26 ਸਾਲ ਤੋਂ 'ਦੁਨੀਆਂ ਦੇ ਸਭ ਤੋਂ ਇਕੱਲੇ ਰਹਿ ਰਹੇ ਆਦਮੀ' ਦੀ ਮੌਤ, 4 ਸਾਲ ਪਹਿਲਾਂ ਦਿਖੀ ਸੀ ਵੀਡੀਓ

    • ਲੇਖਕ, ਵਿਕੀ ਬੇਕਰ
    • ਰੋਲ, ਬੀਬੀਸੀ ਨਿਊਜ਼

ਦੁਨੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਾ ਰੱਖ਼ਣ ਵਾਲੇ ਬ੍ਰਾਜ਼ੀਲ ਦੇ ਜੰਗਲਾਂ ਵਿਚ ਵਸਦੇ ਆਦਿਵਾਸੀ ਨਿਵਾਸੀਆਂ ਦੇ ਸਮੂਹ ਦੇ ਆਖ਼ਰੀ ਵਿਅਕਤੀ ਦੀ ਵੀ ਮੌਤ ਹੋ ਗਈ ਹੈ।

ਇਸ ਵਿਅਕਤੀ ਦਾ ਨਾਮ ਦਾ ਕਿਸੇ ਨੂੰ ਪਤਾ ਨਹੀਂ ਸੀ। ਇਹ ਪਿਛਲੇ 26 ਸਾਲਾਂ ਤੋਂ ਪੂਰੀ ਤਰ੍ਹਾਂ ਇਕੱਲਾ ਹੀ ਰਹਿ ਰਿਹਾ ਸੀ।

ਉਸ ਨੂੰ 'ਮੈਨ ਆਫ਼ ਦਾ ਹੋਲ' ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਉਸ ਨੇ ਡੂੰਘੇ ਟੋਏ ਪੁੱਟੇ ਸਨ।

ਜਿਨ੍ਹਾਂ ਵਿੱਚੋਂ ਕੁਝ ਵਿਚ ਨੂੰ ਜਾਨਵਰਾਂ ਨੂੰ ਫਸਾਉਣ ਲਈ ਵਰਤਦਾ ਸੀ, ਜਦਕਿ ਕੁਝ ਨੂੰ ਉਹ ਆਪਣੇ ਲੁਕਣ ਲਈ ਵਰਤਦਾ ਸੀ।

ਉਸ ਦੀ ਲਾਸ਼ 23 ਅਗਸਤ ਨੂੰ ਉਸ ਦੀ ਕੱਖਾਂ ਵਾਲੀ ਝੌਂਪੜੀ ਦੇ ਬਾਹਰ ਇੱਕ ਝੂਲੇ ਵਿੱਚ ਮਿਲੀ ਸੀ। ਉੱਥੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਕੋਈ ਸੰਕੇਤ ਨਹੀਂ ਸਨ।

ਮੰਨਿਆ ਜਾਂਦਾ ਹੈ ਕਿ ਉਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ 60 ਸਾਲ ਦੀ ਅੰਦਾਜ਼ਨ ਉਮਰ ਵਿੱਚ ਹੋਈ ਹੈ।

ਇਹ ਆਦਮੀ ਬੋਲੀਵੀਆ ਦੀ ਸਰਹੱਦ ਨਾਲ ਲੱਗਦੇ ਰੋਂਡੋਨੀਆ ਰਾਜ ਦੇ ਤਾਨਾਰੂ ਖੇਤਰ ਵਿੱਚ ਰਹਿਣ ਵਾਲੇ ਇੱਕ ਆਦਿਵਾਸੀ ਸਮੂਹ ਵਿੱਚੋਂ ਆਖ਼ਰੀ ਸੀ।

