You’re viewing a text-only version of this website that uses less data. View the main version of the website including all images and videos.
ਬਿਰਸਾ ਮੁੰਡਾ: ਮੋਦੀ ਜਿਸ ਨੂੰ 'ਭਗਵਾਨ' ਅਤੇ ਕਿਸਾਨ ਆਪਣਾ 'ਹੀਰੋ' ਕਹਿ ਕੇ ਯਾਦ ਕਰ ਰਹੇ ਹਨ
- ਲੇਖਕ, ਆਨੰਦ ਦੱਤ
- ਰੋਲ, ਰਾਂਚੀ ਤੋਂ, ਬੀਬੀਸੀ ਲਈ
"ਭਗਵਾਨ ਬਿਰਸਾ ਮੁੰਡਾ ਜੀ, ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਆਦਰ ਸਹਿਤ ਸ਼ਰਧਾਂਜਲੀ, ਉਹ ਅਜ਼ਾਦੀ ਅੰਦੋਲਨ ਨੂੰ ਤੇਜ਼ ਕਰਨ ਦੇ ਨਾਲ ਨਾਲ ਆਦਿਵਾਸੀ ਸਮਾਜ ਦੇ ਹਿੱਤਾਂ ਦੀ ਰੱਖਿਆ ਲਈ ਸਦਾ ਸੰਘਰਸ਼ੀਲ ਰਹੇ।"
"ਦੇਸ਼ ਲਈ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਬਿਰਸਾ ਮੁੰਡਾ ਨੂੰ ਯਾਦ ਕਰਦਿਆਂ ਕੀਤਾ।
ਇਸ ਦੇ ਨਾਲ ਦਿੱਲੀ ਦੇ ਬਾਰਡਰਾਂ ਉੱਤੇ ਮੋਦੀ ਸਰਕਾਰ ਦੇ ਖ਼ਿਲਾਫ਼ ਮੋਰਚਾ ਲਈ ਬੈਠੇ ਕਿਸਾਨ ਵੀ ਬਿਰਸਾ ਮੁੰਡਾ ਅੱਜ ਦੇ ਦਿਨ ਯਾਦ ਕਰਕੇ ਸ਼ਰਧਾਂਜਲੀ ਦੇ ਰਹੇ ਹਨ।
ਬਿਰਸਾ ਮੁੰਡਾ ਆਦਿਵਾਸੀ ਸਮਾਜ ਦੇ ਅਜਿਹੇ ਨਾਇਕ ਰਹੇ, ਜਿਨ੍ਹਾਂ ਨੂੰ ਆਦਿਵਾਸੀ ਲੋਕ ਅੱਜ ਵੀ ਮਾਣ ਨਾਲ ਯਾਦ ਕਰਦੇ ਹਨ।
ਆਦਿਵਾਸੀਆਂ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਬਿਰਸਾ ਮੁੰਡਾ ਨੇ ਉਦੋਂ ਬ੍ਰਿਟਿਸ਼ ਸ਼ਾਸਨ ਨਾਲ ਵੀ ਲੋਹਾ ਲਿਆ ਸੀ।
ਉਨ੍ਹਾਂ ਦੇ ਯੋਗਦਾਨ ਕਰਕੇ ਹੀ ਉਨ੍ਹਾਂ ਦੀ ਤਸਵੀਰ ਭਾਰਤੀ ਸੰਸਦ ਦੇ ਮਿਊਜ਼ੀਅਮ ਵਿੱਚ ਲੱਗੀ ਹੋਈ ਹੈ।
ਇਹ ਸਨਮਾਨ ਆਦਿਵਾਸੀ ਭਾਈਚਾਰੇ ਵਿੱਚ ਕੇਵਲ ਬਿਰਸਾ ਮੁੰਡਾ ਨੂੰ ਮਿਲ ਸਕਿਆ ਹੈ। ਬਿਰਸਾ ਮੁੰਡਾ ਦਾ ਜਨਮ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਵਿੱਚ ਹੋਇਆ ਸੀ।
