ਅਰੁਣਾਚਲ ਪ੍ਰਦੇਸ਼ 'ਚ ਹੈਲੀਕਾਪਟਰ ਉਡਾਉਣਾ ਕੀ ਜਾਨ ਦੀ ਬਾਜ਼ੀ ਲਾਉਣਾ ਹੈ ?

ਭਾਰਤੀ ਹਵਾਈ ਸੈਨਾ ਦਾ ਐੱਮਆਈ-17 ਹੈਲੀਕਾਪਟਰ ਸ਼ੁੱਕਰਵਾਰ ਨੂੰ ਅਰੁਣਾਚਲ ਪ੍ਰਦੇਸ਼ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਦੌਰਾਨ ਇਸ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ।

ਪਹਾੜਾਂ ਨਾਲ ਘਿਰੇ ਹੋਏ ਅਰੁਣਾਚਲ ਪ੍ਰਦੇਸ਼ 'ਚ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਹੈਲੀਕੌਪਟਰ ਹਾਦਸੇ ਵਾਪਰ ਚੁੱਕੇ ਹਨ।

ਅਜਿਹੇ 'ਚ ਸਵਾਲ ਇਹ ਉਠਦਾ ਹੈ ਕਿ ਕੀ ਅਰੁਣਾਚਲ ਪ੍ਰਦੇਸ਼ 'ਚ ਹੈਲੀਕਾਪਟਰ ਉਡਾਉਣਾ ਖ਼ਤਰਨਾਕ ਹੈ ?

ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ (ਸੇਵਾਮੁਕਤ) ਕੇਐੱਨਜੀ ਨਾਇਰ ਇਸ ਤੋਂ ਇਨਕਾਰ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ "ਅਰੁਣਾਚਲ ਪ੍ਰਦੇਸ਼ ਵਿੱਚ ਹੈਲੀਕਾਪਟਰ ਉਡਾਉਣ 'ਚ ਕੋਈ ਦਿੱਕਤ ਨਹੀਂ ਹੈ।

ਅਰੁਣਾਚਲ ਪ੍ਰਦੇਸ਼ ਬਹੁਤ ਸੁਰੱਖਿਅਤ ਹੈ ਅਤੇ ਇੱਥੇ ਕੋਈ ਖ਼ਤਰਾ ਨਹੀਂ ਹੈ।

ਅਰੁਣਾਚਲ ਵਿੱਚ ਹੈਲੀਕਾਪਟਰ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਅਜਿਹਾ ਕਹਿਣਾ ਸਿਰਫ਼ ਇੱਕ ਇਤਫ਼ਾਕ ਹੈ।"

  • ਇਸ ਲਈ ਇਸ ਖੇਤਰ ਨੂੰ ਦੁਨੀਆਂ ਦਾ ਦੂਜਾ ਬਰਮੂਡਾ ਟ੍ਰਾਇਐਂਗਲ ਕਹਿਣਾ ਠੀਕ ਨਹੀਂ ਹੈ। ਮੈਂ ਭਾਰਤੀ ਸੈਨਾ 'ਚ ਰਹਿੰਦਿਆਂ ਉੱਥੇ ਸਾਢੇ 6 ਸਾਲ ਹੈਲੀਕਾਪਟਰ ਉਡਾਇਆ ਹੈ।
  • ਮੈਂ ਉੱਥੇ ਐੱਮਆਈ 17, ਬੇਲ 421 ਵਰਗੇ ਵੱਡੇ ਜਹਾਜ਼ ਉਡਾਏ ਹਨ।

ਮੁੰਬਈ 'ਚ ਥਾਮਬੇ ਏਵੀਏਸ਼ਨ ਨਾਂ ਦੀ ਆਪਣੀ ਕੰਪਨੀ ਚਲਾ ਰਹੇ ਨਾਇਰ ਨੂੰ ਅਰੁਣਾਚਲ ਪ੍ਰਦੇਸ਼ ਅਤੇ ਉੱਤਰ-ਪੂਰਬ ਦੇ ਕਈ ਪਹਾੜੀ ਸੂਬਿਆਂ 'ਚ ਹੈਲੀਕਾਪਟਰ ਚਲਾਉਣ ਦਾ ਕਾਫ਼ੀ ਤਜਰਬਾ ਹੈ।

