You’re viewing a text-only version of this website that uses less data. View the main version of the website including all images and videos.
ਲਾਸ ਵੇਗਾਸ: ਕੀ ਬੰਦੂਕਧਾਰੀ ਅੱਤਵਾਦੀ ਹੈ?
ਲਾਸ ਵੇਗਾਸ ਗੋਲੀਬਾਰੀ ਦੀ ਹੋਰ ਜਾਣਕਾਰੀ ਜਿਵੇਂ-ਜਿਵੇਂ ਸਾਹਮਣੇ ਆ ਰਹੀ ਹੈ, ਇੱਕ ਔਨਲਾਈਨ ਚਰਚਾ ਵੀ ਸ਼ੁਰੂ ਹੋ ਗਈ ਹੈ।
ਲੋਕ ਇਹ ਸਵਾਲ ਚੁੱਕ ਰਹੇ ਹਨ ਕਿ ਸਟੀਫ਼ਨ ਪੈਡਕ ਨੂੰ ਅੱਤਵਾਦੀ ਕਿਉਂ ਨਹੀਂ ਕਰਾਰ ਦਿੱਤਾ ਗਿਆ।
64 ਸਾਲਾ ਸਟੀਫ਼ਨ ਨੇ ਮੈਂਡਲੇ ਬੇਅ ਹੋਟਲ ਦੀ 32ਵੀਂ ਮੰਜ਼ਿਲ ਤੋਂ ਐਤਵਾਰ ਨੂੰ ਮਿਊਜ਼ਿਕ ਫੈਸਟੀਵਲ ਦੌਰਾਨ ਗੋਲੀਬਾਰੀ ਕੀਤੀ ਸੀ।
ਇਸ ਦੌਰਾਨ 59 ਲੋਕ ਮਾਰੇ ਗਏ, ਜਦਕਿ 500 ਤੋਂ ਵੱਧ ਲੋਕ ਜ਼ਖਮੀ ਹੋ ਗਏ। ਮੀਡੀਆ ਵੱਲੋਂ 'ਇਕੱਲਾ ਭੇੜੀਆ', 'ਗ੍ਰੈਂਡਡੈਡ', 'ਜੁਆਰੀ' ਅਤੇ 'ਸਾਬਕਾ ਲੇਖਾਕਾਰ' ਕਰਾਰ ਦਿੱਤਾ ਗਿਆ ਹੈ, ਪਰ ਅੱਤਵਾਦੀ ਨਹੀਂ।
ਸੋਸ਼ਲ ਮੀਡੀਆ 'ਤੇ ਚਰਚਾ
ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪੈਡਕ ਨੇ ਹਮਲਾ ਕਿਉਂ ਕੀਤਾ।
ਨਾ ਹੀ ਕਿਸੇ ਅੱਤਵਾਦੀ ਜਥੇਬੰਦੀ ਨਾਲ ਸੰਪਰਕ ਦਾ ਸਬੂਤ ਹੈ ਅਤੇ ਨਾ ਹੀ ਮਾਨਸਿਕ ਹਾਲਤ ਖ਼ਰਾਬ ਹੋਣ ਦਾ ਕੋਈ ਸਬੂਤ ਹੈ।
ਫਿਰ ਵੀ ਸੋਸ਼ਲ ਮੀਡੀਆ 'ਤੇ ਕਈ ਲੋਕ ਸਵਾਲ ਖੜ੍ਹਾ ਕਰ ਰਹੇ ਹਨ ਕਿ ਜੇ ਪੈਡਕ ਮੁਸਲਮਾਨ ਹੁੰਦਾ ਤਾਂ 'ਅੱਤਵਾਦੀ' ਤੁਰੰਤ ਹੀ ਕਰਾਰ ਦਿੱਤਾ ਜਾਣਾ ਸੀ।
ਉਸ ਦਾ ਇਸਲਾਮਿਕ ਅੱਤਵਾਦੀ ਨਾਲ ਸੰਪਰਕ ਮੰਨ ਲਿਆ ਜਾਣਾ ਸੀ।
ਸਿਤਾਰੇ ਅਤੇ ਬੁੱਧੀਜੀਵੀ ਇਸ 'ਤੇ ਚਰਚਾ ਕਰ ਰਹੇ ਹਨ ਕਿ ਇਸ ਮਾਮਲੇ ਵਿੱਚ ਅਜਿਹਾ ਕਿਉਂ ਨਹੀਂ ਹੋਇਆ।
ਨੇਵਾਡਾ ਕਨੂੰਨ ਤਹਿਤ, "ਕੋਈ ਵੀ ਹਿੰਸਕ ਕਾਰਵਾਈ ਜਿਸ ਨਾਲ ਆਮ ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚੇ ਜਾਂ ਮਾਰ ਦਿੱਤਾ ਜਾਏ ਅੱਤਵਾਦ ਦੇ ਦਾਇਰੇ ਵਿੱਚ ਆਉਂਦਾ ਹੈ।"
