ਕਰਨਾਲ ਲਾਠੀਚਾਰਜ ਦੌਰਾਨ ਰਿਹਾਸਤ 'ਚ ਲਏ ਕਿਸਾਨ ਰਿਹਾਅ ਹੋਣ ਤੋਂ ਬਾਅਦ ਖੋਲ੍ਹੇ ਗਏ ਸੜਕ ਜਾਮ

    • ਲੇਖਕ, ਸਤ ਸਿੰਘ, ਕਮਲ ਸੈਣੀ, ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

ਕਰਨਾਲ ਲਾਠੀਚਾਰਜ ਦੌਰਾਨ ਹਿਰਾਸਤ ਵਿਚ ਲਏ ਗਏ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਹਰਿਆਣਾ ਦੀਆਂ ਸੜ੍ਹਕਾਂ ਉੱਤੇ ਲਾਏ ਗਏ ਜਾਮ ਖੋਲ ਦਿੱਤੇ ਗਏ ਹਨ।

ਭਾਰਤੀ ਕਿਸਾਨ ਯੂਨੀਅਨ ਚਢੂਨੀ ਦੇ ਪ੍ਰਧਾਨ ਅਤੇ ਸੰਯੁਕਤ ਮੋਰਚਾ ਆਗੂ ਗੁਰਨਾਮ ਸਿੰਘ ਚਢੂਨੀ ਨੇ ਸ਼ਨੀਵਾਰ ਦੇਰ ਰਾਤ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ।

ਉਨ੍ਹਾਂ ਦੱਸਿਆ ਕਿ 11 ਕਿਸਾਨਾਂ ਦੀ ਰਿਹਾਈ ਤੋਂ ਬਾਅਦ ਜਾਮ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।

ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ। ਇਹ ਲਾਠੀਚਾਰਜ ਬਸਤਾੜਾ ਟੋਲ ਪਲਾਜ਼ਾ ਵਿਖੇ ਹੋਇਆ ਸੀ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਲਈ ਵਿਧਾਇਕਾਂ ਤੇ ਮੰਤਰੀਆਂ ਨਾਲ ਕਰਨਾਲ ਵਿੱਚ ਮੀਟਿੰਗ ਰੱਖੀ ਗਈ ਸੀ।

ਕਿਸਾਨ ਇਸੇ ਮੀਟਿੰਗ ਦਾ ਵਿਰੋਧ ਕਰਨ ਲਈ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਉੱਤੇ ਇਕੱਠੇ ਹੋਏ ਸਨ।

ਪੁਲਿਸ ਨੇ ਕਿਸਾਨਾਂ ਨੂੰ ਖਦੇੜਨ ਦੇ ਲਈ ਪਹਿਲਾਂ ਚੇਤਾਵਨੀ ਦਿੱਤੀ ਤੇ ਉਸ ਮਗਰੋਂ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਵਿੱਚ ਕਈ ਕਿਸਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਲਾਠੀਚਾਰਜ ਦੌਰਾਨ ਕੁਝ ਗੱਡੀਆਂ ਦੇ ਸ਼ੀਸ਼ੇ ਵੀ ਟੁੱਟੇ।

ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਬੀਤੇ ਕਈ ਮਹੀਨਿਆਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਇਹ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।

ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਗੇ ਤੇ ਉਹ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹਨ।

ਇਹ ਵੀ ਪੜ੍ਹੋ:

ਲਾਠੀਚਾਰਜ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਸੀ , ''ਕਰਨਾਲ 'ਚ ਪ੍ਰਸ਼ਾਸਨ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ। ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ’ਤੇ ਬਲ ਦਾ ਪ੍ਰਯੋਗ ਕੀਤਾ ਗਿਆ ਹੈ।”

ਜਿਸ ਦੇ ਰੋਸ ਵਜੋਂ ਗੁਰਨਾਮ ਸਿੰਘ ਚਢੂਨੀ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਡਾਕਟਰ ਦਰਸ਼ਲ ਪਾਲ ਨੇ ਕਿਸਾਨਾਂ ਨੂੰ ਪੂਰੇ ਹਰਿਆਣਾ ਵਿਚ ਟੋਲ ਪਲਾਜਿਆਂ ਉੱਤੇ ਇਕੱਠੇ ਹੋਕੇ ਜਾਮ ਲਾਉਣ ਦਾ ਸੱਦਾ ਦਿੱਤਾ ਸੀ।

ਕੀ ਹੈ ਲਾਠੀਚਾਰਜ ਦੀ ਪੂਰੀ ਘਟਨਾ

ਕਰਨਾਲ ਤੋਂ ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ ਸ਼ਨੀਵਾਰ ਦੇ ਲਾਠੀਚਾਰਜ ਵਿੱਚ ਕਿਸਾਨਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਕਰਨਾਲ ਦੇ ਐੱਸਡੀਐੱਮ ਆਯੁਸ਼ ਸਿਨਹਾ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਤੋਂ ਪਹਿਲਾਂ ਪੁਲਿਸ ਮੁਲਾਜ਼ਮਾਂ ਨੂੰ ਇਹ ਕਹਿੰਦੇ ਨਜ਼ਰ ਆਏ, “ਸਾਨੂੰ ਕਿਸੇ ਵੀ ਹਾਲਾਤ ਵਿੱਚ ਇਹ ਨਾਕਾ ਨਹੀਂ ਟੁੱਟਣ ਦੇਣਾ ਹੈ। ਤੁਸੀਂ ਐਕਸ਼ਨ ਲਈ ਤਿਆਰ ਰਹੋ।”

