ਜਦੋਂ ਇੱਕ ਮਾਂ ਨੇ ਆਪਣੇ ਮੁੰਡੇ ਨੂੰ ਕੀਤਾ 'ਸੁਰਜੀਤ'

    • ਲੇਖਕ, ਸਾਗਰ ਕਾਸਾਰ
    • ਰੋਲ, ਪੁਣੇ ਤੋਂ ਬੀਬੀਸੀ ਮਰਾਠੀ ਦੇ ਪੱਤਰਕਾਰ

ਦੋ ਸਾਲ ਪਹਿਲਾਂ ਕੈਂਸਰ ਦੀ ਵਜ੍ਹਾ ਨਾਲ ਆਪਣੇ ਪੁੱਤਰ ਨੂੰ ਗਵਾਉਣ ਵਾਲੀ ਇੱਕ ਮਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਉਸ ਨੂੰ 'ਮੁੜ ਸੁਰਜੀਤ' ਕਰ ਦਿੱਤਾ ਹੈ।

ਪੁਣੇ ਦੀ ਰਹਿਣ ਵਾਲੀ 49 ਸਾਲਾ ਟੀਚਰ ਰਾਜਸ਼੍ਰੀ ਪਾਟਿਲ ਨੇ ਇੱਕ ਸਰੋਗੇਟ ਮਦਰ ਦੀ ਮਦਦ ਨਾਲ ਆਪਣੇ ਅਣ-ਵਿਆਹੇ ਬੇਟੇ ਪ੍ਰਥਮੇਸ਼ ਦੇ ਜੌੜੇ ਬੱਚਿਆਂ ਨੂੰ ਜਨਮ ਦਵਾਇਆ ਹੈ।

ਇਹ ਸਭ ਕੋਈ ਚਮਤਕਾਰ ਨਹੀਂ ਬਲਿਕ ਵਿਗਿਆਨ ਦਾ ਕਮਾਲ ਹੈ, ਜਿਸ ਨੇ ਇੱਕ ਮਾਂ ਨੂੰ ਮੁੜ ਮੁਸਕਰਾਉਣਾ ਸਿਖਾ ਦਿੱਤਾ।

ਪ੍ਰਥਮੇਸ਼ ਦੇ ਜੌੜੇ ਬੱਚਿਆਂ ਦਾ ਜਨਮ ਉਸਦੇ ਸ਼ੁਕਰਾਣੂਆਂ ਦੀ ਮਦਦ ਨਾਲ ਹੋਇਆ।

ਪ੍ਰਥਮੇਸ਼ ਦੀ ਮੌਤ ਤੋਂ ਪਹਿਲਾਂ ਹੀ ਉਸ ਦੇ ਸ਼ੁਕਰਾਣੂ ਸੁਰੱਖਿਅਤ ਰੱਖ ਲਏ ਗਏ ਸਨ।

'ਮੇਰਾ ਪ੍ਰਥਮੇਸ਼ ਮੈਨੂੰ ਵਾਪਸ ਮਿਲ ਗਿਆ'

ਪੁਣੇ ਦੇ ਸਿੰਘਡ ਕਾਲਜ ਦਾ ਵਿਦਿਆਰਥੀ ਪ੍ਰਥਮੇਸ਼ ਅੱਗੇ ਦੀ ਪੜ੍ਹਾਈ ਕਰਨ ਲਈ ਸਾਲ 2010 ਵਿੱਚ ਜਰਮਨੀ ਚਲਾ ਗਿਆ।

ਸਾਲ 2013 ਵਿੱਚ ਪਤਾ ਲੱਗਾ ਕਿ ਉਸ ਨੂੰ ਖ਼ਤਰਨਾਕ ਪੱਧਰ ਦਾ ਬ੍ਰੇਨ ਟਿਊਮਰ ਹੈ। ਉਸ ਦੌਰਾਨ ਉਸ ਦੇ ਵੀਰਜ ਨੂੰ ਸੁਰੱਖਿਅਤ ਰੱਖ ਲਿਆ ਗਿਆ।

ਇਸ ਵੀਰਜ ਨੂੰ ਸਰੋਗੇਸੀ ਵਿੱਚ ਵਰਤਿਆ ਗਿਆ ਅਤੇ 35 ਸਾਲ ਦੀ ਸਰੋਗੇਟ ਮਦਰ ਨੇ ਇੱਕ ਕੁੜੀ ਤੇ ਇੱਕ ਮੁੰਡੇ ਨੂੰ ਜਨਮ ਦਿੱਤਾ।

ਰਾਜਸ਼੍ਰੀ ਪਾਟਿਲ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਮੇਰਾ ਪ੍ਰਥਮੇਸ਼ ਵਾਪਸ ਮਿਲ ਗਿਆ ਹੈ। ਮੈਂ ਆਪਣੇ ਪੁੱਤਰ ਦੇ ਬੇਹੱਦ ਨੇੜੇ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਜਰਮਨੀ ਤੋਂ ਇੰਜਨੀਅਰਿੰਗ ਵਿੱਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਿਹਾ ਸੀ।"

"ਉਸੇ ਦੌਰਾਨ ਉਸਨੂੰ ਚੌਥੇ ਸਟੇਜ ਦੇ ਕੈਂਸਰ ਦਾ ਪਤਾ ਲੱਗਾ। ਡਾਕਟਰਾਂ ਨੇ ਪ੍ਰਥਮੇਸ਼ ਨੂੰ ਕੀਮੋਥੇਰੇਪੀ ਸ਼ੁਰੂ ਕਰਨ ਤੋਂ ਪਹਿਲਾਂ ਵੀਰਜ ਸੁਰੱਖਿਅਤ ਕਰਨ ਨੂੰ ਕਿਹਾ।"

ਪ੍ਰਥਮੇਸ਼ ਨੇ ਆਪਣੀ ਮਾਂ ਅਤੇ ਭੈਣ ਨੂੰ ਆਪਣੀ ਮੌਤ ਮਗਰੋਂ ਆਪਣੇ ਵੀਰਜ ਦਾ ਨਮੂਨਾ ਇਸਤੇਮਾਲ ਕਰਨ ਲਈ ਨਾਮਜਦ ਕੀਤਾ।

ਰਾਜਸ਼੍ਰੀ ਨੂੰ ਉਸ ਵੇਲੇ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਦੀ ਮਦਦ ਨਾਲ ਉਹ 'ਆਪਣੇ ਪੁੱਤਰ ਨੂੰ ਵਾਪਸ ਹਾਸਿਲ' ਕਰ ਸਕਦੇ ਹਨ।

ਮ੍ਰਿਤਕ ਪੁੱਤਰ ਦੇ ਸੁਰੱਖਿਅਤ ਕੀਤੇ ਗਏ ਵੀਰਜ ਨੂੰ ਇੱਕ ਗ਼ੈਰ-ਪਰਿਵਾਰਕ ਔਰਤ ਦੇ ਅੰਡਾਣੂਆਂ ਨਾਲ ਮੇਲ ਕਰਾਇਆ ਗਿਆ।

ਮੇਲ ਕਰਵਾਉਣ ਤੋਂ ਬਾਅਦ ਇਸ ਨੂੰ ਕਰੀਬੀ ਰਿਸ਼ਤੇਦਾਰ ਦੇ ਗਰਭ ਵਿੱਚ ਪਾ ਦਿੱਤਾ ਗਿਆ।

ਇਸ ਸਾਰੀ ਪ੍ਰਕਿਰਿਆ ਨੂੰ ਆਈਵੀਐੱਫ਼ (In vitro fertilisation) ਕਿਹਾ ਜਾਂਦਾ ਹੈ।

27 ਸਾਲ ਦੇ ਜਵਾਨ ਪੁੱਤਰ ਦੇ ਸੁਰੱਖਿਅਤ ਰੱਖੇ ਗਏ ਵੀਰਜ ਦੀ ਵਰਤੋਂ ਰਾਜਸ਼੍ਰੀ ਨੇ ਸਰੋਗੇਟ ਪ੍ਰੇਗਨੈਂਸੀ ਵਿੱਚ ਕੀਤਾ।

ਪ੍ਰਥਮੇਸ਼ ਦੇ ਬੱਚਿਆਂ ਨੇ 12 ਫ਼ਰਵਰੀ ਨੂੰ ਜਨਮ ਲਿਆ। ਦਾਦੀ ਰਾਜਸ਼੍ਰੀ ਨੇ ਬੱਚਿਆਂ ਨੂੰ ਰੱਬ ਦਾ ਆਸ਼ਿਰਵਾਦ ਦੱਸਿਆ।

ਉਨ੍ਹਾਂ ਆਪਣੇ ਪੋਤੇ ਦਾ ਨਾਂ ਪ੍ਰਥਮੇਸ਼ ਦੇ ਨਾਂ 'ਤੇ ਰੱਖਿਆ ਅਤੇ ਕੁੜੀ ਦਾ ਨਾਂ ਪ੍ਰੀਸ਼ਾ ਰੱਖਿਆ।

ਜਰਮਨੀ ਤੱਕ ਦਾ ਸਫ਼ਰ

ਆਪਣੇ ਪੁੱਤਰ ਨੂੰ 'ਵਾਪਸ ਪਾਉਣ ਲਈ' ਰਾਜਸ਼੍ਰੀ ਨੇ ਜਰਮਨੀ ਤੱਕ ਦਾ ਸਫ਼ਰ ਕੀਤਾ।

ਉਨ੍ਹਾਂ ਨੇ ਜਰਮਨੀ ਜਾ ਕੇ ਪੁੱਤਰ ਦਾ ਵੀਰਜ ਹਾਸਿਲ ਕਰਨ ਲਈ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕੀਤੀਆਂ।

ਵਾਪਸ ਆ ਕੇ ਉਨ੍ਹਾਂ ਨੇ ਪੁਣੇ ਦੇ ਸਹਯਾਦਰੀ ਹਸਪਤਾਲ ਦਾ ਸਹਾਰਾ ਲਿਆ।

ਹਸਪਤਾਲ ਦੀ ਆਈਵੀਐੱਫ਼ ਮਾਹਿਰ ਡਾ. ਸੁਪਰਿਆ ਪੁਰਾਣਿਕ ਕਹਿੰਦੇ ਹਨ, "ਆਈਵੀਐੱਫ਼ (In vitro fertilisation) ਦੀ ਪ੍ਰਕਿਰਿਆ ਸਾਡੇ ਲਈ ਰੋਜ਼ ਦਾ ਕੰਮ ਹੈ। ਪਰ ਇਹ ਮਾਮਲਾ ਅਨੋਖਾ ਸੀ। ਇਸ ਵਿੱਚ ਇੱਕ ਮਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸਨ। ਪੂਰੇ ਮਾਮਲੇ ਵਿੱਚ ਰਾਜਸ਼੍ਰੀ ਦਾ ਰਵੱਈਆ ਬੇਹੱਦ ਸਕਾਰਾਤਮਕ ਰਿਹਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)