ਗੱਡੀ ਪਿੱਛੇ ਬੰਨ੍ਹ ਕੇ ਘੜੀਸਿਆ ਆਦਿਵਾਸੀ ਮੁੰਡਾ, ਹਸਪਤਾਲ ਜਾ ਕੇ ਹੋਈ ਮੌਤ

    • ਲੇਖਕ, ਸ਼ੁਰੈਹ ਨਿਆਜ਼ੀ
    • ਰੋਲ, ਬੀਬੀਸੀ ਲਈ

ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਇੱਕ ਆਦਿਵਾਸੀ ਨੌਜਵਾਨ ਨੂੰ ਮਾਮੂਲੀ ਵਿਵਾਦ ਤੋਂ ਬਾਅਦ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਫਿਰ ਉਸ ਨੂੰ ਗੱਡੀ ਨਾਲ ਬੰਨ੍ਹ ਕੇ ਦੂਰ ਤੱਕ ਘੜੀਸਿਆ ਗਿਆ।

ਇਸ ਘਟਨਾ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਘਟਨਾ ਦਾ ਵੀਡੀਓ ਵੀ ਦਾ 28 ਅਗਸਤ ਨੂੰ ਸਾਹਮਣੇ ਆਇਆ ਹੈ ਅਤੇ ਇਹ ਘਟਨਾ 26 ਅਗਸਤ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਦੋ ਮੁੱਖ ਆਰੋਪੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ:

ਪੁਲਿਸ ਅਨੁਸਾਰ,"ਆਦਿਵਾਸੀ ਨੌਜਵਾਨ ਕਨ੍ਹੱਈਆ ਲਾਲ ਭੀਲ ਕੁਝ ਲੋਕਾਂ ਨਾਲ ਆਪਣੇ ਪਿੰਡ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਗੁੱਜਰ ਸਮਾਜ ਦੇ ਇੱਕ ਵਿਅਕਤੀ ਨਾਲ ਟਕਰਾ ਗਿਆ।"

"ਇਸ ਖੇਤਰ ਦੇ ਦਬੰਗ ਗੁੱਜਰ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਕਨ੍ਹੱਈਆ ਲਾਲ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਨ੍ਹੱਈਆ ਲਾਲ ਨੂੰ ਪਿਕਅੱਪ ਵਾਹਨ ਨਾਲ ਬੰਨ੍ਹ ਕੇ ਘੜੀਸਿਆ।"

ਇਸ ਦੌਰਾਨ ਉਨ੍ਹਾਂ ਵਿੱਚੋਂ ਇਕ ਵਿਅਕਤੀ ਇਸ ਪੂਰੀ ਘਟਨਾ ਦੀ ਵੀਡੀਓ ਵੀ ਬਣਾ ਰਿਹਾ ਸੀ।

ਨੀਮਚ ਦੇ ਸੀਨੀਅਰ ਪੁਲਿਸ ਅਧਿਕਾਰੀ ਸੂਰਜ ਵਰਮਾ ਨੇ ਦੱਸਿਆ,"ਇਹ ਘਟਨਾ ਸਿੰਗੌਲੀ ਥਾਣੇ ਦੀ ਹੈ।ਅੱਠ ਲੋਕਾਂ ਉਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਚਾਰ ਲੋਕ ਗ੍ਰਿਫ਼ਤਾਰ ਹੋ ਗਏ ਹਨ।ਬਾਕੀ ਚਾਰ ਲੋਕਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕੀਤਾ ਜਾਵੇਗਾ।"

ਪੁਲਿਸ ਨੇ ਪਿਕਅੱਪ ਵੈਨ ਆਪਣੇ ਕਬਜ਼ੇ ਵਿੱਚ ਲੈ ਲਈ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਆਦਿਵਾਸੀ ਨੌਜਵਾਨ ਮਾਫ਼ੀ ਮੰਗ ਰਿਹਾ ਹੈ ਪਰ ਬਾਵਜੂਦ ਇਸਦੇ ਲੋਕ ਉਸ ਨੂੰ ਕੁੱਟ ਰਹੇ ਹਨ।

ਕਨ੍ਹੱਈਆ ਲਾਲ ਦੀ ਕੁੱਟਮਾਰ ਤੋਂ ਬਾਅਦ ਗੁੱਜਰ ਸਮਾਜ ਦੇ ਲੋਕਾਂ ਨੇ ਪੁਲੀਸ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੇ ਇੱਕ ਚੋਰ ਫੜਿਆ ਹੈ।

ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਕਨੱਈਆ ਲਾਲ ਨੂੰ ਆਪਣੇ ਨਾਲ ਲੈ ਗਏ। ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਵਿਰੋਧੀ ਧਿਰ ਨੇ ਚੁੱਕੇ ਸਵਾਲ

