You’re viewing a text-only version of this website that uses less data. View the main version of the website including all images and videos.
ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ 'ਹਰਾਮ' ਦਾ ਕੰਮ ਤੂੰ ਕੀਤਾ ਹੈ
ਪਾਕਿਸਤਾਨ ਵਿੱਚ ਬਾਂਝਪਣ ਦੇ ਇਲਾਜ ਲਈ ਆਈਵੀਐੱਫ਼ ਦੀ ਸ਼ੁਰੂਆਤ 1984 ਵਿੱਚ ਹੋਈ ਸੀ ਅਤੇ ਦੇਸ ਵਿੱਚ ਇਸ ਦੀ ਸ਼ੁਰੂਆਤ ਕਰਨ ਵਾਲੇ ਸਨ ਡਾ. ਰਾਸ਼ਿਦ ਲਤੀਫ਼ ਖ਼ਾਨ।
ਉਨ੍ਹਾਂ ਨੇ ਲਾਹੌਰ ਵਿੱਚ ਪਾਕਿਸਤਾਨ ਦਾ ਪਹਿਲਾ ਆਈਵੀਐੱਫ਼ ਸੈਂਟਰ 'ਲਾਈਫ਼' ਬਣਾਇਆ ਸੀ।
ਉਨ੍ਹਾਂ ਦੇ ਲਗਾਤਾਰ ਪੰਜ ਸਾਲਾਂ ਦੇ ਯਤਨਾਂ ਤੋਂ ਬਾਅਦ ਪਾਕਿਸਤਾਨ ਦੇ ਪਹਿਲੇ ਟੈਸਟ ਟਿਊਬ ਬੇਬੀ ਦਾ ਜਨਮ 1989 ਵਿੱਚ ਸੰਭਵ ਹੋਇਆ।
ਜਦੋਂ ਦੁਨੀਆਂ ਦਾ ਪਹਿਲਾ ਟੈਸਟ ਟਿਊਬ ਬੇਬੀ ਯੂਕੇ ਵਿੱਚ ਪੈਦਾ ਹੋਇਆ ਸੀ, ਤਾਂ ਕੁਝ ਲੋਕਾਂ ਨੇ ਇਸ ਨੂੰ ਸੱਚ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂਕਿ ਕੁਝ ਲੋਕਾਂ ਨੇ ਇਸ ਦੀ ਅਲੋਚਨਾ ਕੀਤੀ ਸੀ।
ਭਾਰਤ ਦੇ ਪਹਿਲੇ ਟੈਸਟ ਟਿਊਬ ਬੇਬੀ ਦਾ ਜਨਮ ਕਰਵਾਉਣ ਵਾਲੇ ਡਾਕਟਰ ਸੁਭਾਸ਼ ਮੁਖੋਪਾਧਿਆਏ ਨੇ ਲਗਾਤਾਰ ਆਲੋਚਨਾ ਅਤੇ ਤਸ਼ਦੱਦ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਦੀ ਕਹਾਣੀ ਕਿਸੇ ਹੋਰ ਦਿਨ ਸੁਣਾਵਾਂਗੇ ਪਰ ਹੁਣ ਗੱਲ ਕਰਦੇ ਹਾਂ ਡਾਕਟਰ ਰਾਸ਼ੀਦ ਦੀ ਜਿਨ੍ਹਾਂ ਦਾ ਸਫ਼ਰ ਬਿਲਕੁਲ ਵੀ ਸੌਖਾ ਨਹੀਂ ਸੀ ਅਤੇ ਉਨ੍ਹਾਂ ਨੂੰ ਵੀ ਤਕਰਬੀਨ ਇਹੋ ਜਿਹੇ ਹੀ ਰਵੱਈਏ ਦਾ ਸਾਹਮਣਾ ਕਰਨਾ ਪਿਆ।
ਆਈਵੀਐੱਫ਼ ਲਈ ਆਸਟ੍ਰੇਲੀਆ ਤੋਂ ਸਿਖ਼ਲਾਈ
