ਨਜ਼ਰੀਆ : 'ਭਾਗਵਤ ਦੇ ਚੁਟਕਲੇ ’ਤੇ ਫੌਜੀ ਠਹਾਕੇ ਲਾਉਂਦੇ'

    • ਲੇਖਕ, ਰਾਜੇਸ਼ ਜੋਸ਼ੀ
    • ਰੋਲ, ਰੇਡੀਓ ਐਡੀਟਰ, ਬੀਬੀਸੀ ਹਿੰਦੀ

ਰਾਸ਼ਟਰੀ ਸਵੈਮ-ਸੇਵਕ ਸੰਘ ਨੂੰ ਅਜਿਹੇ ਕਿਸ ਸੰਘਰਸ਼ ਦੀ ਉਡੀਕ ਹੈ, ਜਿਸ ਨਾਲ ਨਜਿੱਠਣ ਲਈ ਭਾਰਤ ਦੀ ਧਰਮ ਨਿਰਪੱਖ ਫੌਜ ਨੂੰ ਸੰਘ ਦੇ ਨਾਗਪੁਰ ਦਫ਼ਤਰ ਵਿੱਚ ਜਾ ਕੇ ਸਵੈਮ-ਸੇਵਕਾਂ ਦੀ ਭਰਤੀ ਲਈ ਅਰਜ਼ੀ ਦੇਣੀ ਪਵੇ।

ਸੰਘ ਦੇ ਸਰਵ-ਉੱਚ ਅਧਿਕਾਰੀ ਯਾਨਿ ਆਰਐਸਐਸ ਮੁਖੀ ਮੋਹਨ ਭਾਗਵਤ ਕਲਪਨਾ ਕਰਦੇ ਹੋਣਗੇ ਕਿ ਇੱਕ ਦਿਨ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਦੇ ਮੁਖੀ ਨਾਗਪੁਰ ਪਹੁੰਚ ਕੇ ਸੰਘ ਦੇ ਅਧਿਕਾਰੀਆਂ ਨੂੰ ਅਰਜ਼ ਕਰਨਗੇ ਕਿ ਮੁਲਕ 'ਤੇ ਭਿਆਨਕ ਕਰੋਪੀ ਆ ਗਈ ਹੈ।

ਸਾਨੂੰ ਤਾਂ ਯੁੱਧ ਦੀ ਤਿਆਰੀ ਵਿੱਚ ਪੰਜ-ਛੇ ਮਹੀਨੇ ਲੱਗ ਜਾਣਗੇ। ਹੁਣ ਸੰਘ ਦਾ ਹੀ ਸਹਾਰਾ ਹੈ। ਤੁਸੀਂ ਤਿੰਨ ਦਿਨ ਦੇ ਅੰਦਰ ਅੰਦਰ ਸਵੈਮ-ਸੇਵਕਾਂ ਦੀ ਫੌਜ ਖੜ੍ਹੀ ਕਰਕੇ ਸਾਡੀ ਮਦਦ ਕਰੋ।

ਇਸ ਤੋਂ ਬਾਅਦ ਭਾਰਤ ਦੇ ਹਰ ਪਿੰਡ ਅਤੇ ਗਲੀ ਵਿੱਚ ਮੱਥੇ 'ਤੇ ਭਗਵੀਂ ਪੱਟੀ ਬੰਨ੍ਹ ਕੇ ਬਜਰੰਗ ਦਲ ਦੇ ਸਵੈਸੇਵਕਾਂ ਚਿੜੀਮਾਰ ਬੰਦੂਕ, ਛੁਰੇਨੁਮਾ ਤ੍ਰਿਸ਼ੂਲ ਹੱਥ ਵਿੱਚ ਚੁੱਕ ਕੇ ਭਾਰਤ ਮਾਤਾ ਦੀ ਰੱਖਿਆ ਲਈ ਜਾਨ ਦੀ ਬਾਜ਼ੀ ਲਾਉਣ ਲਈ ਇਕੱਠੇ ਹੋ ਜਾਣਗੇ।

ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਭਾਰਤੀ ਸੈਨਾ ਦੇ ਜਵਾਨ ਵੀ ਉਨ੍ਹਾਂ ਦੇ ਪਿੱਛੇ ਪਾਕਿਸਤਾਨ ਜਾਂ ਚੀਨ ਦੀ ਸਰਹੱਦ 'ਤੇ ਜਾ ਕੇ ਦੁਸ਼ਮਣ ਦੇ ਦੰਦ ਖੱਟੇ ਕਰਨ ਲਈ ਤਿਆਰ ਰਹਿਣਗੇ।

