You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਰੂਸੀ ਵੈਕਸੀਨ ਸਪੂਤਨਿਕ ਲਾਈਟ ਨੂੰ ਭਾਰਤ ਵਿੱਚ ਮਿਲੀ ਮਨਜ਼ੂਰੀ, ਜਾਣੋ ਕਿਵੇਂ ਕੰਮ ਕਰਦੀ ਹੈ ਸਪੂਤਨਿਕ
ਭਾਰਤ ਸਰਕਾਰ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਐਤਵਾਰ ਨੂੰ ਸਿੰਗਲ ਡੋਜ਼ ਸਪੂਤਨਿਕ ਟੀਕੇ ਨੂੰ ਕੋਰੋਨਾਵਾਇਰਸ ਵਿਰੁੱਧ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਟੀਕੇ ਦਾ ਨਾਮ ਸਪੂਤਨਿਕ ਲਾਈਟ ਹੈ ਅਤੇ ਇਸ ਨੂੰ ਮਨਜ਼ੂਰੀ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਇਕ ਟਵੀਟ ਰਾਹੀਂ ਦਿੱਤੀ।
ਰੂਸੀ ਭਾਸ਼ਾ ਵਿੱਚ ਸਪੂਤਨਿਕ ਦਾ ਮਤਲਬ ਹੁੰਦਾ ਹੈ ਸੈਟੇਲਾਈਟ। ਰੂਸ ਨੇ ਹੀ ਦੁਨੀਆਂ ਦਾ ਪਹਿਲਾ ਸੈਟੇਲਾਈਟ ਬਣਾਇਆ ਸੀ। ਉਸ ਦਾ ਨਾਮ ਵੀ ਸਪੂਤਨਿਕ ਰੱਖਿਆ ਸੀ।
ਭਾਰਤ ਵਿੱਚ ਹੁਣ ਕੋਰੋਨਾਵਾਇਰਸ ਵਿਰੁੱਧ ਕੁੱਲ 9 ਟੀਕਿਆਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਇਨ੍ਹਾਂ ਵਿੱਚੋਂ ਤਿੰਨ ਟੀਕੇ ਭਾਰਤ ਵਿੱਚ ਬਣਾਏ ਗਏ ਹਨ।
ਭਾਰਤ ਵਿੱਚ ਹੁਣ ਤੱਕ ਕੁੱਲ 1.7 ਅਰਬ ਟੀਕਿਆਂ ਦੇ ਡੋਜ਼ ਲੱਗ ਚੁੱਕੇ ਹਨ।
10 ਜਨਵਰੀ ਤੋਂ ਭਾਰਤ ਵਿਚ ਬੂਸਟਰ ਡੋਜ਼ ਦੇਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ।
ਇਸ ਦੇ ਨਾਲ ਹੀ 15-18 ਸਾਲ ਦੀ ਉਮਰ ਵਰਗ ਦੇ ਲੋਕਾਂ ਨੂੰ ਵੀ ਟੀਕੇ ਲੱਗ ਰਹੇ ਹਨ।
ਕਿਵੇਂ ਕੰਮ ਕਰਦਾ ਹੈ ਸਪੂਤਨਿਕ ਲਾਈਟ?
ਸਪੂਤਨਿਕ ਲਾਈਟ ਇਕ ਰੂਸੀ ਟੀਕਾ ਹੈ ਅਤੇ ਇਹ ਭਾਰਤ ਵੱਲੋਂ ਮਨਜ਼ੂਰ ਕੀਤੇ ਗਏ ਰੂਸੀ ਟੀਕੇ ਸਪੂਤਨਿਕ -V ਵਰਗਾ ਹੈ।
ਪਿਛਲੇ ਸਾਲ ਸਪੂਤਨਿਕ-V ਨੂੰ ਭਾਰਤ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਪਰ ਆਖ਼ਰੀ ਟਰਾਇਲ ਤੋਂ ਪਹਿਲਾਂ ਕੁਝ ਵਿਵਾਦ ਹੋ ਗਿਆ ਸੀ।
ਇਹ ਵੀ ਪੜ੍ਹੋ:
ਸਪੂਤਨਿਕ ਲਾਈਟ ਦੇ ਰੂਸੀ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਬੂਸਟਰ ਡੋਜ਼ ਵਜੋਂ ਕਾਫ਼ੀ ਲਾਹੇਵੰਦ ਹੈ ਅਤੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਖ਼ਿਲਾਫ਼ ਵੀ ਅਸਰਦਾਰ ਹੈ।
