲ ਇੱਕ ਰਸ਼ਿਅਨ ਗੇਮ ਹੈ, ਜਿਸ ਨੇ ਕਾਫ਼ੀ ਸਮੇਂ ਤੋਂ ਭਾਰਤ ਵਿੱਚ ਵੀ ਆਪਣੇ ਪੈਰ ਪਸਾਰੇ ਹੋਏ ਹਨ।
  • ਇਸ ਗੇਮ ਵਿੱਚ ਬੱਚਿਆਂ ਨੂੰ ਵੱਖ-ਵੱਖ ਟੀਚੇ ਦਿੱਤੇ ਜਾਂਦੇ ਹਨ, ਜੋ ਕਿ ਖੁਦਕੁਸ਼ੀ ਤੱਕ ਚਲੇ ਜਾਂਦੇ ਹਨ।
  • ਇਹ ਗੇਮ ਇੱਕ ਨਸ਼ੇ ਦੀ ਆਦਤ ਵਾਂਗ ਹੈ। ਇਸ ਨਾਲ ਸੁਭਾਅ 'ਚ ਤਬਦੀਲੀ ਆਉਂਦੀ ਹੈ।
  • 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇਸ ਗੇਮ ਵੱਲ ਜ਼ਿਆਦਾ ਖਿੱਚੇ ਜਾਂਦੇ ਹਨ।
  • ਇਸ ਗੇਮ ਨੂੰ ਖੇਡਣ ਵਾਲੇ ਮਾਨਿਸਕ ਰੂਪ 'ਚ ਕਮਜ਼ੋਰ ਹੁੰਦੇ ਹਨ।

ਇਹ ਇੱਕ ਆਦਤ ਵਾਂਗ ਹੈ, ਜਿਸ 'ਚ ਬੱਚੇ ਪੂਰੀ ਤਰ੍ਹਾਂ ਖੁੱਭ ਜਾਂਦੇ ਹਨ।

ਇਸ ਗੇਮ 'ਚ ਜ਼ਿਆਦਾ ਖੁੱਭੇ ਹੋਏ ਬੱਚਿਆਂ ਦੇ ਸਰੀਰ ਤੇ ਕਈ ਤਰ੍ਹਾਂ ਦੇ ਅਜੀਬ ਨਿਸ਼ਾਨ ਹੁੰਦੇ ਹਨ।

ਕੀ ਹਨ ਇਸ ਦੇ ਲੱਛਣ?

ਬੱਚੇ ਪਰਿਵਾਰ ਨਾਲ ਸਮਾਂ ਬਤੀਤ ਨਹੀਂ ਕਰਦੇ ਹਨ ਜਾਂ ਫਿਰ ਜ਼ਿਆਦਾ ਇਕੱਲੇ ਰਹਿੰਦੇ ਹਨ।

  • ਰਾਤ ਨੂੰ ਦੇਰੀ ਨਾਲ ਸੌਂਦੇ ਹਨ, ਸਵੇਰੇ ਜਲਦੀ ਨਹੀਂ ਉੱਠਦੇ।
  • ਪੜ੍ਹਾਈ ਵੱਲ ਧਿਆਨ ਦਿੰਦੇ ਹਨ ਜਾਂ ਨਹੀਂ, ਇਨਾਂ ਚੀਜ਼ਾ ਤੋਂ ਮਾਪਿਆਂ ਨੂੰ ਪਤਾ ਲੱਗ ਜਾਂਦਾ ਹੈ।
  • ਇਹ ਬਿਲਕੁਲ ਨਸ਼ੇ ਦੀ ਆਦਤ ਦੀ ਤਰ੍ਹਾਂ ਹੈ ਤੇ ਇਸਦਾ ਨੁਕਸਾਨ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ।
  • ਬੱਚੇ ਇਸਦੇ ਬੁਰੀ ਤਰ੍ਹਾਂ ਆਦੀ ਹੋ ਜਾਂਦੇ ਹਨ ਤੇ ਸਾਰਾ ਸਮਾਂ ਇਸ 'ਚ ਹੀ ਬਤੀਤ ਕਰਦੇ ਹਨ।

ਜੇਕਰ ਮਾਪਿਆਂ ਨੂੰ ਲੱਗਦਾ ਹੈ ਕਿ ਬੱਚਿਆਂ ਦੇ ਸੁਭਾਅ 'ਚ ਕੁਝ ਬਦਲਾਅ ਆਇਆ ਹੈ, ਤਾਂ ਉਨ੍ਹਾਂ ਨੂੰ ਮਨੋਵਿਗਿਆਨਕ ਜਾਂ ਇਸ ਸੰਬੰਧੀ ਕਿਸੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)