You’re viewing a text-only version of this website that uses less data. View the main version of the website including all images and videos.
ਚੀਨ ਦੀ ਗੁਪਤ ਵਿੱਤੀ ਮਦਦ ਆਈ ਸਾਹਮਣੇ
- ਲੇਖਕ, ਸੇਲੀਆ ਹੈਟਨ
- ਰੋਲ, ਬੀਬੀਸੀ ਨਿਊਜ਼
ਚੀਨ ਹੋਰਨਾਂ ਦੇਸ਼ਾਂ ਨੂੰ ਮਦਦ ਲਈ ਕਿੰਨੇ ਪੈਸੇ ਦਿੰਦਾ ਹੈ- ਰਿਸਰਚਰਾਂ ਨੇ ਇਸ ਦਾ ਪਤਾ ਲਗਾ ਲਿਆ ਹੈ।
ਕੁਝ ਸਾਲ ਪਹਿਲਾਂ ਹੀ ਚੀਨ ਵਿਦੇਸ਼ਾਂ ਤੋਂ ਪੈਸੇ ਉਧਾਰੇ ਲੈਂਦਾ ਸੀ, ਪਰ ਹੁਣ ਇਹ ਹੋਰਨਾਂ ਦੇਸ਼ਾਂ ਨੂੰ ਲੋਨ ਦੇ ਕੇ ਵਿਸ਼ਵ ਦੇ ਸਭ ਤੋਂ ਵੱਡੇ ਦਾਨੀ ਅਮਰੀਕਾ ਨੂੰ ਟੱਕਰ ਦੇ ਰਿਹਾ ਹੈ।
ਪਹਿਲੀ ਵਾਰੀ ਚੀਨ ਤੋਂ ਬਾਹਰਲੇ ਰਿਸਰਚਰਾਂ ਨੇ ਇੱਕ ਵੱਡਾ ਡਾਟਾਬੇਸ ਤਿਆਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਚੀਨ ਕਿੰਨ੍ਹਾਂ ਦੇਸ਼ਾਂ ਨੂੰ ਪੈਸੇ ਉਧਾਰੇ ਦਿੰਦਾ ਹੈ।
ਏਡ-ਡਾਟਾ ਰਿਸਰਚ ਲੈਬ ਵੱਲੋਂ ਹਾਰਵਰਡ ਯੂਨੀਵਰਸਿਟੀ ਅਤੇ ਜਰਮਨੀ ਦੀ ਯੂਨੀਵਰਸਿਟੀ ਆਫ਼ ਹਾਈਡਲਬਰਗ ਨਾਲ ਮਿਲ ਕੇ ਰਿਸਰਚ ਕੀਤੀ ਗਈ।
ਚੀਨ ਵੱਲੋਂ ਰਸ਼ੀਆ ਨੂੰ ਸਭ ਤੋਂ ਜ਼ਿਆਦਾ ਪੈਸਾ ਦਿੱਤਾ ਗਿਆ, ਦੂਜੇ ਨੰਬਰ 'ਤੇ ਪਾਕਿਸਤਾਨ ਅਤੇ ਤੀਜੇ 'ਤੇ ਨਾਈਜੀਰੀਆ ਆਉਂਦੇ ਹਨ।
ਚੀਨ ਸਿਰਫ਼ 21% ਮਦਦ ਕਰਦਾ ਹੈ ਬਾਕੀ ਪੈਸਾ ਲੋਨ ਦੇ ਰੂਪ 'ਚ ਦਿੰਦਾ ਹੈ।
140 ਦੇਸ਼ਾਂ ਦੇ ਪੰਜ ਹਜ਼ਾਰ ਪ੍ਰੋਜੈਕਟ ਦੇਖੇ ਅਤੇ ਪਾਇਆ ਕਿ ਚੀਨ ਅਤੇ ਅਮਰੀਕਾ ਹੋਰਨਾਂ ਦੇਸ਼ਾਂ ਨੂੰ ਪੈਸੇ ਦੇਣ ਵਿੱਚ ਇੱਕ-ਦੂਜੇ ਦੇ ਸਾਨੀ ਹਨ।
ਮੁੱਖ ਰਿਸਰਚਰ ਬ੍ਰੈਡ ਪਾਰਕਸ ਦਾ ਕਹਿਣਾ ਹੈ, "ਹਾਲਾਂਕਿ ਉਹ ਇਹ ਬਜਟ ਵੱਖਰੇ ਤਰੀਕੇ ਨਾਲ ਵਰਤਦੇ ਹਨ।"
ਰਾਜ਼ ਕਿਵੇਂ ਖੋਲ੍ਹਿਆ
ਚੀਨ ਸਰਕਾਰ ਵੱਲੋਂ ਕੁਝ ਸਵਾਲਾਂ ਦੇ ਜਵਾਬ ਨਾ ਮਿਲਣ 'ਤੇ ਏਡ-ਡਾਟਾ ਟੀਮ ਨੂੰ ਆਪਣਾ ਵੱਖਰਾ ਤਰੀਕਾ ਆਪਣਾਉਣਾ ਪਿਆ।
ਉਨ੍ਹਾਂ ਨੇ ਨਿਊਜ਼ ਰਿਪੋਰਟਾਂ, ਅਧਿਕਾਰਕ ਐਂਬੇਸੀ ਦਸਤਾਵੇਜਾਂ ਅਤੇ ਹਮਰੁਤਬਾ ਦੇਸ਼ਾਂ ਤੋਂ ਮਦਦ ਅਤੇ ਕਰਜ਼ੇ ਦੀ ਜਾਣਕਾਰੀ ਹਾਸਿਲ ਕੀਤੀ।
ਇਸ ਤਰ੍ਹਾਂ ਤਸਵੀਰ ਸਪਸ਼ਟ ਹੋਈ ਕਿ ਚੀਨ ਦੀ ਵਿੱਤੀ ਮਦਦ ਕਿਸ ਦੇਸ਼ ਨੂੰ ਮਿਲ ਰਹੀ ਹੈ ਅਤੇ ਇਸ ਦਾ ਕਿੰਨਾ ਅਸਰ ਪੈ ਰਿਹਾ ਹੈ।
ਬਰੈਡ ਪਾਰਕਸ ਦਾ ਕਹਿਣਾ ਹੈ, "ਜੇ ਚੀਨ ਦੀ ਸਰਕਾਰ ਵਾਕਈ ਕੁਝ ਲੁਕਾਉਣਾ ਚਾਹੁੰਦੀ ਹੈ ਤਾਂ ਅਸੀਂ ਉਹ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਪਰ ਜੇ ਵੱਡੀ ਗਿਣਤੀ ਵਿੱਚ ਪੈਸਾ ਚੀਨ ਤੋਂ ਹੋਰਨਾਂ ਦੇਸ਼ਾਂ ਨੂੰ ਭੇਜਿਆ ਜਾ ਰਿਹਾ ਹੈ ਤਾਂ ਪਤਾ ਲੱਗ ਹੀ ਜਾਏਗਾ।"
ਚੀਨ ਕਿਵੇਂ ਦਿੰਦਾ ਹੈ ਪੈਸੇ?
ਰਿਸਰਚ ਦਾ ਇੱਕ ਵੱਡਾ ਨਤੀਜਾ ਇਹ ਹੈ ਕਿ ਚੀਨ ਅਤੇ ਅਮਰੀਕਾ ਬਰਾਬਰ ਪੈਸਾ ਦੇਸ਼ਾਂ ਨੂੰ ਦਿੰਦੇ ਹਨ, ਪਰ ਪੈਸੇ ਦੇਣ ਦਾ ਤਰੀਕਾ ਵੱਖਰਾ ਹੈ।
93 ਫੀਸਦੀ ਅਮਰੀਕੀ ਵਿੱਤੀ ਮਦਦ ਪੱਛਮੀ ਸਨਅਤੀ ਦੇਸ਼ਾਂ ਵੱਲੋਂ ਕਬੂਲ ਕੀਤੀ ਜਾਣ ਵਾਲੀ 'ਮਦਦ ਦੀ ਪਰਿਭਾਸ਼ਾ' ਮੁਤਾਬਕ ਹੀ ਦਿੱਤੀ ਜਾਂਦੀ ਹੈ।
ਇਹ ਮਦਦ ਕਿਸੇ ਦੇਸ਼ ਦੇ ਵਿੱਤੀ ਵਿਕਾਸ ਅਤੇ ਭਲਾਈ ਲਈ ਦਿੱਤੀ ਜਾਂਦੀ ਹੈ।
ਇਸ ਪੈਸੇ ਦਾ ਇੱਕ ਚੌਥਾਈ ਹਿੱਸਾ ਗ੍ਰਾਂਟ ਹੁੰਦਾ ਹੈ, ਨਾ ਕਿ ਲੋਨ ਜਿਸ ਦੀ ਅਦਾਇਗੀ ਕਰਨੀ ਪਏ।
ਇਸ ਦੇ ਉਲਟ ਚੀਨ ਵੱਲੋਂ ਦਿੱਤੇ ਜਾਂਦੇ ਪੈਸੇ ਦਾ ਸਿਰਫ਼ ਛੋਟਾ ਜਿਹਾ ਹਿੱਸਾ (21%) ਮਦਦ ਮੰਨਿਆ ਜਾ ਸਕਦਾ ਹੈ।
ਉਸ ਦਾ ਵੱਡਾ ਹਿੱਸਾ ਲੋਨ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ, ਜੋ ਕਿ ਵਿਆਜ ਸਣੇ ਬੀਜਿੰਗ ਨੂੰ ਮੋੜਨਾ ਪੈਂਦਾ ਹੈ।
ਬਰੈਡ ਪਾਰਕਸ ਦਾ ਕਹਿਣਾ ਹੈ, "ਚੀਨ ਇਸ ਪੈਸੇ ਤੋਂ ਵਧੀਆ ਵਿੱਤੀ ਲਾਹਾ ਲੈਣਾ ਚਾਹੁੰਦਾ ਹੈ।"
ਚੀਨ ਕਿਹੜੇ ਮੁਲਕਾਂ ਨੂੰ ਦੇ ਰਿਹਾ ਹੈ ਪੈਸਾ?
ਸਾਲ 2000 ਤੋਂ, ਅਫ਼ਰੀਕੀ ਦੇਸ਼ਾਂ ਨੂੰ ਚੀਨ ਨੇ ਕਾਫ਼ੀ ਵਿੱਤੀ ਮਦਦ ਤੇ ਲੋਨ ਦਿੱਤਾ ਹੈ।
ਹਾਲਾਂਕਿ ਚੀਨ ਵੱਲੋਂ ਪੈਸਾ ਸੇਨੇਗਲ ਦੇ ਹਸਪਤਾਲਾਂ ਤੋਂ ਪਾਕਿਸਤਾਨ ਅਤੇ ਸ੍ਰੀਲੰਕਾ ਦੇ ਬੰਦਰਗਾਹਾਂ ਤੱਕ ਵੰਡਿਆ ਜਾਂਦਾ ਹੈ।