ਸਪੂਤਨਿਕ ਲਾਈਟ ਨੂੰ ਮਾਸਕੋ ਦੇ ਕੈਮੇਲੀਆ ਇੰਸਟੀਚਿਊਟ ਵੱਲੋਂ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਕੋਲਡ ਵਾਇਰਸ ਦੀ ਵਰਤੋਂ ਕੀਤੀ ਗਈ ਹੈ।
ਕੋਲਡ ਵਾਇਰਸ ਹਾਨੀਕਾਰਕ ਨਹੀਂ ਹੁੰਦਾ ਅਤੇ ਸਰੀਰ ਦੇ ਹਿੱਸੇ ਵਿੱਚ ਜਾਣ ਤੋਂ ਬਾਅਦ ਕੋਰੋਨਾਵਾਇਰਸ ਖ਼ਿਲਾਫ਼ ਐਂਟੀਬਾਡੀਜ਼ ਬਣਨੇ ਸ਼ੁਰੂ ਹੋ ਜਾਂਦੇ ਹਨ।
ਸਪੂਤਨਿਕ -V ਕਿੰਨਾ ਕਾਰਗਰ ਹੈ
ਸਿਹਤ ਮੈਗਜ਼ੀਨ ਲੈਂਸੇਟ ਵਿੱਚ ਛਪੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਟਰਾਇਲ ਮੁਤਾਬਕ ਸਪੂਤਨਿਕ -V ਵੈਕਸੀਨ ਕੋਵਿਡ-19 ਖਿਲਾਫ਼ 92 ਫੀਸਦ ਕਾਰਗਰ ਸਾਬਿਤ ਹੋਈ ਹੈ।
ਇਸ ਵੈਕਸੀਨ ਨੂੰ ਸੁਰੱਖਿਅਤ ਵੀ ਮੰਨਿਆ ਗਿਆ ਹੈ। ਆਖਰੀ ਟਰਾਇਲ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਇਹ ਟੀਕਾ ਸ਼ੁਰੂ ਵਿੱਚ ਵਿਵਾਦਾਂ ਨਾਲ ਘਿਰਿਆ ਰਿਹਾ। ਪਰ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਹੁਣ ਇਸ ਦਾ ਫਾਇਦਾ ਨਜ਼ਰ ਆਉਣ ਲੱਗਿਆ ਹੈ।
ਇਹ ਫਾਈਜ਼ਰ, ਓਕਸਫੋਰਡ ਜਾਂ ਐਸਟਰਾਜ਼ੇਨੇਕਾ, ਮੋਡੇਰਨਾ ਅਤੇ ਜੌਨਸਨ ਟੀਕਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਸਪੂਤਨਿਕ ਵੈਕਸੀਨ ਓਕਸਫੋਰਡ ਵੱਲੋਂ ਤਿਆਰ ਟੀਕੇ ਅਤੇ ਬੈਲਜੀਅਮ ਵਿੱਚ ਬਣਾਏ ਗਏ ਟੀਕੇ ਜੌਨਸਨ ਵਾਂਗ ਹੀ ਕੰਮ ਕਰਦਾ ਹੈ।
ਪਰ ਹੋਰਨਾਂ ਟੀਕਿਆਂ ਦੇ ਉਲਟ ਸਪੂਤਨਿਕ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ ਟੀਕੇ ਦੇ ਦੋ ਥੋੜੇ ਵੱਖਰੇ ਵਰਜ਼ਨਜ਼ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ 21 ਦਿਨਾਂ ਦੇ ਫਰਕ ਨਾਲ ਲਾਈ ਜਾਂਦੀ ਹੈ।
ਦੋ ਵੱਖੋ-ਵੱਖਰੇ ਫਾਰਮੂਲੇ ਵਰਤਣ ਨਾਲ ਇਮਿਊਨ ਸਿਸਟਮ ਵਧੇਰੇ ਬਿਹਤਰ ਹੁੰਦਾ ਹੈ ਅਤੇ ਇਹ ਲੰਬੇ ਸਮੇਂ ਲਈ ਸੁੱਰਖਿਆ ਦਿੰਦਾ ਹੈ।
