You’re viewing a text-only version of this website that uses less data. View the main version of the website including all images and videos.
ਹੱਜ ਦੌਰਾਨ ਔਰਤਾਂ ਨਾਲ ਹੁੰਦਾ ਹੈ ਜਿਨਸੀ ਸ਼ੋਸ਼ਣ?
- ਲੇਖਕ, ਫੋਰੋਨੈੱਕ ਅਮਿਦੀ
- ਰੋਲ, ਵੂਮੈਨ ਅਫੇਅਰਜ਼ ਜਰਨਲਿਸਟ, ਬੀਬੀਸੀ ਵਰਲਡ ਸਰਵਿਸ
ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਵਿਰੁੱਧ ਹਾਲ ਹੀ ਵਿੱਚ ਸ਼ੁਰੂ ਹੋਈ ਮੁਹਿੰਮ #MeToo ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਹੁਣ ਅਜਿਹੀ ਹੀ ਮੁਹਿੰਮ ਮੁੜ ਸ਼ੁਰੂ ਹੋਈ ਹੈ ਜਿਸ ਵਿੱਚ ਹੱਜ ਅਤੇ ਹੋਰ ਧਾਰਮਿਕ ਅਸਥਾਨਾਂ 'ਤੇ ਜਾਣ ਵਾਲੀਆਂ ਔਰਤਾਂ ਆਪਣੀ ਹੱਡਬੀਤੀ ਸੁਣਾ ਰਹੀਆਂ ਹਨ।
ਸੋਸ਼ਲ ਮੀਡੀਆ 'ਤੇ ਇਹ ਮੁਹਿੰਮ #MosqueMeToo ਦੇ ਨਾਂ ਨਾਲ ਚੱਲ ਰਹੀ ਹੈ ਅਤੇ ਔਰਤਾਂ ਜਿਨਸੀ ਸ਼ੋਸ਼ਣ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕਰ ਰਹੀਆਂ ਹਨ।
ਲੇਖਿਕਾ ਅਤੇ ਪੱਤਰਕਾਰ ਮੋਨਾ ਟਹਾਵੀ ਨੇ ਇਸ ਦੀ ਸ਼ੁਰੂਆਤ ਕੀਤੀ ਸੀ।
ਮੋਨਾ ਨੇ ਸਾਲ 2013 ਵਿੱਚ ਹੱਜ ਦੌਰਾਨ ਉਨ੍ਹਾਂ ਨਾਲ ਹੋਏ ਜਿਨਸੀ ਸ਼ੋਸ਼ਣ ਦੀ ਘਟਨਾ #MosqueMeToo ਨਾਲ ਟਵਿੱਟਰ 'ਤੇ ਸ਼ੇਅਰ ਕੀਤੀ ਸੀ।
ਬਾਅਦ ਵਿੱਚ ਮੋਨਾ ਨੇ ਆਪਣੇ ਟਵੀਟ ਵਿੱਚ ਲਿਖਿਆ, "ਇੱਕ ਮੁਸਲਮਾਨ ਔਰਤ ਨੇ ਮੇਰੇ ਨਾਲ ਵਾਪਰੀ ਘਟਨਾ ਪੜ੍ਹਣ ਤੋਂ ਬਾਅਦ ਉਨ੍ਹਾਂ ਦੀ ਮਾਂ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਤਜ਼ਰਬਾ ਮੈਨੂੰ ਦੱਸਿਆ। ਉਨ੍ਹਾਂ ਨੇ ਮੈਨੂੰ ਕਵਿਤਾ ਵੀ ਭੇਜੀ। ਉਨ੍ਹਾਂ ਨੂੰ ਜਵਾਬ ਦੇਣ ਵੇਲੇ ਮੈਂ ਰੋਣ ਲਈ ਮਜਬੂਰ ਹੋ ਗਈ ਸੀ।"