ਚੁਟਕਲਾ ਅਤੇ ਮਹਾਂਗੱਪ

ਮੋਹਨ ਭਾਗਵਤ ਅਤੇ ਉਨ੍ਹਾਂ ਦੇ ਸਵੈਮ-ਸੇਵਕਾਂ ਨੂੰ ਇਹ ਮੰਨਣ ਦਾ ਪੂਰਾ ਸੰਵਿਧਾਨਕ ਅਧਿਕਾਰ ਹੈ ਕਿ ਰਾਸ਼ਟਰ ਨਿਰਮਾਣ ਦਾ ਟੈਂਡਰ ਉਨ੍ਹਾਂ ਦੇ ਨਾਮ ਖੁੱਲ੍ਹਿਆ ਹੈ ਅਤੇ ਉਨ੍ਹਾਂ ਤੋਂ ਇਲਾਵਾ ਸਾਰੀਆਂ ਸੰਘ ਵਿਰੋਧੀ ਤਾਕਤਾਂ ਦੇਸ ਨੂੰ ਤਬਾਹ ਕਰਨ ਵਿੱਚ ਲੱਗੀਆਂ ਹੋਈਆਂ ਹਨ।

ਪਰ ਫੌਜ ਦੇ ਸੱਭਿਆਚਾਰ ਨੂੰ ਨੇੜਿਓਂ ਜਾਣਨ ਵਾਲਿਆਂ ਨੂੰ ਇਹ ਪਤਾ ਹੈ ਕਿ ਤਿੰਨ ਦਿਨਾਂ ਵਿੱਚ ਸਵੈਮ-ਸੇਵਕਾਂ ਦੀ ਫੌਜ ਤਿਆਰ ਕਰ ਦੇਣ ਵਰਗੇ ਚੁਟਕਲਿਆਂ 'ਤੇ ਬਾਰਾਮੁਲਾ ਤੋਂ ਬੋਮਡਿਲਾ ਤੱਕ ਸ਼ਾਮ ਨੂੰ ਆਪਣੀ ਮੈੱਸ ਵਿੱਚ ਇਕੱਠੇ ਹੋ ਕੇ ਡਰਿੰਕਸ ਦੌਰਾਨ ਫੌਜੀ ਅਫ਼ਸਰ ਕਿਵੇਂ ਠਹਾਕੇ ਲਗਾਉਂਦੇ ਹਨ।

ਮੁਜ਼ੱਫਰਪੁਰ ਦੇ ਜ਼ਿਲ੍ਹਾ ਸਕੂਲ ਮੈਦਾਨ ਵਿੱਚ ਮੋਹਨ ਭਾਗਵਤ ਨੇ ਸਵੈਮ-ਸੇਵਕਾਂ ਨੂੰ ਸੰਬੋਧਨ ਕਰਦੇ ਹੋਏ ਜਿਸ ਭਾਸ਼ਾ ਦੀ ਵਰਤੋਂ ਕੀਤੀ ਉਸ ਨੂੰ ਭਾਸ਼ਾ ਵਿਗਿਆਨੀ 'ਮਹਾਂਗੱਪ' ਕਹਿੰਦੇ ਹਨ।

ਯਾਨਿ ਜੇਕਰ ਕੋਈ ਆਪਣੀ ਪ੍ਰੇਮਿਕਾ ਨੂੰ ਕਹੇ ਕਿ ਮੈਂ ਤੇਰੇ ਲਈ ਚੰਦ-ਤਾਰੇ ਤੋੜ ਲਿਆਵਾਂਗਾ, ਤਾਂ ਉਸਨੂੰ 'ਮਹਾਂਗੱਪ' ਹੀ ਕਿਹਾ ਜਾਵੇਗਾ।