ਅੱਜ ਪਾਕਿਸਤਾਨ ਵਿੱਚ ਹਰ ਸਾਲ ਹਜ਼ਾਰਾਂ ਬੱਚੇ ਆਈਵੀਐੱਫ਼ ਰਾਹੀਂ ਪੈਦਾ ਹੁੰਦੇ ਹਨ ਪਰ ਜਦੋਂ ਡਾਕਟਰ ਰਾਸ਼ੀਦ ਨੇ ਇਸ ਤਕਨਾਲੋਜੀ ਨੂੰ ਪਾਕਿਸਤਾਨ ਲਿਆਉਣ ਬਾਰੇ ਸੋਚਿਆ, ਉਸ ਸਮੇਂ ਪੂਰੀ ਦੁਨੀਆਂ ਵਿੱਚ ਇਸ ਬਾਰੇ ਲਗਭਗ ਕੋਈ ਜਾਗਰੂਕਤਾ ਅਤੇ ਸਰੋਤ ਨਹੀਂ ਸਨ।
ਇਸਦੇ ਲਈ ਉਨ੍ਹਾਂ ਨੇ ਆਸਟ੍ਰੇਲੀਆ ਨੂੰ ਇੱਕ ਪੱਤਰ ਲਿਖਿਆ, ਜਿੱਥੇ ਦੁਨੀਆਂ ਦਾ ਤੀਜਾ ਟੈਸਟ ਟਿਊਬ ਬੇਬੀ ਪੈਦਾ ਹੋਇਆ ਸੀ। ਉਨ੍ਹਾਂ ਨੇ ਇਸ ਸਬੰਧ ਵਿੱਚ ਸਿਖਲਾਈ ਲੈਣ ਲਈ ਅਰਜ਼ੀ ਦਿੱਤੀ ਸੀ।
ਉਨ੍ਹਾਂ ਦਾ ਬਿਨੈ-ਪੱਤਰ ਸਵੀਕਾਰ ਕਰ ਲਿਆ ਗਿਆ ਅਤੇ ਡਾਕਟਰ ਰਾਸ਼ੀਦ ਕੋਰਸ ਕਰਨ ਲਈ ਆਸਟ੍ਰੇਲੀਆ ਚਲੇ ਗਏ।
ਜਦੋਂ ਉਹ ਆਸਟ੍ਰੇਲੀਆ ਤੋਂ ਪਰਤੇ ਤਾਂ ਉਨ੍ਹਾਂ ਨੇ ਇੱਕ ਆਈਵੀਐੱਫ਼ ਕੇਂਦਰ ਦੀ ਨੀਂਹ ਰੱਖਕੇ ਇਸ ਤਕਨੀਕ ਦੀ ਸ਼ੁਰੂਆਤ ਕੀਤੀ ਪਰ ਪੰਜ ਸਾਲਾਂ ਤੱਕ ਉਨ੍ਹਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ।
ਭਾਵੇਂ ਕਿ ਡਾ. ਰਾਸ਼ੀਦ ਮੁਤਾਬਕ ਉਨ੍ਹਾਂ ਨੂੰ ਕਦੇ ਵੀ ਇਸ ਇਲਾਜ ਲਈ ਲੋਕਾਂ ਦੀ ਭਾਲ ਨਹੀਂ ਕਰਨੀ ਪਈ ਕਿਉਂਕਿ ਜੋ ਬੱਚੇ ਚਾਹੁੰਦੇ ਸਨ, ਉਹ ਉਮੀਦ ਲੈ ਕੇ ਉਨ੍ਹਾਂ ਕੋਲ ਆਉਂਦੇ ਰਹੇ।
ਉਹ ਕਹਿੰਦੇ ਹਨ, "ਮੈਂ ਆਪਣੇ ਮਰੀਜ਼ਾਂ ਨੂੰ ਹਮੇਸ਼ਾਂ ਸੱਚ ਕਿਹਾ ਕਿ ਸਾਨੂੰ ਇਸ ਇਲਾਜ ਵਿੱਚ ਕਾਮਯਾਬੀ ਨਹੀਂ ਮਿਲ ਰਹੀ ਹੈ ਪਰ ਮੇਰੇ ਕੋਲ ਆਉਣ ਵਾਲੇ ਹਰ ਜੋੜੇ ਨੂੰ ਮੇਰੇ ਅਤੇ ਮੇਰੀ ਟੀਮ 'ਤੇ ਪੂਰਾ ਭਰੋਸਾ ਸੀ। ਇਸ ਲਈ ਉਹ ਕਹਿੰਦੇ ਸੀ ਡਾਕਟਰ ਸਾਹਿਬ ਬਿਸਮਿੱਲਾ ਕਰੋ, ਸਾਡਾ ਹੋ ਜਾਵੇਗਾ।"
ਪਾਕਿਸਤਾਨ ਵਿੱਚ ਆਈਵੀਐੱਫ਼ ਤੋਂ ਪਹਿਲੀ ਗਰਭ ਅਵਸਥਾ
ਡਾਕਟਰ ਰਾਸ਼ੀਦ ਦੱਸਦੇ ਹਨ ਕਿ ਜਦੋਂ ਇਸ ਇਲਾਜ ਨਾਲ ਪਹਿਲਾ ਗਰਭ ਠਹਿਰਿਆ ਤਾਂ ਉਨ੍ਹਾਂ ਦੀ ਟੀਮ ਦੇ ਇੱਕ ਮੈਂਬਰ ਦਾ ਭਰਾ ਪਾਕਿਸਤਾਨ ਦੇ ਇੱਕ ਪ੍ਰਮੁੱਖ ਅਖ਼ਬਾਰ ਵਿੱਚ ਕੰਮ ਕਰਦਾ ਸੀ।
