ਚੀਨ 'ਚ ਵਿਆਹ ਲਈ ਜਾਇਦਾਦ ਹੋਣਾ ਕਾਫ਼ੀ ਮਦਦਗਾਰ

ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਪੰਜ ਸਾਲਾਂ ਦੇ ਰਾਜ ਦੌਰਾਨ ਚੀਨ ਅਮੀਰ ਤੇ ਹੋਰ ਤਾਕਤਵਾਰ ਹੋਇਆ ਹੈ। ਪਰ ਇਸ ਤਰੱਕੀ ਨਾਲ ਆਮ ਚੀਨੀ ਲੋਕਾਂ ਦੀ ਜ਼ਿਦਗੀ 'ਤੇ ਕਿੰਨਾਂ ਅਸਰ ਪਿਆ ਹੈ ?

ਚੀਨ ਦੇ ਸਭ ਤੋਂ ਤਾਕਤਵਾਰ ਫ਼ੈਸਲਾ ਕਰਨ ਵਾਲੇ ਅਗਲੇ ਹਫ਼ਤੇ ਇਹ ਤੈਅ ਕਰਨ ਜਾ ਰਹੇ ਹਨ ਕਿ ਆਉਣ ਵਾਲੇ ਪੰਜ ਸਾਲਾਂ ਦੇ ਲਈ ਦੇਸ਼ ਦੀ ਵਾਗਡੋਰ ਕਿਸ ਕੋਲ ਹੋਵੇਗੀ।

ਅਸੀਂ ਚੀਨੀ ਪ੍ਰਸ਼ਾਸਨ ਅਤੇ ਕਈ ਵੱਡੇ ਸਰਵੇਖਣਾਂ ਦੇ ਅੰਕੜੇ ਇੱਕਠੋ ਕੀਤੇ ਹਨ ਅਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਚੀਨੀ ਪਰਿਵਾਰਾਂ ਦੀ ਜ਼ਿੰਦਗੀ ਅਤੇ ਉੱਥੋਂ ਦੇ ਸਮਾਜ 'ਚ ਕਿਹੋ ਜਿਹਾ ਬਦਲਾਅ ਆਇਆ ਹੈ।

ਚੀਨ ਨੇ ਆਬਾਦੀ ਕਾਬੂ ਕਰਨ ਲਈ ਲਾਗੂ ਕੀਤੀ ਗਈ ਆਪਣੀ ਇੱਕ ਬੱਚਾ ਪੈਦਾ ਕਰਨ ਦੀ ਨੀਤੀ ਨੂੰ 2015 'ਚ ਖ਼ਤਮ ਕਰ ਦਿੱਤਾ ਸੀ।

ਇਸ ਨੀਤੀ ਦਾ ਮੁੱਖ ਮਕਸਦ ਚੀਨ ਦੀ ਆਬਾਦੀ ਨੂੰ ਕਾਬੂ ਕਰਨਾ ਸੀ ਪਰ ਇਸ ਨਾਲ ਲਿੰਗ ਅਸੰਤੁਲਨ ਵਧਣ ਲੱਗਿਆ।

ਹੁਣ ਚੀਨ ਦੇ ਲੋਕਾਂ ਲਈ ਇੱਕ ਤੋਂ ਵੱਧ ਬੱਚੇ ਪੈਦਾ ਕਰਨਾ ਅਤੇ ਪਰਿਵਾਰ ਵਧਾਉਣ ਦਾ ਰਾਹ ਭਾਵੇਂ ਖੁੱਲ ਗਿਆ ਹੈ ਪਰ ਤਲਾਕ ਅਤੇ ਵਿਆਹ ਦੇ ਮਾਮਲੇ 'ਚ ਚੀਨ ਦੇ ਹਲਾਤ ਵਿਕਸਿਤ ਦੇਸ਼ਾਂ ਵਰਗੇ ਹੀ ਹਨ।

ਇੱਥੇ ਹੁਣ ਵਿਆਹ ਘੱਟ ਹੋ ਰਹੇ ਹਨ ਅਤੇ ਤਲਾਕਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।