ਡਿਸਕਲੇਮਰ ਨਾਲ ਹੈ

ਮੋਹਨ ਭਾਗਵਤ ਨੇ ਕਿਹਾ, "ਜੇਕਰ ਦੇਸ ਨੂੰ ਲੋੜ ਪਵੇ ਅਤੇ ਜੇਕਰ ਦੇਸ ਦਾ ਸੰਵਿਧਾਨ ਕਾਨੂੰਨ ਕਹੇ ਤਾਂ ਜਿਸ ਫੌਜ ਨੂੰ ਤਿਆਰ ਕਰਨ ਵਿੱਚ 6-7 ਮਹੀਨੇ ਲੱਗ ਜਾਣਗੇ। ਸੰਘ ਦੇ ਸਵੈਮ-ਸੇਵਕਾਂ ਨੂੰ ਲਓਗੇ... ਤਾਂ ਫੌਜ ਤਿੰਨ ਦਿਨ ਵਿੱਚ ਤਿਆਰ।''

ਉਨ੍ਹਾਂ ਨੇ ਆਪਣੇ ਵੱਲੋਂ ਡਿਸਕਲੇਮਰ ਦੇ ਦਿੱਤਾ- ਜੇਕਰ ਸੰਵਿਧਾਨ ਇਜਾਜ਼ਤ ਦੇਵੇ!

ਮੋਹਨ ਭਾਗਵਤ ਜਾਣਦੇ ਹਨ ਕਿ ਸੰਵਿਧਾਨ ਇਸ ਦੀ ਇਜਾਜ਼ਤ ਨਹੀਂ ਦੇਵੇਗਾ। ਸੰਵਿਧਾਨ ਕਿਸੇ ਨੂੰ ਨਿੱਜੀ ਫੌਜ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ।

ਸੰਵਿਧਾਨ ਭਾਰਤ ਸਰਕਾਰ ਨੂੰ ਆਪਣੀਆਂ ਨੀਤੀਆਂ ਧਰਮ ਦੇ ਆਧਾਰ 'ਤੇ ਬਣਾਉਣ ਦੀ ਇਜਾਜ਼ਤ ਵੀ ਨਹੀਂ ਦਿੰਦਾ, ਇਹ ਉਸ ਦਾ ਧਰਮ ਨਿਰਪੱਖ ਖਾਸਾ ਹੈ।

ਸੰਵਿਧਾਨ ਫੌਜ ਨੂੰ ਵੀ ਸਿਆਸਤ ਤੋਂ ਦੂਰ ਰੱਖਦਾ ਹੈ ਅਤੇ ਰਾਜਨੀਤੀ ਵਾਲਿਆਂ ਨੂੰ ਨਿਆਂਪਾਲਿਕਾ ਦੇ ਕੰਮ ਵਿੱਚ ਦਖ਼ਲ ਨਹੀਂ ਦੇਣ ਦਿੰਦਾ।

ਮੋਹਨ ਭਾਗਵਤ ਜਾਣਦੇ ਹਨ ਕਿ ਆਸਮਾਨ ਤੋਂ ਚੰਦ-ਤਾਰੇ ਤੋੜ ਲਿਆਉਣ ਦੇ ਰਸਤੇ ਵਿੱਚ ਸਭ ਤੋਂ ਵੱਡਾ ਰੋੜਾ ਭਾਰਤੀ ਸੰਵਿਧਾਨ ਹੈ। ਇਸ ਲਈ ਕਦੇ-ਕਦੇ ਤੁਸੀਂ ਸੰਘ ਪਰਿਵਾਰ ਵੱਲੋਂ ਪੂਰੇ ਸੰਵਿਧਾਨ ਨੂੰ ਬਦਲ ਦੇਣ ਦੀਆਂ ਆਵਾਜ਼ਾਂ ਵੀ ਸੁਣਦੇ ਹੋ।

ਕੀ ਸੰਘ ਤੇ ਫੌਜ ਦਾ ਫਰਕ ਖ਼ਤਮ ਕਰਨਾ ਚਾਹੁੰਦੇ ਹਨ?

ਸੰਵਿਧਾਨ ਨੂੰ ਬਦਲਣ ਦੀ ਗੱਲ ਕਦੇ ਪੁਰਾਣੇ ਸਵੈਮ-ਸੇਵਕ ਕੇ.ਐਨ. ਗੋਵਿੰਦਾਚਾਰੀਆ ਵੱਲੋਂ ਆਉਂਦੀ ਹੈ ਤਾਂ ਕਦੇ ਨਰਿੰਦਰ ਮੋਦੀ ਸਰਕਾਰ ਵਿੱਚ ਕੈਬਿਨਟ ਮੰਤਰੀ ਅਨੰਤ ਹੈਗੜੇ ਕਹਿੰਦੇ ਹਨ ਕਿ ਅਸੀਂ ਸੰਵਿਧਾਨ ਨੂੰ ਬਦਲਣ ਹੀ ਆਏ ਹਾਂ।