ਇਸ ਲਈ ਉਸਨੇ ਉਸ ਅਖ਼ਬਾਰ ਵਿੱਚ ਖ਼ਬਰ ਛਪਵਾ ਦਿੱਤੀ, ਜਿਸ ਦਾ ਸਿਰਲੇਖ ਸੀ, 'ਆਈਵੀਐਫ ਰਾਹੀਂ ਪਹਿਲਾ ਗਰਭ ਧਾਰਨ ਹੋ ਗਿਆ ਹੈ'।
ਇਸ ਖ਼ਬਰ ਦੇ ਛਪਣ ਤੋਂ ਬਾਅਦ, ਦਸ ਮੌਲਵੀਆਂ ਨੇ ਮੀਡੀਆ ਵਿੱਚ ਇਸ ਦੇ ਖਿਲਾਫ਼ ਬਿਆਨ ਜਾਰੀ ਕਰਕੇ ਇਸ ਨੂੰ 'ਹਰਾਮ' ਅਤੇ ਅਮਰੀਕੀ ਸਾਜਿਸ਼ ਦੱਸਿਆ।
ਪਰ ਇਸ ਗਰਭ ਅਵਸਥਾ ਵਿੱਚ ਕੁਝ ਹੀ ਸਮੇਂ ਬਾਅਦ 'ਐਕਟੋਪਿਕ' ਗਰਭ ਹੋਣ ਕਾਰਨ ਗਰਭਪਾਤ ਕਰਵਾਉਣਾ ਪਿਆ।
ਜਦੋਂ ਆਈਵੀਐੱਫ਼ ਰਾਹੀਂ ਦੂਜੀ ਔਰਤ ਨੂੰ ਗਰਭ ਠਹਿਰਿਆ ਅਤੇ ਕੁਝ ਮਹੀਨੇ ਲੰਘ ਗਏ ਤਾਂ ਡਾ. ਰਾਸ਼ਿਦ ਨੇ ਅਲੋਚਨਾ ਕਰ ਚੁੱਕੇ ਮੌਲਵੀਆਂ ਨੂੰ ਇੱਕ-ਇੱਕ ਕਰਕੇ ਮਿਲ ਕੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਆਈਵੀਐੱਫ਼ ਦੀ ਪ੍ਰਕਿਰਿਆ ਬਾਰੇ ਪਤਾ ਹੈ?
ਉਹ ਦੱਸਦੇ ਹਨ, "ਉਸ ਵੇਲੇ ਪਾਕਿਸਤਾਨ ਵਿੱਚ ਬਾਈਪਾਸ ਨਵਾਂ-ਨਵਾਂ ਸ਼ੁਰੂ ਹੋਇਆ ਸੀ।"
" ਮੈਂ ਉਨ੍ਹਾਂ ਨੂੰ ਕਿਹਾ ਕਿ ਜੇ ਆਦਮੀ ਦੇ ਦਿਲ ਦੀਆਂ ਨਾੜੀਆਂ ਵਿੱਚ ਮੌਜੂਦ ਕਿਸੇ ਵੀ ਵਿਕਾਰ ਨੂੰ ਦੂਰ ਕਰਨ ਲਈ ਦਿਲ ਦਾ ਬਾਈਪਾਸ ਸਰਜਰੀ ਕੀਤੀ ਜਾ ਸਕਦੀ ਹੈ,"
" .... ਤਾਂ ਔਰਤ ਦੀ ਬੱਚੇਦਾਨੀ ਵਿੱਚ ਮੌਜੂਦ ਵਿਕਾਰ ਨੂੰ ਦੂਰ ਕਰਨ ਲਈ ਵੀ ਤਾਂ ਬਾਈਪਾਸ ਸਰਜਰੀ ਕਿਉਂ ਨਹੀਂ ਕੀਤੀ ਜਾ ਸਕਦੀ ? ਜਿਸ 'ਤੇ ਇਨ੍ਹਾਂ ਮੌਲਵੀਆਂ ਨੂੰ ਮੇਰੀ ਗੱਲ ਸਮਝ ਆ ਗਈ।"
ਜਦੋਂ ਪਾਕਿਸਤਾਨ ਦੇ ਪਹਿਲੇ ਟੈਸਟ ਟਿਊਬ ਬੇਬੀ ਦੇ ਜਨਮ ਦਾ ਦਿਨ ਨੇੜੇ ਆਇਆ ਤਾਂ ਇਸਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
6 ਜੁਲਾਈ, 1989 ਨੂੰ ਬੱਚੇ ਦੇ ਜਨਮ ਲਈ ਚੁਣਿਆ ਗਿਆ ਸੀ ਅਤੇ ਉਸੇ ਦਿਨ ਪੰਜ ਹੋਰ ਜਣੇਪੇ ਕਰਵਾਏ ਗਏ ਸਨ ਤਾਂ ਜੋ ਲੋਕ ਆਈਵੀਐੱਫ਼ ਵਾਲੇ ਜੋੜੇ ਨੂੰ ਤੰਗ ਨਾ ਕਰਨ।