ਹਾਲਾਂਕਿ ਪਹਿਲੀ ਨਜ਼ਰ 'ਚ ਬਣੀ ਇਹ ਰਾਏ ਗ਼ਲਤ ਵੀ ਹੋ ਸਕਦੀ ਹੈ।

ਨਿਊਯਾਰਕ ਯੂਨੀਵਰਸਿਟੀ ਸ਼ੰਘਾਈ 'ਚ ਮਨੋਵਿਗਿਆਨ ਦੇ ਸਹਾਇਕ ਪ੍ਰੋਫੈਸਰ ਸ਼ੁਆਨ ਲੀ ਨੇ ਕਿਹਾ, ''ਚੀਨ 'ਚ ਪਹਿਲਾਂ ਵੀ ਅਤੇ ਹੁਣ ਵੀ ਪੱਛਮ ਯੂਰਪੀ ਦੇਸ਼ਾਂ ਅਤੇ ਅਮਰੀਕਾ ਦੇ ਮੁਕਾਬਲੇ ਤਲਾਕ ਦਾ ਫ਼ੀਸਦ ਘਟਿਆ ਹੈ।''

''ਗੁਆਂਢੀ ਮੁਲਕਾਂ ਅਤੇ ਖੇਤਰਾਂ ਦੇ ਮੁਕਾਬਲੇ ਚੀਨ ਦੇ ਨਾਗਰਿਕਾਂ 'ਚ ਵਿਆਹ ਦਾ ਫ਼ੀਸਦ ਘਟਿਆ ਹੈ। ਅਜਿਹੇ 'ਚ ਇਹ ਕਹਿਣਾ ਕਿ ਚੀਨ 'ਚ ਪਰਿਵਾਰ ਟੁੱਟ ਰਹੇ ਹਨ ਅੰਕੜਿਆ ਦੇ ਹਿਸਾਬ ਨਾਲ ਨਿਰਾਧਾਰ ਹੈ।''

ਚੀਨ ਨੇ ਭਾਵੇਂ 2015 'ਚ ਆਪਣੀ ਇੱਕ ਬੱਚਾ ਪੈਦਾ ਕਰਨ ਦੀ ਨੀਤੀ ਖ਼ਤਮ ਕਰ ਦਿੱਤੀ ਹੋਵੇ ਪਰ ਇਸਦਾ ਅਸਰ ਦੇਰ ਤਕ ਰਹੇਗਾ। ਇੱਥੋਂ ਤਕ ਕਿ 30 ਸਾਲ ਤੋਂ ਜ਼ਿਆਦਾ ਉਮਰ ਦੇ ਕੁਆਰਿਆਂ ਲਈ ਇੱਥੇ ਇਕ ਖ਼ਾਸ ਸ਼ਬਦ ਵੀ ਹੈ, ਸ਼ੈਂਗਨੈਨ ਜਾਂ ''ਛੱਡੇ ਗਏ ਮਰਦ।''

ਖ਼ਬਰਾਂ ਮੁਤਾਬਕ 2015 'ਚ ਇੱਕ ਚੀਨੀ ਵਪਾਰੀ ਨੇ ਸ਼ੰਘਾਈ 'ਚ ਇਕ ਵਿਆਹ ਕਰਵਾਉਣ ਵਾਲੀ ਏਜੰਸੀ 'ਤੇ ਕੁੜੀ ਲੱਭਣ 'ਚ ਨਾਕਾਮ ਰਹਿਣ 'ਤੇ ਮੁਕੱਦਮਾ ਕੀਤਾ ਸੀ। ਉਸ ਵਪਾਰੀ ਨੇ ਏਜੰਸੀ ਨੂੰ ਆਪਣੇ ਲਈ ਕੁੜੀ ਲੱਭਣ ਲਈ ਤਕਰੀਬਨ 10 ਲੱਖ ਡਾਲਰ ਦਿੱਤੇ ਸਨ।

ਔਕਸਫੋਰਡ ਇਕਨੌਮਿਕਸ ਦੇ ਲੁਈਸ ਕੁਇਜ ਦਾ ਕਹਿਣਾ ਹੈ, ''ਚੀਨ ਦੀ ਇੱਕ ਬੱਚੇ ਦੀ ਨੀਤੀ ਨੇ ਆਬਾਦੀ ਦੇ ਮਾਮਲੇ 'ਚ ਬਦਲਾਅ ਨੂੰ ਹੋਰ ਵਧਾਇਆ ਹੈ। ਜਨਮ ਫ਼ੀਸਦ 'ਚ ਗਿਰਾਵਟ ਅਤੇ ਬਜ਼ੁਰਗ ਹੁੰਦੀ ਆਬਾਦੀ ਦੇ ਕਾਰਨ ਕੰਮਕਾਜੀ ਸਮੂਹਾਂ 'ਤੇ ਦਬਾਅ ਵਧਿਆ ਹੈ, ਜਿਸਦਾ ਅਸਰ ਆਰਥਿਕ ਵਾਧੇ 'ਤੇ ਵੀ ਪਿਆ ਹੈ।''

