You’re viewing a text-only version of this website that uses less data. View the main version of the website including all images and videos.
Google ਨੇ ਕੀਤੀ ਸ਼ੁਰੁਆਤ, ਹੁਣ ਤੁਸੀਂ ਮਸ਼ੀਨਾਂ ਨੂੰ ਨੌਕਰਾਂ ਵਾਂਗ ਹੁਕਮ ਦੇ ਸਕੋਗੇ
- ਲੇਖਕ, ਤਰੁਸ਼ਾਰ ਬਰੋਟ
- ਰੋਲ, ਡਿਜੀਟਲ ਐਡੀਟਰ, ਬੀਬੀਸੀ ਨਿਊਜ਼
ਸੋਚੋ ਇੱਕ ਦਿਨ ਸਵੇਰੇ ਉੱਠ ਕੇ ਤੁਸੀਂ ਕਹੋ, ''ਰਾਮੂ ਟੀਵੀ ਔਨ ਕਰ, ਰਾਮੂ ਮੇਰੀ ਕੌਫੀ ਬਣਾ।'' ਬਰੁਸ਼ ਕਰਦੇ ਕਰਦੇ ਤੁਸੀਂ ਰਾਮੂ ਨੂੰ ਟ੍ਰਫਿਕ ਦਾ ਪਤਾ ਕਰਨ ਲਈ ਕਹੋ ਤਾਂ ਜੋ ਦਫਤਰ ਸਮੇਂ ਸਿਰ ਜਾ ਸਕੋ।
ਜੇ ਮੈਂ ਕਹਾਂ ਕਿ ਰਾਮੂ ਤੁਹਾਡਾ ਨੌਕਰ ਨਹੀਂ ਬਲਕਿ ਤੁਹਾਡੇ ਘਰ ਵਿੱਚ ਲੱਗੀ ਇੱਕ ਮਸ਼ੀਨ ਦੀ ਆਵਾਜ਼ ਹੈ ਜੋ ਤੁਹਾਡਾ ਹਰ ਹੁਕਮ ਮੰਨੇਗੀ।
ਇਹ ਕਿਸੇ ਵਿਗਿਆਨਕ ਕਲਪਨਾ ਵਾਂਗ ਜਾਪਦਾ ਹੈ ਪਰ ਹੈ ਇਹ ਸੱਚ। ਲੱਖਾਂ ਲੋਕ ਇਸ ਦਾ ਇਸਤੇਮਾਲ ਕਰ ਰਹੇ ਹਨ ਅਤੇ ਇਹ ਛੇਤੀ ਹੀ ਤੁਹਾਡੇ ਘਰ ਵੀ ਪਹੁੰਚਣ ਵਾਲਾ ਹੈ।
ਅਮਰੀਕਾ ਅਤੇ ਬ੍ਰਿਟੇਨ ਵਿੱਚ ਕਈ ਘਰਾਂ ਦੇ ਅੰਦਰ 'ਡਿਜੀਟਲ ਵੌਏਸ ਅਸਿਸਟੈਂਟਸ' ਲੱਗੇ ਹਨ।
ਐਮਜ਼ੋਨ ਨੇ ਸਭ ਤੋਂ ਪਹਿਲਾਂ ਆਪਣੇ ਸਪੀਕਰਜ਼ 'ਦਿ ਈਕੋ' ਅਤੇ 'ਦਿ ਡੌਟ' ਨੂੰ ਲਾਂਚ ਕੀਤਾ ਸੀ। ਇਹ 'ਐਲਕਸਾ' ਨਾਂ ਦਾ 'ਵਾਏਸ ਇੰਟਰਫੇਸ' ਇਸਤੇਮਾਲ ਕਰਦੇ ਹਨ।
ਜੇ ਤੁਸੀਂ 'ਐਲਕਸਾ' ਨੂੰ ਮੌਸਮ ਦੀ ਜਾਣਕਾਰੀ ਬਾਰੇ ਪੁੱਛਦੇ ਹੋ ਤਾਂ ਉਹ ਤੁਹਾਨੂੰ ਦੱਸੇਗੀ। ਸਮੋਸਾ ਬਣਾਉਣ ਦੀ ਵਿਧੀ ਵੀ ਦੱਸੇਗੀ। ਉਸ ਦਿਨ ਦੀਆਂ ਵੱਡੀਆਂ ਖਬਰਾਂ ਦਾ ਖੁਲਾਸਾ ਵੀ ਕਰੇਗੀ।