ਵਿਵਾਦ ਵਧਣ 'ਤੇ ਅਜਿਹੇ ਬਿਆਨ ਦੇਣ ਵਾਲੇ ਜਾਂ ਤਾਂ ਆਪਣੇ ਬਿਆਨਾਂ ਤੋਂ ਸਾਫ਼ ਮੁੱਕਰ ਜਾਂਦੇ ਹਨ ਜਾਂ ਮੀਡੀਆ 'ਤੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਇਲਜ਼ਾਮ ਲਗਾ ਕੇ ਬਚ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਜਾਂ ਫਿਰ ਇੱਕ ਮਾਫੀ ਮੰਗ ਕੇ ਕੁਝ ਸਮੇਂ ਲਈ ਵਿਵਾਦ ਨੂੰ ਠੰਢਾ ਕਰ ਦਿੰਦੇ ਹਨ।

ਇਸੇ ਤਰ੍ਹਾਂ ਜਦੋਂ ਭਾਰਤੀ ਫੌਜ 'ਤੇ ਮੋਹਨ ਭਾਗਵਤ ਦੇ ਬਿਆਨ ਨੂੰ ਸੈਨਾ-ਵਿਰੋਧੀ ਕਿਹਾ ਜਾਣ ਲੱਗਾ ਤਾਂ ਸੰਘ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਆਰਐਸਐਸ ਮੁਖੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਸੰਘ ਦੇ ਪ੍ਰਚਾਰ ਪ੍ਰਮੁੱਖ ਡਾਕਟਰ ਮਨਮੋਹਨ ਵੈਦਿਆ ਨੇ ਬਿਆਨ ਜਾਰੀ ਕੀਤਾ-''ਭਾਗਵਤ ਜੀ ਨੇ ਕਿਹਾ ਕਿ ਭਾਰਤੀ ਫੌਜ ਸਮਾਜ ਨੂੰ ਤਿਆਰ ਕਰਨ ਵਿੱਚ 6 ਮਹੀਨੇ ਲਗਾਵੇਗੀ ਜਦਕਿ ਸੰਘ ਦੇ ਸਵੈਮ-ਸੇਵਕਾਂ ਨੂੰ ਤਿਆਰ ਕਰਨ ਵਿੱਚ ਤਿੰਨ ਦਿਨ ਲੱਗਣਗੇ। ਦੋਵਾਂ ਨੂੰ ਫੌਜ ਨੂੰ ਹੀ ਸਿਖਲਾਈ ਦੇਣੀ ਪਵੇਗੀ। ਨਾਗਰਿਕਾਂ ਵਿੱਚੋਂ ਹੀ , ਨਵੇਂ ਲੋਕਾਂ ਨੂੰ ਫੌਜ ਹੀ ਤਿਆਰ ਕਰੇਗੀ ਅਤੇ ਸਵੈਮ-ਸੇਵਕਾਂ ਵਿੱਚੋਂ ਵੀ ਸੈਨਾ ਹੀ ਤਿਆਰ ਕਰੇਗੀ।''

ਮੋਹਨ ਭਾਗਵਤ ਅਤੇ ਡਾਕਟਰ ਮਨਮੋਹਨ ਵੈਦਿਆ ਦੇ ਬਿਆਨਾਂ ਦੀ ਚੰਗੀ ਤਰ੍ਹਾਂ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਸੰਘ ਦੇ ਦੋਵੇਂ ਅਧਿਕਾਰੀ ਆਮ ਜਨਤਾ ਦੀ ਨਜ਼ਰ ਵਿੱਚ ਭਾਰਤੀ ਫੌਜ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਵਿੱਚ ਦੇ ਫ਼ਰਕ ਨੂੰ ਧੁੰਦਲਾ ਕਰ ਦੇਣਾ ਚਾਹੁੰਦੇ ਹਨ।

ਉਹ ਚਾਹੁੰਦੇ ਹਨ ਕਿ ਆਮ ਲੋਕ ਫੌਜ ਅਤੇ ਸੰਘ, ਸੈਨਿਕ ਅਤੇ ਸਵੈਮ-ਸੇਵਕ ਇੱਕ ਦੂਜੇ ਦੀ ਗੱਲ ਮੰਨ ਲੈਣ-ਦੋਵੇਂ ਸੰਗਠਨ ਰਾਸ਼ਟਰ ਲਈ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਰਹਿੰਦੇ ਹਨ। ਦੋਵੇਂ ਅਨੁਸ਼ਾਸਤ ਬਲ ਹਨ।