ਸੰਘੀ ਕਨੂੰਨ ਤਹਿਤ ਅਮਰੀਕਾ ਨੇ ਅੱਤਵਾਦ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ: 'ਘਰੇਲੂ ਅੱਤਵਾਦ' ਦੇ ਦਾਇਰੇ ਵਿੱਚ ਤਿੰਨ ਚੀਜ਼ਾ ਆਉਂਦੀਆਂ ਹਨ- 'ਮਨੁੱਖੀ ਜ਼ਿੰਦਗੀ ਲਈ ਖ਼ਤਰਾ ਜੋ ਸੰਘੀ ਜਾਂ ਦੇਸ਼ ਦੇ ਕਨੂੰਨ ਵਿਰੋਧੀ ਹੈ', ਜੋ ਆਮ ਲੋਕਾਂ ਜਾਂ ਸਰਕਾਰ ਨੂੰ ਡਰਾਉਂਦੇ ਜਾਂ ਧਮਕਾਉਂਦੇ ਹਨ ਅਤੇ ਜੋ ਅਮਰੀਕਾ ਵਿੱਚ ਹੀ ਹੁੰਦਾ ਹੈ।
ਐਫ਼ਬੀਆਈ ਦਾ ਵੀ ਕਹਿਣਾ ਹੈ, "ਸਰਕਾਰ ਜਾਂ ਆਮ ਲੋਕਾਂ ਨੂੰ ਡਰਾਉਣ ਜਾਂ ਧਮਕਾਉਣ ਦੀ ਕੋਸ਼ਿਸ਼ ਹੋਣਾ ਜਾਂ ਕਿਸੇ ਸਿਆਸੀ ਜਾਂ ਸਮਾਜਿਕ ਟੀਚੇ ਨੂੰ ਉਤਸ਼ਾਹਿਤ ਕਰਨਾ ਅੱਤਵਾਦ ਹੁੰਦਾ ਹੈ।"
ਯਾਨਿ ਕਿ ਹਿੰਸਕ ਕਾਰਵਾਈ ਨੂੰ ਅੰਜਾਮ ਦੇਣ ਵਾਲਾ ਸ਼ਖ਼ਸ ਨਾ ਸਿਰਫ਼ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਸਰਕਾਰ ਨੂੰ ਪ੍ਰਭਾਵਿਤ ਕਰਦਾ ਹੈ ਜਾਂ ਕਿਸੇ ਵਿਚਾਰਧਾਰਾ ਨੂੰ ਥੋਪਦਾ ਹੈ।
ਅਮਰੀਕਾ ਵਿੱਚ ਅੱਤਵਾਦ ਦਾ ਮਤਲਬ?
ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਨੇਵਾਡਾ ਕਨੂੰਨ ਦੀ ਫੋਟੋ ਪਾ ਕੇ ਸਵਾਲ ਕੀਤਾ ਹੈ।
ਪੂਰੀ ਤਸਵੀਰ ਸਾਹਮਣੇ ਹੋਣ ਦੇ ਬਾਵਜੂਦ ਕਿਉਂ ਲਾਸ ਵੇਗਾਸ ਦੇ ਪੁਲਿਸ ਅਧਿਕਾਰੀ ਜੋਸਫ਼ ਲੋਮਬਾਰਡੋ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਸਾਨੂੰ ਨਹੀਂ ਪਤਾ ਹਮਲਾਵਰ ਕਿਸ ਵਿਚਾਰਧਾਰਾ ਤੇ ਭਰੋਸਾ ਕਰਦਾ ਹੈ। ਇਸ ਵੇਲੇ ਅਸੀਂ ਕਹਿ ਸਕਦੇ ਹਾਂ ਉਹ ਇਕੱਲਾ ਭੇੜੀਆ ਹੈ।"
ਟਵਿੱਟਰ 'ਤੇ 'ਇਕੱਲਾ ਭੇੜੀਆ' ਸ਼ਬਦ ਸੋਮਵਾਰ ਤੋਂ ਦੋ ਲੱਖ ਤੋਂ ਜ਼ਿਆਦਾ ਵਾਰੀ ਵਰਤਿਆ ਜਾ ਚੁੱਕਾ ਹੈ। 'ਅੱਤਵਾਦੀ ਹਮਲਾ' ਸ਼ਬਦ 1 ਲੱਖ 70 ਹਜ਼ਾਰ ਤੋਂ ਜ਼ਿਆਦਾ ਵਾਰੀ ਵਰਤਿਆ ਗਿਆ ਹੈ।
ਫੇਸਬੁੱਕ 'ਤੇ ਵੀ ਚਰਚਾ ਜਾਰੀ ਹੈ। ਇੰਡੋਨੇਸ਼ੀਆ ਦੇ ਮੁਰਸਲ ਦਾ ਕਹਿਣਾ ਹੈ, "ਉਸ ਨੂੰ ਕੌਮਾਂਤਰੀ ਅੱਤਵਾਦੀ ਨਹੀਂ ਕਰਾਰ ਦਿੱਤਾ ਗਿਆ? ਕਿਉਂਕਿ ਉਸ ਦਾ ਚਿਹਰਾ ਅਰਬੀ ਲੋਕਾਂ ਵਰਗਾ ਨਹੀਂ ਹੈ।"