ਅੱਜ ਗੂਗਲ ਨੇ ਗੂਗਲ ਹੋਮ ਨਾਂ ਦਾ ਉਪਕਰਨ ਲਾਂਚ ਕੀਤਾ।
ਐਕਸੈਂਚਰ ਵੱਲੋਂ ਕੀਤੇ ਗਏ ਇੱਕ ਸਰਵੇਖਣ ਮੁਤਾਬਕ ਭਾਰਤੀਆਂ ਵਿੱਚ ਹੋਰ ਦੇਸ਼ਾਂ ਦੇ ਮੁਕਾਬਲੇ 'ਡਿਜੀਟਲ ਵਾਇਸ ਅਸਿਸਟੈਂਟਸ' ਦੀ ਵੱਧ ਮੰਗ ਹੈ। ਇਨ੍ਹਾਂ ਦੇਸਾਂ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਚੀਨ ਸ਼ਾਮਲ ਹਨ।
- 2018 ਦੇ ਅੰਤ ਤੱਕ ਭਾਰਤ, ਚੀਨ ਅਤੇ ਅਮਰੀਕਾ ਦੀ ਇੱਕ ਤਿਹਾਈ ਆਨਲਾਈਨ ਆਬਾਦੀ ਕੋਲ ਇਹ ਉਪਕਰਨ ਹੋਵੇਗਾ
- 39 ਫੀਸਦ ਭਾਰਤੀ ਜੋ ਆਨਲਾਈਨ ਹਨ ਇਸੇ ਸਾਲ ਇੱਕ ਵਾਇਸ ਉਪਕਰਨ ਖਰੀਦਣਗੇ
- 2017 ਵਿੱਚ ਇਕੱਲੇ ਅਮਰੀਕਾ ਵਿੱਚ 45 ਮਿਲੀਅਨ ਤੋਂ ਵੱਧ ਉਪਕਰਨ ਵੇਚੇ ਗਏ ਸਨ
ਇਹ ਕੰਮ ਕਿਵੇਂ ਕਰਦੇ ਹਨ?
ਸਪੀਕਰ ਵਰਗੇ ਦਿਸਣ ਵਾਲੇ ਇਹ ਉਪਕਰਨ ਤੁਸੀਂ ਆਪਣੇ ਘਰ ਦੇ ਵਾਈਫਾਈ ਯਾਨੀ ਕਿ ਇੰਟਰਨੈੱਟ ਕੁਨੈਕਸ਼ਨ ਨਾਲ ਜੋੜਦੇ ਹੋ।
ਇਸ ਤੋਂ ਬਾਅਦ ਇੱਕ ਛੋਟੀ ਪ੍ਰਕਿਰਿਆ ਤਹਿਤ ਇਹ ਉਪਕਰਨ ਤੁਹਾਡੀ ਆਵਾਜ਼ ਦੇ ਆਦਿ ਹੋ ਜਾਂਦੇ ਹਨ। ਉਹ ਤੁਹਾਨੂੰ ਕੁਝ ਆਮ ਸ਼ਬਦ ਆਖਣ ਲਈ ਕਹਿਣਗੇ ਜਿਨ੍ਹਾਂ ਨੂੰ ਟੈਸਟ ਕੀਤਾ ਜਾਵੇਗਾ।
ਉਨ੍ਹਾਂ ਨਾਲ ਮੋਬਾਈਲ ਐਪਸ ਵੀ ਹੁੰਦੇ ਹਨ ਜਿਸ ਨਾਲ ਤੁਸੀਂ 'ਮਿਨੀ-ਐਪਸ' ਨੂੰ ਆਪਣੀ ਲੋੜ ਮੁਤਾਬਕ ਢਾਲ ਸਕਦੇ ਹੋ।
ਐਮੇਜ਼ੋਨ ਇਨ੍ਹਾਂ ਮਿਨੀ ਐਪਸ ਨੂੰ 'ਸਕਿੱਲਜ਼' ਕਹਿੰਦਾ ਹੈ ਅਤੇ ਗੂਗਲ ਇਨ੍ਹਾਂ ਨੂੰ 'ਐਕਸ਼ੰਜ਼' ਕਹਿੰਦਾ ਹੈ।
ਇਨ੍ਹਾਂ ਦੇ ਇਸਤੇਮਾਲ ਨਾਲ ਤੁਸੀਂ ਆਪਣਾ ਪਸੰਦੀਦਾ ਰੇਡੀਓ ਸਟੇਸ਼ਨ ਸੈੱਟ ਕਰ ਸਕਦੇ ਹੋ। ਹੋਰ ਵੀ ਬਹੁਤ ਕੁਝ ਕਰ ਸਕਦੇ ਹੋ।
ਭਾਰਤੀ ਭਾਸ਼ਾਵਾਂ ਕਿਵੇਂ ਸਮਝਦਾ ਹੈ?
ਗੂਗਲ ਅਤੇ ਐਮੇਜ਼ੋਨ ਲਈ ਭਾਰਤੀ ਭਾਸ਼ਾਵਾਂ ਇੱਕ ਵੱਡੀ ਚੁਣੌਤੀ ਹਨ ਕਿਉਂਕਿ ਇਹ ਉਪਕਰਨ ਸਿਰਫ ਅੰਗਰੇਜ਼ੀ ਸਮਝਦੇ ਹਨ। ਭਾਰਤੀ ਉਚਾਰਣ ਵਿੱਚ ਅੰਗਰੇਜ਼ੀ ਨੂੰ ਸੰਭਵ ਬਣਾਉਣਾ ਹੈ।
ਪਿਛਲੇ ਸਾਲ ਅਕਤੂਬਰ ਵਿੱਚ ਜਦ ਐਮੇਜ਼ੋਨ ਨੇ ਇਹ ਉਪਕਰਨ ਲਾਂਚ ਕੀਤਾ ਤਾਂ ਆਪਣੇ ਸੌਫਟਵੇਅਰ ਨੂੰ 'ਭਾਰਤੀ ਅੰਗਰੇਜ਼ੀ' ਸਮਝਣ ਲਈ ਤਿਆਰ ਕੀਤਾ। ਉਸ ਵਿੱਚ ਅੰਗਰੇਜ਼ੀ ਦੇ ਲੋਕਲ ਉਚਾਰਣ ਵੀ ਸ਼ਾਮਲ ਸਨ।
ਗੂਗਲ ਦੇ ਉਪਕਰਨ ਵਿੱਚ ਹਿੰਦੀ ਭਾਸ਼ਾ ਦਾ ਵਿਕਲਪ ਹੈ, ਹਾਲਾਂਕਿ ਇਹ ਵੇਖਣਾ ਹੋਵੇਗਾ ਕਿ ਉਹ ਕੰਮ ਕਿਵੇਂ ਕਰੇਗਾ।
ਦੋਵੇਂ ਕੰਪਨੀਆਂ ਨੂੰ ਭਾਰਤ ਵਿੱਚ ਕਾਫੀ ਸਮਰੱਥਾ ਨਜ਼ਰ ਆਉਂਦੀ ਹੈ। ਇਸ ਲਈ ਉਹ ਹੋਰ ਭਾਰਤੀ ਭਾਸ਼ਾਵਾਂ 'ਤੇ ਵੀ ਕੰਮ ਕਰਨਾ ਚਾਹੁੰਦੇ ਹਨ।
ਭਵਿੱਖ ਵਿੱਚ ਤਕਨੀਕ ਦਾ ਇਸਤੇਮਾਲ
ਹਾਲੇ ਇਹ ਤਕਨੀਕ ਸਿਰਫ ਸਪੀਕਰਾਂ ਵਿੱਚ ਉਪਲਬਧ ਹੈ ਪਰ ਭਵਿੱਖ ਵਿੱਚ ਇਸਦਾ ਇਸਤੇਮਾਲ ਕਈ ਇਲੈਕਟ੍ਰਾਨਿਕ ਉਪਕਰਨਾਂ ਨਾਲ ਜੋੜ ਕੇ ਕੀਤਾ ਜਾਵੇਗਾ ਜਿਵੇਂ ਕਿ ਟੀਵੀ, ਰੇਡੀਓ, ਸੁਰੱਖਿਆ ਸਿਸਟਮ, ਲਾਈਟਿੰਗ ਸਿਸਟਮ, ਹੀਟਿੰਗ ਸਿਸਟਮ, ਕੁੱਕਰ ਅਤੇ ਫਰਿੱਜ ਵੀ।
ਤੁਹਾਡੇ ਫੋਨ ਵਿੱਚ ਤਾਂ ਇਹ ਪਹਿਲਾਂ ਤੋਂ ਹੀ ਹੈ, ਐਂਡਰਾਇਡ ਵਿੱਚ 'ਗੂਗਲ ਅਸਿਸਟੈਂਟ' ਅਤੇ ਆਈਫੋਨ ਵਿੱਚ 'ਸਿਰੀ'।
ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਪਹਿਲਾਂ ਅਮੀਰ ਭਾਰਤੀਆਂ ਨੂੰ ਟਾਰਗੇਟ ਕਰਨਗੀਆਂ ਪਰ ਇਹ ਤਕਨੀਕ ਭਾਰਤ ਦੀ ਗਰੀਬ ਆਬਾਦੀ ਲਈ ਵੀ ਕ੍ਰਾਂਤੀਕਾਰੀ ਹੋ ਸਕਦੀ ਹੈ ਜਿੱਥੇ ਸਾਖਰਤਾ ਡਿਜੀਟਲ ਖੂਬੀਆਂ ਨੂੰ ਸਿੱਖਣ ਲਈ ਇੱਕ ਰੁਕਾਵਟ ਹੈ।
ਸੋਚੋ ਇੱਕ ਗਰੀਬ ਕਿਸਾਨ ਨੂੰ ਉਸਦੇ ਹੀ ਫੋਨ ਅੰਦਰ, ਉਸਦੀ ਭਾਸ਼ਾ ਵਿੱਚ ਇੱਕ ਆਵਾਜ਼ ਇੰਟਰਨੈੱਟ ਦਾ ਇਸਤੇਮਾਲ ਕਰਨਾ ਸਿਖਾਵੇਗੀ।
ਸੁਰੱਖਿਆ ਅਤੇ ਡਾਟਾ
ਭਾਵੇਂ ਇਸ ਤਕਨੀਕ ਨੂੰ ਲੈ ਕੇ ਗਾਹਕਾਂ ਵਿੱਚ ਬੇਹੱਦ ਉਤਸ਼ਾਹ ਹੈ ਪਰ ਕਈ ਥਾਵਾਂ 'ਤੇ ਕੁਝ ਪ੍ਰੇਸ਼ਾਨ ਕਰਨ ਵਾਲੇ ਮੁੱਦੇ ਵੀ ਸਾਹਮਣੇ ਆਏ ਹਨ।
ਤੁਹਾਡੇ ਘਰ ਵਿੱਚ ਸਥਿਤ ਇਹ ਉਪਕਰਨ ਹਰ ਸਮੇਂ ਤੁਹਾਡੀ ਹਰ ਆਵਾਜ਼ ਸੁਣਨਗੇ। ਇਸ ਨਾਲ ਤੁਹਾਡੀ ਨਿਜੀ ਜਾਣਕਾਰੀ ਵੀ ਸਾਂਝੀ ਹੋ ਜਾਵੇਗੀ।
ਕੰਪਨੀਆਂ ਇਸ ਨਿਜੀ ਜਾਣਕਾਰੀ ਦਾ ਗਲਤ ਇਸਤੇਮਾਲ ਵੀ ਕਰ ਸਕਦੀਆਂ ਹਨ।
ਸਰਕਾਰ ਅਤੇ ਕਾਨੂੰਨੀ ਸੰਸਥਾਵਾਂ ਵੀ ਇਨ੍ਹਾਂ ਉਪਕਰਨਾਂ ਰਾਹੀਂ ਤੁਹਾਡਾ ਡਾਟਾ ਇਕੱਠਾ ਕਰ ਸਕਦੇ ਹਨ।
ਇਸ ਦਾ ਕੀ ਹੱਲ ਹੈ, ਇਸ ਬਾਰੇ ਫਿਲਹਾਲ ਕੰਪਨੀਆਂ ਚੁੱਪ ਹਨ। ਅੱਜ ਦੇ ਮਾਹੌਲ ਵਿੱਚ, ਜਿੱਥੇ ਡਾਟਾ ਸੁਰੱਖਿਆ ਇੱਕ ਵੱਡਾ ਮੁੱਦਾ ਹੈ, ਭਾਰਤੀਆਂ ਨੂੰ ਇਨ੍ਹਾਂ ਉਪਕਰਨਾਂ ਦੇ ਇਸ ਪਹਿਲੂ ਬਾਰੇ ਵੀ ਸੋਚਣਾ ਪੈ ਸਕਦਾ ਹੈ।