ਪ੍ਰੈੱਸ ਰੀਵਿਊ: 'ਆਪ' ਵਿਧਾਇਕਾ ਬਲਜਿੰਦਰ ਕੌਰ ਮੁਸ਼ਕਲ 'ਚ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਨੈਸ਼ਨਲ ਹਾਈਵੇਅ ਲਈ ਪੰਜਾਬੀ ਰੋਜ਼ਾਨਾ ਢਾਈ ਕਰੋੜ ਰੁਪਏ ਦਾ ਟੋਲ ਅਦਾ ਕਰਦੇ ਹਨ। ਲੰਘੇ ਪੌਣੇ ਚਾਰ ਸਾਲਾਂ ਵਿੱਚ ਇਕੱਲੇ ਪੰਜਾਬੀਆਂ ਨੇ ਹੀ ਸਫ਼ਰ ਦੌਰਾਨ 2023 ਕਰੋੜ ਰੁਪਏ ਟੋਲ ਵਜੋਂ ਦਿੱਤੇ ਹਨ।

ਖ਼ਬਰ ਅਨੁਸਾਰ ਜੇਕਰ ਇਸ ਤੋਂ ਇਲਾਵਾ ਸੂਬੇ ਦੇ ਹਾਈਵੇਅ ਦਾ ਅੰਕੜਾ ਵੀ ਸ਼ਾਮਲ ਕੀਤਾ ਜਾਵੇ ਤਾਂ ਇਹ ਅੰਕੜਾ 3 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਲੈਂਦਾ ਹੈ।

ਪੰਜਾਬ ਵਿੱਚ ਕਰੀਬ 30 ਟੋਲ ਚੱਲ ਰਹੇ ਹਨ ਅਤੇ ਅਗਲੇ ਡੇਢ ਮਹੀਨੇ ਵਿੱਚ 9 ਹੋਰ ਟੋਲ ਪਲਾਜ਼ਾ ਸ਼ੁਰੂ ਹੋ ਜਾਣਗੇ।

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸ ਮਹੀਨੇ ਦੇ ਅਖ਼ੀਰ ਵਿੱਚ ਉਹ ਭਾਰਤ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਆਉਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਇਸ ਲਈ ਕੁਝ ਵੱਖਰਾ ਕਰਨ ਦੀ ਸੋਚ ਰਹੇ ਹਨ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਦੱਸਿਆ, "ਜੇਕਰ ਸਾਨੂੰ ਮਨਜ਼ੂਰੀ ਮਿਲ ਗਈ ਤਾਂ ਮੁੱਖ ਦੁਆਰ ਦੇ ਬਾਹਰ ਇੱਕ ਮੰਚ ਲਗਾ ਕੇ ਸਿੱਖ ਸਿਧਾਂਤਾਂ ਤਹਿਤ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।

ਅਜਿਹੇ ਸਵਾਗਤੀ ਪ੍ਰਬੰਧ ਸ਼੍ਰੋਮਣੀ ਕਮੇਟੀ ਬਹੁਤ ਘੱਟ ਕਰਦੀ ਹੈ, ਇਸ ਤੋਂ ਪਹਿਲਾਂ ਅਜਿਹਾ, ਸਾਲ 1997 'ਚ ਰਾਣੀ ਐਲਿਜ਼ਬੈਥ ਦਾ ਫੇਰੀ ਮੌਕੇ, ਸਾਲ 2004 ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਈ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਲਈ ਮੰਚ ਦੀ ਵਿਵਸਥਾ ਕੀਤੀ ਗਈ ਸੀ।

ਇੰਡੀਅਨ ਐਕਪ੍ਰੈਸ ਦੀ ਖ਼ਬਰ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਸਾਡੇ ਸਾਰੇ ਮੰਤਰੀ ਅਤੇ ਐੱਮਐੱਲਏ ਭਾਵੇਂ ਜੇਲ੍ਹ ਭੇਜ ਦਿਓ ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ।"