ਅਗਲੇ ਦਿਨ ਜਦੋਂ ਅਖਬਾਰ ਵਿੱਚ ਖ਼ਬਰ ਆਈ ਕਿ ਪਾਕਿਸਤਾਨ ਦਾ ਪਹਿਲਾ ਟੈਸਟ ਟਿਊਬ ਬੱਚਾ ਪੈਦਾ ਹੋਇਆ ਹੈ, ਤਾਂ ਬੱਚੇ ਦੇ ਪਿਤਾ ਡਾਕਟਰ ਕੋਲ ਆਏ ਅਤੇ ਕਿਹਾ, 'ਡਾਕਟਰ, ਇਹ ਖ਼ਬਰ ਪੜ੍ਹ ਕੇ ਮੇਰੇ ਪਿਤਾ (ਬੱਚੇ ਦੇ ਦਾਦਾ) ਪੁੱਛ ਰਹੇ ਸਨ ਕਿ ਇਹ ਹਰਾਮ ਕੰਮ ਤੂੰ ਤਾਂ ਨਹੀਂ ਕੀਤਾ?'
ਆਈਵੀਐੱਫ਼ ਕੀ ਹੈ
ਕਿਸੇ ਮਰਦ ਜਾਂ ਔਰਤ ਵਿੱਚ ਨੁਕਸ ਜਾਂ ਪੇਚੀਦਗੀਆਂ ਦੇ ਕਾਰਨ ਜਦੋਂ ਮਰਦ ਦਾ ਸ਼ੁਕਰਾਣੂ ਔਰਤ ਦੇ ਅੰਡੇ ਤੱਕ ਨਹੀਂ ਪਹੁੰਚ ਪਾਉਂਦਾ ਤਾਂ ਇਸ ਕਾਰਨ ਬੱਚੇ ਦਾ ਜਨਮ ਕੁਦਰਤੀ ਤਰੀਕੇ ਨਾਲ ਸੰਭਵ ਨਹੀਂ ਹੁੰਦਾ।
ਅਜਿਹੀ ਸਥਿਤੀ ਵਿੱਚ ਔਰਤ ਦੇ ਅੰਡੇ ਅਤੇ ਆਦਮੀ ਦੇ ਸ਼ੁਕਰਾਣੂਆਂ ਨੂੰ ਉਨ੍ਹਾਂ ਦੇ ਸਰੀਰ ਵਿੱਚੋਂ ਬਾਹਰ ਕੱਢ ਕੇ ਲੈਬਾਰਟਰੀ ਵਿੱਚ ਮਿਲਾਇਆ ਜਾਂਦਾ ਹੈ।
ਇਸ ਦੇ ਦੋ ਦਿਨਾਂ ਬਾਅਦ ਇਸ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਇਹ ਇੱਕ ਆਮ ਕੁੱਖ ਵਾਂਗ ਵਿਕਸਤ ਹੁੰਦਾ ਹੈ ਅਤੇ ਨੌਂ ਮਹੀਨਿਆਂ ਬਾਅਦ ਬੱਚੇ ਦਾ ਜਨਮ ਹੁੰਦਾ ਹੈ।
ਹਾਲਾਂਕਿ ਇਹ ਸਿਰਫ਼ ਆਈਵੀਐੱਫ਼ ਦੀ ਇੱਕ ਕਿਸਮ ਹੈ। ਇਸ ਤੋਂ ਇਲਾਵਾ 'ਸਰੋਗੇਸੀ', 'ਅੰਡੇ ਦਾਨ' (ਐੱਗ ਡੋਨੇਸ਼ਨ) ਅਤੇ 'ਸ਼ੁਕਰਾਣੂ ਦਾਨ' ਰਾਹੀਂ ਵੀ ਬੇਔਲਾਦ ਜੋੜੇ ਬੱਚੇ ਦੀ ਪ੍ਰਾਪਤੀ ਕਰ ਸਕਦੇ ਹਨ।
ਸਰੋਗੇਸੀ ਦੀ ਪ੍ਰਕਿਰਿਆ ਵਿੱਚ ਇੱਕ ਆਦਮੀ ਦੇ ਸ਼ੁਕਰਾਣੂ ਅਤੇ ਇੱਕ ਔਰਤ ਦੇ ਅੰਡੇ ਨੂੰ ਮਿਲਾ ਕੇ ਤੀਜੀ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਨੌਂ ਮਹੀਨਿਆਂ ਤੱਕ ਵਿਕਸਿਤ ਹੋਣ ਤੋਂ ਬਾਅਦ ਬੱਚਾ ਪੈਦਾ ਹੁੰਦਾ ਹੈ।