ਜਦੋਂ ਮੁੱਖ ਮੰਤਰੀ ਦੀ ਹੋਈ ਸੀ ਮੌਤ

ਸਾਲ 2011 'ਚ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਦੋਰਜੀ ਖਾਂਡੂ ਦੀ ਮੌਤ ਇੱਕ ਹੈਲੀਕਾਪਟਰ ਹਾਦਸੇ 'ਚ ਹੋ ਗਈ ਸੀ।

ਹੁਣ ਤਾਂ ਹਾਲਾਤ ਇਹ ਹਨ ਕਿ ਲੋਕ ਇਸ ਇਲਾਕੇ ਵਿੱਚ ਹੈਲੀਕਾਪਟਰ ਦੀ ਯਾਤਰਾ ਤੋਂ ਵੀ ਡਰਦੇ ਹਨ।

ਹਾਲਾਂਕਿ, ਚੀਨੀ ਸਰਹੱਦ ਨਾਲ ਲੱਗਦੇ ਇਸ ਸੂਬੇ ਵਿੱਚ ਕਈ ਅਜਿਹੇ ਇਲਾਕੇ ਹਨ, ਜਿੱਥੇ ਪਹੁੰਚਣ ਲਈ ਹੈਲੀਕੈਪਟਰ ਹੀ ਜ਼ਰੀਆ ਹੈ।

ਬੱਦਲਾਂ ਤੋਂ ਖ਼ਤਰਾ

ਅਰੁਣਾਚਲ ਪ੍ਰਦੇਸ਼ ਵਿੱਚ ਹੈਲੀਕਾਪਟਰ ਹਾਦਸਿਆਂ ਬਾਰੇ ਮੁੰਬਈ ਤੋਂ ਫੋਨ 'ਤੇ ਗੱਲ ਕਰਦੇ ਹੋਏ ਨਾਇਰ ਨੇ ਬੀਬੀਸੀ ਨੂੰ ਦੱਸਿਆ ਕਿ, "ਇਨ੍ਹਾਂ ਹਾਦਸਿਆਂ ਨੂੰ ਲੈ ਕੇ ਤੁਸੀਂ ਕਿਸੇ 'ਤੇ ਵੀ ਸਿੱਧੇ ਲਾਪਰਵਾਹੀ ਦੇ ਇਲਜ਼ਾਮ ਨਹੀਂ ਲਗਾ ਸਕਦੇ।"

  • ਮੈਨੂੰ ਨਹੀਂ ਪਤਾ ਕਿ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫੌਜ ਦਾ ਐੱਮਆਈ-17 ਹੈਲੀਕਾਪਟਰ ਹਾਦਸਾਗ੍ਰਸਤ ਕਿਵੇਂ ਹੋਇਆ। ਪਰ ਅਜਿਹੇ ਪਹਾੜੀ ਖੇਤਰਾਂ 'ਚ ਉੱਡਣ ਤੋਂ ਪਹਿਲਾਂ ਮੌਸਮ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।
  • ਸਾਡੀ ਇੱਕ ਸਟੈਂਡਰਡ ਓਪਰੇਸ਼ਨ ਪ੍ਰਕਿਰਿਆ ਹੁੰਦੀ ਹੈ। ਜਿਸ ਦੇ ਤਹਿਤ ਖ਼ਰਾਬ ਮੌਸਮ ਵਿੱਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਇਸ ਦੀ ਪੂਰੀ ਯੋਜਨਾ ਨਾਲ ਉਡਾਣ ਭਰੀ ਜਾਂਦੀ ਹੈ।
  • ਇਸ ਤੋਂ ਇਲਾਵਾ ਮੈਂ ਸੇਵਾਮੁਕਤ ਹੋਣ ਤੋਂ ਬਾਅਦ ਉੱਤਰ-ਪੂਰਬੀ ਇਲਾਕਿਆਂ 'ਚ ਸਾਢੇ ਪੰਜ ਸਾਲ ਨਿੱਜੀ ਕੰਪਨੀ ਦਾ ਹੈਲੀਕਾਪਟਰ ਚਲਾਇਆ ਗਿਆ ਹੈ। ਉਡਾਣ ਭਰਨ ਦਾ ਪਹਿਲਾ ਨਿਯਮ ਹੁੰਦਾ ਹੈ ਜਦੋਂ ਤੁਸੀਂ ਪਹਾੜੀ ਇਲਾਕਿਆਂ 'ਚ ਹੈਲੀਕਾਪਟਰ ਉਡਾ ਰਹੇ ਹੁੰਦੇ ਹੋ ਤਾਂ ਕਦੀ ਵੀ ਬੱਦਲਾਂ 'ਚ ਨਾ ਜਾਉ।
  • ਜੇਕਰ ਹੈਲੀਕਾਪਟਰ ਬੱਦਲਾਂ 'ਚ ਜਾਵੇਗਾ ਤਾਂ ਪਾਇਲਟ ਅੱਗੇ ਨਹੀਂ ਦੇਖ ਸਕੇਗਾ। ਸਾਬਕਾ ਮੁੱਖ ਮੰਤਰੀ ਖਾਂਡੂ ਜਿਸ ਹੈਲੀਕਾਪਟਰ ਵਿੱਚ ਸਨ ਉਹ ਬੱਦਲਾਂ 'ਚ ਚਲਾ ਗਿਆ ਸੀ ਅਤੇ ਬਾਅਦ 'ਚ ਪਹਾੜੀ ਨਾਲ ਜਾ ਟਕਰਾਇਆ ਸੀ।
  • ਪਾਇਲਟ ਕਿਸੇ ਥਾਂ ਲਈ ਵੀ ਉਡਾਣ ਭਰੇ ਪਰ ਉਸ ਕੋਲ ਇਹਨਾਂ ਪਹਾੜੀ ਇਲਾਕਿਆਂ 'ਚ ਇੱਕ ਬਦਲ ਰੂਟ ਦਾ ਗਿਆਨ ਹੋਣਾ ਚਾਹੀਦਾ ਹੈ।
  • ਇਸ ਤੋਂ ਇਲਾਵਾ ਜੇਕਰ ਤੁਸੀਂ ਪਹਾੜੀਆਂ 'ਤੇ ਉੱਡ ਰਹੇ ਹੋ ਤਾਂ ਜ਼ਮੀਨ ਦਿਖਣੀ ਚਾਹੀਦੀ ਹੈ। ਇਸ ਨਾਲ ਪਾਇਲਟ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਕਿੱਥੇ ਘਾਟੀ ਹੈ, ਕਿੱਥੇ ਪਿੰਡ ਅਤੇ ਕਿੱਥੇ ਤਾਰਾਂ ਹਨ।
  • ਸਭ ਕੁਝ ਦਿੱਖਣਾ ਚਾਹੀਦਾ ਹੈ। ਇਹਨਾਂ ਸਾਰੀਆਂ ਗੱਲਾਂ ਦੀ ਨਕਸ਼ੇ 'ਤੇ ਨਿਸ਼ਾਨਦੇਹੀ ਕਰਕੇ ਹੀ ਉਡਾਣ ਭਰੀ ਜਾਂਦੀ ਹੈ ਤਾਂ ਜੋ ਔਖੇ ਵੇਲੇ ਸਹੀ ਫ਼ੈਸਲਾ ਕੀਤਾ ਜਾ ਸਕੇ।

ਪਾਇਲਟਾਂ ਦੀ ਲਾਪਰਵਾਹੀ ਨਾਲ ਹਾਦਸੇ ?

ਜੇਕਰ ਪਾਇਲਟ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਾਣੂ ਹੈ ਤਾਂ ਫਿਰ ਕੀ ਹਾਦਸੇ ਪਾਇਲਟਾਂ ਦੀ ਲਾਪਰਵਾਹੀ ਕਾਰਨ ਹੁੰਦੇ ਹਨ?