ਸੈਨਿਕ ਆਪਣੀ ਵਰਦੀ ਪਾ ਕੇ ਮੈਦਾਨ ਵਿੱਚ ਹਰ ਸਵੇਰ ਕਸਰਤ ਅਤੇ ਭੱਜ ਦੌੜ ਕਰਦੇ ਹਨ ਤਾਂ ਗਣ-ਵੇਸ਼ਧਾਰੀ ਸਵੈਮ-ਸੇਵਕ ਵੀ ਮੁਹੱਲੇ ਦੇ ਪਾਰਕ ਵਿੱਚ ਸ਼ਾਖਾ ਲਗਾਉਂਦੇ ਹਨ। ਖੋ-ਖੋ ਅਤੇ ਕਬੱਡੀ ਖੇਡਦੇ ਹਨ। ਫੌਜੀ ਪਰੇਡ ਕੱਢਦੇ ਹਨ ਤਾਂ ਸਵੈਮ-ਸੇਵਕ ਵੀ ਡੰਡਾ-ਝੰਡਾ ਲੈ ਕੇ ਸ਼ਹਿਰ ਦੇ ਮੁੱਖ ਮਾਰਗ 'ਤੇ ਪਰੇਡ ਕਰਦੇ ਹੋਏ ਨਿਕਲਦੇ ਹਨ।

ਦੋਵਾਂ ਦੇ ਢੰਗ ਅਤੇ ਸੋਚ ਵਿੱਚ ਫਰਕ ਕਿੱਥੇ ਹੈ?

ਇਹ ਸਾਬਤ ਕਰਨ ਅਤੇ ਖ਼ੁਦ ਨੂੰ ਫੌਜ ਦਾ ਸਭ ਤੋਂ ਵੱਡਾ ਹਿਤੈਸ਼ੀ ਦਿਖਾਉਣ ਲਈ ਹਿੰਦੂਵਾਦੀ ਸੰਗਠਨ ਅਤੇ ਵਿਅਕਤੀ ਇੱਕ ਕਸ਼ਮੀਰੀ ਨੌਜਵਾਨ ਨੂੰ ਜੀਪ ਦੇ ਬੋਨਟ 'ਤੇ ਬੰਨ੍ਹ ਕੇ ਘੁੰਮਾਏ ਜਾਣ ਦਾ ਸਮਰਥਨ ਕਰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਦੇਸ ਦੀ ਸਿਆਸਤ ਅਤੇ ਵਿਦੇਸ਼ ਨੀਤੀ 'ਤੇ ਫੌਜੀ ਅਫ਼ਸਰਾਂ ਦੀਆਂ ਖੁੱਲ੍ਹੀਆਂ ਟਿੱਪਣੀਆਂ 'ਤੇ ਵੀ ਕੋਈ ਇਤਰਾਜ਼ ਨਹੀਂ ਹੁੰਦਾ।

ਹਿੰਦੂਆਂ ਦਾ ਫੌਜੀਕਰਨ

ਸੰਘ ਅਤੇ ਫੌਜ ਦੇ ਵਿੱਚ ਦਾ ਫ਼ਰਕ ਮਿਟਾਉਣਾ ਆਰਐਸਐਸ ਦੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਜੇਕਰ ਸੰਘ ਅਜਿਹਾ ਕਰਨ ਵਿੱਚ ਕਾਮਯਾਬ ਹੋ ਗਿਆ ਤਾਂ ਵਿਨਾਇਕ ਦਾਮੋਦਰ ਸਾਵਰਕਰ ਦਾ ਸੁਫ਼ਨਾ ਸੱਚ ਹੋ ਜਾਵੇਗਾ।

ਕਿਉਂਕਿ ਹਿੰਦੂਤਵ ਦੀ ਵਿਚਾਰਧਾਰਾ ਨੂੰ ਉਗਰਵਾਦੀ ਤੇਵਰ ਦੇਣ ਵਾਲੇ ਸਾਵਰਕਰ ਨੇ ਸਭ ਤੋਂ ਪਹਿਲਾਂ ਕਿਹਾ ਸੀ-ਸਿਆਸਤ ਦਾ ਹਿੰਦੂਕਰਨ ਕਰੋ ਅਤੇ ਹਿੰਦੂਆਂ ਦਾ ਫੌਜੀਕਰਨ ਕਰੋ।