ਦਿੱਲੀ 'ਚ ਇੱਕ ਸਮਾਗਮ ਤਹਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਅਗਲੇ ਮਾਲੀ ਸਾਲ ਦੇ ਆਪਣੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਦੀ ਸਰਕਾਰ ਨੇ ਸੜਕਾਂ ਦੀ ਹਾਲਤ ਸੁਧਾਰਨ 'ਚ ਕਾਫੀ ਖਰਚ ਕੀਤਾ ਹੈ ਪਰ ਦਿੱਲੀ ਗੰਦੀ ਸਿਆਸਤ ਦੀ ਪੀੜਤ ਬਣ ਗਈ ਹੈ ਅਤੇ ਮੈਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਕੋਈ ਹੱਲ ਤਾਂ ਨਿਕਲੇਗਾ।"

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਤਲਵੰਡੀ ਸਾਬੋ ਦੇ ਐੱਸਡੀਐੱਮ ਬਰਿੰਦਰ ਸਿੰਘ ਨੇ ਆਪ ਦੀ ਐੱਮਐੱਲਏ ਬਲਜਿੰਦਰ ਕੌਰ ਖ਼ਿਲਾਫ਼ ਦੂਹਰੇ ਵੋਟ ਕੇਸ ਵਿੱਚ ਦੋਸ਼ੀ ਹੋਣ ਦੇ ਸੰਕੇਤ ਦਿੱਤੇ ਹਨ।

ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਹਰਮਿਲਾਪ ਸਿੰਘ ਨੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਬਲਜਿੰਦਰ ਕੌਰ ਨੇ ਬਿਨਾਂ ਕਿਸੇ ਕਾਨੂੰਨੀ ਆਗਿਆ ਤੋਂ ਆਪਣੇ ਅਸਲ ਪਿਤਾ ਦਾ ਨਾਂ ਆਪਣੇ ਸ਼ਨਾਖ਼ਤੀ ਕਾਰਡ 'ਤੇ ਲਿਖਵਾਇਆ।

ਜਦਕਿ ਹਿੰਦੂ ਅਡਾਪਸ਼ਨ ਐਕਟ ਦੇ ਤਹਿਤ ਜੇਕਰ ਕਿਸੇ ਨੂੰ ਇੱਕ ਵਾਰ ਕਾਨੂੰਨੀ ਤੌਰ 'ਤੇ ਗੋਦ ਲੈ ਲਿਆ ਜਾਂਦਾ ਹੈ ਤਾਂ ਉਹ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਆਪਣੇ ਅਸਲ ਮਾਪਿਆਂ ਕੋਲ ਵਾਪਸ ਨਹੀਂ ਜਾ ਸਕਦਾ।

ਉਨ੍ਹਾਂ ਨੇ ਦੱਸਿਆ ਕਿ ਜਦੋਂ 18 ਨਵੰਬਰ 2005 ਨੂੰ ਬਲਜਿੰਦਰ ਕੌਰ ਦੀ ਪਹਿਲੀ ਵੋਟ ਬਣੀ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਨਾਂ ਅਮਰਜੀਤ ਸਿੰਘ ਲਿਖਿਆ ਗਿਆ ਸੀ। ਜਿਨ੍ਹਾਂ ਨੇ ਬਲਜਿੰਦਰ ਕੌਰ ਨੂੰ ਗੋਦ ਲਿਆ ਸੀ ਅਤੇ 22 ਜੂਨ 2011 ਨੂੰ ਉਨ੍ਹਾਂ ਨੇ ਬਿਨਾਂ ਪ੍ਰਵਾਨਗੀ ਲਏ ਪਿਤਾ ਵਜੋਂ ਆਪਣੇ ਅਸਲ ਪਿਤਾ ਦਰਸ਼ਨ ਸਿੰਘ ਦਾ ਨਾਂ ਲਿਖਵਾਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)