ਇਸ ਸਵਾਲ ਦੇ ਜਵਾਬ ਵਿੱਚ ਨਾਇਰ ਕਹਿੰਦੇ ਹਨ ਕਿ "ਸ਼ੁੱਕਰਵਾਰ ਦੇ ਹਾਦਸੇ ਬਾਰੇ ਮੈਨੂੰ ਕੁਝ ਨਹੀਂ ਪਤਾ। ਇਸ ਲਈ ਮੈਂ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦਾ।"

  • ਪਰ ਮੈਂ ਕਹਿ ਸਕਦਾ ਹਾਂ ਕਿ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰਾਂ 'ਚ ਕੋਈ ਤਕਨੀਕੀ ਸਮੱਸਿਆ ਨਹੀਂ ਹੈ। ਤਕਰੀਬਨ ਸਾਰੇ ਜਹਾਜ਼ ਨਵੇਂ ਹਨ ਜੋ ਤਕਨੀਕੀ ਪੱਖੋ ਵੀ ਕਾਫ਼ੀ ਸੁਰੱਖਿਅਤ ਹਨ।
  • ਜਿੱਥੋਂ ਤੱਕ ਗੱਲ ਪਾਇਲਟ ਦੀ ਲਾਪਰਵਾਹੀ ਦੀ ਹੈ ਤਾਂ ਮੈਂ ਦੱਸਦਾ ਕਿ ਭਾਰਤੀ ਹਵਾਈ ਸੈਨਾ ਵਿੱਚ ਕੋਈ ਵੀ ਪਾਇਲਟ ਸਿੱਧੇ ਕੈਪਟਨ ਨਹੀਂ ਬਣਦਾ। ਏਅਰ ਫੋਰਸ ਦਾ ਪਾਇਲਟ ਕਾਫ਼ੀ ਕਾਬਿਲ ਹੁੰਦਾ ਹੈ।
  • ਹਵਾਈ ਸੈਨਾ ਵਿੱਚ ਸਿਖਲਾਈ ਸਬੰਧੀ ਬਹੁਤ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ, ਤਾਂ ਜੋ ਪਾਇਲਟਾਂ ਦੇ ਹੁਨਰ 'ਚ ਨਿਖ਼ਾਰ ਆ ਸਕੇ।
  • ਪਾਇਲਟ ਨੂੰ ਪਹਿਲਾਂ ਫਲਾਇਟ ਕਮਾਂਡਰ ਦੇ ਨਾਲ ਜਹਾਜ਼ ਉਡਾਉਣਾ ਪੈਂਦਾ ਹੈ। ਇਸ ਤਰ੍ਹਾਂ ਉਸ ਨੂੰ ਕੈਪਟਨ ਬਣਨ ਲਈ ਤਿੰਨ ਤੋਂ ਚਾਰ ਸਾਲ ਲੱਗ ਜਾਂਦੇ ਹਨ।
  • ਹਾਦਸੇ ਦੇ ਕਈ ਹੋਰ ਕਾਰਨ ਵੀ ਹਨ ਕਿਉਂਕਿ ਕਈ ਵਾਰੀ ਉੱਚੀ ਪਹਾੜੀ 'ਤੇ ਹਵਾ ਦੇ ਰੁਖ਼ ਨੂੰ ਸਮਝਣਾ ਬਹੁਤ ਔਖਾ ਹੁੰਦਾ ਹੈ।
  • ਜਿਵੇਂ ਹੀ ਹਵਾ ਦਾ ਰੁੱਖ ਬਦਲਦਾ ਹੈ ਤਾਂ ਜਹਾਜ਼ ਦੀ ਗਤੀ ਅਚਾਨਕ ਵੱਧ ਜਾਂਦੀ ਹੈ ਅਤੇ ਕਈ ਵਾਰ ਘੱਟ ਵੀ ਹੋ ਜਾਂਦੀ ਹੈ। ਜਿਸ ਨਾਲ ਕਈ ਵਾਰ ਜਹਾਜ਼ ਹੇਠਾਂ ਵੱਲ ਡਿੱਗ ਜਾਂਦਾ ਹੈ। ਪਾਇਲਟ ਕਈ ਵਾਰ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਅਜਿਹੇ ਥਾਵਾਂ 'ਤੇ ਹਵਾ ਦੀ ਦਿਸ਼ਾ ਕਿਵੇਂ ਹੁੰਦੀ ਹੈ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)