ਉਸ ਮਗਰੋਂ ਹੀ ਪੁਲਿਸ ਵੱਲੋਂ ਕਿਸਾਨਾਂ ਉੱਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਜਦੋਂ ਮੀਡੀਆ ਨੇ ਆਯੁਸ਼ ਸਿਨਹਾ ਨੂੰ ਉਨ੍ਹਾਂ ਦੇ ਬਿਆਨ ਬਾਰੇ ਪੁੱਛਿਆ ਤਾਂ ਉਹ ਗੋਲਮੋਲ ਜਵਾਬ ਦਿੰਦੇ ਨਜ਼ਰ ਆਏ। ਉਨ੍ਹਾਂ ਕਿਹਾ, “ਜੋ ਵੀ ਕਾਰਵਾਈ ਹੋਈ ਉਹ ਸੀਆਰਪੀਸੀ ਦੇ ਤਹਿਤ ਹੋਈ ਹੈ ਤੇ ਬਾਕੀ ਗੱਲਾਂ ਵੇਖ ਕੇ ਮੈਂ ਜਵਾਬ ਦੇਵਾਂਗਾ।”

ਕਿਸਾਨਾਂ ਵੱਲੋਂ ਕਿੱਥੇ-ਕਿੱਥੇਕੀਤਾ ਗਿਆ ਸੀ ਰੋਡ ਜਾਮ

ਕਿਸਾਨਾਂ 'ਤੇ ਹੋਏ ਲਾਠੀਚਾਰਜ ਤੋਂ ਬਾਅਦ ਕੁਰੂਕਸ਼ੇਤਰ ਵਿੱਚ ਦਿੱਲੀ-ਅੰਮ੍ਰਿਤਸਰ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਉਦੋਂ ਤੱਕ ਜਾਮ ਨੂੰ ਨਹੀਂ ਖੋਲ੍ਹਣਗੇ ਜਦੋਂ ਤੱਕ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚਾ ਤੋਂ ਇਸ ਬਾਰੇ ਹਿਦਾਇਤ ਨਹੀਂ ਮਿਲਦੀ।

ਰੋਹਤਕ

  • ਟੋਲ ਪਲਾਜ਼ਾ ਜਾਕੋਦਾ ਵਿਖੇ ਜਾਮ
  • ਪਾਣੀਪਤ-ਰੋਹਤਕ ਹਾਈਵੇਅ ਤੇ ਮਕੜੌਲੀ ਕਲਾਂ ਟੋਲ ਪਲਾਜ਼ਾ ਵਿਖੇ ਜਾਮ

ਸਿਰਸਾ

  • ਸਿਰਸਾ-ਬਰਨਾਲਾ ਰਾਜ ਮਾਰਗ ਜਾਮ
  • ਨੈਸ਼ਨਲ ਹਾਈਵੇਅ ਨੰਬਰ 9 (ਦਿੱਲੀ-ਫ਼ਾਜ਼ਿਲਕਾ) ਜਾਮ
  • ਟੋਲ ਪਲਾਜ਼ਾ ਭਾਵਦੀਨ ਜਾਮ
  • ਟੋਲ ਪਲਾਜ਼ਾ ਖੂਈਆਂ ਮਲਕਾਨਾ ਜਾਮ
  • ਪਿੰਡ ਪੰਜੂਆਣਾ ਵਿਖੇ ਜਾਮ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੁਰੁਕਸ਼ੇਤਰ

  • ਸ਼ਹਿਰ ਦੇ ਉਮਰੀ ਚੌਂਕ ਵਿੱਚ ਜਾਮ
  • ਸ਼ਾਹਬਾਦ ਵਿੱਚ ਜਾਮ

ਅੰਬਾਲਾ

  • ਸ਼ੰਭੂ ਟੋਲ ਪਲਾਜ਼ਾ ਉੱਤੇ ਜਾਮ

ਜੀਂਦ

  • ਪਿੰਡ ਉਚਾਨਾ ਕਲਾਂ ਵਿੱਚ ਜਾਮ
  • ਜੀਂਦ-ਪਟਿਆਲਾ-ਦਿੱਲੀ ਹਾਈਵੇਅ ਜਾਮ

ਖੱਟਰ ਦੀ ਪੁਲਿਸ ਨੂੰ ਹੱਲਾਸ਼ੇਰੀ, ਵਿਰੋਧੀਆਂ ਦੇ ਆਪਣੇ ਸੁਰ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੁਲਿਸ ਦੇ ਹੱਕ ਵਿੱਚ ਨਿੱਤਰ ਆਏ ਹਨ ਤੇ ਕਹਿੰਦੇ ਹਨ, ''ਹਾਈਵੇਅ ਨੂੰ ਜਾਮ ਕਰਨਾ ਸਹੀ ਨਹੀਂ ਹੈ। ਪੁਲਿਸ ਦੀ ਡਿਊਟੀ ਹੈ ਲਾਅ ਐਂਡ ਆਰਡਰ ਨੂੰ ਬਣਾ ਕੇ ਰੱਖਣਾ।''

