You’re viewing a text-only version of this website that uses less data. View the main version of the website including all images and videos.
ਜਗਤਾਰ ਜੌਹਲ ਨੂੰ ਤਿਹਾੜ ਜੇਲ੍ਹ 'ਚ ਤਬਦੀਲ ਕਰਨ ਪਿੱਛੇ ਕੀ ਹੈ ਦਲੀਲ?
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਮੋਹਾਲੀ ਦੀ ਅਦਾਲਤ ਕੋਲੋਂ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਤਿੰਨ ਹੋਰਾਂ ਨੂੰ ਦਿੱਲੀ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਹੈ।
ਐਨ ਆਈ ਏ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਇਸ ਉੱਤੇ ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ।
ਦੂਜੇ ਪਾਸੇ ਜਗਤਾਰ ਸਿੰਘ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਐਨ ਆਈ ਏ ਦੀ ਇਸ ਮੰਗ ਦਾ ਵਿਰੋਧ ਕੀਤਾ ਹੈ।
ਭਾਰਤ ਸਰਕਾਰ ਪਹਿਲਾਂ ਹੀ ਜਾਂਚ ਏਜੰਸੀ ਦੀ ਹਾਂ ਵਿੱਚ ਹਾਂ ਮਿਲ ਚੁੱਕੀ ਹੈ।
ਜੱਗੀ ਜੌਹਲ 'ਤੇ ਹਿੰਦੂ ਆਗੂਆਂ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਰਦੀਪ ਸਿੰਘ ਉਰਫ਼ ਸ਼ੇਰਾ, ਰਮਨਦੀਪ ਸਿੰਘ ਉਰਫ਼ ਕੈਨੇਡੀਅਨ, ਧਰਮਿੰਦਰ ਸਿੰਘ ਉਰਫ਼ ਗੁਗਨੀ, ਪਹਾੜ ਸਿੰਘ, ਤਲਜੀਤ ਸਿੰਘ ਉਰਫ਼ ਜਿੰਮੀ ਇਸ ਵਕਤ ਨਾਭਾ ਜੇਲ੍ਹ ਵਿੱਚ ਬੰਦ ਹਨ।
ਐਨ ਆਈ ਏ ਇਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ।
ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਪਿਛਲੇ ਸਾਲ 4 ਨਵੰਬਰ ਨੂੰ ਜਲੰਧਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਐਨ ਆਈ ਏ ਨੇ ਇਸ ਸਬੰਧੀ ਮੁਹਾਲੀ ਦੀ ਅਦਾਲਤ ਵਿੱਚ ਅਰਜ਼ੀ ਦਾਖਲ ਕਰ ਕੇ ਆਰੋਪੀਆੰ ਨੂੰ ਤਿਹਾੜ ਜੇਲ੍ਹ ਭੇਜਣ ਦੀ ਆਗਿਆ ਮੰਗੀ ਹੈ।
ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਵੱਲੋਂ ਨਾਭਾ ਤੋਂ ਤਿਹਾੜ ਬਦਲਣ ਸਮੇਂ ਇਤਰਾਜ਼ ਨਾ ਹੋਣ ਦਾ ਪੱਤਰ ਵੀ ਜਾਂਚ ਏਜੰਸੀ ਨੇ ਅਦਾਲਤ ਵਿੱਚ ਜਮਾ ਕਰਵਾਇਆ ਹੈ।
ਜਾਂਚ ਏਜੰਸੀ ਨੇ ਦਲੀਲ ਦਿੱਤੀ ਹੈ ਕਿ ਨਾਭਾ ਦੀ ਜੇਲ੍ਹ ਵਿੱਚ ਸਾਰੇ ਆਰੋਪੀਆਂ ਦੀ ਜਾਨ ਨੂੰ ਖ਼ਤਰਾ ਹੈ।
ਦੂਜੇ ਪਾਸੇ ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਐਨਆਈ ਏ ਦੀ ਇਸ ਦਲੀਲ ਨੂੰ ਖ਼ਾਰਜ ਕਰ ਦਿੱਤਾ ਹੈ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਮੰਝਪੁਰ ਨੇ ਦੱਸਿਆ ਕਿ ਐਨ ਆਈ ਏ ਤਿਹਾੜ ਜੇਲ੍ਹ ਵਿੱਚ ਲਿਜਾ ਕੇ ਸਾਰੇ ਆਰੋਪੀਆੰ ਨੂੰ ਹੋਰ ਤੰਗ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ।
ਉਹਨਾਂ ਦੱਸਿਆ ਕਿ ਉਹ ਛੇਤੀ ਹੀ ਇਸ ਸਬੰਧ ਵਿੱਚ ਅਦਾਲਤ 'ਚ ਆਪਣਾ ਇਤਰਾਜ਼ ਨਾਮਾ ਦਰਜ ਕਰਵਾਉਣਗੇ।
ਮੰਝਪੁਰ ਮੁਤਾਬਕ ਆਰੋਪੀਆੰ ਕੋਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਘਰ ਦੇ ਨੇੜੇ ਵਾਲੀ ਜੇਲ੍ਹ ਵਿੱਚ ਰਹਿਣ ਦਾ ਕਾਨੂੰਨੀ ਅਧਿਕਾਰ ਹੈ