ਬੱਚਾ ਗੋਦ ਲੈਣ ਲਈ ਇਹ ਯੋਗਤਾਵਾਂ ਹੋਣੀਆਂ ਜ਼ਰੂਰੀ

    • ਲੇਖਕ, ਇੰਦਰਜੀਤ ਕੌਰ
    • ਰੋਲ, ਪੱਤਰਕਾਰ, ਬੀਬੀਸੀ

ਹਰਿਆਣਾ ਸਰਕਾਰ ਨੇ ਫੈਸਲਾ ਲਿਆ ਹੈ ਕਿ 85 ਬਾਲ ਘਰਾਂ ਦਾ ਮੁਇਆਨਾ ਕੀਤਾ ਜਾਵੇਗਾ। ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਮੁਤਾਬਕ ਝਾਰਖੰਡ ਵਿੱਚ ਮਿਸ਼ਨਰੀਜ਼ ਆਫ਼ ਚੈਰਿਟੀ ਸੰਸਥਾ ਵਿੱਚ ਕਥਿਤ ਗੈਰ-ਕਾਨੂੰਨੀ ਤੌਰ 'ਤੇ ਬੱਚੇ ਗੋਦ ਲੈਣ ਦੇ ਮਾਮਲੇ ਸਾਹਮਣੇ ਆਏ ਹਨ।

ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸੰਸਥਾਵਾਂ ਦੀ ਜਾਂਚ ਕਰਨ ਦਾ ਫੈਸਲਾ ਲਿਆ ਹੈ, ਪਰ ਕਾਨੂੰਨੀ ਤੌਰ 'ਤੇ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਹੈ ਕੀ?

ਇਸ ਸਬੰਧੀ ਸੁਪਰੀਮ ਕੋਰਟ ਦੀ ਵਕੀਲ ਰੇਖਾ ਅਗਰਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ, "ਬੱਚਿਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਅਤੇ ਗੈਰ-ਕਾਨੂੰਨੀ ਤੌਰ 'ਤੇ ਬੱਚੇ ਗੋਦ ਲੈਣ ਦੀ ਪ੍ਰਕਿਰਿਆ ਨੂੰ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਨੇ ਸੈਂਟਰਲ ਅਡੌਪਸ਼ਨ ਰਿਸੋਰਸ ਅਥਾਰਿਟੀ (CARA) ਦਾ ਗਠਨ ਕੀਤਾ ਹੈ। ਇਸ ਲਈ ਜ਼ਰੂਰੀ ਨਹੀਂ ਹੈ ਕਿ ਵਿਆਹਿਆ ਜੋੜਾ ਹੀ ਬੱਚਾ ਗੋਦ ਲੈ ਸਕਦਾ ਹੈ, ਕੁਆਰਾ ਸ਼ਖ਼ਸ ਵੀ ਬੱਚਾ ਗੋਦ ਲੈ ਸਕਦਾ ਹੈ। ਬੱਚਾ ਗੋਦ ਲੈਣ ਲਈ ਜ਼ਰੂਰੀ ਹੈ ਕਿ ਸੈਂਟਰਲ ਅਡੋਪਸ਼ਨ ਰਿਸੋਰਸ ਅਥਾਰਿਟੀ ਅਧੀਨ ਰਜਿਸਟਰੇਸ਼ਨ ਕਰਵਾਈ ਜਾਵੇ।"

ਸੈਂਟਰਲ ਅਡਾਪਸ਼ਨ ਰਿਸੋਰਸ ਅਥੌਰਿਟੀ (CARA) ਨੋਡਲ ਏਜੰਸੀ ਦੀ ਤਰ੍ਹਾਂ ਕੰਮ ਕਰਦੀ ਹੈ। ਇਹ ਮੁੱਖ ਤੌਰ 'ਤੇ ਅਨਾਥ, ਛੱਡੇ ਗਏ ਬੱਚੇ ਅਤੇ ਆਤਮ-ਸਮਰਪਣ ਕਰਨ ਵਾਲੇ ਬੱਚਿਆਂ ਦੀ ਗੋਦ ਲਈ ਕੰਮ ਕਰਦੀ ਹੈ।