ਕਾਂਗਰਸੀ ਆਗੂ ਕੁਮਾਰੀ ਸੈਲਜਾ ਨੇ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਅੱਜ ਇੱਕ ਵਾਰ ਫ਼ਿਰ ਕਿਸਾਨਾਂ ਉੱਤੇ ਅੱਤਿਆਚਾਰ ਕੀਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਕਿ ਤਿੰਨ ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਰਨਾਲ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੀ ਉਹ ਸਖ਼ਤ ਨਿੰਦਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਹ ਅੰਨਦਾਤਾ ਨਾਲ ਵਿਵਹਾਰ ਦਾ ਕੋਈ ਤਰੀਕਾ ਨਹੀਂ ਹੈ ਜੋ ਮੁੱਖ ਮੰਤਰੀ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਸਨ।

'ਕਿਸਾਨਾਂ ਨਾਲ ਜਨਰਲ ਡਾਇਰ ਵਰਗਾ ਵਿਵਹਾਰ'

ਕਾਂਗਰਸੀ ਆਗੂ ਅਤੇ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਜਨਰਲ ਡਾਇਰ ਵਰਗਾ ਵਿਵਹਾਰ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ-ਜਜਪਾ ਦੀ 'ਕਾਇਰ ਸਰਕਾਰ' ਨੇ ਕਰਨਾਲ 'ਚ ਅੰਨਦਾਤਾ ਕਿਸਾਨ 'ਤੇ ਬੇਰਹਿਮੀ ਨਾਲ ਲਾਠੀਚਾਰਜ ਕਰਕੇ ਇੱਕ ਵਾਰ ਫ਼ਿਰ 'ਜਨਰਲ ਡਾਇਰ' ਦੀ ਯਾਦ ਦਵਾ ਦਿੱਤੀ।

11 ਕਿਸਾਨਾਂ ਨੂੰ ਪੁਲਿਸ ਨੇ ਛੱਡਿਆ

ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਬੁਲਾਰੇ ਪ੍ਰਿੰਸ ਵੜੈਚ ਨੇ ਦੱਸਿਆ ਹੈ ਕਿ 11 ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਛੱਡ ਦਿੱਤਾ ਹੈ ਅਤੇ ਸੂਬੇ ਵਿੱਚੋਂ ਸਾਰੇ ਜਾਮ ਹਟਾ ਦਿੱਤੇ ਗਏ ਹਨ।

ਵੜੈਚ ਮੁਤਾਬਕ ਜੇ ਯੂਨੀਅਨ ਨੂੰ ਪਤਾ ਲੱਗਦਾ ਹੈ ਕਿ ਕੋਈ ਵੀ ਕਿਸਾਨ ਪੁਲਿਸ ਹਿਰਾਸਤ ਵਿੱਚ ਹੈ ਤਾਂ ਸਾਰੇ ਪੁਲਿਸ ਸਟੇਸ਼ਨਾਂ ਨੂੰ ਤੁਰੰਤ ਘੇਰਿਆ ਜਾਵੇਗਾ।

ਕਰਨਾਲ ਵਿੱਚ ਯੂਨੀਅਨ ਦੀ ਮੀਟਿੰਗ ਸੋਮਵਾਰ ਨੂੰ ਸੱਦੀ ਗਈ ਹੈ।

ਕੈਪਟਨ ਅਮਰਿੰਦਰ ਦਾ ਖੱਟਰ 'ਤੇ ਸ਼ਬਦੀ ਹਮਲਾ

ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉੱਤੇ ਸ਼ਬਦੀ ਹਮਲੇ ਕੀਤੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਚੇਤਾਇਆ ਹੈ ਕਿ ਭਾਜਪਾ ਨੂੰ ਗੰਭੀਰ ਨਤੀਜੇ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣੇ ਪੈਣਗੇ।

ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਜ਼ਖ਼ਮੀ ਹੋਏ ਕਿਸਾਨਾਂ ਤੋਂ ਖੱਟਰ ਨੂੰ ਮੁਆਫ਼ੀ ਮੰਗਣ ਨੂੰ ਕਿਹਾ ਹੈ, ਨਾਲ ਹੀ ਉਨ੍ਹਾਂ ਉਸ ਅਫ਼ਸਰ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜੋ ਪੁਲਿਸ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਹਨ।

ਕੈਪਟਨ ਨੇ ਅੱਗੇ ਕਿਹਾ, ''ਇਹ ਅੰਨਦਾਤਾ ਨਾਲ ਵਿਵਹਾਰ ਕਰਨ ਦਾ ਕੋਈ ਤਰੀਕਾ ਨਹੀਂ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)