You’re viewing a text-only version of this website that uses less data. View the main version of the website including all images and videos.
ਚੀਨ 'ਚ ਸੜਕਾਂ 'ਤੇ ਕਿਉਂ ਆਪਣਾ ਦੁੱਧ ਵੇਚ ਰਹੀ ਇੱਕ ਮਾਂ?
ਚੀਨ ਵਿੱਚ ਇੱਕ ਮਾਂ ਆਪਣੀ ਧੀ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਲਈ ਸੜਕਾਂ 'ਤੇ ਆਪਣਾ ਬ੍ਰੈਸਟ ਮਿਲਕ ਵੇਚ ਰਹੀ ਹੈ। ਇਹ ਇਸ ਵੇਲੇ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਹੈ।
ਮਿਆਓ ਵੀਡੀਓ ਵੈੱਬਸਾਈਟ 'ਤੇ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ।
ਇਸ ਵਿੱਚ ਇੱਕ ਮਾਤਾ-ਪਿਤਾ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਬੱਚੀ ਦੇ ਇਲਾਜ ਲਈ ਘੱਟੋ-ਘੱਟ ਇੱਕ ਲੱਖ ਯੂਆਨ (ਕਰੀਬ 10 ਲੱਖ ਰੁਪਏ) ਦੀ ਲੋੜ ਹੈ। ਉਨ੍ਹਾਂ ਦੀ ਕੁੜੀ ਆਈਸੀਯੂ ਵਿੱਚ ਭਰਤੀ ਹੈ।
ਚੀਨ ਦੇ ਸੋਸ਼ਲ ਮੀਡੀਆ ਪਲੈਟਫਾਰਮ ਵੀਬੋ 'ਤੇ ਸ਼ੇਅਰ ਹੋਣ ਤੋਂ ਬਾਅਦ ਹੁਣ ਤੱਕ ਇਹ ਵੀਡੀਓ 24 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਸ 'ਤੇ 5000 ਕੁਮੈਂਟਸ ਆ ਚੁੱਕੇ ਹਨ।
ਇਹ ਵੀਡੀਓ ਬੱਚਿਆਂ ਦੇ ਇੱਕ ਪਾਰਕ ਵਿੱਚ ਫਿਲਮਾਇਆ ਗਿਆ ਹੈ, ਜੋ ਚੀਨ ਦੇ ਗੁਵਾਨਡੂੰਗ ਸੂਬੇ ਦੇ ਇੱਕ ਵੱਡੇ ਸ਼ਹਿਰ ਸ਼ੇਂਜਨ ਵਿੱਚ ਸਥਿਤ ਹੈ।
ਮਾਂ ਦਾ ਕਹਿਣਾ ਹੈ ਕਿ ਉਹ ਜਲਦ ਪੈਸਾ ਇਕੱਠਾ ਕਰਨ ਲਈ ਆਪਣਾ ਦੁੱਧ ਵੇਚ ਰਹੀ ਹੈ ਕਿਉਂਕਿ ਉਨ੍ਹਾਂ ਦੀ ਇੱਕ ਕੁੜੀ ਆਈਸੀਯੂ ਵਿੱਚ ਦਾਖ਼ਲ ਹੈ।
ਬੱਚੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਹਸਪਤਾਲ ਵਿੱਚ ਇੱਕ ਲੱਖ ਯੂਆਨ ਜਮ੍ਹਾਂ ਕਰਵਾਉਣੇ ਹਨ।
ਡਾਕਟਰ ਨੇ ਕਿਹਾ ਹੈ ਕਿ ਬੱਚੀ ਦੇ ਇਲਾਜ ਤੋਂ ਤੁਰੰਤ ਬਾਅਦ ਇਹ ਰਕਮ ਚੁਕਾਉਣੀ ਹੋਵੇਗੀ।