ਇਸ ਮਾਮਲੇ ਤੋਂ ਬਾਅਦ ਵਿਰੋਧੀ ਧਿਰ ਨੇ ਵੀ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ।

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਟਵੀਟ ਵਿੱਚ ਲਿਖਿਆ ਹੈ,"ਹੁਣ ਨੀਮਚ ਜ਼ਿਲ੍ਹੇ ਦੇ ਸਿੰਘਾਲੀ ਵਿੱਚ ਕਨ੍ਹੱਈਆ ਲਾਲ ਭੀਲ ਨਾਮ ਦੇ ਇੱਕ ਆਦਿਵਾਸੀ ਵਿਅਕਤੀ ਨਾਲ ਬੇਰਹਿਮੀ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਨੂੰ ਚੋਰੀ ਦੇ ਸ਼ੱਕ ਵਿੱਚ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਇੱਕ ਵਾਹਨ ਨਾਲ ਬੰਨ੍ਹ ਕੇ ਘੜੀਸਿਆ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

"ਸਤਨਾ, ਇੰਦੌਰ ,ਦੇਵਾਸ ਅਤੇ ਹੁਣ ਨੀਮਚ ਦੀਆਂ ਇਹ ਅਣਮਨੁੱਖੀ ਘਟਨਾਵਾਂ..?ਪੂਰੇ ਸੂਬੇ ਵਿਚ ਅਰਾਜਕਤਾ ਦਾ ਮਾਹੌਲ ਹੈ।ਲੋਕ ਬਿਨਾਂ ਡਰ ਕਾਨੂੰਨ ਆਪਣੇ ਹੱਥ ਵਿੱਚ ਲੈ ਰਹੇ ਹਨ। ਸਰਕਾਰ ਨਾਮ ਦੀ ਕੋਈ ਚੀਜ਼ ਕਿਤੇ ਵੀ ਨਜ਼ਰ ਨਹੀਂ ਆ ਰਹੀ।"

ਸਾਬਕਾ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਸਰਕਾਰ ਫੌਰਨ ਇਨ੍ਹਾਂ ਮਾਮਲਿਆਂ ਵਿੱਚ ਲੋੜੀਂਦੇ ਕਦਮ ਚੁੱਕੇ। ਮੱਧ ਪ੍ਰਦੇਸ਼ ਵਿੱਚ ਪਿਛਲੇ ਕਈ ਦਿਨਾਂ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਪਿਛਲੇ ਐਤਵਾਰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਚੂੜੀਆਂ ਵੇਚਣ ਵਾਲੇ ਇੱਕ ਮੁਸਲਮਾਨ ਵਿਅਕਤੀ ਨੂੰ ਕੁੱਟਿਆ ਗਿਆ ਅਤੇ ਧਮਕੀ ਦਿੱਤੀ ਗਈ ਕਿ ਚੂਡ਼ੀਆਂ ਵੇਚਣ ਲਈ ਹਿੰਦੂਆਂ ਦੇ ਇਲਾਕੇ ਵਿੱਚ ਨਾ ਆਵੇ।

ਬਾਅਦ ਵਿੱਚ ਇਸ ਮਾਮਲੇ ਸਬੰਧੀ ਇੱਕ ਐਫਆਈਆਰ ਦਰਜ ਕੀਤੀ ਗਈ। ਉਸ ਤੋਂ ਬਾਅਦ ਪੁਲਿਸ ਨੇ ਪੀੜਿਤ ਉੱਪਰ ਪੌਸਕੋ, ਛੇੜਛਾੜ ,420 ਸਮੇਤ 9 ਧਾਰਾਵਾਂ 'ਚ ਮਾਮਲਾ ਦਰਜ ਕੀਤਾ ਹੈ।

ਇਸ ਤੋਂ ਇਲਾਵਾ ਦੇਵਾਸ ਜ਼ਿਲ੍ਹੇ ਵਿੱਚ ਇੱਕ ਮੁਸਲਮਾਨ ਆਦਮੀ ਜੋ ਸੜਕ ਕਿਨਾਰੇ ਟੋਸਟ ਵੇਚਦਾ ਸੀ ,ਨੂੰ ਕਥਿਤ ਤੌਰ ਤੇ ਸਿਰਫ਼ ਇਸ ਕਰਕੇ ਕੁੱਟਿਆ ਗਿਆ ਕਿਉਂਕਿ ਉਹ ਆਪਣਾ ਆਧਾਰ ਕਾਰਡ ਨਹੀਂ ਦਿਖਾ ਸਕਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)