ਇੱਕ ਬੱਚਾ ਪੈਦਾ ਕਰਨ ਦੀ ਨੀਤੀ ਨੂੰ ਭਾਵੇਂ ਜਨਵਰੀ 2016 'ਚ 2 ਬੱਚੇ ਪੈਦਾ ਕਰਨ ਦੀ ਨੀਤੀ 'ਚ ਬਦਲ ਦਿੱਤਾ ਗਿਆ ਹੋਵੇ ਪਰ ਲੁਈਸ ਦਾ ਅੰਦਾਜ਼ਾ ਹੈ ਕਿ ਇਸਦਾ ਅਸਰ ਕੰਮਕਾਜੀ ਵਰਗ 'ਤੇ ਕਰੀਬ 2 ਦਹਾਕਿਆਂ 'ਚ ਦਿਖੇਗਾ।

ਵਧ ਰਿਹਾ ਜ਼ਿੰਦਗੀ ਦਾ ਪੱਧਰ ਰਵਾਇਤੀ ਲਿੰਗ ਧਾਰਨਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਸਦਾ ਅਸਰ ਲਿੰਗ ਅਸੰਤੁਲਨ 'ਤੇ ਸਕਾਰਾਤਮਕ ਰੂਪ ਨਾਲ ਪਵੇਗਾ।

ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ 'ਚ ਸੈਂਟਰ ਫ਼ਾਰ ਫੈਮਿਲੀ ਐਂਡ ਪਾਪੂਲੇਸ਼ਨ ਰਿਸਰਚ ਦੇ ਪ੍ਰੋਫੈਸਰ ਮੁ ਸ਼ੇਂਗ ਕਹਿੰਦੇ ਹਨ ਕਿ 'ਲਿੰਗ ਅਸੰਤੁਲਨ 'ਚ ਬਦਲਾਅ ਹੋ ਰਿਹਾ ਹੈ।'

ਉਨ੍ਹਾਂ ਕਿਹਾ, ''ਅਜਿਹਾ ਇਸ ਲਈ ਹੈ ਕਿਉਂਕਿ ਜਣਨ ਨੀਤੀ 'ਚ ਬਦਲਾਅ ਹੋਇਆ ਹੈ। ਲੋਕਾਂ ਦਾ ਰਵੱਈਆ ਬਦਲਿਆ ਹੈ। ਔਰਤਾਂ ਦੀ ਹਿੱਸੇਦਾਰੀ ਪੜਾਈ ਤੋਂ ਲੈ ਕੇ ਨੌਕਰੀ 'ਚ ਵਧੀ ਹੈ। ਹੁਣ ਜ਼ਿਆਦਾ ਭਰੋਸੇਯੋਗ ਸਮਾਜਿਕ ਸੁਰੱਖਿਆ ਸਿਸਟਮ ਵੀ ਹੈ।''

ਹਾਲਾਂਕਿ ਹਾਲੇ ਮੌਜੂਦਾ ਲਿੰਗ ਅਸੰਤੁਲਨ 'ਚ ਕਿਸੇ ਵੀ ਮਰਦ ਲਈ ਘਰਵਾਲੀ ਲੱਭਣਾ ਕਾਫ਼ੀ ਮੁਸ਼ਕਿਲ ਕੰਮ ਹੈ।

ਆਪਣਾ ਘਰ

ਘਰਾਂ 'ਤੇ ਮਾਲਕੀ ਹੱਕ ਦੇ ਮਾਮਲੇ 'ਚ ਚੀਨ ਦੇ ਨੌਜਵਾਨ ਅਮਰੀਕਾ ਤੇ ਯੂਰਪੀ ਦੇਸ਼ਾਂ ਦੇ ਨੌਜਵਾਨਾਂ ਦੇ ਮੁਕਾਬਲੇ ਬਹੁਤ ਅੱਗੇ ਹਨ। ਸਾਲ 2000 'ਚ ਪੈਦਾ ਹੋਏ ਚੀਨ ਦੇ ਕਰੀਬ 70 ਫ਼ੀਸਦੀ ਨੌਜਵਾਨਾਂ ਕੋਲ ਆਪਣਾ ਘਰ ਹੋਵੇਗਾ।