  • ਬ੍ਰਾਜ਼ੀਲ ਦੇ ਜੰਗਲਾਂ 'ਚ ਵਸਦੇ ਆਦਿਵਾਸੀ ਨਿਵਾਸੀਆਂ ਦੇ ਸਮੂਹ ਦੇ ਆਖ਼ਰੀ ਵਿਅਕਤੀ ਦੀ ਵੀ ਮੌਤ ਹੋ ਗਈ ਹੈ।
  • ਇਹ ਬ੍ਰਾਜ਼ੀਲ ਦੇ ਅਮੇਜ਼ਨ ਜੰਗਲਾਂ ਵਿੱਚ ਪਿਛਲੇ 26 ਸਾਲਾਂ ਤੋਂ ਪੂਰੀ ਤਰ੍ਹਾਂ ਇਕੱਲਾ ਹੀ ਰਹਿ ਰਿਹਾ ਸੀ।
  • ਉਸ ਨੂੰ 'ਮੈਨ ਆਫ਼ ਦਾ ਹੋਲ' ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਉਸ ਨੇ ਡੂੰਘੇ ਟੋਏ ਪੁੱਟੇ ਸਨ।
  • 2018 ਵਿਚ ਇਸ ਵਿਅਕਤੀ ਦੀ ਇੱਕ ਵੀਡੀਓ ਫੁਟੇਜ ਸਾਹਮਣੇ ਆਈ ਸੀ।

2018 ਵਿਚ ਦਿਖੀ ਸੀ ਫੁਟੇਜ਼

2018 ਵਿਚ ਇਸ ਵਿਅਕਤੀ ਦੀ ਇੱਕ ਵੀਡੀਓ ਫੁਟੇਜ ਸਾਹਮਣੇ ਆਈ ਸੀ, ਜਿਸ ਵਿੱਚ ਦਿਖ ਰਹੇ ਇਸ ਆਦਿਵਾਸੀ ਵਿਅਕਤੀ ਨੂੰ ਉਸ ਦੀ ''ਦੁਨੀਆਂ ਦਾ ਇਕੱਲਾ ਆਦਮੀ'' ਕਿਹਾ ਜਾ ਰਿਹਾ ਸੀ।

ਉਦੋਂ ਕਿਹਾ ਗਿਆ ਸੀ ਕਿ ਕਰੀਬ 50 ਸਾਲ ਦੀ ਉਮਰ ਦਾ ਇਹ ਆਦਮੀ ਆਪਣੇ ਕਬੀਲੇ ਦੇ ਸਾਰੇ ਮੈਂਬਰਾਂ ਦੇ ਮਾਰੇ ਜਾਣ ਤੋਂ ਬਾਅਦ ਪਿਛਲੇ 22 ਸਾਲਾਂ ਤੋਂ ਬ੍ਰਾਜ਼ੀਲ ਦੀ ਅਮੇਜ਼ਨ ਜੰਗਲਾਂ ਵਿੱਚ ਇਕੱਲਾ ਰਹਿ ਰਿਹਾ ਹੈ।

ਬ੍ਰਾਜ਼ੀਲ ਦੀ ਸਰਕਾਰੀ ਏਜੰਸੀ ਫੁਨਾਈ ਵੱਲੋਂ ਜਾਰੀ ਕੀਤਾ ਗਿਆ ਇਹ ਵੀਡੀਓ ਕਾਫ਼ੀ ਹਿੱਲ ਰਿਹਾ ਸੀ। ਜਿਸ ਨੂੰ ਕੁਝ ਦੂਰੀ ਤੋਂ ਫਿਲਮਾਇਆ ਗਿਆ ਸੀ। ਇਸ ਵੀਡੀਓ ਵਿੱਚ ਇੱਕ ਆਦਮੀ ਕੁਲਹਾੜੀ ਨਾਲ ਇੱਕ ਦਰਖ਼ਤ ਕੱਟਦਾ ਦਿਖਾਈ ਦੇ ਰਿਹਾ ਸੀ।