ਉਨ੍ਹਾਂ ਦੇ ਜਨਮ ਦੇ ਸਾਲ ਅਤੇ ਤਰੀਕ ਨੂੰ ਲੈ ਕੇ ਵੱਖ-ਵੱਖ ਜਾਣਕਾਰੀ ਉਪਲੱਬਧ ਹੈ ਪਰ ਕਈ ਥਾਵਾਂ 'ਤੇ ਉਨ੍ਹਾਂ ਦੀ ਤਰੀਕ 15 ਨਵੰਬਰ, 1875 ਦਾ ਉਲੇਖ ਹੈ।
ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਰਹੇ ਕੁਮਾਰ ਸੁਰੇਸ਼ ਸਿੰਘ ਨੇ ਬਿਰਸਾ ਮੁੰਡਾ 'ਤੇ ਇੱਕ ਖੋਜ ਆਧਾਰਿਤ ਕਿਤਾਬ ਲਿਖੀ ਹੈ, ਇਸ ਕਿਤਾਬ ਦਾ ਸਿਰਲੇਖ ਹੈ 'ਬਿਰਸਾ ਮੁੰਡਾ ਅਤੇ ਉਨ੍ਹਾਂ ਦਾ ਅੰਦੋਲਨ।'
ਕੁਮਾਰ ਸੁਰੇਸ਼ ਸਿੰਘ ਛੋਟਾਨਗਰ ਦੇ ਕਮਿਸ਼ਨਰ ਰਹੇ ਅਤੇ ਉਨ੍ਹਾਂ ਨੇ ਆਦਿਵਾਸੀ ਸਮਾਜ ਦਾ ਵਿਸਥਾਰ ਵਿੱਚ ਅਧਿਐਨ ਕੀਤਾ ਸੀ।
ਕੁਮਾਰ ਨੂੰ ਗੁਜ਼ਰੇ 15 ਸਾਲ ਹੋਣ ਨੂੰ ਹੈ, ਪਰ ਬਿਰਸਾ ਮੁੰਡਾ 'ਤੇ ਉਨ੍ਹਾਂ ਦੀ ਕਿਤਾਬ ਪ੍ਰਮਾਣਿਤ ਕਿਤਾਬਾਂ ਵਿੱਚ ਗਿਣੀ ਜਾਂਦੀ ਹੈ।
ਇਸ ਕਿਤਾਬ ਮੁਤਾਬਕ ਬਿਰਸਾ ਮੁੰਡਾ ਦਾ ਜਨਮ ਦਾ ਸਾਲ 1872 ਹੈ। ਇਸ ਤੋਂ ਇਲਾਵਾ ਕਈ ਹੋਰ ਦਿਲਚਸਪ ਜਾਣਕਾਰੀਆਂ ਵੀ ਇਸ ਵਿੱਚ ਮੌਜੂਦ ਹਨ।
ਕਿਤਾਬ ਵਿੱਚ ਕਈ ਸਰੋਤਾਂ ਰਾਹੀਂ ਦੱਸਿਆ ਗਿਆ ਹੈ ਕਿ ਬਿਰਸਾ ਮੁੰਡਾ ਦੇ ਪਰਿਵਾਰ ਨੇ ਇਸਾਈ ਧਰਮ ਨੂੰ ਸਵੀਕਾਰ ਕਰ ਲਿਆ ਸੀ।
ਇਸਾਈਅਤ ਨਾਲ ਤੋੜਿਆ ਨਾਤਾ
ਕਿਤਾਬ ਮੁਤਾਬਕ, ਬਿਰਸਾ ਦੀ ਛੋਟੀ ਮਾਸੀ ਜੋਨੀ, ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਸੀ। ਆਪਣੇ ਵਿਆਹ ਤੋਂ ਬਾਅਦ ਉਹ ਬਿਰਸਾ ਨੂੰ ਆਪਣੇ ਨਾਲ ਹੀ ਸਹੁਰੇ ਪਿੰਡ ਖਟੰਗਾ ਲੈ ਗਈ।
ਇੱਥੇ ਇਸਾਈ ਧਰਮ ਦੇ ਇੱਕ ਪ੍ਰਚਾਰਕ ਨਾਲ ਉਨ੍ਹਾਂ ਦਾ ਸੰਪਰਕ ਹੋਇਆ। ਉਹ ਆਪਣੇ ਪ੍ਰਵਚਨਾਂ ਵਿੱਚ ਮੁੰਡਾਵਾਂ ਦੀ ਪੁਰਾਣੀ ਵਿਵਸਥਾ ਦੀ ਆਲੋਚਨਾ ਕਰਦੇ ਸਨ। ਇਹ ਗੱਲ ਉਨ੍ਹਾਂ ਬੁਰੀ ਲੱਗ ਗਈ।
