'ਟ੍ਰਾਂਸਜੈਂਡਰ ਹੋਣ ਕਾਰਨ ਨੇਵੀ 'ਚੋਂ ਕੱਢਿਆ ਬਾਹਰ'

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤੀ ਜਲ ਸੈਨਾ ਨੇ ਮੁੰਡੇ ਤੋਂ ਕੁੜੀ ਬਣੇ ਇੱਕ ਕਰਮੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।

ਮਨੀਸ਼ ਕੁਮਾਰ ਗਿਰੀ ਨੇ 7 ਸਾਲ ਪਹਿਲਾਂ ਇੱਕ ਪੁਰਸ਼ ਵਜੋਂ ਨੌਕਰੀ ਲਈ ਸੀ।

ਪਿਛਲੇ ਸਾਲ ਅਕਤੂਬਰ ਵਿੱਚ ਉਸ ਨੇ ਆਪਣਾ ਲਿੰਗ ਬਦਲ ਲਿਆ ਅਤੇ ਇੱਕ ਔਰਤ ਬਣ ਕੇ ਸਬੀ ਨਾਂ ਰੱਖ ਲਿਆ।

ਬੀਬੀਸੀ ਨਾਲ ਗੱਲ ਕਰਦਿਆਂ ਸਬੀ ਨੇ ਕਿਹਾ, "ਮੇਰੇ ਖ਼ਿਆਲ 'ਚ ਮੈਨੂੰ ਲਿੰਗ ਬਦਲਣ ਕਾਰਨ ਹੀ ਕੱਢਿਆ ਗਿਆ ਹੈ।"

ਸਬੀ ਨੂੰ ਦਿੱਤੇ ਹੋਏ ਨੋਟਿਸ ਵਿੱਚ ਕਿਹਾ ਗਿਆ ਹੈ, "ਤੁਹਾਡੀਆਂ ਸੇਵਾਵਾਂ ਦੀ ਲੋੜ ਨਹੀਂ ਹੈ।"

ਆਪਣੇ ਪ੍ਰੈੱਸ ਰਿਲੀਜ਼ 'ਚ ਨੇਵੀ ਨੇ ਲਿਖਿਆ ਹੈ ਕਿ ਲਿੰਗ ਬਦਲਣ ਕਾਰਨ ਮਨੀਸ਼ ਗਿਰੀ ਨੇ ਜਲ ਸੈਨਾ ਦੀ ਨੌਕਰੀ ਲਈ ਆਪਣੀ ਕਾਬਲੀਅਤ ਗਵਾ ਦਿੱਤੀ ਹੈ।

'ਮਨੋਵਿਗਿਆਨਕ ਵਾਰਡ 'ਚ ਰੱਖਿਆ'

ਬੀਬੀਸੀ ਨਾਲ ਗੱਲ ਕਰਦਿਆਂ ਸਬੀ ਨੇ ਕਿਹਾ, "ਮੇਰੀ ਸਰਜਰੀ ਦਿੱਲੀ 'ਚ ਹੋਈ ਸੀ, ਉਦੋਂ ਮੈਂ ਛੁੱਟੀਆਂ 'ਤੇ ਸੀ। ਜਦੋਂ ਮੈਂ ਵਾਪਸ ਆਈ ਤਾਂ ਮੈਨੂੰ ਇਨਫੈਕਸ਼ਨ ਹੋ ਗਈ। ਫਿਰ ਇਨ੍ਹਾਂ ਨੇ ਮੈਨੂੰ ਇੱਕ ਮਹੀਨੇ ਤੱਕ ਨੇਵੀ ਹਸਪਤਾਲ ਦੇ ਸਰਜੀਕਲ ਵਾਰਡ ਵਿੱਚ ਰੱਖਿਆ। ਇਨਫੈਕਸ਼ਨ ਠੀਕ ਹੋਣ ਤੋਂ ਬਾਅਦ ਮੈਨੂੰ ਇਕੱਲੀ ਨੂੰ ਲਗਭਗ ਪੰਜ ਮਹੀਨਿਆਂ ਲਈ ਮਨੋਵਿਗਿਆਨਕ ਵਾਰਡ ਵਿੱਚ ਰੱਖਿਆ ਗਿਆ।"

ਔਰਤ ਹੋਣ ਦਾ ਅਹਿਸਾਸ ਕਦੋਂ ਹੋਇਆ ?

ਸਬੀ ਕਹਿੰਦੇ ਹਨ, "ਇਹ ਜੇਲ੍ਹ ਵਰਗਾ ਸੀ ਕਿ ਮੈਂ ਲਿੰਗ ਬਦਲ ਲਿਆ ਹੈ ਅਤੇ ਹੁਣ ਮੈਂ ਪੁਰਸ਼ ਨਹੀਂ ਹਾਂ ਫਿਰ ਵੀ ਮੈਨੂੰ ਇੱਕ ਪੁਰਸ਼ ਗਾਰਡ ਨਾਲ ਇਕੱਲਿਆ ਬੰਦ ਰੱਖਿਆ ਗਿਆ।"

ਉਹ ਦੱਸਦੇ ਹਨ, "ਇਸ ਦੌਰਾਨ ਮੈਂ ਵਾਰ-ਵਾਰ ਪੁੱਛਦੀ ਸੀ ਕਿ ਮੈਨੂੰ ਬਾਹਰ ਕਦੋਂ ਕੱਢਿਆ ਜਾਵੇਗਾ। ਮੈਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਮੈਨੂੰ ਦਵਾਈਆਂ ਲੈਣੀਆਂ ਪੈ ਰਹੀਆਂ ਸਨ। ਮੈਂ ਸੋਚਦੀ ਰਹਿੰਦੀ ਸੀ ਕਿ ਮੈਂ ਕੀ ਗ਼ਲਤ ਕੀਤਾ ਹੈ, ਜੋ ਮੇਰੇ ਨਾਲ ਇਹ ਸਭ ਕੀਤਾ ਜਾ ਰਿਹਾ ਹੈ।"

ਜਦੋਂ ਸਬੀ ਕੋਲੋਂ ਪੁੱਛਿਆ ਗਿਆ ਕਿ ਪਹਿਲੀ ਵਾਰ ਔਰਤ ਹੋਣ ਦਾ ਅਹਿਸਾਸ ਕਦੋਂ ਹੋਇਆ ਤਾਂ ਉਨ੍ਹਾਂ ਨੇ ਦੱਸਿਆ, "ਮੈਨੂੰ ਪਹਿਲਾਂ ਵੀ ਅਜਿਹਾ ਅਹਿਸਾਸ ਹੁੰਦਾ ਸੀ ਪਰ ਇਹ ਅਹਿਸਾਸ 2011 'ਚ ਬਹੁਤ ਜ਼ਿਆਦਾ ਵੱਧ ਗਿਆ। ਮੈਂ ਸੋਚਦੀ ਸੀ ਕਿ ਇਹ ਕਿਉਂ ਹੋ ਰਿਹਾ ਹੈ ਅਤੇ ਮੈਂ ਕੀ ਕਰਾਂ?"

"ਸੋਸ਼ਲ ਮੀਡੀਆ ਰਾਹੀਂ ਮੈਂ ਆਪਣੇ ਕੁਝ ਦੋਸਤਾਂ ਨਾਲ ਜੁੜੀ ਅਤੇ ਉਨ੍ਹਾਂ ਨਾਲ ਮਿਲ ਕੇ ਮੈਨੂੰ ਚੰਗਾ ਲੱਗਾ। ਮੈਨੂੰ ਲੱਗਾ ਕਿ ਮੈਂ ਇਕੱਲੀ ਨਹੀਂ ਹਾਂ, ਮੇਰੇ ਵਰਗੇ ਹੋਰ ਵੀ ਲੋਕ ਹਨ। ਉਨ੍ਹਾਂ ਦੋਸਤਾਂ ਨੇ ਮੇਰੀ ਮਦਦ ਕੀਤੀ ਤੇ ਦੱਸਿਆ ਕਿ ਲਿੰਗ ਬਦਲਣ ਲਈ ਸਰਜਰੀ ਵੀ ਹੋ ਸਕਦੀ ਹੈ।"

ਉਸ ਨੇ ਦੱਸਿਆ, "ਮੈਂ ਕਈ ਵਾਰ ਨੇਵੀ ਦੇ ਡਾਕਟਰਾਂ ਨਾਲ ਮਿਲੀ ਅਤੇ ਆਪਣੀ ਸਮੱਸਿਆ ਦੱਸੀ। ਮੈਨੂੰ ਕਈ ਵਾਰ ਮਨੋਵਿਗਿਆਨਕ ਵਾਰਡ 'ਚ ਰੱਖਿਆ ਗਿਆ ਪਰ ਉਹ ਮੇਰੀ ਸਮੱਸਿਆ ਦਾ ਹੱਲ ਨਹੀਂ ਦੱਸ ਸਕੇ।"

ਸਬੀ ਮੁਤਾਬਕ, "ਮੈਂ ਬਿਨਾਂ ਛੁੱਟੀ ਲਏ ਆਪਣੇ ਦੋਸਤਾਂ ਕੋਲ 20 ਦਿਨ ਲਈ ਚਲੀ ਗਈ। ਜਦ ਮੈਂ ਵਾਪਸ ਆਈ ਤਾਂ ਮੈਨੂੰ 60 ਦਿਨਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ। ਨੇਵੀ ਨੇ ਮੈਨੂੰ ਫਿਰ ਵਿਸ਼ਾਖਾਪਟਨਮ ਭੇਜ ਦਿੱਤਾ।"

"ਮੈਂ ਇੱਕ ਵਾਰ ਫਿਰ ਆਪਣੇ ਕਮਾਂਡਰ ਨੂੰ ਆਪਣੀ ਗੱਲ ਦੱਸੀ ਅਤੇ ਫਿਰ ਮੈਨੂੰ ਮਨੋਵਿਗਿਆਨਕ ਕੋਲ ਭੇਜ ਦਿੱਤਾ ਗਿਆ। ਜਦੋਂ ਮੈਨੂੰ ਨੇਵੀ ਦੇ ਡਾਕਟਰਾਂ ਦੀ ਮਦਦ ਨਹੀਂ ਮਿਲੀ ਤਾਂ ਮੈਂ ਬਾਹਰ ਦੇ ਡਾਕਟਰ ਕੋਲ ਗਈ।"

ਸਬੀ ਨੇ ਦੱਸਿਆ ਕਿ ਬਾਹਰ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ 'ਸੈਕਸੂਅਲ ਆਈਡੇਂਟਿਟੀ ਡਿਸਓਰਡਰ' ਹੈ।

ਜਦੋਂ ਸਬੀ ਨੇ ਆਪਣੇ ਪਰਿਵਾਰ ਨੂੰ ਇਹ ਗੱਲ ਦੱਸੀ ਤਾਂ ਪਹਿਲਾਂ ਉਨ੍ਹਾਂ ਨੇ ਸਾਥ ਨਹੀਂ ਦਿੱਤਾ। ਪਰ ਜਦੋਂ ਸਬੀ ਨੇ ਡਾਕਟਰ ਨਾਲ ਆਪਣੇ ਪਰਿਵਾਰ ਵਾਲਿਆਂ ਦੀ ਗੱਲ ਕਰਾਈ ਤਾਂ ਉਹ ਸਮਝ ਗਏ।

ਪਰਿਵਾਰ ਨੇ ਕੀਤਾ ਸਵੀਕਾਰ

ਸਬੀ ਕਹਿੰਦੇ ਹਨ, "ਮੈਂ ਕੋਈ ਮੁਜ਼ਰਮ ਨਹੀਂ ਹਾਂ ਅਤੇ ਨਾ ਹੀ ਮੈਂ ਕੋਈ ਗ਼ਲਤ ਕੰਮ ਕੀਤਾ ਹੈ। ਮੈਂ ਬੱਸ ਆਪਣੀ ਅਸਲ ਪਛਾਣ ਨੂੰ ਬਾਹਰ ਲੈ ਕੇ ਆਈ ਹਾਂ।"

ਸਬੀ ਦੇ ਮੁਤਾਬਕ ਹੁਣ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਹੈ।

ਉਹ ਕਹਿੰਦੇ ਹਨ, "ਜਿਸ ਮਾਂ ਨੇ ਆਪਣੇ ਬੱਚੇ ਨੂੰ 9 ਮਹੀਨੇ ਆਪਣੇ ਗਰਭ 'ਚ ਰੱਖਿਆ ਕੀ ਉਹ ਆਪਣੇ ਬੱਚੇ ਨੂੰ ਕਦੀ ਭੁੱਲ ਸਕਦੀ ਹੈ?"