ਇਸ ਤੋਂ ਇਲਾਵਾ ਜੇ ਕਿਸੇ ਮਰਦ ਦੇ ਸ਼ੁਕਰਾਣੂ ਜਾਂ ਔਰਤ ਦੇ ਅੰਡੇ ਦੀ ਗੁਣਵਤਾ ਕਾਫ਼ੀ ਨਹੀਂ ਹੈ, ਤਾਂ ਇਸ ਦੀ ਬਜਾਏ ਕਿਸੇ ਡੋਨਰ (ਦਾਨ ਕਰਨ ਵਾਲੇ) ਦੇ ਅੰਡੇ ਜਾਂ ਸ਼ੁਕਰਾਣੂ ਤੋਂ ਵੀ ਬੱਚੇ ਦਾ ਜਨਮ ਸੰਭਵ ਹੈ।
ਭਾਵ, ਜੇ ਪਤਨੀ ਦੇ ਅੰਡੇ ਦੀ ਗੁਣਵਤਾ ਚੰਗੀ ਨਹੀਂ ਹੈ ਤਾਂ ਕਿਸੇ ਹੋਰ ਔਰਤ ਦੇ ਅੰਡੇ ਨੂੰ ਪਤੀ ਦੇ ਸ਼ੁਕਰਾਣੂ ਨਾਲ ਮਿਲਾਉਣ ਨਾਲ ਪਤਨੀ ਦੀ ਬੱਚੇਦਾਨੀ ਜਾਂ ਕਿਸੇ ਹੋਰ ਔਰਤ (ਸਰੋਗੇਟ ਮਦਰ) ਦੀ ਬੱਚੇਦਾਨੀ ਵਿੱਚ ਰੱਖਿਆ ਜਾ ਸਕਦਾ ਹੈ।
ਇਸੇ ਤਰ੍ਹਾਂ ਜੇ ਕਿਸੇ ਆਦਮੀ ਦੇ ਸ਼ੁਕਰਾਣੂ ਦੀ ਗੁਣਵਤਾ ਚੰਗੀ ਨਹੀਂ ਹੈ ਤਾਂ ਪਤਨੀ ਦੇ ਅੰਡੇ ਦੂਜੇ ਮਰਦ ਦੇ ਸ਼ੁਕਰਾਣੂ ਵਿੱਚ ਮਿਲਾਏ ਜਾ ਸਕਦੇ ਹਨ।
ਕੀ ਆਈਵੀਐੱਫ਼ ਤੋਂ 'ਪੁੱਤ' ਜਾਂ 'ਧੀ' ਦੀ ਚੋਣ ਕਰਨਾ ਸੰਭਵ ਹੈ
ਆਈਵੀਐੱਫ਼ ਰਾਹੀਂ ਪੈਦਾ ਹੋਣ ਵਾਲੇ ਬੱਚੇ ਦੇ ਲਿੰਗ ਦੀ ਚੋਣ ਕਰਨਾ ਵੀ ਸੰਭਵ ਹੈ। ਮਾਹਰਾਂ ਅਨੁਸਾਰ, ਪਾਕਿਸਤਾਨੀ ਸਮਾਜ ਵਿੱਚ ਬਹੁਤ ਸਾਰੇ ਲੋਕ ਇੱਕ ਪੁੱਤਰ ਚਾਹੁੰਦੇ ਹਨ ਅਤੇ ਅਕਸਰ ਇਸ ਇੱਛਾ ਨੂੰ ਪੂਰਾ ਕਰਨ ਲਈ ਇੱਕ ਤੋਂ ਬਾਅਦ ਇੱਕ ਧੀ ਪੈਦਾ ਕਰਨ ਅਤੇ ਇੱਕ ਤੋਂ ਵੱਧ ਵਿਆਹ ਕਰਵਾਉਣ ਤੋਂ ਨਹੀਂ ਝਿਜਕਦੇ।
ਇਸ ਲਈ 'ਫੈਮਿਲੀ ਸਪੇਸਿੰਗ' ਦੇ ਤਹਿਤ ਪਾਕਿਸਤਾਨ ਵਿੱਚ ਆਈਵੀਐੱਫ਼ ਕਰਵਾਉਣ ਵਾਲੇ ਜੋੜੇ ਬੱਚੇ ਦੇ ਲਿੰਗ ਦੀ ਚੋਣ ਕਰ ਸਕਦੇ ਹਨ।
ਇਹ ਵੀ ਪੜ੍ਹੋ:
ਦੁਨੀਆਂ ਦੇ ਦੂਜੇ ਕਈ ਦੇਸਾਂ ਵਿੱਚ ਆਈਵੀਐੱਫ਼ ਰਾਹੀਂ ਪੈਦਾ ਹੋਣ ਵਾਲੇ ਬੱਚੇ ਦੇ ਲਿੰਗ ਦੀ ਚੋਣ ਕੀਤੀ ਜਾ ਸਕਦੀ ਹੈ ਪਰ ਇਹ ਚੋਣ ਮਾਪਿਆਂ ਦੀ ਨਿੱਜੀ ਪਸੰਦ ਜਾਂ ਨਾਪਸੰਦ 'ਤੇ ਅਧਾਰਤ ਨਹੀਂ ਹੁੰਦਾ। ਇਹ ਬਦਲ ਉਦੋਂ ਉਪਲਬਧ ਹੁੰਦਾ ਹੈ ਜਦੋਂ ਮਾਪਿਆਂ ਵਿੱਚ ਮੌਜੂਦ ਕਿਸੇ ਜੈਨੇਟਿਕ ਬਿਮਾਰੀ ਦੇ ਬੱਚੇ ਵਿੱਚ ਆਉਣ ਦਾ ਖ਼ਤਰਾ ਹੁੰਦਾ ਹੈ।
