ਗਗਨੇਜਾ ਸਣੇ 8 ਕੇਸਾਂ ਦੀ ਗੁੱਥੀ ਸੁਲਝਾਉਣ ਦਾ ਦਾਅਵਾ

ਪੰਜਾਬ ਪੁਲਿਸ ਨੇ ਆਰਐੱਸਐੱਸ ਆਗੂ ਜਗਦੀਸ਼ ਗਗਨੇਜਾ ਸਣੇ ਪਿਛਲੇ ਸਮੇਂ ਦੌਰਾਨ ਹੋਈਆਂ ਕਤਲ ਦੀਆਂ 8 ਵਾਰਦਾਤਾਂ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨਾਲ ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਵਾਰਦਾਤਾਂ ਲਈ ਆਈਐੱਸਆਈ ਨੂੰ ਜਿੰਮੇਵਾਰ ਦੱਸਿਆ।

ਕੈਪਟਨ ਅਮਰਿੰਦਰ ਮੁਤਾਬਕ ਪੁਲਿਸ ਨੇ 4 ਮੁਲਜ਼ਮ ਕਾਬੂ ਕੀਤੇ ਹਨ, ਜੋ ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈ, ਸਤਪਾਲ ਮਸੀਹ ਸਣੇ 8 ਹਾਈਪ੍ਰੋਫਾਇਲ ਸਿਆਸੀ ਕਤਲਾਂ ਲਈ ਜਿੰਮੇਵਾਰ ਹਨ।

ਮੁੱਖ ਮੰਤਰੀ ਦਾ ਇਹ ਵੀ ਦਾਅਵਾ ਸੀ ਕਿ ਇਨ੍ਹਾਂ ਕਤਲਾਂ ਪਿੱਛੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਹੈ, ਜੋ ਅਜਿਹਾ ਕਰਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਲਾਬੂ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਜਿਨ੍ਹਾਂ 4 ਬੰਦਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਉਨ੍ਹਾਂ ਨੇ ਲੁਧਿਆਣਾ, ਜਲੰਧਰ ਅਤੇ ਖੰਨਾ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਪਿਛਲੇ ਦੋ ਸਾਲਾਂ ਦੌਰਾਨ 9 ਸਿਆਸੀ ਕਤਲਾਂ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਮਾਮਲਿਆਂ ਵਿੱਚ ਵਿਸ਼ੇਸ਼ ਜਾਂਚ ਟੀਮਾਂ ਵੀ ਬਣਦੀਆਂ ਰਹੀਆਂ ਹਨ ਪਰ ਹਾਲੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਸਕਿਆ ਸੀ। ਜਿਸ ਕਾਰਨ ਪੰਜਾਬ ਸਰਕਾਰ ਨੂੰ ਤਿੱਖੀ ਆਲੌਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।

