ਔਰਤਾਂ ਨੂੰ ਜਿਨਸੀ ਹਮਲਿਆਂ ਤੋਂ ਕਿਵੇਂ ਬਚਾਉਂਦੇ ਹਨ ਇਹ ਯੰਤਰ ?

    • ਲੇਖਕ, ਲੋਰੇਲੀ ਮਿਲਾਹਾ
    • ਰੋਲ, ਤਕਨੀਕੀ ਪੱਤਰਕਾਰ

ਬਾਜ਼ਾਰ ਵਿੱਚ ਵੱਡੀ ਗਿਣਤੀ 'ਚ ਮੌਜੂਦ ਯੰਤਰਾਂ ਤੇ ਮੋਬਾਈਲ ਐਪਸ ਦਾ ਮਕਸਦ ਔਰਤਾਂ ਨੂੰ ਜਿਨਸੀ ਹਮਲਿਆਂ ਅਤੇ ਪਰੇਸ਼ਾਨੀ ਤੋਂ ਬਚਾਉਣ ਵਿੱਚ ਮਦਦ ਕਰਨਾ ਹੈ।

ਪਰ ਕੀ ਇਹ ਯੰਤਰ ਅਸਰਦਾਰ ਹਨ ਜਾਂ ਕੀ ਇਹ ਯੰਤਰ ਔਰਤਾਂ ਦੇ ਅਕਸ ਨੂੰ ਸਿਰਫ਼ ਪੀੜਤਾਂ ਦੇ ਰੂਪ ਵਿਚ ਹੀ ਪੇਸ਼ ਕਰਦੇ ਹਨ?

ਸਵੇਰ ਦੇ 5 ਵੱਜੇ ਸਨ। ਐੇਲੇਕਜ਼ੈਂਡਰ ਸੇਰਾਨੇਕ ਸਾਈਕਲ 'ਤੇ ਸਵਾਰ ਹੋ ਕੇ ਇੱਕ ਸੁਨਸਾਨ ਸਨਅਤੀ ਖ਼ੇਤਰ ਵਿੱਚੋਂ ਹਮੇਸ਼ਾ ਦੀ ਤਰ੍ਹਾਂ ਕੰਮ 'ਤੇ ਜਾ ਰਹੀ ਸੀ।

ਜਰਮਨੀ ਦੇ ਉਬਰਹੁਜ਼ਨ ਸ਼ਹਿਰ ਦੀ ਰਹਿਣ ਵਾਲੀ 48 ਸਾਲ ਦੀ ਐਲੇਕਜ਼ੈਂਡਰ ਕਹਿੰਦੀ ਹੈ, ''ਮੈਂ ਸੇਲਜ਼ ਵੂਮਨ ਹਾਂ ਅਤੇ ਮੈਂ ਆਪਣਾ ਕੰਮ ਸਵੇਰੇ ਜਲਦੀ ਹੀ ਸ਼ੁਰੂ ਕਰਨਾ ਹੁੰਦਾ ਹੈ।''

ਉਹ ਯਾਦ ਕਰਦਿਆਂ ਕਹਿੰਦੀ ਹੈ, ''ਦੋ ਵਿਅਕਤੀ ਉੱਥੇ ਖੜੇ ਸਨ, ਜਿਵੇਂ ਹੀ ਉਹ ਸਾਈਕਲ ਪਿੱਛੇ ਕਰਦੀ ਹੈ ਤਾਂ ਉਨ੍ਹਾਂ ਵਿੱਚੋਂ ਇੱਕ ਉਸ ਉੱਤੇ ਹਮਲਾ ਕਰਦਾ ਹੈ, ਉਸ ਦੇ ਬੈਗ ਨੂੰ ਖੋਹਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸ ਨੂੰ ਸਾਈਕਲ ਤੋਂ ਖਿੱਚ ਕੇ ਹੇਠਾਂ ਜ਼ਮੀਨ 'ਤੇ ਸੁੱਟ ਦਿੱਤਾ।''

ਜਿਵੇਂ ਹੀ ਉਹ ਜਿਨਸੀ ਹਮਲੇ ਦੀ ਦਹਿਸ਼ਤ ਵਿੱਚ ਸੀ ਤਾਂ ਉਹ ਖ਼ੁਦ ਨੂੰ ਕਹਿੰਦੀ ਰਹੀ: ''ਤਾਰ ਨੂੰ ਖਿੱਚ, ਐਲੇਕਜ਼! ਤੈਨੂੰ ਤਾਰ ਖਿੱਚਣੀ ਪਵੇਗੀ!''

ਉਸ ਨੇ ਅੰਦਰੂਨੀ ਕੱਪੜਿਆਂ ਦਾ ਇੱਕ ਜੋੜਾ ਪਾਇਆ ਸੀ, ਜਿਸ ਵਿੱਚ ਇੱਕ ਅਲਾਰਮ ਲੱਗਿਆ ਸੀ।

ਇਹ ਅਲਾਰਮ ਤਾਰਾਂ ਨੂੰ ਖਿੱਚਣ ਨਾਲ ਕੰਮ ਕਰਦਾ ਹੈ।

ਉਸ ਨੇ ਕਿਹਾ, ''ਉਸ ਦਾ ਦਿਲ ਬਹੁਤ ਜ਼ੋਰ ਨਾਲ ਧੜਕ ਰਿਹਾ ਸੀ, ਪਰ ਕਿਸੇ ਤਰੀਕੇ ਉਸ ਨੇ ਤਾਰ ਨੂੰ ਖਿੱਚਿਆ ਅਤੇ ਅਲਾਰਮ ਨੂੰ ਚਲਾਉਣ ਵਿੱਚ ਸਫਲ ਰਹੀ।''

''ਅਲਾਰਮ ਚੱਲਣ ਕਰਕੇ ਕਾਫ਼ੀ ਤੇਜ਼ ਆਵਾਜ਼ ਆਈ ਅਤੇ ਦੋਵੇਂ ਵਿਅਕਤੀ ਭੱਜ ਗਏ।''

ਸੁਰੱਖਿਆ ਤੇ ਬਚਾਅ ਨਾਲ ਲਈ ਅੰਦਰੂਨੀ ਕੱਪੜਿਆਂ ਅੰਦਰ ਇਹ ਅਲਾਰਮ ਲਗਾਏ ਜਾਂਦੇ ਹਨ।

ਜਦੋਂ ਇਨ੍ਹਾਂ ਕੱਪੜਿਆਂ ਨੂੰ ਕੋਈ ਉਤਾਰਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਯੰਤਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।

ਡਿਜ਼ਾਇਨਰ ਸੈਂਡਰਾ ਸੀਲਜ਼ ਅਨੁਸਾਰ ਉਨ੍ਹਾਂ ਦੇ ਆਪਣੇ ਤਜਰਬਿਆਂ ਨਾਲ ਹੀ ਇਸ ਤਰ੍ਹਾਂ ਦੇ ਯੰਤਰਾਂ ਦੀ ਕਾਢ ਹੋਈ।

ਸੈਂਡਰਾ ਕਹਿੰਦੇ ਹਨ, ''ਇਕ ਦੌੜ ਤੋਂ ਵਾਪਸ ਆਉਂਦਿਆਂ ਤਿੰਨ ਵਿਅਕਤੀ ਮਿਲੇ ਸਨ, ਜਿਨ੍ਹਾਂ ਵਿਚੋਂ ਇੱਕ ਨੇ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਜਦਕਿ ਦੂਜੇ ਨੇ ਮੈਨੂੰ ਥੱਲੇ ਸੁੱਟ ਦਿੱਤਾ।''

ਉਹ ਅੱਗੇ ਕਹਿੰਦੇ ਹਨ, ''ਤੁਸੀਂ ਸੋਚ ਸਕਦੇ ਹੋ ਉਨ੍ਹਾਂ ਤਿੰਨ ਵਿਅਕਤੀਆਂ ਦਾ ਕੀ ਇਰਾਦਾ ਸੀ।''

''ਪਰ ਮੈਂ ਕਿਸਮਤ ਵਾਲੀ ਸੀ। ਇੱਕ ਵਿਅਕਤੀ ਨੇ ਉਨ੍ਹਾਂ ਤਿੰਨਾ 'ਤੇ ਆਪਣੇ ਕੁੱਤੇ ਨੂੰ ਛੱਡ ਦਿੱਤਾ ਤੇ ਉਹ ਭੱਜ ਗਏ।''

ਇਸ ਤਰ੍ਹਾਂ ਦੇ ਹਮਲੇ ਪੂਰੀ ਦੁਨੀਆਂ ਵਿੱਚ ਔਰਤਾਂ ਲਈ ਆਮ ਹਨ। ਇਨ੍ਹਾਂ ਕਰਕੇ ਹੀ ਬਹੁਤ ਸਾਰੀਆਂ ਕੰਪਨੀਆਂ ਨੇ ਇਸ ਤਰ੍ਹਾਂ ਦੇ ਯੰਤਰ ਬਣਾਉਣੇ ਸ਼ੁਰੂ ਕੀਤੇ।

ਇਨ੍ਹਾਂ ਯੰਤਰਾਂ ਦਾ ਮਕਸਦ ਹਮਲਿਆਂ ਨੂੰ ਰੋਕਣਾ ਅਤੇ ਦੂਜਿਆਂ ਨੂੰ ਚੇਤਾਵਨੀ ਦੇਣਾ ਹੈ।

ਖੋਜ ਵਿਸ਼ਲੇਸ਼ਕ ਰਿਸ਼ੀ ਕੌਲ ਦਾ ਕਹਿਣਾ ਹੈ, "ਤੁਸੀਂ ਆਪਣੇ ਯੰਤਰ ਦਾ ਬਟਨ ਦੱਬੋ ਅਤੇ ਤੁਹਾਡੀ ਥਾਂ ਦਾ ਵੇਰਵਾ ਪਹਿਲਾਂ ਤੋਂ ਚੁਣੇ ਹੋਏ ਨੰਬਰਾਂ 'ਤੇ ਚਲੇ ਜਾਂਦਾ ਹੈ ਕਈ ਵਾਰ ਨਾਲ ਸਾਇਰਨ ਵੀ ਵੱਜਦਾ ਹੈ।''

ਮਿਸਾਲ ਦੇ ਤੌਰ 'ਤੇ 'ਸੇਫਰ' ਨਾਂ ਦਾ ਯੰਤਰ ਭਾਰਤੀ ਕੰਪਨੀ ਵੱਲੋਂ ਬਣਾਇਆ ਗਿਆ ਹੈ ਅਤੇ ਇਸ ਨੂੰ ਗਲੇ ਵਿੱਚ ਪਾਇਆ ਜਾ ਸਕਦਾ ਹੈ, ਜਿਸ ਵਿੱਚ ਬਟਨ ਲੱਗਿਆ ਹੁੰਦਾ ਹੈ।

ਇਸ ਨੂੰ ਸਮਾਰਟਫੋਨ ਦੀ ਐਪ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ।

ਨਵੀਂ ਦਿੱਲੀ ਵਿੱਚ ਇੱਕ ਸ਼ਾਮ ਨੂੰ 24 ਸਾਲਾਂ ਦੀ ਤਾਨਿਆ ਗੈਫਨੇ ਆਪਣੇ ਦੋਸਤ ਨੂੰ ਮਿਲਣ ਲਈ ਜਾਂਦੀ ਹੈ ਤਾਂ ਇਸ ਯੰਤਰ ਨੂੰ ਲਾਭਦਾਇਕ ਮੰਨਦੀ ਹੈ।

ਤਾਨਿਆ ਅਨੁਸਾਰ, ''ਮੈਨੂੰ ਮਹਿਸੂਸ ਹੋਇਆ ਕਿ ਕੋਈ ਮੇਰੇ ਪਿੱਛੇ ਚੱਲ ਰਿਹਾ ਹੈ ਅਤੇ ਮੈਨੂੰ ਸ਼ੱਕ ਹੋਇਆ। ਮੈਂ ਜਿੱਥੇ ਵੀ ਮੁੜਦੀ ਸੀ ਉਹ ਉੱਥੇ ਹੀ ਮੁੜਦਾ ਸੀ, ਮੈਂ ਘਬਰਾ ਗਈ।''

''ਮੈਂ ਕਿਸੇ ਔਰਤ ਜਾਂ ਪੁਲਿਸ ਵਾਲੇ ਨੂੰ ਲੱਭਣ ਦੀ ਉਮੀਦ ਵਿੱਚ ਸੀ।''

ਪਰ ਆਲੇ-ਦੁਆਲੇ ਕੋਈ ਨਹੀਂ ਸੀ।

ਤਾਨਿਆ ਨੇ ਆਪਣੇ ਗਲੇ ਵਿੱਚ ਯੰਤਰ ਦਾ ਬਟਨ ਦੋ ਵਾਰ ਦੱਬ ਕੇ ਅਲਰਟ ਆਪਣੇ ਮਾਪਿਆਂ ਅਤੇ ਦੋ ਕਰੀਬੀ ਦੋਸਤਾਂ ਨੂੰ ਭੇਜ ਦਿੱਤਾ।

ਉਸ ਨੇ ਕਿਹਾ, "ਕਿਸਮਤ ਨਾਲ, ਮੈਨੂੰ ਫੋਨ ਕਾਲ ਕਰਨ ਵਾਲਾ ਪਹਿਲਾ ਵਿਅਕਤੀ ਮੇਰਾ ਉਹ ਦੋਸਤ ਸੀ, ਜਿਸ ਨੂੰ ਮੈਂ ਮਾਰਕੀਟ ਵਿੱਚ ਮਿਲਣ ਜਾ ਰਹੀ ਸੀ। ਉਸ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਜੀਪੀਐਸ ਰਾਹੀਂ ਟਰੈਕ ਕਰ ਰਿਹਾ ਸੀ ਅਤੇ ਉਹ ਮੇਰੇ ਕੋਲ ਆ ਰਿਹਾ ਹੈ।''

ਤਾਨਿਆ ਨੇ ਅੱਗੇ ਕਿਹਾ, ''ਜਿਹੜਾ ਵਿਅਕਤੀ ਮੇਰਾ ਪਿੱਛਾ ਕਰ ਰਿਹਾ ਸੀ ਉਸ ਨੇ ਅਚਾਨਕ ਹੋਰ ਰਾਹ ਫੜ ਲਿਆ, ਪਰ ਅੱਜ ਵੀ ਮੈਨੂੰ ਉਸ ਦਿਨ ਘਬਰਾਹਟ ਵਾਲੀ ਭਾਵਨਾ ਦਹਿਸ਼ਤ ਮਹਿਸੂਸ ਕਰਵਾਉਂਦੀ ਹੈ।''

ਇਸੇ ਤਰ੍ਹਾਂ, ਨਿੰਬ ਇੱਕ ਸਮਾਰਟ ਅੰਗੂਠੀ ਹੈ ਜਿਸ 'ਚ ਇੱਕ ਪੈਨਿਕ ਬਟਨ ਹੁੰਦਾ ਹੈ ਜਿਹੜਾ ਚੇਤਾਵਨੀ ਦਿੰਦਾ ਹੈ ਅਤੇ ਚੁਣੇ ਗਏ ਲੋਕਾਂ ਤਕ ਤੁਹਾਡੀ ਜਗ੍ਹਾ ਦਾ ਵੇਰਵਾ ਭੇਜਦਾ ਹੈ।

ਅਲਰਟ ਨੂੰ ਐਮਰਜੈਂਸੀ ਸੇਵਾਵਾਂ ਤਕ ਵੀ ਭੇਜਿਆ ਜਾ ਸਕਦਾ ਹੈ।

ਨਿੰਬ ਦੀ ਸਹਿ-ਸੰਸਥਾਪਕ ਕੈਥੀ ਰੋਮਾ ਵੀ 17 ਸਾਲ ਪਹਿਲਾਂ ਅਪਰਾਧ ਦਾ ਸ਼ਿਕਾਰ ਹੋਈ ਸੀ। ਇੱਕ ਵਿਅਕਤੀ ਨੇ ਉਸ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਥੀ ਨੇ ਉਸ ਨੂੰ ਜਵਾਬ ਨਹੀਂ ਦਿੱਤਾ ਅਤੇ ਉਸ ਨੇ ਕੈਥੀ ਦੇ ਢਿੱਡ 'ਤੇ ਹਮਲਾ ਕਰ ਦਿੱਤਾ।

ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਕੈਥੀ ਨੇ ਨੇੜਲੀ ਇਮਾਰਤ ਤੋਂ ਮਦਦ ਦੀ ਆਸ ਕੀਤੀ।

ਉਸ ਨੇ ਮਹਿਸੂਸ ਕੀਤਾ ਕੀਤਾ ਕਿ ਇੱਕ ਨਿੱਜੀ ਅਲਰਟ ਯੰਤਰ ਹੋਣ ਨਾਲ ਮਦਦ ਜਲਦੀ ਮਿਲ ਸਕਦੀ ਸੀ।

ਹੋਰ ਉਪਕਰਣਾਂ ਵਿਚ ਸ਼ਾਮਲ ਹੈ ਰੀਵੋਲਰ, ਜਿਸ ਨਾਲ ਉਪਭੋਗਤਾਵਾਂ ਦੇ "ਚੈੱਕ ਇਨ" ਕਰਨ ਨਾਲ ਉਨ੍ਹਾਂ ਦੇ ਚਹੇਤਿਆਂ ਜਾਂ ਆਪਣਿਆਂ ਨੂੰ ਇੱਕ ਕਲਿੱਕ ਨਾਲ ਹੀ ਪਤਾ ਚੱਲ ਜਾਂਦਾ ਹੈ ਕਿ ਤੁਸੀਂ ਇਕੱਲੇ ਸੁਰੱਖਿਅਤ ਘਰ ਪਹੁੰਚ ਗਏ ਹੋ।

ਤਿੰਨ ਵਾਰ ਕਲਿੱਕ ਨਾਲ "ਮਦਦ" ਦੀ ਚੇਤਾਵਨੀ ਜਾਂ ਅਲਰਟ ਭੇਜਿਆ ਜਾਂਦਾ ਹੈ।

ਓਕਲੀ ਨਾਂ ਦੇ ਬ੍ਰਾਂਡ ਨੇ ਬਲਿੰਕ ਨਾਮ ਦੇ ਨਾਲ ਇੱਕ ਯੰਤਰ ਬਣਾਇਆ ਹੈ, ਜਿਸ ਵਿੱਚ ਬੌਡੀਕੈਮ ਯਾਨਿ ਕਿ ਕੈਮਰਾ ਲੱਗਿਆ ਹੁੰਦਾ ਹੈ ਅਤੇ ਇਸ ਨਾਲ ਹਮਲੇ ਦਾ ਵੀਡੀਓ ਸਬੂਤ ਦੇ ਤੌਰ ਤੇ ਰਿਕਾਰਡ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਸਾਇਰਨ ਅਤੇ ਫਲੈਸ਼ ਲਾਈਟ ਵੀ ਚੱਲਦੀ ਹੈ, ਇਹੀ ਨਹੀਂ ਇਸ ਰਾਹੀਂ ਕਿਸੇ ਨੂੰ ਮਦਦ ਲਈ ਕਾਲ ਵੀ ਕੀਤੀ ਜਾ ਸਕਦੀ ਹੈ।

ਵਿਸ਼ਵ ਸਿਹਤ ਸੰਸਥਾ ਅਨੁਸਾਰ ਤਿੰਨ ਵਿੱਚੋਂ ਇੱਕ ਔਰਤ ਨੇ ਹਮਲਿਆਂ ਦਾ ਤਜਰਬਾ ਕੀਤਾ ਹੈ, ਭਾਵੇਂ ਸਰੀਰਕ ਹੋਵੇ, ਜਿਨਸੀ ਹੋਵੇ ਜਾਂ ਫਿਰ ਦੋਵੇਂ।

ਇਨ੍ਹਾਂ ਸੁਰੱਖਿਆ ਗੈਜੇਟਸ (ਯੰਤਰਾਂ) ਨੇ ਕੁਝ ਔਰਤਾਂ ਨੂੰ ਤਬਾਹੀ ਤੋਂ ਬਚਾਉਣ ਵਿੱਚ ਸਹਾਇਤਾ ਕੀਤੀ ਹੈ, ਪਰ ਹਰ ਕੋਈ ਇਨ੍ਹਾਂ ਦੀ ਯੋਗਤਾ 'ਤੇ ਯਕੀਨ ਨਹੀਂ ਕਰਦਾ।

ਸਰਵਾਇਵਰ ਸੰਸਥਾ ਦੀ ਫੇਅ ਮੈਕਸਟੇਡ ਕਹਿੰਦੇ ਹਨ, ''ਅਸੀਂ ਹਰ ਉਸ ਚੀਜ਼ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਸੁਰੱਖਿਆ ਬਿਹਤਰ ਹੁੰਦੀ ਹੈ ਅਤੇ ਜਿਨਸੀ ਹਮਲਿਆਂ ਤੋਂ ਬਚਣ ਵਿੱਚ ਮਦਦ ਮਿਲਦੀ ਹੈ।''

ਉਹ ਅੱਗੇ ਕਹਿੰਦੇ ਹਨ, ''ਪਰ ਇਸ ਤਰ੍ਹਾਂ ਦੀ ਤਕਨੀਕ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ - ਇਸ ਨੂੰ ਕਿਸੇ ਦਾ ਪਿੱਛਾ ਕਰਨ ਲਈ ਹੈਕ ਵੀ ਕੀਤਾ ਜਾ ਸਕਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)