ਇਹੀ ਕਾਰਨ ਸੀ ਕਿ ਮਿਸ਼ਨਰੀ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਵੀ ਉਹ ਆਪਣੇ ਆਦਿਵਾਸੀ ਤੌਰ 'ਤੇ ਤਰੀਕਿਆਂ ਵੱਲ ਮੁੜ ਆਏ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਪਰ ਇਸੇ ਦੌਰਾਨ ਉਨ੍ਹਾਂ ਦੇ ਜੀਵਨ ਵਿੱਚ ਇੱਕ ਅਹਿਮ ਮੋੜ ਆਇਆ, ਜਦੋਂ 1894 ਵਿੱਚ ਆਦਿਵਾਸੀਆਂ ਦੀ ਜ਼ਮੀਨ ਅਤੇ ਜੰਗਲ ਸਬੰਧੀ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਸਰਦਾਰ ਅੰਦੋਲਨ ਵਿੱਚ ਸ਼ਾਮਿਲ ਹੋਏ।
ਉਦੋਂ ਉਨ੍ਹਾਂ ਨੇ ਮਹਿਸੂਸ ਹੋਇਆ ਕਿ ਨਾ ਤਾਂ ਆਦਿਵਾਸੀ ਅਤੇ ਨਾ ਹੀ ਇਸਾਈ ਧਰਮ, ਇਸ ਅੰਦੋਲਨ ਨੂੰ ਤਰਜੀਹ ਦੇ ਰਹੇ ਹਨ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਵੱਖ ਧਾਰਮਿਕ ਢੰਗ ਦੀ ਵਿਆਖਿਆ ਕੀਤੀ, ਜਿਸ ਨੂੰ ਮੰਨਣ ਵਾਲਿਆਂ ਨੂੰ ਅੱਜ ਬਿਰਸਾਇਤ ਕਿਹਾ ਜਾਂਦਾ ਹੈ।
ਕੁਮਾਰ ਸੁਰੇਸ਼ ਸਿੰਘ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, "ਸੰਨ 1895 ਵਿੱਚ ਬਿਰਸਾ ਮੁੰਡਾ ਨੇ ਆਪਣੇ ਧਰਮ ਦੇ ਪ੍ਰਚਾਰ ਲਈ 12 ਚੇਲਿਆਂ ਨੂੰ ਨਿਯੁਕਤ ਕੀਤਾ। ਜਲਮਈ (ਚਾਈਬਾਸਾ) ਦੇ ਰਹਿਣ ਵਾਲੇ ਸੋਮਾ ਮੁੰਡਾ ਨੂੰ ਮੁਖੀ ਐਲਾਨ ਕੀਤਾ। ਉਨ੍ਹਾਂ ਨੂੰ ਧਰਮ-ਪੁਸਤਕ ਸੌਂਪੀ।"
ਇਸ ਲਿਹਾਜ਼ ਨਾਲ ਦੇਖੀਏ ਤਾਂ ਉਨ੍ਹਾਂ ਦੇ ਆਪਣੇ ਧਰਮ ਦੀ ਸਥਾਪਨਾ 1894-95 ਵਿਚਾਲੇ ਹੋਵੇਗੀ। ਬਿਰਸਾ ਨੂੰ ਭਗਵਾਨ ਜਾਂ ਆਪਣਾ ਹੀਰੋ ਮੰਨਣ ਵਾਲੇ ਲੱਖਾਂ ਲੋਕ ਹਨ।
ਸਾਲ 1901 ਵਿੱਚ ਬਿਰਸਾ ਮੁੰਡਾ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਚਲਾਏ ਅੰਦੋਲਨ ਦਾ ਅਸਰ ਅੱਜ ਤੱਕ ਦੇਸ਼ ਭਰ ਦੇ ਤਮਾਮ ਆਦਿਵਾਸੀਆਂ 'ਤੇ ਹੈ।
ਪਰ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਧਰਮ ਨੂੰ ਮੰਨਣ ਵਾਲੇ ਲੋਕ ਗਿਣਤੀ ਦੇ ਹਨ ਤੇ ਇਸ ਵਿੱਚ ਕਈ ਪੰਥ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: