ਦੁੱਧ ਚੁੰਘਾਉਂਦੀ ਔਰਤ ਦੀ ਤਸਵੀਰ 'ਤੇ ਬਹਿਸ ਛਿੜੀ

ਭਾਰਤੀ ਮੈਗਜ਼ੀਨ ਗ੍ਰਹਿਲਕਸ਼ਮੀ ਦੇ ਕਵਰ ਪੇਜ 'ਤੇ ਬੱਚੀ ਨੂੰ ਦੁੱਧ ਪਿਆਉਂਦੀ ਮਾਡਲ ਦੀ ਫੋਟੋ ਲਾਉਣ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ।

ਕੇਰਲ ਵਿੱਚ ਛਪਣ ਵਾਲੀ ਗ੍ਰਹਿਲਕਸ਼ਮੀ ਮੈਗਜ਼ੀਨ 'ਤੇ ਗੀਲੂ ਜੋਸਫ਼ ਮਾਡਲ ਬੱਚੇ ਨੂੰ ਛਾਤੀ ਨਾਲ ਲਾ ਕੇ ਸਿੱਧਾ ਕੈਮਰੇ ਵੱਲ ਦੇਖ ਰਹੀ ਹੈ।

ਇਸ ਤਸਵੀਰ ਦੇ ਨਾਲ ਲਿਖਿਆ ਹੈ, "ਮਾਵਾਂ ਕੇਰਲ ਨੂੰ ਕਹਿ ਰਹੀਆਂ ਹਨ-ਘੂਰੋ ਨਾ ਅਸੀਂ ਦੁੱਧ ਚੁੰਘਾਉਣਾ ਚਾਹੁੰਦੀਆਂ ਹਾਂ।"

ਮੰਨਿਆ ਜਾ ਰਿਹਾ ਹੈ ਕਿ ਪਹਿਲੀ ਵਾਰੀ ਕਿਸੇ ਭਾਰਤੀ ਮੈਗਜ਼ੀਨ ਨੇ ਕਿਸੇ ਔਰਤ ਦੀ ਦੁੱਧ ਚੁੰਘਾਉਣ ਵਾਲੀ ਤਸਵੀਰ ਨੂੰ ਕਵਰ ਫੋਟੋ ਬਣਾਇਆ ਹੈ।

ਪਰ ਇਹ ਮਾਡਲ ਖੁਦ ਮਾਂ ਨਹੀਂ ਹੈ ਇਸ ਕਰਕੇ ਔਖ ਹੋ ਰਹੀ ਹੈ ਅਤੇ ਬਹਿਸ ਛਿੜ ਗਈ ਹੈ।

ਤਸਵੀਰ ਦਾ ਮਕਸਦ ਕੀ ਹੈ?

ਗ੍ਰਹਿਲਕਸ਼ਮੀ ਦੇ ਸੰਪਾਦਕ ਨੇ ਕਿਹਾ ਕਿ ਮੈਗਜ਼ੀਨ ਮਾਵਾਂ ਦੀ ਜਨਤੱਕ ਥਾਵਾਂ 'ਤੇ ਦੁੱਧ ਚੁੰਘਾਉਣ ਦੀ ਲੋੜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ।

ਮੋਂਸੀ ਜੌਸਫ਼ ਨੇ ਬੀਬੀਸੀ ਨੂੰ ਕਿਹਾ, "ਇੱਕ ਮਹੀਨੇ ਪਹਿਲਾਂ ਇੱਕ ਆਦਮੀ ਨੇ ਦੁੱਧ ਪਿਆਉਂਦੀ ਪਤਨੀ ਦੀ ਤਸਵੀਰ ਫੇਸਬੁੱਕ 'ਤੇ ਸ਼ੇਅਰ ਕੀਤੀ ਸੀ।