ਪਿਛਲੇ ਲਗਭਗ 4 ਸਾਲਾਂ ਵਿੱਚ ਨਰਿੰਦਰ ਮੋਦੀ ਸਰਕਾਰ ਦੌਰਾਨ ਜਿੰਨੀ ਤੇਜ਼ੀ ਨਾਲ ਭਾਰਤ ਵਿੱਚ ਸਿਆਸਤ ਦਾ ਹਿੰਦੂਕਰਨ ਹੋਇਆ ਹੈ ਸ਼ਾਇਦ ਖ਼ੁਦ ਸੰਘ ਨੂੰ ਵੀ ਇਸਦਾ ਅੰਦਾਜ਼ਾ ਨਹੀਂ।

ਕਥਿਤ ਧਰਮ ਨਿਰਪੱਖਤਾ ਦਾ ਹਲਫ਼ ਚੁੱਕਣ ਵਾਲੀ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਹੁਣ ਆਪਣੀ ਕੋਈ ਚੋਣ ਮੁਹਿੰਮ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਿਨਾਂ ਸ਼ੁਰੂ ਨਹੀਂ ਕਰ ਸਕਦੇ, ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੂੰ ਸੰਘ ਦੀ ਧਰੁਵੀਕਰਨ ਦੀ ਸਿਆਸਤ ਨੂੰ ਟੱਕਰ ਦੇਣ ਦਾ ਕੋਈ ਫਾਰਮੂਲਾ ਨਹੀਂ ਸਮਝ ਆ ਰਿਹਾ ਤਾਂ ਇਹ ਬ੍ਰਾਹਮਣ ਸੰਮੇਲਨ ਕਰਵਾਉਣ ਅਤੇ ਭਗਵਤ ਗੀਤਾ ਵੰਡਣ ਲਈ ਮਜਬੂਰ ਹੋਈ ਹੈ।

ਭਾਰਤੀ ਜਨਤਾ ਪਾਰਟੀ ਨੂੰ ਭਾਵੇਂ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦਾ ਇਹ ਹਿੰਦੂਤਵ ਪਸੰਦ ਨਹੀਂ ਆ ਰਿਹਾ ਹੋਵੇ ਪਰ ਸੰਘ ਲਈ ਇਸ ਤੋਂ ਚੰਗੀ ਖ਼ਬਰ ਕੁਝ ਨਹੀਂ ਹੋ ਸਕਦੀ।

ਹੁਣ ਰਿਹਾ ਸਵਾਲ ਹਿੰਦੂਆਂ ਦੇ ਫੌਜੀਕਰਨ ਦਾ ਜਾਂ ਉਨ੍ਹਾਂ ਨੂੰ ਅਨੁਸ਼ਾਸਤ , ਉਗਰ ਅਤੇ ਹਮਲਾਵਰ ਬਣਾਉਣ ਦਾ, ਤਾਂ ਇਸ ਦੇ ਪਿੱਛੇ ਬੀਤੇ ਕਈ ਵਰ੍ਹਿਆਂ ਤੋਂ ਬਜਰੰਗ ਦਲ ਲੱਗਿਆ ਹੋਇਆ ਹੈ।

ਬਜਰੰਗ ਦਲ ਨੇ ਆਤਮ ਰੱਖਿਆ ਕੈਂਪਾਂ ਵਿੱਚ ਅੱਲ੍ਹੜ ਉਮਰ ਦੇ ਮੁੰਡਿਆਂ ਨੂੰ ਲਾਠੀ, ਤ੍ਰਿਸ਼ੂਲ ਅਤੇ ਛੱਰੇ ਵਾਲੀਆਂ ਬੰਦੂਕਾਂ ਦੇ ਕੇ 'ਅੱਤਵਾਦੀਆਂ ਨਾਲ ਟੱਕਰ ਲੈਣਾ' ਸਿਖਾਇਆ ਜਾਂਦਾ ਹੈ।