ਇਸ ਤੋਂ ਬਾਅਦ ਦੁਨੀਆਂ ਭਰ 'ਚੋਂ ਮੁਸਲਮਾਨ ਮਰਦ ਅਤੇ ਔਰਤਾਂ ਇਸ ਹੈਸ਼ਟੈਗ ਦਾ ਇਸਤੇਮਾਲ ਕਰਨ ਲੱਗੇ ਅਤੇ ਸ਼ੁਰੂਆਤੀ 24 ਘੰਟਿਆਂ ਦੇ ਅੰਦਰ ਇਹ 2000 ਹਜ਼ਾਰ ਵਾਰ ਟਵੀਟ ਹੋ ਗਿਆ।
ਉਹ ਫਾਰਸੀ ਟਵਿੱਟਰ 'ਤੇ ਟੌਪ-10 ਟ੍ਰੈਂਡ ਵਿੱਚ ਵੀ ਆ ਗਿਆ।
ਟਵਿੱਟਰ 'ਤੇ ਆਪਣੇ ਤਜ਼ਰਬੇ ਸ਼ੇਅਰ ਕਰਨ ਵਾਲੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭੀੜ ਵਿੱਚ ਗਲਤ ਢੰਗ ਨਾਲ ਛੇੜਿਆ ਗਿਆ ਅਤੇ ਫੜਣ ਦੀ ਕੋਸ਼ਿਸ਼ ਕੀਤੀ ਗਈ।
ਇੱਕ ਯੂਜ਼ਰ ਏਂਗੀ ਲੇਗੋਰਿਓ ਨੇ ਟਵੀਟ ਕੀਤਾ, "ਮੈਂ #MosqueMeToo ਬਾਰੇ ਪੜ੍ਹਿਆ ਹੈ। ਹੱਜ 2010 ਦੀਆਂ ਭਿਆਨਕ ਯਾਦਾਂ ਮੇਰੇ ਜ਼ਹਿਨ 'ਚ ਆ ਗਈਆਂ ਹਨ। ਲੋਕ ਸੋਚਦੇ ਹਨ ਕਿ ਮੱਕਾ ਮੁਸਲਮਾਨਾਂ ਲਈ ਇੱਕ ਪਵਿੱਤਰ ਥਾਂ ਹੈ, ਉਥੇ ਕੋਈ ਗਲਤ ਨਹੀਂ ਕਰੇਗਾ। ਇਹ ਪੂਰੀ ਤਰ੍ਹਾਂ ਗਲਤ ਹੈ।"
ਇੱਕ ਅੰਦਾਜ਼ੇ ਮੁਤਾਬਕ ਕਰੀਬ 20 ਲੱਖ ਮੁਸਲਮਾਨ ਹੱਜ ਲਈ ਜਾਂਦੇ ਹਨ। ਪਵਿੱਤਰ ਮੰਨੇ ਜਾਣ ਵਾਲੇ ਸ਼ਹਿਰ ਮੱਕਾ ਵਿੱਚ ਲੋਕ ਵੱਡੀ ਗਿਣਤੀ ਵਿੱਚ ਜਮ੍ਹਾਂ ਹੁੰਦੇ ਹਨ।
#MosqueMeToo ਦੇ ਸਮਰਥਕ ਦਾ ਕਹਿਣਾ ਹੈ ਕਿ ਅਜਿਹੀਆਂ ਪਵਿੱਤਰ ਥਾਵਾਂ 'ਤੇ ਵੀ ਜਿੱਥੇ ਔਰਤਾਂ ਪੂਰੀ ਤਰ੍ਹਾਂ ਢਕੀਆਂ ਹੁੰਦੀਆਂ ਹਨ, ਉਨ੍ਹਾਂ ਨਾਲ ਮਾੜਾ ਵਿਹਾਰ ਹੁੰਦਾ ਹੈ।
ਕਈ ਈਰਾਨੀ ਅਤੇ ਫਾਰਸੀ ਬੋਲਣ ਵਾਲੇ ਟਵਿੱਟਰ ਯੂਜ਼ਰਜ਼ ਨੇ ਨਾ ਸਿਰਫ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਤਜਰਬੇ ਸਾਂਝੇ ਕੀਤੇ ਬਲਕਿ ਇਸ ਮਾਨਤਾ ਨੂੰ ਵੀ ਚੁਣੌਤੀ ਦਿੱਤੀ ਕਿ ਹਿਜਾਬ ਔਰਤਾਂ ਨੂੰ ਜਿਨਸੀ ਸ਼ੋਸ਼ਣ ਅਤੇ ਮਾੜੇ ਵਿਹਾਰ ਤੋਂ ਬਚਾਉਂਦਾ ਹੈ।
ਇੱਕ ਯੂਜ਼ਰ 'NargessKa' ਨੇ ਲਿਖਿਆ, "ਤਵਾਫ਼ ਦੌਰਾਨ ਮੇਰੇ ਪਿਤਾ ਮੇਰੀ ਮਾਂ ਨੂੰ ਸੁਰੱਖਿਆ ਦੇਣ ਲਈ ਲਈ ਉਨ੍ਹਾਂ ਦੇ ਪਿੱਛੇ ਤੁਰਦੇ ਸਨ। ਪੁਰਸ਼ਾਂ ਨੂੰ ਹੈਰਾਨ ਦਿਖਣ ਦੀ ਲੋੜ ਨਹੀਂ ਹੈ।"
ਯੂਜ਼ਰ ਹਨਨ ਨੇ ਟਵੀਟ ਕੀਤਾ, "ਮੇਰੀਆਂ ਭੈਣਾਂ ਨੇ ਇਸ ਮਾਹੌਲ ਵਿੱਚ ਜਿਨਸੀ ਸ਼ੋਸ਼ਣ ਨੂੰ ਹੰਢਾਇਆ ਹੈ, ਜਿਸ ਨੂੰ ਉਹ ਆਪਣੇ ਲਈ ਸੁਰੱਖਿਅਤ ਮੰਨਦੀਆਂ ਸਨ। ਭਿਆਨਕ ਲੋਕ ਪਵਿੱਤਰ ਥਾਵਾਂ 'ਤੇ ਵੀ ਹੁੰਦੇ ਹਨ। ਇੱਕ ਮੁਸਲਿਮ ਵਜੋਂ ਸਾਨੂੰ ਅਨਿਆਂ ਝੱਲ ਰਹੀਆਂ ਆਪਣੀਆਂ ਭੈਣਾਂ ਦਾ ਸਾਥ ਦੇਣਾ ਚਾਹੀਦਾ ਹੈ।"
ਹਿਜਾਬ 'ਚ ਕੋਈ ਪਾਬੰਦੀ ਨਹੀਂ...
ਈਰਾਨ ਵਿੱਚ ਹਿਜਾਬ ਪਾਉਣਾ ਲਾਜ਼ਮੀ ਹੈ। ਇੱਥੇ ਕਈ ਥਾਵਾਂ 'ਤੇ ਬਿਨਾਂ ਹਿਜਾਬ ਵਾਲੀਆਂ ਔਰਤਾਂ ਦੀ ਬਿਨਾਂ ਲਿਫਾਫੇ ਦੇ ਟੌਫੀ ਅਤੇ ਲੌਲੀਪੋਪ ਨਾਲ ਤੁਲਨਾ ਕੀਤੀ ਕਰਨ ਵਾਲੇ ਪੋਸਟਰ ਲੱਗੇ ਹਨ।
ਜਿਸ ਵਿੱਚ ਮੱਖੀਆਂ ਅਜਿਹੀਆਂ ਟੌਫੀਆਂ ਅਤੇ ਲੌਲੀਪੋਪ ਵੱਲ ਲਲਚਾ ਰਹੀਆਂ ਹੁੰਦੀਆਂ ਹਨ।
ਈਰਾਨ ਦੇ ਸਾਰੇ ਦਫ਼ਤਰਾਂ ਅਤੇ ਜਨਤਕ ਇਮਾਰਤਾਂ ਦੀਆਂ ਕੰਧਾਂ 'ਤੇ ਸਲੋਗਨ ਲਿਖੇ ਹੁੰਦੇ ਹਨ, "ਹਿਜਾਬ ਕੋਈ ਪਾਬੰਦੀ ਨਹੀਂ ਬਲਕਿ ਤੁਹਾਡੀ ਸੁਰੱਖਿਆ ਹੈ।"
ਹਾਲ ਦੇ ਹਫ਼ਤਿਆਂ ਵਿੱਚ ਈਰਾਨ 'ਚ ਹਿਜਾਬ ਦੇ ਖ਼ਿਲਾਫ਼ ਹੋਏ ਵਿਰੋਧ ਪ੍ਰਦਰਸ਼ਨ 'ਚ 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਕੇਂਦਰੀ ਤਹਿਰਾਨ 'ਚ ਇੱਕ ਕੁੜੀ ਨੇ ਆਪਣੇ ਹਿਜਾਬ ਉਤਾਰਨ ਤੋਂ ਬਾਅਦ ਇਸ ਦੇ ਖ਼ਿਲਾਫ਼ ਮੁਹਿੰਮ ਛੇੜੀ ਸੀ।
ਹਾਲਾਂਕਿ, ਸਾਰੇ #MosqueMeToo ਦਾ ਸਮਰਥਨ ਨਹੀਂ ਕਰ ਸਕੇ ਹਨ ਅਤੇ ਕੁਝ ਲੋਕ ਇਸ ਮੁੱਦੇ ਨੂੰ ਸੋਸ਼ਲ ਮੀਡੀਆ 'ਤੇ ਚੁੱਕਣ ਲਈ ਮੋਨਾ ਟਹਾਵੀ ਦੀ ਆਲੋਚਨਾ ਕਰ ਰਹੇ ਹਨ।