ਇਸ ਸਬੰਧੀ ਪੂਰੀ ਪ੍ਰਕਿਰਿਆ ਦਾ ਵੇਰਵਾ ਸੈਂਟਰਲ (CARA) ਦੀ ਵੈੱਬਸਾਈਟ 'ਤੇ ਦਿੱਤਾ ਹੋਇਆ ਹੈ।

ਇਹ ਵੀ ਪੜ੍ਹੋ:

ਕੌਣ ਬੱਚੇ ਗੋਦ ਲੈਣ ਦਾ ਹੱਕਦਾਰ?

  • ਕੋਈ ਵੀ ਭਾਰਤੀ ਕੁਆਰਾ ਜਾਂ ਵਿਆਹਿਆ ਸ਼ਖ਼ਸ ਬੱਚਾ ਗੋਦ ਲੈਣ ਦਾ ਹੱਕਦਾਰ ਹੈ।
  • ਐੱਨਆਰਆਈ ਬੱਚਾ ਗੋਦ ਲੈ ਸਕਦੇ ਹਨ।
  • ਭਾਰਤ ਵਿੱਚ ਰਹਿ ਰਿਹਾ ਕੋਈ ਵੀ ਵਿਦੇਸ਼ੀ ਵਿਅਕਤੀ ਬੱਚੇ ਨੂੰ ਗੋਦ ਲੈ ਸਕਦਾ ਹੈ।
  • ਵਿਦੇਸ਼ ਵਿੱਚ ਰਹਿੰਦਾ ਕੋਈ ਵੀ ਗੈਰ-ਭਾਰਤੀ ਬੱਚਾ ਗੋਦ ਲੈ ਸਕਦਾ ਹੈ।
  • ਕੋਈ ਵੀ ਰਿਸ਼ਤੇਦਾਰ ਬੱਚੇ ਨੂੰ ਗੋਦ ਲੈ ਸਕਦਾ ਹੈ।

ਇਨ੍ਹਾਂ ਸਭ ਵਰਗਾਂ ਲਈ ਨਿਯਮ ਜ਼ਰੂਰ ਵੱਖੋ-ਵੱਖਰੇ ਹਨ।

ਭਾਰਤ 'ਚ ਰਹਿੰਦੇ ਨਾਗਰਿਕਾਂ ਲਈ ਪ੍ਰਕਿਰਿਆ

  • ਭਾਰਤੀ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਅਨਾਥ ਜਾਂ ਛੱਡੇ ਗਏ ਬੱਚੇ ਨੂੰ ਗੋਦ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਪੈਸ਼ਲਾਈਜ਼ਡ ਅਡੌਪਸ਼ਨ ਏਜੰਸੀਆਂ ਤੋਂ ਹੀ ਬੱਚੇ ਗੋਦ ਲੈਣੇ ਚਾਹੀਦੇ ਹਨ। ਇਸ ਲਈ ਚਾਈਲਡ ਅਡੋਪਸ਼ਨ ਰਿਸੋਰਸ ਇਨਫਰਮੇਸ਼ਨ ਐਂਡ ਗਾਈਡੈਂਸ ਸਿਸਟਮ ਰਾਹੀਂ ਆਨਲਾਈਨ ਫਾਰਮ ਭਰ ਕੇ ਰਜਿਸਟਰ ਕਰਨਾ ਚਾਹੀਦਾ ਹੈ।
  • ਭਾਵੀ ਮਾਪਿਆਂ ਨੂੰ ਫਾਰਮ ਵਿੱਚ ਉਸ ਸੂਬੇ ਜਾਂ ਸੂਬਿਆਂ ਦਾ ਬਦਲ ਦੱਸਣਾ ਚਾਹੀਦਾ ਹੈ ਜਿੱਥੇ ਉਹ ਬੱਚਾ ਗੋਦ ਲੈਣਾ ਚਾਹੁੰਦੇ ਹਨ।
  • ਰਜਿਸਟਰੇਸ਼ਨ ਹੋਣ ਦੇ 30 ਦਿਨਾਂ ਅੰਦਰ ਸਾਰੇ ਦਸਤਾਵੇਜ ਅਪਲੋਡ ਕਰਨੇ ਜ਼ਰੂਰੀ ਹਨ।
  • ਭਾਵੀ ਮਾਪਿਆਂ ਨੂੰ ਤਿੰਨ ਬੱਚਿਆਂ ਦੀ ਆਨਲਾਈਨ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵਿੱਚ ਫੋਟੋਆਂ, ਬੱਚੇ ਦੀ ਪੜ੍ਹਾਈ ਦੀ ਰਿਪੋਰਟ ਅਤੇ ਮੈਡੀਕਲ ਜਾਂਚ ਰਿਪੋਰਟ ਸ਼ਾਮਿਲ ਹੁੰਦੀ ਹੈ।
  • ਫਿਰ ਗੋਦ ਲੈਣ ਵਾਲੇ ਮਾਪਿਆਂ ਦੀ ਗੋਦ ਕਮੇਟੀ (ਅਡੌਪਸ਼ਨ ਕਮੇਟੀ) ਨਾਲ ਮੀਟਿੰਗ ਤੈਅ ਕੀਤੀ ਜਾਂਦੀ ਹੈ।
  • ਉਨ੍ਹਾਂ ਦੀ ਬੱਚੇ ਨਾਲ ਵੀ ਮੁਲਾਕਾਤ ਕਰਵਾਈ ਜਾਂਦੀ ਹੈ।
  • ਵਿਸ਼ੇਸ਼ ਅਡੌਪਸ਼ਨ ਕਮੇਟੀ ਵੱਲੋਂ ਭਾਵੀ ਮਾਪਿਆਂ ਨੂੰ ਗੋਦ ਲੈਣ ਦੇ ਕਾਬਿਲ ਕਰਾਰ ਹੋਣਾ ਜ਼ੂਰਰੀ ਹੈ।
  • ਜੋ ਬੱਚਾ ਗੋਦ ਲੈਣਾ ਹੈ ਉਹ ਤੈਅ ਹੋਣ ਤੋਂ ਬਾਅਦ ਪੂਰੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ 20 ਦਿਨ ਲਗਦੇ ਹਨ।
  • ਜੇ ਕਮੇਟੀ ਵੱਲੋਂ ਮਾਪਿਆਂ ਦੀ ਚੋਣ ਨਹੀਂ ਹੁੰਦੀ ਹੈ ਤਾਂ ਉਸ ਦਾ ਵੇਰਵਾ ਦੇਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ:

ਮਾਪਿਆਂ ਲਈ ਯੋਗਤਾ

ਭਾਵੀ ਮਾਪੇ ਸਰੀਰਕ, ਮਾਨਸਿਕ, ਭਾਵਨਾਵਾਂ ਅਤੇ ਵਿੱਤੀ ਤੌਰ 'ਤੇ ਤੰਦਰੁਸਤ ਹੋਣੇ ਜ਼ਰੂਰੀ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ਵਾਲੀ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ।

ਪਤੀ-ਪਤਨੀ ਦੋਹਾਂ ਦੀ ਰਜ਼ਾਮੰਦੀ ਜ਼ਰੂਰੀ ਹੈ।

ਕੁਆਰੀ ਔਰਤ ਕੁੜੀ ਜਾਂ ਮੁੰਡਾ ਕੋਈ ਵੀ ਬੱਚਾ ਗੋਦ ਲੈ ਸਕਦਾ ਹੈ।

ਕੁਆਰਾ ਮਰਦ ਸਿਰਫ਼ ਮੁੰਡਾ ਹੀ ਗੋਦ ਲੈ ਸਕਦਾ ਹੈ।

ਕਿਸੇ ਵੀ ਜੋੜੇ ਨੂੰ ਵਿਆਹ ਦੇ ਘੱਟੋ-ਘੱਟ ਦੋ ਸਾਲ ਪੂਰੇ ਹੋਣੇ ਜ਼ੂਰੂਰੀ ਹਨ।

ਬੱਚਾ ਗੋਦ ਲੈਣ ਲਈ ਉਮਰ

  • ਚਾਰ ਸਾਲ ਤੱਕ ਦਾ ਬੱਚਾ ਗੋਦ ਲੈਣ ਲਈ ਜੋੜੇ ਦੀ ਉਮਰ 90 ਸਾਲ ਤੱਕ ਹੋ ਸਕਦੀ ਹੈ ਜਦੋਂਕਿ ਇਕੱਲੇ ਸ਼ਖ਼ਸ ਦੀ ਉਮਰ ਵੱਧ ਤੋਂ ਵੱਧ 45 ਸਾਲ ਹੋਣੀ ਚਾਹੀਦੀ ਹੈ।
  • 4-8 ਸਾਲ ਤੱਕ ਦਾ ਬੱਚਾ ਗੋਦ ਲੈਣ ਲਈ ਮਾਪਿਆਂ ਦੀ ਉਮਰ ਵੱਧ ਤੋਂ ਵੱਧ 100 ਸਾਲ ਹੋ ਸਕਦੀ ਹੈ ਜਦੋਂਕਿ ਇਕੱਲੇ ਸ਼ਖ਼ਸ ਦੀ ਉਮਰ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਹੈ।
  • 8-18 ਸਾਲ ਤੱਕ ਦਾ ਬੱਚਾ ਗੋਦ ਲੈਣ ਲਈ ਮਾਪਿਆਂ ਦੀ ਵੱਧ ਤੋਂ ਵੱਧ ਉਮਰ 110 ਸਾਲ ਹੋ ਸਕਦੀ ਹੈ ਜਦੋਂ ਕਿ ਇਕੱਲੇ ਸ਼ਖ਼ਸ ਦੀ ਉਮਰ ਵੱਧ ਤੋਂ ਵੱਧ 55 ਸਾਲ ਹੋਣੀ ਚਾਹੀਦੀ ਹੈ।
  • ਮਾਪਿਆਂ ਅਤੇ ਬੱਚੇ ਵਿਚਾਲੇ ਘੱਟੋ-ਘੱਟ 25 ਸਾਲ ਦਾ ਫਰਕ ਹੋਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ:

ਗੋਦ ਲੈਣ ਵੇਲੇ ਇਹ ਨਹੀਂ ਕਰਨਾ ਚਾਹੀਦਾ

  • ਕਿਸੇ ਵੀ ਨਰਸਿੰਗ ਹੋਮ, ਹਸਪਤਾਲ, ਜ਼ੱਚਾ ਘਰ, ਗੈਰ-ਰਜਿਸਟਰਡ ਸੰਸਥਾ ਜਾਂ ਕਿਸੇ ਸ਼ਖ਼ਸ ਤੋਂ ਬੱਚਾ ਗੋਦ ਨਹੀਂ ਲੈਣਾ ਚਾਹੀਦਾ।
  • ਕੋਈ ਵੀ ਗਲਤ ਦਸਤਾਵੇਜ ਅਪਲੋਡ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੀ ਰਜਿਸਟਰੇਸ਼ਨ ਰੱਦ ਹੋ ਸਕਦੀ ਹੈ।
  • ਗਾਈਡਲਾਈਨ ਵਿੱਚ ਲਿਖੀ ਫੀਸ ਤੋਂ ਅਲਾਵਾ ਕੋਈ ਹੋਰ ਪੈਸੇ ਦੇਣ ਦੀ ਲੋੜ ਨਹੀਂ।
  • ਵਿਚੌਲੀਆਂ ਤੋਂ ਦੂਰ ਰਹੋ। ਗੋਦ ਲੈਣ ਦੀ ਨੀਤੀ ਵਿੱਚ ਕੋਈ ਵੀ ਵਿਚੌਲਾ ਨਹੀਂ ਹੈ।
  • ਗੈਰ-ਕਾਨੂੰਨੀ ਤਰੀਕੇ ਨਾਲ ਗੋਦ ਲੈਣ ਕਾਰਨ ਤੁਸੀਂ ਬੱਚੇ ਦੀ ਤਸਕਰੀ ਦਾ ਹਿੱਸਾ ਬਣ ਜਾਓਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)