ਕੁਝ ਅਜਿਹੀਆਂ ਜੈਨੇਟਿਕ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਖ਼ਤਰਾ ਕੁੜੀਆਂ ਵਿੱਚ ਵਧੇਰੇ ਹੁੰਦਾ ਹੈ, ਇਸ ਲਈ ਉਨ੍ਹਾਂ ਦੇ ਅਧਾਰ 'ਤੇ ਪੁੱਤਰ ਅਤੇ ਧੀ ਦੀ ਚੋਣ ਕੀਤੀ ਜਾਂਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੀ ਪਾਕਿਸਤਾਨੀ ਕਾਨੂੰਨ ਅਤੇ ਇਸਲਾਮ ਵਿੱਚ ਆਈਵੀਐੱਫ ਦੀ ਇਜਾਜ਼ਤ ਹੈ
ਜਦੋਂ 1978 ਵਿੱਚ ਦੁਨੀਆਂ ਦੇ ਪਹਿਲੇ ਟੈਸਟ ਟਿਊਬ ਬੇਬੀ ਦਾ ਜਨਮ ਹੋਇਆ ਸੀ, ਉਦੋਂ ਮਿਸਰ ਦੀ ਅਲ-ਅਜ਼ਹਰ ਯੂਨੀਵਰਸਿਟੀ ਨੇ 1980 ਵਿੱਚ ਇੱਕ ਫ਼ਤਵਾ ਜਾਰੀ ਕੀਤਾ ਸੀ।
ਫ਼ਤਵੇ ਵਿੱਚ ਕਿਹਾ ਗਿਆ ਸੀ ਕਿ ਜੇ ਆਈਵੀਐੱਫ਼ ਵਿੱਚ ਵਰਤੇ ਜਾਂਦੇ ਅੰਡੇ ਪਤਨੀ ਦੇ ਹਨ ਅਤੇ ਸ਼ੁਕ੍ਰਾਣੂ ਪਤੀ ਦੇ ਹਨ ਤਾਂ ਪੈਦਾ ਹੋਇਆ ਬੱਚਾ ਜਾਇਜ਼ ਅਤੇ ਸ਼ਰੀਅਤ ਅਨੁਸਾਰ ਹੋਵੇਗਾ।
ਇਸ ਲਈ ਜਦੋਂ ਪਾਕਿਸਤਾਨ ਵਿੱਚ ਪਹਿਲੇ ਟੈਸਟ ਟਿਊਬ ਬੇਬੀ ਦਾ ਜਨਮ ਹੋਇਆ ਤਾਂ ਬਹੁਤ ਸਾਰੇ ਮੌਲਵੀਆਂ ਨੇ ਇਸ 'ਤੇ ਨਿੱਜੀ ਤੌਰ 'ਤੇ ਇਤਰਾਜ਼ ਜਤਾਇਆ ਸੀ ਪਰ ਅਲ-ਅਜ਼ਹਰ ਯੂਨੀਵਰਸਿਟੀ ਦੇ ਇਸ ਫ਼ਤਵੇ ਦੇ ਅਧਾਰ 'ਤੇ, 2015 ਤੱਕ ਸੂਬਾਈ ਪੱਧਰ ਤੱਕ ਆਈਵੀਐੱਫ਼ ਦੇ ਸੰਬੰਧ ਵਿੱਚ ਕੋਈ ਇਤਰਾਜ਼ ਸਾਹਮਣੇ ਨਹੀਂ ਆਇਆ ਸੀ।
ਪਰ ਫਿਰ 2015 ਵਿੱਚ ਇੱਕ ਜੋੜੇ ਨੇ ਆਈਵੀਐੱਫ ਰਾਹੀਂ ਪੈਦਾ ਹੋਏ ਬੱਚੇ ਦੀ ਕਸਟਡੀ ਦੇ ਮੁੱਦੇ 'ਤੇ ਫੈਡਰਲ ਸ਼ਰੀਆ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।