ਹਾਲ ਦੇ ਕੁਝ ਸਾਲਾਂ ਵਿੱਚ ਚੀਨ 'ਚ ਸਿਹਤ ਵਿਵਸਥਾ 'ਤੇ ਸਵਾਲ ਚੁੱਕੇ ਗਏ ਹਨ ਕਿਉਂਕਿ ਇੱਥੇ ਮੈਡੀਕਲ ਸੈਂਟਰਾਂ 'ਤੇ ਦਬਾਅ ਬਹੁਤ ਵੱਧ ਗਿਆ ਹੈ।
ਲੋਕ ਲਾਈਨ ਤੋਂ ਬਚਣ ਲਈ ਵੱਧ ਪੈਸੇ ਅਦਾ ਕਰ ਦਿੰਦੇ ਹਨ।
ਲੋਕ ਕਰ ਰਹੇ ਹਨ ਅਪੀਲ
ਇਸ ਵੀਡੀਓ 'ਤੇ ਲੋਕਾਂ ਨੇ ਭਾਵੁਕ ਵਿਚਾਰ ਪ੍ਰਗਟ ਕੀਤੇ ਹਨ ਅਤੇ ਇਸਨੂੰ ਸ਼ੇਅਰ ਕਰਦੇ ਹੋਏ ਲਿਖ ਰਹੇ ਹਨ 'ਸੇਲ ਮਿਲਕ, ਸੇਵ ਗਰਲ'।
ਯੂਜ਼ਰਜ਼ ਉਸ ਥਾਂ ਦੇ ਨੇੜਿਓਂ ਲੰਘਣ ਵਾਲੇ ਲੋਕਾਂ ਨੂੰ 'ਮਾਤਾ-ਪਿਤਾ ਨੂੰ ਪੈਸੇ ਦੇਣ' ਦੀ ਅਪੀਲ ਕਰ ਰਹੇ ਹਨ।
ਕੁਝ ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਬੱਚੀ ਦੇ ਮਾਤਾ-ਪਿਤਾ ਦਿਖਣਗੇ, ਤਾਂ ਉਹ ਜ਼ਰੂਰ ਉਨ੍ਹਾਂ ਦੀ ਮਦਦ ਕਰਨਗੇ।
ਹਾਲਾਂਕਿ ਕੁਝ ਯੂਜ਼ਰਜ਼ ਅਜਿਹੇ ਵੀ ਹਨ, ਜਿਨ੍ਹਾਂ ਨੇ ਮਾਤਾ-ਪਿਤਾ ਨਾਲ ਜ਼ਿਆਦਾ ਹਮਦਰਦੀ ਨਹੀਂ ਦਿਖਾਈ। ਇੱਕ ਸ਼ਖ਼ਸ ਨੇ ਬ੍ਰੈਸਟ ਮਿਲਕ ਵੇਚਣ ਨੂੰ ''ਮਦਦ ਮੰਗਣ ਦਾ ਇੱਕ ਅਸ਼ਲੀਲ ਤਰੀਕਾ'' ਕਹਿੰਦੇ ਹੋਏ ਇਸ ਨੂੰ ਗ਼ਲਤ ਦੱਸਿਆ।
ਇੱਕ ਹੋਰ ਵਿਅਕਤੀ ਨੇ ਲਿਖਿਆ, ''ਸਾਰੇ ਸਮਝ ਸਕਦੇ ਹਨ ਕਿ ਤੁਸੀਂ ਮਜਬੂਰ ਹੋ ਅਤੇ ਤੁਹਾਨੂੰ ਮਦਦ ਦੀ ਸਖ਼ਤ ਲੋੜ ਹੈ ਪਰ ਆਪਣਾ ਦੁੱਧ ਵੇਚ ਕੇ ਆਪਣੀ ਇੱਜ਼ਤ ਕਿਵੇਂ ਬਣਾ ਕੇ ਰੱਖ ਸਕਦੇ ਹੋ।''
ਇੱਕ ਵਿਅਕਤੀ ਨੇ ਵਿਰੋਧ ਵਿੱਚ ਆ ਰਹੇ ਕੁਮੈਂਟਸ ਦੀ ਨਿਖੇਧੀ ਕੀਤੀ ਅਤੇ ਕਿਹਾ, ''ਇਹ ਲਾਚਾਰ ਮਾਂ-ਬਾਪ ਦਾ ਪਿਆਰ ਹੈ... ਜੋ ਲੋਕ ਇਸਨੂੰ ਗ਼ਲਤ ਕਹਿ ਰਹੇ ਹਨ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਉਹ ਉਨ੍ਹਾਂ ਦੀ ਔਲਾਦ ਹੁੰਦੀ, ਤਾਂ ਕੀ ਉਹ ਆਪਣਾ ਚਿਹਰਾ ਬਚਾਉਂਦੇ ਜਾਂ ਬੱਚੇ ਦੀ ਜ਼ਿੰਦਗੀ?
ਕੇਰੀ ਏਲੇਨ, ਬੀਬੀਸੀ ਮੌਨੀਟਰਿੰਗ ਅਤੇ ਟੌਮ ਗਰਕਨ, ਯੂਜੀਸੀ ਅਤੇ ਸੋਸ਼ਲ ਮੀਡੀਆ