You’re viewing a text-only version of this website that uses less data. View the main version of the website including all images and videos.
ਸੀਰੀਆ ਸੰਕਟ: ਔਰਤਾਂ ਦਾ ਮਦਦ ਬਦਲੇ ਜਿਨਸੀ ਸ਼ੋਸ਼ਣ - ਰਿਪੋਰਟ
ਬੀਬੀਸੀ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਸੀਰੀਆ ਦੀਆਂ ਔਰਤਾਂ ਦਾ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਗਠਨਾਂ ਵੱਲੋਂ ਦਿੱਤੀ ਜਾ ਰਹੀ ਮਦਦ ਵੰਡਣ ਵਾਲੇ ਸਥਾਨਿਕ ਮਰਦਾਂ ਵੱਲੋਂ ਜਿਨਸੀ ਸ਼ੋਸ਼ਣ ਹੋ ਰਿਹਾ ਹੈ।
ਇੱਕ ਮਦਦ ਵੰਡਣ ਵਾਲੇ ਵਿਅਕਤੀ ਨੇ ਦੱਸਿਆ ਕਿ ਕਈ ਮਰਦ ਖਾਣਾ ਦੇਣ ਦੇ ਬਦਲੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ।
ਰਿਪੋਰਟ ਮੁਤਾਬਕ ਤਿੰਨ ਸਾਲ ਪਹਿਲਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਦਿੱਤੀ ਗਈ ਚੁਨੌਤੀ ਦੇ ਬਾਵਜੂਦ ਇਹ ਕਾਰਵਾਈਆਂ ਸੀਰੀਆ ਦੇ ਦੱਖਣੀ ਹਿੱਸੇ ਵਿੱਚ ਜਾਰੀ ਹਨ।
ਹਾਲਾਂਕਿ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਗਠਨਾਂ ਦਾ ਕਹਿਣਾ ਹੈ ਕਿ ਉਹ ਜਿਨਸੀ ਸ਼ੋਸ਼ਣ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ।
ਇੱਕ ਮਦਦ ਵੰਡਣ ਵਾਲੇ ਕਾਮੇ ਦਾ ਕਹਿਣਾ ਹੈ ਕਿ ਮਦਦ ਕਰਨ ਵਾਲੀਆਂ ਏਜੰਸੀਆਂ ਇਨ੍ਹਾਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ ਕਿਉਂਕਿ ਸਥਾਨਿਕ ਲੋਕਾਂ ਤੋਂ ਬਗੈਰ ਖ਼ਤਰਨਾਕ ਇਲਾਕਿਆਂ ਵਿੱਚ ਮਦਦ ਵੰਡਣਾ ਔਖਾ ਹੈ।
ਜਿਨਸੀ ਸ਼ੋਸ਼ਣ 'ਤੇ ਹੋਈ ਇੱਕ ਖੋਜ
ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਨੇ ਪਿਛਲੇ ਸਾਲ ਸੀਰੀਆ ਵਿੱਚ ਲਿੰਗ ਆਧਾਰਿਤ ਹਿੰਸਾ 'ਤੇ ਇੱਕ ਖੋਜ ਕੀਤੀ ਸੀ ਜਿਸ ਤੋਂ ਪਤਾ ਲੱਗਾ ਕਿ ਸੀਰੀਆ ਵਿੱਚ ਮਦਦ ਦੇਣ ਦੇ ਬਦਲੇ ਜਿਨਸੀ ਸ਼ੋਸ਼ਣ ਹੋ ਰਿਹਾ ਹੈ।
ਵਾਇਸ ਫਰੋਮ ਸੀਰੀਆ 2018 ਨਾਂ ਦੀ ਇੱਕ ਰਿਪੋਰਟ ਮੁਤਾਬਕ: "ਇਸ ਤਰ੍ਹਾਂ ਦੀਆਂ ਔਰਤਾਂ ਅਤੇ ਕੁੜੀਆਂ ਵੀ ਹਨ ਜੋ ਅਧਿਕਾਰੀਆਂ ਨਾਲ ਥੋੜੇ ਸਮੇਂ ਲਈ ਵਿਆਹ ਕਰਵਾਉਂਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਖਾਣਾ ਮਿਲ ਸਕੇ।"
ਰਿਪੋਰਟ ਮੁਤਾਬਕ: "ਵਿਧਵਾ ਅਤੇ ਤਲਾਕਸ਼ੁਦਾ ਔਰਤਾਂ, ਜੋ ਕਿ ਬਿਨਾਂ ਕਿਸੇ ਮਰਦ ਤੋਂ ਹੁੰਦੀਆਂ ਹਨ, ਦਾ ਇਸ ਤਰ੍ਹਾਂ ਦਾ ਜਿਨਸੀ ਸ਼ੋਸ਼ਣ ਜ਼ਿਆਦਾ ਹੁੰਦਾ ਹੈ।"
ਸਾਲਾਂ ਤੱਕ ਜਿਨਸੀ ਸ਼ੋਸ਼ਣ ਨੂੰ ਕੀਤਾ ਨਜ਼ਰਅੰਦਾਜ਼
ਮਦਦ ਦੇਣ ਵਾਲੇ ਸੰਗਠਨਾਂ ਨੇ ਸੀਰੀਆ ਵਿੱਚ ਇੱਕ ਨਜ਼ਰ ਰੱਖਣ ਵਾਲੀ ਟੀਮ ਬਣਾਈ।
ਇਸ ਨੇ ਸੰਯੁਕਤ ਰਾਸ਼ਟਰ ਦੀਆਂ ਵੱਖ ਵੱਖ ਏਜੰਸੀਆਂ ਨੂੰ ਇਸ ਤਰ੍ਹਾਂ ਦੇ ਕੇਸਾਂ 'ਤੇ ਜਾਂਚ ਕਰਨ ਲਈ ਕਿਹਾ ਪਰ ਇਸ ਨੂੰ ਜਾਰਡਨ ਦੇ ਸ਼ਰਨਾਰਥੀ ਕੈਂਪਾਂ ਵਿੱਚ ਜਾਂਚ ਕਰਨ ਦੀ ਆਗਿਆ ਨਹੀਂ ਮਿਲੀ।
ਡੌਨੀਅਲ ਸਪੈਂਸਰ, ਮਦਦ ਵੰਡਣ ਵਾਲੇ ਸੰਗਠਨ ਦੀ ਸਲਾਹਕਾਰ ਦਾ ਦਾਅਵਾ ਹੈ ਕਿ ਮਦਦ ਕਰਨ ਵਾਲੇ ਸੰਗਠਨਾਂ ਨੇ ਇਸ ਨੂੰ ਯਕੀਨੀ ਨਹੀਂ ਬਣਾਇਆ ਕਿ ਦੱਖਣੀ ਸੀਰੀਆ ਵਿੱਚ ਮਦਦ ਪਹੁੰਚ ਰਹੀ ਹੈ।
"ਇਸ ਤਰ੍ਹਾਂ ਲੱਗਦਾ ਹੈ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜ਼ਿਆਦਾ ਲੋਕਾਂ ਤੱਕ ਮਦਦ ਪਹੁੰਚਣ ਲਈ ਔਰਤਾਂ ਦਾ ਜਿਨਸੀ ਸ਼ੋਸ਼ਣ ਹੋਣਾ ਸਹੀ ਹੈ।"
ਇੱਕ ਹੋਰ ਸਰੋਤ, ਜੋ ਜੁਲਾਈ 2015 ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਮੀਟਿੰਗ ਵਿੱਚ ਹਾਜ਼ਰ ਸੀ, ਨੇ ਬੀਬੀਸੀ ਨੂੰ ਦੱਸਿਆ: "ਉੱਥੇ ਭਰੋਸੇਯੋਗ ਰਿਪੋਰਟਾਂ ਸਨ ਕਿ ਜਦੋਂ ਮਦਦ ਪਹੁੰਚਾਈ ਜਾਂਦੀ ਸੀ ਤਾਂ ਜਿਨਸੀ ਸ਼ੋਸ਼ਣ ਹੋਇਆ।"
ਸੰਯੁਕਤ ਰਾਸ਼ਟਰ ਦੀ ਬੱਚਿਆਂ ਬਾਰੇ ਸੰਗਠਨ ਯੂਨੀਸੈਫ ਦੇ ਇੱਕ ਬੁਲਾਰੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਉਹ ਜੁਲਾਈ 2015 ਦੀ ਮੀਟਿੰਗ ਵਿੱਚ ਮੌਜੂਦ ਸੀ।
ਉਸ ਨੇ ਕਿਹਾ, "ਇਸ ਸੰਗਠਨ ਨੇ ਸਥਾਨਕ ਭਾਈਵਾਲਾਂ ਦੀ ਸਮੀਖਿਆ ਕੀਤੀ ਪਰ ਉਹ ਇਨ੍ਹਾਂ ਇਲਜ਼ਾਮਾਂ ਤੋਂ ਜਾਣੂ ਨਹੀਂ ਸਨ। ਉਨ੍ਹਾਂ ਮਾਣਿਆ ਕਿ ਸੀਰੀਆ ਵਿੱਚ ਜਿਨਸੀ ਸ਼ੋਸ਼ਣ ਇੱਕ ਵੱਡਾ ਖ਼ਤਰਾ ਹੈ।"
ਯੂਕੇ ਵਿੱਚ ਕੌਮਾਂਤਰੀ ਵਿਕਾਸ ਦੇ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਯੂਕੇ ਦੀ ਮਦਦ ਏਜੰਸੀਆਂ ਬਾਰੇ ਇਸ ਤਰ੍ਹਾਂ ਦੇ ਕੇਸਾਂ ਵਿੱਚ ਸ਼ਮੂਲੀਅਤ ਬਾਰੇ ਨਹੀਂ ਪਤਾ।
ਬਰਦਾਸ਼ਤ ਤੋਂ ਬਾਹਰ
ਇਸ ਬੁਲਾਰੇ ਨੇ ਕਿਹਾ, "ਇਸ ਤਰ੍ਹਾਂ ਦੇ ਮਾਮਲਿਆਂ ਨੂੰ ਚੁੱਕਣਾ ਚਾਹੀਦਾ ਹੈ ਤੇ ਇਸ ਏਜੰਸੀ ਨੂੰ ਰਿਪੋਰਟ ਕਰਨਾ ਚਾਹੀਦਾ ਹੈ।"
ਓਕਸਫਾਮ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਮਦਦ ਪਹੁੰਚਾਉਣ ਲਈ ਸਥਾਨਿਕ ਲੋਕਾਂ ਨਾਲ ਕੰਮ ਨਹੀਂ ਕਰ ਰਹੇ। ਇਸ ਤਰ੍ਹਾਂ ਉਨ੍ਹਾਂ ਨਾ 2015 ਵਿੱਚ ਕੀਤਾ ਤੇ ਨਾ ਹੀ ਹੁਣ।
ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਲਈ ਕੰਮ ਕਰਦੀ ਇੱਕ ਏਜੰਸੀ ਦੇ ਬੁਲਾਰੇ ਅੰਦਰੇਜ ਮਾਹੇਸਿਕ ਨੇ ਕਿਹਾ, "ਇਸ ਨੂੰ ਸਮਝਣਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਮਦਦ ਪਹੁੰਚਣ ਵਿੱਚ ਜਿਨਸੀ ਸ਼ੋਸ਼ਣ ਦਾ ਖ਼ਤਰਾ ਹੁੰਦਾ ਹੈ।"
ਉਨ੍ਹਾਂ ਕਿਹਾ, "ਔਰਤਾਂ ਅਤੇ ਕੁੜੀਆਂ ਦੇ ਜਿਨਸੀ ਸ਼ੋਸ਼ਣ ਬਾਰੇ ਪਤਾ ਹੁੰਦੇ ਹੋਏ ਵੀ ਨਜ਼ਰਅੰਦਾਜ਼ ਕੀਤਾ ਗਿਆ। ਇਸ ਨੂੰ ਪਿਛਲੇ ਸੱਤ ਸਾਲਾਂ ਤੋਂ ਨਜ਼ਰਅੰਦਾਜ਼ ਕੀਤਾ ਗਿਆ।"