ਇਨ੍ਹਾਂ ਸਿਖਲਾਈ ਕੈਂਪਾਂ ਵਿੱਚ ਬਜਰੰਗ ਦਲ ਦੇ ਹੀ ਕੁਝ ਦਾੜੀ ਵਾਲੇ ਸਵੈਮ-ਸੇਵਕ ਮੁਸਲਮਾਨਾਂ ਵਰਗੀਆਂ ਟੋਪੀਆਂ ਪਾ ਕੇ ਅੱਤਵਾਦੀਆਂ ਦਾ ਰੋਲ ਨਿਭਾਉਂਦੇ ਹਨ।

ਉਨ੍ਹਾਂ ਦੇ ਪਹਿਰਾਵੇ ਨਾਲ ਇਹ ਤੈਅ ਹੋ ਜਾਂਦਾ ਹੈ ਕਿ ਦੇਸ ਦਾ ਦੁਸ਼ਮਣ ਕੌਣ ਹੈ ਅਤੇ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ।

ਸੰਘ ਦਾ ਭਰੋਸਾ ਹੈ ਕਿ ਫੌਜੀਕਰਨ ਦੀ ਇਹ ਪ੍ਰਕਿਰਿਆ ਪੂਰੀ ਹੁੰਦੇ ਹੀ ਸਮਾਜ ਵਿੱਚ ਉਸ ਦਾ ਇੰਨਾ ਜ਼ਿਆਦਾ ਵਿਸਤਾਰ ਹੋ ਜਾਵੇਗਾ ਕਿ ਭਾਰਤੀ ਸੰਸਦ, ਨਿਆਂਪਾਲਿਕਾ, ਵਿਦਿਅਕ ਅਦਾਰੇ, ਪੁਲਿਸ, ਨੀਮ ਫੌਜੀ ਦਸਤੇ ਅਤੇ ਅੰਤ ਵਿੱਚ ਫੌਜ ਦੇ ਤਿੰਨੋਂ ਅੰਗ ਉਸ ਦੇ ਸਾਹਮਣੇ ਸਿਰ ਝੁਕਾਏ ਖੜ੍ਹੋ ਹੋਣਗੇ।

ਪਰ ਫਿਲਹਾਲ ਭਾਰਤੀ ਫੌਜ ਇੱਕ ਧਰਮ ਨਿਰਪੱਖ ਅਤੇ ਪ੍ਰੋਫੈਸ਼ਨਲ ਸੰਗਠਨ ਹੈ। ਉਸ ਅਤੇ ਇਸ ਮੁਲਕ ਦੇ ਹਿੰਦੂਆਂ, ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਸਮੇਤ ਜ਼ਿਆਦਾਤਰ ਲੋਕਾਂ ਦਾ ਭਰੋਸਾ ਹੈ।

ਇਹੀ ਕਾਰਨ ਹੈ ਕਿ ਜਦੋਂ ਨਾਗਰਿਕ ਪ੍ਰਸ਼ਾਸਨ ਫਿਰਕੂ ਹਿੰਸਾ ਰੋਕਣ ਵਿੱਚ ਨਾਕਾਮ ਹੁੰਦਾ ਹੈ ਤਾਂ ਫੌਜ ਨੂੰ ਹੀ ਸੱਦਿਆ ਜਾਂਦਾ ਹੈ।

ਭਾਰਤ ਦੀ ਧਰਮ ਨਿਰਪੱਖ ਫੌਜ ਦੇ ਫੌਜੀ ਜਦੋਂ ਦੰਗਾ ਪ੍ਰਭਾਵਿਤ ਇਲਾਕਿਆਂ ਵਿੱਚ ਫਲੈਗ ਮਾਰਚ ਕਰਦੇ ਹਨ ਤਾਂ ਦੰਗਾਕਾਰੀਆਂ ਦੀ ਹਿੰਮਤ ਮੱਠੀ ਪੈ ਜਾਂਦੀ ਹੈ ਅਤੇ ਦੰਗੇ ਬੰਦ ਹੋ ਜਾਂਦੇ ਹਨ।

ਮੋਹਨ ਭਾਗਵਤ ਅਤੇ ਡਾਕਟਰ ਮਨਮੋਹਨ ਵੈਦਿਆ ਕੀ ਸੋਚ ਕੇ ਉਮੀਦ ਕਰ ਰਹੇ ਹਨ ਕਿ ਭਾਰਤੀ ਫੌਜ ਸੰਘ ਦੇ ਸਵੈਮ-ਸੇਵਕਾਂ ਨੂੰ ਟਰੇਨਿੰਗ ਦੇਵੇਗੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)