ਪੇਸ਼ ਹੈ ਅਤੀਤ ਦੀਆਂ ਅਜਿਹੀਆਂ ਅਣਸੁਲਝੀਆਂ ਘਟਨਾਵਾਂ 'ਤੇ ਇੱਕ ਸਰਸਰੀ ਝਾਤ꞉

  • ਜੂਨ 16, 2017꞉ ਪਾਦਰੀ ਸੁਲਤਾਨ ਮਸੀਹ ਦੀ ਲੁਧਿਆਣੇ ਦੇ ਸਲੇਮ ਟਾਬਰੀ ਦੇ ਪੀਰੂ ਬੰਦਾ ਮੁਹੱਲੇ ਦੇ ਇੱਕ ਚਰਚ ਦੇ ਬਾਹਰ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਦੁਆਰਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਿਸ਼ੇਸ਼ ਜਾਂਚ ਟੀਮ ਬਿਠਾਈ ਗਈ ਪਰ ਮਾਮਲਾ ਹਾਲੇ ਅਣ -ਸੁਲਝਇਆ ਹੈ।
  • ਫਰਵਰੀ 25, 2017꞉ ਡੇਰਾ ਸੱਚਾ ਸੌਦਾ ਦੇ ਸੱਤਰ ਸਾਲਾ ਪੈਰੋਕਾਰ ਸੱਤਪਾਲ ਸ਼ਰਮਾ ਦਾ ਉਨ੍ਹਾਂ ਦੇ ਪੁੱਤਰ ਰਮੇਸ਼ (40) ਸਮੇਤ, ਲੁਧਿਆਣਾ- ਮਲੇਰਕੋਟਲਾ ਸ਼ਾਹ ਰਾਹ ਤੇ ਪੈਂਦੇ ਪਿੰਡ ਜਗੇਰਾ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
  • ਜਨਵਰੀ 14, 2017꞉ ਸ਼੍ਰੀ ਹਿੰਦੂ ਤਖ਼ਤ ਦੇ ਜਿਲ੍ਹਾ ਪ੍ਰਧਾਨ ਅਮਿਤ ਸ਼ਰਮਾ ਜੋ ਪੈਂਤੀ ਸਾਲ ਦੇ ਸਨ, ਦਾ ਜਗਰਾਉਂ ਦੇ ਪੁਲ ਨੇੜੇ ਦੁਰਗਾ ਮਾਤਾ ਮੰਦਿਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
  • ਅਗਸਤ 06, 2016 ਰਾਸ਼ਟਰੀ ਸਵੈਮ ਸੇਵਕ ਸੰਘ ਆਗੂ ਜਗਦੀਸ਼ ਗਗਨੇਜਾ ਜੋ ਕਿ ਇੱਕ ਸੇਵਾ ਮੁਕਤ ਬ੍ਰਗੇਡੀਅਰ ਸਨ, ਦੇ ਜਲੰਧਰ ਗੋਲੀ ਮਾਰੀ ਗਈ। ਬਾਅਦ ਵਿੱਚ ਉਨ੍ਹਾਂ ਦੀ ਲੁਧਿਆਣੇ ਦੇ ਦਇਆ ਨੰਦ ਮੈਡੀਕਲ ਕਾਲਜ 'ਚ ਇਲਾਜ ਦੌਰਾਨ ਮੌਤ ਹੋ ਗਈ।
  • ਅਪ੍ਰੈਲ 23, 2016꞉ ਸ਼ਿਵ ਸੈਨਾ ਦੇ ਲੇਬਰ ਵਿੰਗ, ਪੰਜਾਬ ਦੇ ਦੁਰਗਾ ਪ੍ਰਸਾਦ ਗੁਪਤਾ (28) ਦਾ ਲਲਹੇੜੀ ਚੌਂਕ ਖੰਨੇ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
  • ਅਪ੍ਰੈਲ 03, 2016꞉ ਨਾਮਧਾਰੀਆਂ ਦੇ ਸਾਬਕਾ ਮੁਖੀ ਸਵ. ਸਤਗੁਰੂ ਜਗਜੀਤ ਸਿੰਘ ਦੀ ਪਤਨੀ ਚੰਦ ਕੌਰ ਦਾ ਲੁਧਿਆਣੇ ਤੋਂ 30 ਕਿਲੋ ਮੀਟਰ ਦੂਰ ਗੁਰਦੁਆਰਾ ਭੈਣੀ ਸਾਹਿਬ ਦੇ ਕੰਪਲੈਕਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
  • ਜਨਵਰੀ 19, 2016꞉ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਆਗੂ ਦੇ ਕਿਦਵਈ ਨਗਰ ਦੇ ਸ਼ਹੀਦੀ ਪਾਰਕ ਕੋਲ਼ ਗੋਲੀ ਮਾਰੀ ਤੇ ਭੱਜ ਗਏ। ਉਹ ਮਾਮੂਲੀ ਸੱਟਾਂ ਨਾਲ਼ ਬਚ ਗਏ ਪਰ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ।
  • ਜਨਵਰੀ 31, 2016꞉ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਜਲਸੇ ਮਗਰੋਂ ਹੋਏ ਬੰਬ ਧਮਾਕੇ ਦੀ ਵੀ ਗੁੰਝਲ ਹਾਲੇ ਅਣਸੁਲਝੀ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)