ਇਸ ਵੀਡੀਓ ਨੂੰ ਦੁਨੀਆਂ ਭਰ ਵਿੱਚ ਸ਼ੇਅਰ ਕੀਤਾ ਗਿਆ ਪਰ ਇਸ ਵੀਡੀਓ ਦੀ ਕਹਾਣੀ ਵਿੱਚ ਹੋਰ ਵੀ ਬਹੁਤ ਕੁਝ ਹੈ।

ਇਹ ਵੀ ਪੜ੍ਹੋ-

ਇਸ ਨੂੰ ਕਿਉਂ ਫਿਲਮਾਇਆ ਗਿਆ?

ਫੁਨਾਈ ਦੀ ਟੀਮ ਇਸ ਆਦਮੀ ਦੀ 1996 ਤੋਂ ਹੀ ਨਿਗਰਾਨੀ ਕਰ ਰਹੀ ਸੀ ਅਤੇ ਉੱਤਰ-ਪੱਛਮੀ ਸੂਬੇ ਰੋਂਡੋਨੀਆ ਦੇ ਉਸ ਇਲਾਕੇ ਵਿੱਚ ਜਿੱਥੇ ਉਹ ਰਹਿੰਦਾ ਸੀ।

ਕਿਹਾ ਗਿਆ ਸੀ ਕਿ ਉਸ ਨੂੰ ਸੀਮਿਤ ਖੇਤਰ ਵਿੱਚ ਬਣਾਏ ਰੱਖਣ ਲਈ, ਉਸ ਨੂੰ ਜਿਉਂਦਾ ਦੱਸਣ ਵਾਲੇ ਵੀਡੀਓ ਦੁਨੀਆਂ ਨੂੰ ਦਿਖਾਉਣ ਦੀ ਲੋੜ ਸੀ।

ਇਹ ਇਲਾਕਾ ਕਰੀਬ 4 ਹਜ਼ਾਰ ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਜਿਹੜਾ ਖੇਤਾਂ ਅਤੇ ਕੱਟੇ ਹੋਏ ਜੰਗਲਾਂ ਨਾਲ ਘਿਰਿਆ ਹੈ, ਪਰ ਨਿਯਮ ਲੋਕਾਂ ਨੂੰ ਇਸ ਇਲਾਕੇ ਵਿੱਚ ਵੜਨ ਅਤੇ ਇਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਤੋਂ ਰੋਕਦੇ ਹਨ।

ਬ੍ਰਾਜ਼ੀਲ ਦੇ ਸੰਵਿਧਾਨ ਮੁਤਾਬਕ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਜ਼ਮੀਨ ਦਾ ਅਧਿਕਾਰ ਹਾਸਲ ਹੈ।

ਆਦਿਵਾਸੀਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਮੂਹ ਸਰਵਾਈਵਲ ਇੰਟਰਨੈਸ਼ਨਲ ਦੀ ਰਿਸਰਚ ਅਤੇ ਐਡਵਕੇਸੀ ਡਾਇਰੈਕਟਰ ਫਿਓਨਾ ਵਾਟਸਨ ਦੱਸਿਆ ਸੀ,''ਉਨ੍ਹਾਂ ਨੂੰ ਲਗਾਤਾਰ ਇਹ ਸਾਬਤ ਕਰਨਾ ਹੁੰਦਾ ਹੈ ਕਿ ਇਹ ਆਦਮੀ ਜਿਉਂਦਾ ਹੈ।''

