ਪੰਜਾਬ ’ਚ ਕਿਹੜੀਆਂ ਸਿਹਤ ਸਕੀਮਾਂ ਚੱਲਦੀਆਂ ਨੇ

ਕੇਂਦਰ 'ਚ ਭਾਜਪਾ ਸਰਕਾਰ ਨੇ ਵੀਰਵਾਰ ਨੂੰ ਆਪਣਾ ਆਖ਼ਰੀ ਪੂਰਾ ਬਜਟ ਪੇਸ਼ ਕੀਤਾ।

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਗ਼ਰੀਬ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਵੀਂ ਸਕੀਮ ਪੇਸ਼ ਕੀਤੀ।

ਇਸ ਬਜਟ 'ਚ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਸਕੀਮ ਪੇਸ਼ ਕੀਤੀ।

ਆਪਣੇ ਬਜਟ ਭਾਸ਼ਣ ਵਿੱਚ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਲਾਗੂ ਕਰੇਗੀ, ਜੋ ਕਿ 10 ਕਰੋੜ ਗ਼ਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ।

ਸਿਹਤ ਸੇਵਾਵਾਂ ਵਿੱਚ 2017-18 ਦੇ ਬਜਟ ਨਾਲੋਂ 11.5 ਫ਼ੀਸਦੀ ਦਾ ਵਾਧਾ ਕੀਤਾ ਗਿਆ।

2017-18 ਦੇ ਬਜਟ ਵਿੱਚ ਸਿਹਤ ਸੇਵਾਵਾਂ ਲਈ 47.352 ਰੱਖਿਆ ਗਿਆ ਸੀ ਜੋ ਕਿ 2018-19 ਵਿੱਚ 52.800 ਕਰੋੜ ਹੈ।

ਪੰਜਾਬ ਵਿੱਚ ਕਿਹੜੀਆਂ ਸਿਹਤ ਸਕੀਮਾਂ ਚੱਲਦੀਆਂ ਹਨ?

ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵੈੱਬਸਾਈਟ ਮੁਤਾਬਕ ਕੁੱਲ 26 ਸਕੀਮਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ।

ਇਨ੍ਹਾਂ ਵਿੱਚੋਂ ਪੰਜਾਬ ਸਰਕਾਰ ਦੀਆਂ ਦੋ ਸਕੀਮਾਂ ਹਨ ਜਿਨ੍ਹਾਂ ਦਾ ਫ਼ਾਇਦਾ ਲੋਕ ਜ਼ਿਆਦਾ ਲੈਂਦੇ ਹਨ।

ਇਹ ਸਕੀਮ ਹਨ ਕੈਂਸਰ ਕੰਟਰੋਲ ਪ੍ਰੋਗਰਾਮ ਅਤੇ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਾਹਤ ਫ਼ੰਡ।

ਕੈਂਸਰ ਕੰਟਰੋਲ ਅਤੇ ਹੈਪੇਟਾਈਟਸ ਸੀ ਰਾਹਤ ਫ਼ੰਡ ਸਕੀਮ

ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੁਤਾਬਕ ਇਸ ਅਧੀਨ 1.5 ਲੱਖ ਰੁਪਏ ਇਲਾਜ ਲਈ ਦਿੱਤੇ ਜਾਂਦੇ ਹਨ।

ਇਸ ਸਕੀਮ ਤਹਿਤ ਸਰਕਾਰੀ ਅਤੇ ਕੁਝ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਸਕਦਾ ਹੈ। ਡੇਢ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

ਇਸ ਸਕੀਮ ਦਾ ਫ਼ਾਇਦਾ ਸਰਕਾਰੀ ਕਰਮਚਾਰੀ ਅਤੇ ਈਐੱਸਆਈ ਲਾਭਪਾਤਰ ਨਹੀਂ ਲੈ ਸਕਦੇ। ਪੰਜਾਬ 'ਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕ ਹੀ ਇਸ ਸਕੀਮ ਦਾ ਫ਼ਾਇਦਾ ਲੈ ਸਕਦੇ ਹਨ।

ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਾਹਤ ਫ਼ੰਡ ਦੇ ਤਹਿਤ ਸੂਬੇ ਪੰਜਾਬ ਦੇ ਰਹਿਣ ਵਾਲੇ ਲੋਕ ਫ਼ਾਇਦਾ ਲੈ ਸਕਦੇ ਹਨ।

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ

ਪੰਜਾਬ ਸਰਕਾਰ ਦੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਨੀਲੇ ਕਾਰਡ ਧਾਰਕ, ਕਿਸਾਨ ਛੋਟੇ ਵਪਾਰੀ ਅਤੇ ਉਸਾਰੀ ਵਿੱਚ ਲੱਗੇ ਕਾਮਿਆਂ ਦੇ ਪਰਿਵਾਰਾਂ ਨੂੰ ਸਾਲਾਨਾ 50000 ਰੁਪਏ ਤੱਕ ਦਾ ਬੀਮੇ ਦਾ ਫ਼ਾਇਦਾ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਪਰਿਵਾਰ ਦੇ ਮੁਖੀ ਦੀ ਐਕਸੀਡੈਂਟ ਵਿੱਚ ਮੌਤ ਜਾ ਦੋ ਅੰਗਾਂ ਦੀ ਅਪੰਗਤਾ ਹੋਣ 'ਤੇ ਪੰਜ ਲੱਖ ਰੁਪਏ ਦੀ ਬੀਮਾ ਰਾਸ਼ੀ ਵੀ ਦਿੱਤੀ ਜਾਂਦੀ ਹੈ।

ਡਾ. ਜਸਪਾਲ ਕੌਰ ਮੁਤਾਬਕ ਇਹ ਸਕੀਮ 31 ਮਾਰਚ, 2018 ਤੱਕ ਹੈ। ਪਰ ਪੰਜਾਬ ਸਰਕਾਰ ਇਸ ਨੂੰ ਅੱਗੇ ਤੋਰਨ ਦੀ ਯੋਜਨਾ ਬਣਾ ਰਹੀ ਹੈ।

ਮੁਫ਼ਤ ਦਵਾਈਆਂ

ਡਾ. ਜਸਪਾਲ ਕੌਰ ਨੇ ਦੱਸਿਆ ਕਿ ਇਸੈਨਸ਼ੀਅਲ ਡਰੱਗ ਲਿਸਟ ਤਹਿਤ 226 ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

ਕੇਂਦਰ ਸਰਕਾਰ ਦੀਆਂ ਸਕੀਮਾਂ

ਕੇਂਦਰ ਸਰਕਾਰ ਦੀਆਂ ਸਕੀਮਾਂ ਵਿੱਚੋਂ ਪੰਜਾਬ ਦੇ ਜ਼ਿਆਦਾ ਲੋਕ ਜਨਨੀ ਸੁਰਕਸ਼ਾ ਯੋਜਨਾ ਅਤੇ ਜਨਨੀ ਸ਼ਿਸ਼ੂ ਸੁਰਕਸ਼ਾ ਕਲਿਆਣ ਤੋਂ ਇਲਾਵਾ ਨੈਸ਼ਨਲ ਟੀਬੀ ਕੰਟਰੋਲ ਪ੍ਰੋਗਰਾਮ ਦਾ ਫ਼ਾਇਦਾ ਲੈ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)