ਲਿੰਗ ਬਦਲਣ ਤੋਂ ਬਾਅਦ ਸਬੀ ਜਦੋਂ ਆਪਣੀ ਨੌਕਰੀ 'ਤੇ ਵਾਪਸ ਗਈ ਤਾਂ ਉਸ ਨੂੰ ਪਹਿਲੇ ਛੇ ਮਹੀਨੇ ਹਸਪਤਾਲ ਵਿੱਚ ਰੱਖਿਆ ਗਿਆ।

ਸਬੀ ਇਲਜ਼ਾਮ ਲਗਾਉਂਦੀ ਹੈ ਕਿ ਨੇਵੀ ਨੇ ਉਨ੍ਹਾਂ ਨੂੰ ਪਾਗ਼ਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਪਾਗ਼ਲ ਨਹੀਂ ਐਲਾਨਿਆਂ।

ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਡੈਸਕ 'ਤੇ ਨੌਕਰੀ ਦਿੱਤੀ ਗਈ ਸੀ।

ਨੌਕਰੀ ਤੋਂ ਕੱਢਿਆ ਗਿਆ

ਸਬੀ ਨੂੰ ਸ਼ੁਕਰਵਾਰ ਅਚਾਨਕ ਦੱਸਿਆ ਗਿਆ ਕਿ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਸੀ।

ਸਬੀ ਦਾ ਕਹਿਣਾ ਹੈ, "ਮੈਂ 7 ਸਾਲ ਵਰਦੀ ਪਾ ਕੇ ਦੇਸ ਦੀ ਸੇਵਾ ਕੀਤੀ ਹੈ ਪਰ ਅਚਾਨਕ ਹੁਣ ਮੈਂ ਬੇਰੁਜ਼ਗਾਰ ਹਾਂ। ਮੇਰੇ ਲਿੰਗ ਕਰਕੇ ਮੇਰੇ ਢਿੱਡ 'ਤੇ ਲੱਤ ਮਾਰੀ ਗਈ ਹੈ। ਸਰਕਾਰ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਮੇਰੇ ਬਾਰੇ ਸੋਚਿਆ ਜਾਵੇ। ਨੇਵੀ ਵਿੱਚ ਵੀ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਔਰਤਾਂ ਕੰਮ ਕਰਦੀਆਂ ਹਨ। ਉਹ ਮੈਨੂੰ ਅਜਿਹਾ ਕੰਮ ਦੇ ਸਕਦੇ ਹਨ ਪਰ ਮੈਨੂੰ ਸਿੱਧਾ ਨੌਕਰੀ ਤੋਂ ਕੱਢ ਦਿੱਤਾ ਗਿਆ।"

ਉਹ ਕਹਿੰਦੇ ਹਨ, "ਜੇਕਰ ਟ੍ਰਾਂਸਜੈਂਡਰਾਂ ਦੇ ਨਾਲ ਇਸ ਤਰ੍ਹਾਂ ਕੀਤਾ ਜਾਵੇਗਾ ਤਾਂ ਉਹ ਕੀ ਕਰਨਗੇ? ਜਾਂ ਸਿਗਲਨ 'ਤੇ ਭੀਖ ਮੰਗਣਗੇ ਜਾਂ ਸੈਕਸ ਵਰਕ ਕਰਨਗੇ। ਸਾਨੂੰ ਮੁੱਖ ਧਾਰਾ 'ਚ ਲਿਆਉਣ ਲਈ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ।"

ਇਨਸਾਫ਼ ਲਈ ਲੜਾਂਗੀ

ਸਬੀ ਹੁਣ ਅਦਾਲਤ ਜਾ ਕੇ ਇਨਸਾਫ਼ ਮੰਗੇਗੀ। ਉਹ ਕਹਿੰਦੇ ਹਨ ਕਿ ਪਹਿਲਾਂ ਉਹ ਸੈਨਾ ਟ੍ਰਿਬਿਊਨਲ ਵਿੱਚ ਜਾਣਗੇ ਅਤੇ ਉੱਥੇ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਬੂਹਾ ਖੜਕਾਉਣਗੇ।

ਸਬੀ ਨੇ ਕਿਹਾ, "ਮੈਂ ਪ੍ਰੀਖਿਆ ਪਾਸ ਕੀਤੀ ਹੈ, ਸਰੀਰਕ ਪ੍ਰੀਖਿਆ ਪਾਸ ਕੀਤੀ ਹੈ ਅਤੇ ਫਿਰ ਇਹ ਨੌਕਰੀ ਲਈ ਹੈ। ਫਿਰ ਮੇਰੇ ਨਾਲ ਇਹ ਸਮੱਸਿਆ ਹੋਈ। ਇਹ ਤਾਂ ਕੁਦਰਤੀ ਹੈ, ਕਿਸੇ ਨਾਲ ਵੀ ਹੋ ਸਕਦਾ ਹੈ। ਮੈਨੂੰ ਇਸ ਲਈ ਸਜ਼ਾ ਕਿਉਂ ਦਿੱਤੀ ਗਈ ਮੈਨੂੰ ਸਮਝ ਨਹੀਂ ਆ ਰਿਹਾ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)