ਏਡ-ਡਾਟਾ ਮੁਤਾਬਕ 2014 ਵਿੱਚ ਰਸ਼ੀਆ ਨੂੰ ਸਭ ਤੋਂ ਜ਼ਿਆਦਾ ਪੈਸਾ ਦਿੱਤਾ ਗਿਆ, ਇਸ ਤੋਂ ਬਾਅਦ ਪਾਕਿਸਾਤਨ ਅਤੇ ਨਾਈਜੀਰੀਆ ਆਉਂਦੇ ਹਨ।
ਹਾਲਾਂਕਿ 2014 ਦੀ ਅਮਰੀਕੀ ਸੂਚੀ ਮੁਤਾਬਕ ਇਰਾਕ ਅਤੇ ਅਫ਼ਗਾਨੀਸਤਾਨ ਸੂਚੀ ਵਿੱਚ ਪਹਿਲੇ ਨੰਬਰ 'ਤੇ ਸਨ ਅਤੇ ਫਿਰ ਪਾਕਿਸਤਾਨ ਆਉਂਦਾ ਹੈ।
ਏਡ-ਡਾਟਾ ਦੇ ਰਿਸਰਚਰਾਂ ਦਾ ਪਹਿਲਾਂ ਮੰਨਨਾ ਸੀ ਕਿ ਬੀਜਿੰਗ ਅਤੇ ਵਾਸ਼ਿੰਗਟਨ ਵੱਲੋਂ ਉਨ੍ਹਾਂ ਦੇਸ਼ਾਂ ਨੂੰ ਜ਼ਿਆਦਾ ਪੈਸਾ ਦਿੱਤਾ ਜਾਂਦਾ ਹੈ ਜੋ ਯੂਐੱਨ ਵਿੱਚ ਉਨ੍ਹਾਂ ਦੀ ਮਦਦ ਕਰਨ।
ਚੀਨ ਲਈ ਵਿੱਤੀ ਮੁਨਾਫ਼ਾ ਜ਼ਿਆਦਾ ਮਾਇਨੇ ਰੱਖਦਾ ਹੈ: ਏਡ-ਡਾਟਾ ਰਿਸਚਰਾਂ ਮੁਤਾਬਕ ਬੀਜਿੰਗ ਦਾ ਜ਼ਿਆਦਾਤਰ ਫੋਕਸ ਚੀਨੀ ਬਰਾਮਦ ਜਾਂ ਮਾਰਕਿਟ ਦੀ ਦਰ 'ਤੇ ਲੋਨ ਨੂੰ ਪ੍ਰਫੁੱਲਿਤ ਕਰਨ 'ਤੇ ਹੁੰਦਾ ਹੈ।
ਉੱਤਰੀ ਕੋਰੀਆ ਦੀ ਕਿੰਨੀ ਮਦਦ ਕਰਦਾ ਹੈ ਚੀਨ?
ਚੀਨ ਨੂੰ ਹਮੇਸ਼ਾਂ ਹੀ ਉੱਤਰੀ ਕੋਰੀਆ ਦਾ ਵਿੱਤੀ ਮਦਦਗਾਰ ਮੰਨਿਆ ਜਾਂਦਾ ਰਿਹਾ ਹੈ।
ਪਰ ਏਡ-ਡਾਟਾ ਮੁਤਾਬਕ 14 ਸਾਲਾਂ ਵਿੱਚ ਉੱਤਰੀ ਕੋਰੀਆ ਵਿੱਚ ਚੀਨ ਦੇ ਸਿਰਫ਼ 17 ਪ੍ਰੋਜੈਕਟ ਲੱਗੇ ਹਨ, ਜਿੰਨ੍ਹਾਂ ਦੀ ਕੀਮਤ 21 ਕਰੋੜ ਰੁਪਏ ਹੈ।
ਅਲੋਚਕਾਂ ਦਾ ਮੰਨਨਾ ਹੈ ਕਿ ਚੀਨ ਵੱਲੋਂ ਦਿੱਤੀ ਜਾ ਰਹੀ ਬੇਨਿਯਮੀ ਵਿੱਤੀ ਮਦਦ ਕਰਕੇ ਕੁਝ ਦੇਸ਼ਾਂ ਨੂੰ ਲੋਕਤੰਤਰਿਕ ਬਦਲਾਅ ਅਪਣਾਉਣ ਤੋਂ ਰੋਕਦਾ ਹੈ, ਕਿਉਂਕਿ ਉਹ ਵਿੱਤੀ ਮਦਦ ਲਈ ਸਿੱਧਾ ਚੀਨ ਦਾ ਰੁਖ ਕਰ ਸਕਦੇ ਹਨ।