ਚੀਨ 'ਚ ਮਾਂ-ਪਿਓ ਕੋਸ਼ਿਸ਼ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਲਈ ਘਰ ਮੁਹੱਈਆ ਕਰਾ ਸਕਣ। ਉਹ ਅਜਿਹਾ ਇਸ ਲਈ ਵੀ ਕਰਦੇ ਹਨ ਕਿ ਉਨ੍ਹਾਂ ਨੂੰ ਵਿਆਹ ਲਈ ਕੁੜੀ ਦੀ ਭਾਲ 'ਚ ਸੌਖ ਹੋਵੇ।

ਚੀਨ 'ਚ ਘਰਾਂ 'ਤੇ ਮਾਲਕੀ ਹੱਕ ਨੂੰ ਲੈ ਕੇ ਐਚਐਸਬੀਸੀ ਨੇ ਇੱਕ ਸਰਵੇਖਣ ਕੀਤਾ ਹੈ। ਜਦੋਂ ਅਪ੍ਰੈਲ 'ਚ ਇਸ ਸਰਵੇਖਣ ਨੂੰ ਜਾਰੀ ਕੀਤਾ ਤਾਂ ਐਸਓਐਸ ਚਾਈਨਾ ਇੰਸਟੀਚਿਊਟ ਦੇ ਉਪ ਨਿਰਦੇਸ਼ਕ ਡਾ. ਜੀਯੂ ਲਿਯੂ ਨੇ ਬੀਬੀਸੀ ਨੂੰ ਕਿਹਾ ਸੀ, ''ਇਹ ਰਿਵਾਜ਼ ਹੈ ਕਿ ਪਤੀ ਇੱਕ ਘਰ ਮੁਹੱਈਆ ਕਰਵਾਏਗਾ।''

ਲਿਯੂ ਕਹਿੰਦੇ ਹਨ, ''ਕਈ ਪ੍ਰੇਮ ਕਹਾਣੀਆਂ ਸਿਰਫ਼ ਇਸ ਲਈ ਵਿਆਹ ਦੇ ਅੰਜਾਮ ਤਕ ਨਹੀਂ ਪਹੁੰਚਦੀਆਂ ਕਿਉਂਕਿ ਮਰਦ ਘਰ ਮੁਹੱਈਆ ਨਹੀਂ ਕਰਾ ਸਕਦੇ।''

ਅਜਿਹੇ 'ਚ ਚੀਨ 'ਚ ਵਿਆਹ ਲਈ ਜਾਇਦਾਦ ਹੋਣਾ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ।

ਖਿੱਚ, ਕਿਸਮਤ ਜਾਂ ਫ਼ੇਰ ਜਾਇਦਾਦ ਦੇ ਆਸਰੇ ਜਦੋਂ ਇੱਕ ਵਾਰ ਮਰਦਾਂ ਨੂੰ ਜੀਵਨ ਸਾਥੀ ਮਿਲ ਜਾਂਦਾ ਹੈ ਤਾਂ ਚੀਨ 'ਚ ਘਰੇਲੂ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ?

ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਚੀਨ 'ਚ ਔਸਤ ਉਮਰ 'ਚ ਲਗਾਤਾਰ ਵਾਧਾ ਹੋਇਆ ਹੈ।

ਲੰਘੇ ਦਹਾਕਿਆਂ 'ਚ ਇੱਕ ਪਾਸੇ ਜਿੱਥੇ ਖਾਣ ਦੀਆਂ ਜ਼ਰੂਰਤਾਂ ਤੇ ਖ਼ਰਚੇ ਘੱਟ ਹੋਏ ਹਨ ਉੱਥੇ ਹੀ ਸਿਹਤ ਸੇਵਾਵਾਂ, ਕੱਪੜੇ, ਆਵਾਜਾਈ ਅਤੇ ਹੋਰ ਚੀਜਾਂ 'ਤੇ ਖਰਚੇ ਵਧੇ ਹਨ।

ਮੋਬਾਈਲ ਫੋਨ

ਸੰਚਾਰ ਮਾਧਿਅਮਾਂ 'ਤੇ ਵੀ ਖ਼ਰਚ ਵਧਿਆ ਹੈ। ਮੋਬਾਈਲ ਫੋਨਾਂ ਦੀ ਵਧਦੀ ਗਿਣਤੀ ਇਸ ਗੱਲ ਨੂੰ ਸਾਬਿਤ ਕਰਦੀ ਹੈ।