ਮੁਸਲਿਮ ਅਮਰੀਕਨ ਮੁਹੰਮਦ ਇਆਵਾਦੀ ਨੇ ਫੇਸਬੁੱਕ 'ਤੇ ਕਿਹਾ, "ਹਰ ਸਮੂਹਿਕ ਗੋਲੀਬਾਰੀ ਦਾ ਮਤਲਬ ਹੈ ਮੇਰੀ ਪਤਨੀ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ ਕਿਉਂਕਿ ਉਸ ਨੇ ਆਪਣੇ ਵਾਲ ਢਕਣ ਦੀ ਕੋਸ਼ਿਸ਼ ਕੀਤੀ। ਮੇਰੇ ਪੁੱਤ 'ਤੇ ਹਮਲਾ ਹੋਏਗਾ, ਕਿਉਂਕਿ ਉਸ ਦਾ ਨਾਮ ਮੁਹੰਮਦ ਹੈ। ਮੇਰੀ 4 ਸਾਲ ਦੀ ਧੀ ਨਾਲ ਬਦਸਲੂਕੀ ਹੋਵੇਗੀ ਕਿਉਂਕਿ ਉਹ ਅਰਬੀ ਭਾਸ਼ਾ ਬੋਲਦੀ ਹੈ।"
ਇਆਵਾਦੀ ਨੇ ਕਿਹਾ, "ਜੇ ਅੱਤਵਾਦੀ ਗੋਰੇ ਰੰਗ ਦਾ ਹੈ ਜਾਂ ਇਸਾਈ ਹੈ ਤਾਂ ਉਹ ਅਚਾਨਕ ਹੀ ਮਾਨਸਿਕ ਰੋਗੀ ਕਰਾਰ ਦਿੱਤਾ ਜਾਂਦਾ ਹੈ ਅਤੇ ਫਿਰ ਸਭ ਕੁਝ ਠੀਕ ਹੋ ਜਾਂਦਾ ਹੈ।"
ਬੀਬੀਸੀ ਗਾਈਡਲਾਈਂਸ
ਅੱਤਵਾਦ ਅਤੇ ਅੱਤਵਾਦੀ ਸ਼ਬਦ ਵਰਤਣ ਨੂੰ ਲੈ ਕੇ ਬੀਬੀਸੀ ਦੇ ਬੜੇ ਸਪਸ਼ਟ ਨਿਯਮ ਹਨ। ਬੀਬੀਸੀ ਦੀਆਂ ਸੰਪਾਦਕੀ ਗਾਈਡਲਾਈਂਸ ਮੁਤਾਬਕ-
"ਕੋਈ ਇੱਕਮਤ ਨਹੀਂ ਹੈ ਕਿ ਅੱਤਵਾਦ ਜਾਂ ਅੱਤਵਾਦੀ ਕਾਰਵਾਈ ਦੇ ਦਾਇਰੇ ਵਿੱਚ ਕੀ ਆਉਂਦਾ ਹੈ। ਇਸ ਸ਼ਬਦ ਦੇ ਇਸਤੇਮਾਲ ਦਾ ਮਤਲਬ ਹੈ ਇੱਕ ਫੈਸਲਾ ਸੁਣਾ ਦੇਣਾ।"
"ਕਿਸੇ ਹੋਰ ਨੂੰ ਸੰਬੋਧਨ ਕਰਨ ਲੱਗਿਆਂ ਸਾਨੂੰ 'ਅੱਤਵਾਦੀ' ਸ਼ਬਦ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।"
"ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸੱਚਾਈ ਜਾਂ ਕੋਈ ਖਤਰਨਾਕ ਵਾਰਦਾਤ ਨੂੰ ਲੁਕਾਉਂਦੇ ਹਾਂ। ਸਗੋਂ ਸਮਝਨਾ ਚਾਹੀਦਾ ਹੈ ਕਿ ਸਾਡੀ ਭਾਸ਼ਾ ਨਾਲ ਪੱਤਰਕਾਰਿਤਾ ਦੇ ਟੀਚੇ ਨੂੰ ਹਾਸਿਲ ਕਰਨ ਲਈ ਕਿੰਨਾ ਅਸਰ ਪੈ ਸਕਦਾ ਹੈ।"
ਹਾਲਾਂਕਿ ਜ਼ਿਆਦਾਤਰ ਲੋਕ ਅੱਤਵਾਦੀ ਸ਼ਬਦ ਦਾ ਇਸਤੇਮਾਲ ਨਾ ਕਰਨ 'ਤੇ ਅਧਿਕਾਰੀਆਂ ਅਤੇ ਮੀਡੀਆ 'ਤੇ ਟਿੱਪਣੀ ਕਰ ਰਹੇ ਹਨ, ਪਰ ਕੁਝ ਇਸ ਦੇ ਵਿਰੋਧ ਵਿੱਚ ਹਨ ਅਤੇ ਕੁਝ ਨੇ ਸੁਝਾਅ ਵੀ ਦਿੱਤੇ ਹਨ ਕਿ ਕਿਉਂ ਅੱਤਵਾਦੀ ਕਰਾਰ ਨਹੀਂ ਦਿੱਤਾ ਗਿਆ।