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਸੀ,''ਇਸ ਵੀਡੀਓ ਨੂੰ ਜਾਰੀ ਕਰਨ ਪਿੱਛੇ ਇੱਕ ਸਿਆਸੀ ਕਾਰਨ ਵੀ ਹੈ। ਕਾਂਗਰਸ ਵਿੱਚ ਖੇਤੀ ਵਪਾਰ ਕਰਨ ਵਾਲਿਆਂ ਦਾ ਬੋਲਬਾਲਾ ਹੈ, ਫੁਨਾਈ ਦਾ ਬਜਟ ਘਟਾ ਦਿੱਤਾ ਗਿਆ ਹੈ। ਇਸ ਦੇਸ ਵਿੱਚ ਇੱਥੋਂ ਦੇ ਮੂਲ ਨਿਵਾਸੀਆਂ ਦੇ ਅਧਿਕਾਰਾਂ 'ਤੇ ਵੱਡਾ ਹਮਲਾ ਕੀਤਾ ਜਾ ਰਿਹਾ ਹੈ।"

ਪਹਿਲਾਂ ਵੀ ਕਿਸਾਨਾਂ ਨਾਲ ਫੁਨਾਈ ਦਾ ਆਪਣੇ ਦਾਅਵਿਆਂ ਨੂੰ ਲੈ ਕੇ ਵਿਵਾਦ ਹੋ ਚੁੱਕਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਇਸ ਆਦਮੀ ਬਾਰੇ ਕੀ ਪਤਾ ਹੈ?

ਇਹ ਆਦਮੀ ਕੋਈ ਖੋਜ ਰਿਪੋਰਟਸ, ਲੇਖਾਂ ਅਤੇ ਅਮਰੀਕੀ ਪੱਤਰਕਾਰ ਮੋਂਟੋ ਰੀਲ ਦੀ ਇੱਕ ਕਿਤਾਬ 'ਦਿ ਲਾਸਟ ਆਫ਼ ਦਿ ਟਰਾਈਬ: ਦਿ ਐਪਿਕ ਕਵੈਸਟ ਟੂ ਸੇਵ ਏ ਲੋਨ ਮੈਨ ਇਨ ਦਿ ਅਮੇਜ਼ਨ' ਦਾ ਵਿਸ਼ਾ ਰਿਹਾ ਹੈ। ਬਾਵਜੂਦ ਇਸਦੇ ਇਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ।

ਇਸ ਆਦਮੀ ਨੂੰ ਗੈਰ ਸੰਪਰਕ ਕੈਟੇਗਰੀ ਵਿੱਚ ਰੱਖਿਆ ਗਿਆ ਹੈ। ਮਤਲਬ ਕਿ ਕਿਸੇ ਵੀ ਸ਼ਖ਼ਸ ਨੇ ਕਦੇ ਇਸ ਨਾਲ ਗੱਲ ਨਹੀਂ ਕੀਤੀ ( ਜਿੱਥੇ ਤੱਕ ਇਹ ਜਾਣਕਾਰੀ ਹੈ)।

ਮੰਨਿਆ ਜਾਂਦਾ ਹੈ ਕਿ ਇਹ ਆਦਮੀ 1995 ਵਿੱਚ ਕਿਸਾਨਾਂ ਦੇ ਹਮਲੇ 'ਚ ਬਚੇ 6 ਲੋਕਾਂ ਦੇ ਸਮੂਹ ਦਾ ਇਕਲੌਤਾ ਮੈਂਬਰ ਸੀ।

ਉਨ੍ਹਾਂ ਦੀ ਜਾਤ ਨੂੰ ਕਦੇ ਕੋਈ ਕੰਮ ਨਹੀਂ ਦਿੱਤਾ ਗਿਆ ਅਤੇ ਇਹ ਵੀ ਨਹੀਂ ਪਤਾ ਕਿ ਉਹ ਕਿਹੜੀ ਭਾਸ਼ਾ ਵਰਤਦੇ ਹਨ।

ਸਾਲਾਂ ਤੋਂ ਬ੍ਰਾਜ਼ੀਲ ਦੀ ਮੀਡੀਆ ਉਨ੍ਹਾਂ ਨੂੰ 'ਦਿ ਹੋਲ ਇੰਡੀਅਨ' ਕਹਿੰਦੀ ਰਹੀ ਹੈ ਕਿਉਂਕਿ ਉਹ ਆਪਣੇ ਪਿੱਛੇ ਡੂੰਘੇ ਨਿਸ਼ਾਨ ਛੱਡ ਜਾਂਦੇ ਸਨ। ਮੁਮਕਿਨ ਹੈ ਕਿ ਇਸ ਦੀ ਵਰਤੋਂ ਜਾਨਵਰਾਂ ਨੂੰ ਫਸਾਉਣ ਜਾਂ ਲੁਕਾਉਣ ਲਈ ਕੀਤੀ ਜਾਂਦੀ ਹੋਵੇ।

ਅਤੀਤ ਵਿੱਚ ਉਨ੍ਹਾਂ ਨੇ ਪੁਆਲ ਦੀ ਝੋਂਪੜੀ ਅਤੇ ਹੱਥੀ ਬਣੇ ਔਜਾਰ, ਜਿਵੇਂ ਕਿ ਰਾਲ (ਧੂਪ ਜਾਂ ਧੂਣੀ) ਦੀ ਮਸ਼ਾਲ ਅਤੇ ਤੀਰ ਵੀ ਆਪਣੇ ਪਿੱਛੇ ਛੱਡੇ ਸਨ ।

ਇਹ ਫੁਟੇਜ ਐਨੀ ਅਜੀਬ ਕਿਉਂ ਸੀ

ਹੁਣ ਤੱਕ ਇਸ ਆਦਮੀ ਦੀ ਸਿਰਫ਼ ਇੱਕ ਹੀ ਧੁੰਦਲੀ ਤਸਵੀਰ ਮੌਜੂਦ ਹੈ। ਜਿਸ ਨੂੰ ਉਸ ਫਿਲਮਕਾਰ ਨੇ ਲਿਆ ਸੀ, ਜਿਹੜਾ ਫੁਨਾਈ ਦੀ ਨਿਗਰਾਨੀ ਦੌਰਾਨ ਉਨ੍ਹਾਂ ਦੇ ਨਾਲ ਸਨ।

ਜਿਸ ਨੂੰ 1998 ਵਿੱਚ ਬ੍ਰਾਜ਼ੀਲ ਦੀ ਡਾਕੂਮੈਂਟਰੀ ਕੋਰੂੰਬੀਆਰਾ ਵਿੱਚ ਬਹੁਤ ਘੱਟ ਸਮੇਂ ਲਈ ਵਿਖਾਇਆ ਗਿਆ ਸੀ।

ਸਮਾਜਿਕ ਕਾਰਕੁਨ ਕਹਿੰਦੇ ਹਨ ਕਿ ਉਹ ਇਸ ਗੱਲ ਨਾਲ ਖੁਸ਼ ਹਨ ਅਤੇ ਹੈਰਾਨ ਵੀ ਹਨ ਕਿ ਵੀਡੀਓ ਵਿੱਚ ਇਸ ਆਦਮੀ ਦੀ ਸਿਹਤ ਚੰਗੀ ਦਿਖ ਰਹੀ ਹੈ।

ਫੁਨਾਈ ਦੇ ਸੂਬਾਈ ਕਨਵੀਨਰ ਅਲਟੇਅਰ ਅਲਗਾਇਰ ਨੇ ਗਾਰਡੀਅਨ ਨੂੰ ਕਿਹਾ ਸੀ, "ਉਹ ਸਿਹਤ ਪੱਖੋਂ ਠੀਕ ਦਿਖ ਰਿਹਾ ਹੈ, ਸ਼ਿਕਾਰ ਕਰ ਰਿਹਾ ਹੈ, ਪਪੀਤਾ ਅਤੇ ਮੱਕੀ ਉਗਾ ਰਿਹਾ ਹੈ।"

ਏਜੰਸੀ ਦੀ ਪਾਲਿਸੀ ਹੈ ਕਿ ਉਹ ਇਕੱਲੇ ਰਹਿ ਰਹੇ ਮੂਲ ਨਿਵਾਸੀਆਂ ਤੋਂ ਸਪੰਰਕ ਕਰਨ ਤੋਂ ਬਚਦੀ ਹੈ ।

ਅਤੀਤ ਵਿੱਚ ਉਸ ਆਦਮੀ ਨੇ ਉਸ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਤੀਰ ਚਲਾ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਬਾਹਰੀ ਲੋਕਾਂ ਨਾਲ ਨਹੀਂ ਮਿਲਣਾ ਚਾਹੁੰਦਾ ਸੀ।

ਉਸ ਇਲਾਕੇ ਵਿੱਚ ਜਾ ਕੇ ਉਸ ਆਦਮੀ ਨੇ ਤੰਬੂ ਨੂੰ ਦੇਖਣ ਵਾਲੀ ਫਿਓਨਾ ਵਾਟਸਨ ਕਹਿੰਦੀ ਸੀ, "ਉਸ ਨੂੰ ਐਨੇ ਡਰਾਵਨੇ ਤਜਰਬੇ ਹਨ ਕਿ ਉਹ ਬਾਹਰੀ ਦੁਨੀਆਂ ਨੂੰ ਬਹੁਤ ਖਤਰਨਾਕ ਥਾਂ ਦੇ ਰੂਪ ਵਿੱਚ ਦੇਖਦਾ ਹੈ।"

ਹਾਲਾਂਕਿ ਇਹ ਵੀਡੀਓ ਵਾਰ-ਵਾਰ ਦੇਖਣ ਵਾਲਾ ਹੈ, ਵਾਟਸਨ ਕਹਿੰਦੀ ਸੀ ਕਿ ਉਸ ਨੂੰ ਸੁਰੱਖਿਅਤ ਕੀਤਾ ਜਾਣਾ ਬਹੁਤ ਜ਼ਰੂਰੀ ਸੀ।

ਉਹ ਕਹਿੰਦੀ ਸੀ, "ਸਾਨੂੰ ਬਹੁਤ ਸਾਰੇ ਵੀਡੀਓਜ਼ ਪੇਸ਼ ਕੀਤੇ ਗਏ, ਪਰ ਉਨ੍ਹਾਂ ਨੂੰ ਪਬਲਿਸ਼ ਕਰਨ ਲਈ ਅਸਲ ਵਿੱਚ ਹੁਕਮ ਚਾਹੀਦੇ ਹੋਣਗੇ।"

ਕੀ ਉਹ ਬਹੁਤ ਖ਼ਤਰੇ ਵਿੱਚ ਸੀ?

ਵਧਦੀ ਵਪਾਰ ਦੀ ਮੰਗ ਨੂੰ ਪੂਰਾ ਕਰਨ ਦੌਰਾਨ 1970 ਅਤੇ 80 ਦੇ ਦਹਾਕੇ ਵਿੱਚ ਇਸ ਇਲਾਕੇ ਵਿੱਚ ਸੜਕ ਬਣਾਏ ਜਾਣ ਦੌਰਾਨ ਇਸ ਜਾਤ ਦੇ ਵਧੇਰੇ ਲੋਕ ਤਬਾਹ ਹੋ ਗਏ ਸਨ।

ਕਿਸਾਨ ਅਤੇ ਗ਼ੈਰ ਕਾਨੂੰਨੀ ਲੱਕੜ ਕੱਟਣ ਵਾਲੇ ਅੱਜ ਵੀ ਉਨ੍ਹਾਂ ਦੀ ਜ਼ਮੀਨ ਖੋਹਣ ਨੂੰ ਬੈਠੇ ਹਨ।

ਉਸ ਦਾ ਪਿਸਤੌਲ ਲਏ ਲੋਕਾਂ ਨਾਲ ਵੀ ਸਾਹਮਣਾ ਹੋ ਸਕਦਾ ਸੀ, ਜੋ ਦਰਅਸਲ ਆਪਣੇ ਮਵੇਸ਼ੀਆਂ ਨੂੰ ਚਰਾਉਣ ਦੌਰਾਨ ਇਸ ਇਲਾਕੇ ਦੀ ਗਸ਼ਤ ਕਰਨ ਲਈ ਬੰਦੂਕਾਂ ਕਿਰਾਏ 'ਤੇ ਲੈਂਦੇ ਸਨ।

2009 ਵਿੱਚ ਫੁਨਾਈ ਦੇ ਬਣਾਏ ਗਏ ਅਸਥਾਈ ਕੈਂਪ ਨੂੰ ਇੱਕ ਅਜਿਹੇ ਹੀ ਸਸ਼ਤਰ ਸਮੂਹ ਨੇ ਬਰਬਾਦ ਕਰ ਦਿੱਤਾ ਸੀ ਅਤੇ ਸਪੱਸ਼ਟ ਖ਼ਤਰੇ ਵਜੋਂ ਆਪਣੇ ਪਿੱਛੇ ਬੰਦੂਕਾਂ ਦੀਆਂ ਗੋਲੀਆਂ ਛੱਡ ਗਏ ਸਨ।

ਸਵਾਈਵਲ ਇੰਟਨੈਸ਼ਨਲ ਮੁਤਾਬਤ ਬ੍ਰਾਜ਼ੀਲ ਦੇ ਅਮੇਜ਼ਨ ਰੇਨ ਫੌਰੈਸਟ ਵਿੱਚ ਦੁਨੀਆਂ ਦੇ ਕਿਸੇ ਵੀ ਕੋਨੇ ਨਾਲੋਂ ਕਿਤੇ ਵੱਧ ਆਦੀਵਾਸੀ ਰਹਿੰਦੇ ਹਨ, ਜਿਨ੍ਹਾਂ ਨਾਲ ਅਜੇ ਤੱਕ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ।

ਇਨ੍ਹਾਂ ਜਾਤੀਆਂ ਦਾ ਇਮਿਊਨਿਟੀ ਪੱਧਰ (ਰੋਗਾਂ ਨਾਲ ਲੜਨ ਦੀ ਸਮਰੱਥਾ) ਬਹੁਤ ਘੱਟ ਹੁੰਦਾ ਹੈ, ਇਸ ਲਈ ਬਾਹਰੀ ਦੁਨੀਆਂ ਦੇ ਲੋਕਾਂ ਨਾਲ ਸੰਪਰਕ ਵਿੱਚ ਆਉਣ 'ਤੇ ਇਨ੍ਹਾਂ ਫਲੂ, ਚੇਚਕ ਜਾਂ ਹੋਰ ਆਮ ਬਿਮਾਰੀਆਂ ਨਾਲ ਮੌਤ ਦਾ ਖ਼ਤਰਾ ਵੀ ਹੈ।

ਵਾਟਸਨ ਨੇ ਦੱਸਿਆ ਸੀ, "ਇੱਕ ਤਰ੍ਹਾਂ ਨਾਲ ਅਸੀਂ ਉਨ੍ਹਾਂ ਬਾਰੇ ਬਹੁਤ ਕੁਝ ਜਾਨਣ ਦੀ ਲੋੜ ਨਹੀਂ ਹੈ ਪਰ ਨਾਲ ਹੀ ਇਹ ਇਸ ਜ਼ਬਰਦਸਤ ਇਨਸਾਨੀ ਵਖਰੇਵਿਆਂ ਦਾ ਪ੍ਰਤੀਕ ਵੀ ਹੈ, ਜਿਸ ਨੂੰ ਅਸੀਂ ਗੁਆਉਂਦੇ ਜਾ ਰਹੇ ਹਾਂ।"

ਇਹ ਵੀ ਪੜ੍ਹੋ :

ਇਹ ਵੀਡੀਓ ਵੀ ਦੇਖੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)