ਚੀਨ 'ਚ ਸਮਾਰਟ ਫੋਨ ਸਿਰਫ਼ ਸੰਚਾਰ 'ਤੇ ਹੋਇਆ ਕੋਈ ਹੋਰ ਖ਼ਰਚਾ ਨਹੀਂ ਹੈ।

ਉਦਾਹਰਣ ਦੇ ਤੌਰ 'ਤੇ ਵੀਚੈਟ ਐਪਲੀਕੇਸ਼ਨ ਆਮ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ ਅਤੇ ਫੋਨ ਦੇ ਬਗੈਰ ਜਿੰਦਗੀ ਨੂੰ ਸੋਚਣਾ ਹੁਣ ਮੁਸ਼ਕਿਲ ਹੈ।

ਵੱਧਦੀ ਹੋਈ ਉਮਰ ਦਾ ਅਸਰ ਸਿੱਖਿਆ ਖ਼ਰਚ 'ਤੇ ਵੀ ਹੋਇਆ ਹੈ।

ਹੁਣ ਬੱਚਿਆਂ ਦੀ ਪੜਾਈ 'ਤੇ ਜ਼ਿਆਦਾ ਖ਼ਰਚ ਕੀਤਾ ਜਾ ਰਿਹਾ ਹੈ ਅਤੇ ਮਾਂ-ਪਿਓ ਬੱਚਿਆਂ ਨੂੰ ਪੜਾਉਣ ਲਈ ਵਿਦੇਸ਼ ਵੀ ਭੇਜ ਰਹੇ ਹਨ। ਵਿਦੇਸ਼ ਪੜਨ ਗਏ ਚੀਨੀ ਵਿਦਿਆਰਥੀ ਹੁਣ ਆਪਣੇ ਮੁਲਕ ਵਾਪਿਸ ਵੀ ਆ ਰਹੇ ਹਨ।

ਅਰਥ ਸ਼ਾਸਤਰੀ ਰਾਜੀਵ ਬਿਸਵਾਸ ਦੱਸਦੇ ਹਨ, ''ਵਿਦੇਸ਼ ਪੜਨ ਗਏ ਜ਼ਿਆਦਾਤਰ ਵਾਪਸ ਆ ਰਹੇ ਹਨ। ਸਾਲ 2016 'ਚ 433000 ਵਿਦਿਆਰਥੀ ਚੀਨ ਪਰਤੇ।''

ਬਿਸਵਾਸ ਦੱਸਦੇ ਹਨ, ''ਵਿਦੇਸ਼ ਤੋਂ ਪੜਾਈ ਕਰਕੇ ਪਰਤੇ ਇਹ ਚੀਨੀ ਨੌਜਵਾਨ ਚੀਨ ਕਾਰੋਬਾਰ ਅਤੇ ਸਿਆਸਤ ਦੀ ਦੁਨੀਆ ਦੀ ਅਗਲੀ ਪੀੜ੍ਹੀ ਦੇ ਨੇਤਾ ਹੋਣਗੇ। ਅਗਲੇ ਦਹਾਕੇ 'ਚ ਜਦੋਂ ਚੀਨ ਦੁਨੀਆ ਦਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ ਉਦੋਂ ਇਨ੍ਹਾਂ ਨੌਜਵਾਨਾਂ ਦੀ ਅੰਤਰ ਰਾਸ਼ਟਰੀ ਸੋਚ ਅਤੇ ਬਾਹਰੀ ਸਭਿਅਤਾ ਦੀ ਸਮਝ ਹੋਰ ਮਹਤੱਵਪੂਰਨ ਹੋ ਜਾਵੇਗੀ।''

ਯੂਰਪੀ ਜਾਂ ਅਮਰੀਕੀ ਯੂਨੀਵਰਸਿਟੀ ਤੋਂ ਡਿਗਰੀ ਇੱਕ ਪਾਸੇ ਜਿੱਥੇ ਬਜ਼ਾਰ 'ਚ ਨੌਕਰੀ ਦੀ ਸੰਭਾਵਨਾ ਵਧਾ ਦਿੰਦੀ ਹੈ ਉੱਥੇ ਹੀ ਇਸ ਨਾਲ ਸਹੀ ਜੀਵਨ ਸਾਥੀ ਮਿਲਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)