ਪਾਕਿਸਤਾਨੀ ਮੂਲ ਦੇ ਅਮਰੀਕੀ ਡਾਕਟਰ ਫਾਰੂਕ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਕਈ ਸਾਲਾਂ ਤੋਂ ਬੇਔਲਾਦ ਸਨ। ਇਸੇ ਲਈ ਉਨ੍ਹਾਂ ਨੇ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਕਿ ਉਨ੍ਹਾਂ ਨੂੰ ਇੱਕ ਬੱਚੇ ਨੂੰ ਪੈਦਾ ਕਰਨ ਲਈ ਇੱਕ ਸਰੋਗੇਟ (ਗਰਭ) ਦੀ ਲੋੜ ਹੈ ਯਾਨਿ ਕਿ ਉਨ੍ਹਾਂ ਦੇ ਹੋਣ ਵਾਲੇ ਬੱਚੇ ਦੀ ਸਰੋਗੇਟ ਮਾਂ ਬਣੇ ਅਤੇ ਇਸ ਲਈ ਔਰਤ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ।
ਇਸ ਇਸ਼ਤਿਹਾਰ ਨੂੰ ਪੜ੍ਹਨ ਤੋਂ ਬਾਅਦ ਫਰਜ਼ਾਨਾ ਨਾਹੀਦ ਨੇ ਡਾ. ਫ਼ਾਰੂਕ ਸਿੱਦੀਕੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਬੱਚੇ ਦੀ ਮਾਂ ਬਣਨ ਦੀ ਇੱਛਾ ਜ਼ਾਹਰ ਕੀਤੀ। ਡਾਕਟਰ ਫ਼ਾਰੂਕ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਨਾਹਿਦ ਨਾਲ ਜ਼ੁਬਾਨੀ ਸਮਝੌਤਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਬੱਚੇ ਨੂੰ ਜਨਮ ਦੇਵੇਗੀ ਜਿਸ ਲਈ ਉਸਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਡਾਕਟਰ ਫਾਰੂਕ ਅਨੁਸਾਰ ਉਨ੍ਹਾਂ ਨੇ ਫਰਜ਼ਾਨਾ ਨੂੰ ਡਾਕਟਰ ਦੀ ਜਾਂਚ ਅਤੇ ਇਲਾਜ ਲਈ 25 ਹਜ਼ਾਰ ਰੁਪਏ ਦਿੱਤੇ।
ਫਰਜ਼ਾਨਾ ਨੇ ਨੌਂ ਮਹੀਨਿਆਂ ਬਾਅਦ ਇੱਕ ਧੀ ਨੂੰ ਜਨਮ ਦਿੱਤਾ ਪਰ ਬੱਚੇ ਨੂੰ ਜਨਮ ਦੇਣ ਤੋਂ ਬਾਅਦ, ਉਨ੍ਹਾਂ ਨੇ ਡਾ. ਫ਼ਾਰੂਕ ਅਤੇ ਉਨ੍ਹਾਂ ਦੀ ਪਤਨੀ ਨੂੰ ਬੱਚਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਹ ਡਾ. ਫਾਰੂਕ ਦੀ ਪਤਨੀ ਹਨ, ਇਸ ਲਈ ਡਾਕਟਰ ਫਾਰੂਕ ਉਨ੍ਹਾਂ ਨੂੰ ਹਰ ਮਹੀਨੇ ਬੱਚੀ ਦਾ ਖਰਚਾ ਦੇਣ।
ਜਦੋਂਕਿ ਡਾ. ਫ਼ਾਰੂਕ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੀ ਅਲੋਚਨਾ ਤੋਂ ਬਚਣ ਲਈ ਫਰਜ਼ਾਨਾ ਨਾਲ ਵਿਆਹ ਕਰਨ ਦਾ ਢੋਂਗ ਕੀਤਾ ਸੀ।
ਸਰੋਗੇਸੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ
ਫੈਡਰਲ ਸ਼ਰੀਆ ਕੋਰਟ ਨੇ ਸਾਲ 2017 ਵਿੱਚ ਇਸ ਕੇਸ ਦਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਆਈਵੀਐੱਫ਼ ਨੂੰ ਪਾਕਿਸਤਾਨੀ ਕਾਨੂੰਨ ਅਤੇ ਸ਼ਰੀਆ ਅਨੁਸਾਰ ਉਦੋਂ ਹੀ ਉਚਿਤ ਮੰਨਿਆ ਜਾਵੇਗਾ ਜੇ ਇਸ ਵਿੱਚ ਵਰਤਿਆ ਗਿਆ ਅੰਡਾ ਅਤੇ ਬੱਚੇਦਾਨੀ ਦੋਵੇਂ ਪਤਨੀ ਦੇ ਹੋਣ ਅਤੇ ਸ਼ੁਕਰਾਣੂ ਪਤੀ ਦਾ ਹੋਵੇ।
ਇਸ ਫੈਸਲੇ ਵਿੱਚ ਸ਼ਰੀਆ ਕੋਰਟ ਨੇ ਡੋਨੇਸ਼ਨ ਦੇ ਅੰਡਿਆਂ ਅਤੇ ਸ਼ੁਕਰਾਣੂਆਂ ਤੋਂ ਪੈਦਾ ਹੋਏ ਬੱਚੇ ਨੂੰ ਨਾਜਾਇਜ਼ ਮੰਨਿਆ। ਇਸਦੇ ਨਾਲ ਹੀ ਸਰੋਗੇਸੀ ਨੂੰ ਵੀ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ।
ਅਦਾਲਤ ਨੇ ਇਸ ਇਸ ਸਬੰਧੀ ਹੋਰ ਨਿਯਮ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ।
ਹਾਲਾਂਕਿ, ਇਰਾਨ ਅਤੇ ਲੈਬਨਾਨ ਵਿੱਚ ਦਾਨ ਕੀਤੇ ਅੰਡੇ ਤੋਂ ਪੈਦਾ ਹੋਏ ਬੱਚੇ ਨੂੰ ਕਾਨੂੰਨੀ ਮੰਨਿਆ ਜਾਂਦਾ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਪਾਪੂਲੇਸ਼ਨ ਸਟਡੀਜ਼ ਅਨੁਸਾਰ, ਪਾਕਿਸਤਾਨ ਵਿੱਚ 22 ਫੀਸਦ ਜੋੜਿਆਂ ਨੂੰ ਬਾਂਝਪਨ ਦੀ ਸਮੱਸਿਆ ਹੈ, ਜਿਸਦਾ ਮਤਲਬ ਹੈ ਕਿ ਪੰਜ ਵਿੱਚੋਂ ਇੱਕ ਜੋੜਾ ਕੁਦਰਤੀ ਤੌਰ 'ਤੇ ਬੱਚਾ ਪੈਦਾ ਕਰਨ ਵਿੱਚ ਅਸਮਰਥ ਹੈ ਅਤੇ ਮਦਦ ਦੀ ਜ਼ਰੂਰਤ ਹੈ।
ਡਾ. ਰਾਸ਼ਿਦ ਲਤੀਫ਼ ਦਾ ਕਹਿਣਾ ਹੈ ਕਿ ਹਾਲਾਂਕਿ ਬਾਂਝਪਨ ਦੀ ਸੰਭਾਵਨਾ ਮਰਦਾਂ ਅਤੇ ਔਰਤਾਂ ਵਿੱਚ ਬਰਾਬਰ ਹੈ ਪਰ ਬਦਕਿਸਮਤੀ ਨਾਲ ਸਾਡੇ ਦੇਸ ਵਿੱਚ ਬਹੁਤੀਆਂ ਪਤਨੀਆਂ ਨੂੰ ਬੱਚੇ ਨਾ ਹੋਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਅਤੇ ਆਦਮੀ ਆਪਣਾ ਟੈਸਟ ਕਰਵਾਉਣ ਤੋਂ ਝਿਜਕਦੇ ਹਨ।