"ਉਹ ਚਾਹੁੰਦਾ ਸੀ ਕਿ ਜਨਤਕ ਥਾਵਾਂ 'ਤੇ ਮਾਵਾਂ ਨੂੰ ਦੁੱਧ ਪਿਆਉਣ ਨੂੰ ਲੈ ਕੇ ਬਹਿਸ ਛਿੜੇ ਪਰ ਸਕਾਰਾਤਮਕ ਬਹਿਸ ਛਿੜਨ ਦੀ ਬਜਾਏ ਉਸ ਔਰਤ ਦੀ ਮਰਦਾਂ ਅਤੇ ਔਰਤਾਂ ਨੇ ਸਾਈਬਰ ਬੁਲਿੰਗ ਸ਼ੁਰੂ ਕਰ ਦਿੱਤੀ।"

"ਇਸ ਲਈ ਅਸੀਂ ਫੈਸਲਾ ਕੀਤਾ ਕਿ ਦੁੱਧ ਚੁੰਘਾਉਣ ਦੇ ਇਸ ਮੁੱਦੇ ਨੂੰ ਆਪਣੇ ਤਾਜ਼ਾ ਅੰਕਾਂ ਵਿੱਚ ਚੁੱਕਾਂਗੇ।"

ਭਾਰਤ ਵਿੱਚ ਰਵਾਇਤੀ ਸਾੜੀ ਪਾਉਣ ਵਾਲੀਆਂ ਕਈ ਔਰਤਾਂ ਜਨਤੱਕ ਥਾਵਾਂ 'ਤੇ ਦੁੱਧ ਪਿਆਉਂਦੀਆਂ ਹਨ।

ਪਰ ਉਨ੍ਹਾਂ ਔਰਤਾਂ ਨੂੰ ਜਿਹੜੀਆਂ ਸਾੜੀ ਨਹੀਂ ਪਾਉਂਦੀਆਂ ਉਨ੍ਹਾਂ ਕੋਲ ਇਹ ਬਦਲ ਨਹੀਂ ਹੁੰਦਾ।

ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਮੈਗਜ਼ੀਨ ਅਤੇ ਮਾਡਲ ਦੀ ਹਿਮਾਇਤ ਵਿੱਚ ਪੋਸਟ ਕੀਤਾ ਹੈ।

ਦੁੱਧ ਚੁੰਘਾਉਣ ਵਾਲੀ ਅਸਲ ਮਾਂ ਦੀ ਬਜਾਏ ਇੱਕ ਮਾਡਲ ਨੂੰ ਫੀਚਰ ਕਰਨ ਦੇ ਚਲਦੇ ਇਸ ਮੁਹਿੰਮ ਨੂੰ ਅਲੋਚਨਾ ਝੱਲਣੀ ਪੈ ਰਹੀ ਹੈ।

ਬਲਾਗਰ ਅੰਜਨਾ ਨਾਇਰ ਨੇ ਇੱਕ ਬਲਾਗ ਪੋਸਟ ਵਿੱਚ ਲਿਖਿਆ, "ਬੱਚੇ ਨੂੰ ਦੁੱਧ ਚੁੰਘਾਉਂਦੀ ਅਸਲ ਮਾਂ ਨੂੰ ਅੰਦਰ ਦੇ ਪੰਨਿਆਂ ਵਿੱਚ ਥਾਂ ਦੇਣ ਅਤੇ ਇੱਕ ਮਾਡਲ ਨੂੰ ਬੱਚੇ ਅਤੇ ਬਿਨਾਂ ਕਪੜਿਆਂ ਦੇ ਨਾਲ ਕਵਰ 'ਤੇ ਪੇਸ਼ ਕਰਨ ਦਾ ਫੈਸਲਾ ਸਸਤੀ ਸਨਸਨੀ ਅਤੇ ਸ਼ੋਸ਼ਣ ਹੈ।"

ਮਾਡਲ ਦੀ ਕੀ ਕਹਿਣਾ ਹੈ?

ਮਾਡਲ ਗਿਲੂ ਜੋਸਫ਼ ਨੇ ਮੈਗਜ਼ੀਨ 'ਤੇ ਪੋਜ਼ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਮੈਨੂੰ ਪਤਾ ਸੀ ਕਿ ਇਸ ਦੇ ਲਈ ਮੈਨੂੰ ਕਾਫ਼ੀ ਅਲੋਚਨਾ ਝੱਲਣੀ ਪਏਗੀ ਪਰ ਮੈਂ ਉਨ੍ਹਾਂ ਮਾਵਾਂ ਦੇ ਲਈ ਖੁਸ਼ੀ ਨਾਲ ਇਹ ਫੈਸਲਾ ਲਿਆ ਜੋ ਮਾਣ ਅਤੇ ਆਜ਼ਾਦੀ ਨਾਲ ਦੁੱਧ ਚੁੰਘਾਉਣਾ ਚਾਹੁੰਦੀਆਂ ਹਨ।"

ਇੱਕ ਮੈਗਜ਼ੀਨ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, "ਜੇ ਤੁਸੀਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੇ ਹੋ ਤਾਂ ਕਿਹੜਾ ਰੱਬ ਨਾਰਾਜ਼ ਹੋਵੇਗਾ?"

ਕੇਰਲ ਦੇ ਮੰਨੇ-ਪ੍ਰਮੰਨੇ ਲੇਖਕ ਪਾਲ ਜ਼ਕਾਰੀਆ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਕਵਰ "ਪਾਥ-ਬ੍ਰੇਕਿੰਗ ਕਦਮ" ਸੀ।

"ਇਸ ਤੋਂ ਨਾਰਾਜ਼ ਜਨਤਕ ਥਾਵਾਂ 'ਤੇ ਦੁੱਧ ਚੁੰਘਾਉਣ ਨੂੰ ਲੈ ਕੇ ਕੋਈ ਕ੍ਰਾਂਤੀ ਤਾਂ ਨਹੀਂ ਆਏਗੀ ਪਰ ਇਹ ਇੱਕ ਅਜਿਹਾ ਕਦਮ ਹੈ। ਮੈਨੂੰ ਉਮੀਦ ਹੈ ਕਿ ਇਸ ਲਈ ਹਮੇਸ਼ਾਂ ਦੀ ਤਰ੍ਹਾਂ ਸੰਪਾਦਕ ਨੂੰ ਮੁਆਫ਼ੀ ਨਹੀਂ ਮੰਗਣੀ ਪਏਗੀ।"

ਜਨਤਕ ਥਾਵਾਂ 'ਤੇ ਦੁੱਧ ਚੁੰਘਾਉਣਾ ਦੁਨੀਆਂ ਭਰ ਵਿੱਚ ਇੱਕ ਵਿਵਾਦਤ ਮੁੱਦਾ ਹੈ।

ਸਕਾਟਲੈਂਡ ਵਿੱਚ ਸਰਵੇ ਦੱਸਦਾ ਹੈ ਕਿ ਇੱਕ ਚੌਥਾਈ ਤੋਂ ਵੱਧ ਮਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤੱਕ ਥਾਵਾਂ 'ਤੇ ਦੁੱਧ ਚੁੰਘਾਉਣ ਵਿੱਚ 'ਅਸਹਿਜ' ਮਹਿਸੂਸ ਹੋਇਆ।

ਪਿਛਲੇ ਸਾਲ ਇੱਕ ਸਰਵੇਖਣ ਤੋਂ ਪਤਾ ਲੱਗਿਆ ਕਿ ਬ੍ਰਿਟੇਨ ਵਿੱਚ ਦੁੱਧ ਚੁੰਘਾਉਣ ਦੀ ਦਰ ਦੁਨੀਆਂ ਵਿੱਚ ਸਭ ਤੋਂ ਘੱਟ ਸੀ।

ਸਿਰਫ਼ 200 'ਚੋਂ ਇੱਕ ਔਰਤ ਜਾਂ 0.5% - ਇੱਕ ਸਾਲ ਬਾਅਦ ਤੱਕ ਦੁੱਧ ਚੁੰਘਾ ਰਹੀਆਂ ਸਨ।

ਜਦਕਿ ਜਰਮਨੀ ਵਿੱਚ ਇਹ ਅੰਕੜਾ 23%, ਅਮਰੀਕਾ ਵਿੱਚ 27%, ਬ੍ਰਾਜ਼ੀਲ ਵਿੱਚ 56%, ਸੇਨੇਗਲ ਵਿੱਚ 99% ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)