ਕਦੋਂ ਹੋਈ ਰਜਿਸਟਰ ਤੇ ਕਿੱਥੇ-ਕਿੱਥੇ ਉਪਲੱਬਧ
ਇਹ ਵੈਕਸੀਨ ਫਰਵਰੀ, 2021 ਦੇ ਅੰਤ ਵਿੱਚ ਰਜਿਸਟਰਡ ਕੀਤਾ ਗਿਆ ਸੀ ਅਤੇ 55 ਤੋਂ ਵੱਧ ਦੇਸਾਂ ਵਿੱਚ ਉਪਲੱਬਧ ਸੀ। ਜਿਸ ਵਿੱਚ ਉੱਤਰੀ ਅਤੇ ਦੱਖਣੀ ਅਮਰੀਕਾ, ਯੂਰਪ, ਏਸ਼ੀਆ ਵੀ ਸ਼ਾਮਿਲ ਹਨ।
ਲੈਂਸੇਟ ਵਿੱਚ ਛਪੇ ਲੇਖ ਵਿੱਚ ਇੱਕ ਟਿੱਪਣੀ ਵਿੱਚ ਪ੍ਰੋਫੈਸਰ ਇਯਾਨ ਜੋਨਸ ਅਤੇ ਪੋਲੀ ਰਾਏ ਨੇ ਕਿਹਾ, "ਸਪੂਤਨਿਕ ਵੀ ਟੀਕੇ ਦੀ ਆਲੋਚਨਾ ਹੁੰਦੀ ਰਹੀ ਹੈ, ਬੇਲੋੜੀ ਜਲਦਬਾਜ਼ੀ ਅਤੇ ਪਾਰਦਰਸ਼ਤਾ ਨਾ ਹੋਣ ਕਾਰਨ।"
"ਪਰ ਇਸ ਦੇ ਨਤੀਜੇ ਸਪੱਸ਼ਟ ਹਨ ਅਤੇ ਟੀਕਾਕਰਨ ਦੇ ਵਿਗਿਆਨਕ ਸਿਧਾਂਤ ਨੂੰ ਪੇਸ਼ ਕੀਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਇੱਕ ਹੋਰ ਟੀਕਾ ਹੁਣ ਕੋਵਿਡ -19 ਦੀ ਖਿਲਾਫ਼ ਲੜਾਈ ਵਿੱਚ ਸ਼ਾਮਲ ਹੋ ਸਕਦਾ ਹੈ।"
ਉਨ੍ਹਾਂ ਨੇ ਕਿਹਾ ਕਿ ਟੀਕੇ ਦਾ ਸਾਰੇ ਉਮਰ ਸਮੂਹਾਂ ਵਿੱਚ ਚੰਗਾ ਅਸਰ ਰਿਹਾ ਹੈ ਅਤੇ ਇੱਕ ਖੁਰਾਕ ਤੋਂ ਬਾਅਦ ਬਿਮਾਰੀ ਦੀ ਗੰਭੀਰਤਾ ਨੂੰ ਘਟਾ ਦਿੰਦਾ ਹੈ।
ਟੀਕੇ ਸਬੰਧੀ ਖਦਸ਼ੇ
ਦੱਸ ਦੇਈਏ ਕਿ ਰੂਸ ਵਿੱਚ ਇਹ ਵੈਕਸੀਨ ਲਗਵਾਉਣ ਬਾਰੇ ਕੁਝ ਲੋਕਾਂ ਨੂੰ ਖਦਸ਼ੇ ਸਨ। ਇਸ ਤੋਂ ਇਲਾਵਾ ਕਈ ਦੇਸਾਂ ਵਿੱਚ ਵੀ ਇਸ ਸਬੰਧੀ ਸਵਾਲ ਚੁੱਕੇ ਗਏ ਸਨ। ਰੂਸੀ ਟੀਕੇ ਦੇ ਦਾਅਵੇ 'ਤੇ ਖਾਸ ਤੌਰ ਤੇ ਅਮਰੀਕਾ ਅਤੇ ਯੂਰਪ ਨੇ ਸਵਾਲ ਚੁੱਕੇ ਸਨ।
ਜਰਮਨੀ ਦੇ ਸਿਹਤ ਮੰਤਰੀ ਜੇਨਸ ਸਪਾਨ ਨੇ ਕਿਹਾ ਸੀ, "ਲੱਖਾਂ ਲੋਕਾਂ ਨੂੰ ਟੀਕੇ ਦੇਣਾ ਸ਼ੁਰੂ ਕਰਨਾ ਇੱਕ ਖ਼ਤਰਨਾਕ ਗੱਲ ਹੈ ਕਿਉਂਕਿ ਜੇਕਰ ਕੋਈ ਗੜਬੜ ਹੁੰਦੀ ਹੈ ਤਾਂ ਲੋਕਾਂ ਦਾ ਟੀਕੇ ਉੱਤੇ ਭਰੋਸਾ ਖ਼ਤਮ ਹੋ ਜਾਵੇਗਾ।"
ਉਨ੍ਹਾਂ ਨੇ ਕਿਹਾ, "ਜਿੰਨਾ ਸਾਨੂੰ ਪਤਾ ਹੈ, ਉਸ ਤੋਂ ਲੱਗਦਾ ਹੈ ਕਿ ਇਸ ਟੀਕੇ ਦੀ ਸਹੀ ਪਰਖ ਨਹੀਂ ਕੀਤੀ ਗਈ ਹੈ ...। ਗੱਲ ਸਿਰਫ਼ ਪਹਿਲਾਂ ਟੀਕਾ ਬਣਾਉਣ ਦੀ ਨਹੀਂ, ਜ਼ਰੂਰੀ ਹੈ ਕਿ ਸੁਰੱਖਿਅਤ ਟੀਕਾ ਬਣਾਇਆ ਜਾਵੇ।"
ਉੱਥੇ ਹੀ ਫਰਾਂਸ ਦੇ ਨੈਸ਼ਨਲ ਸੈਂਟਰ ਫਾਰ ਸਾਇੰਟਫਿਕ ਰਿਸਰਚ ਦੇ ਖੋਜਕਰਤਾ ਇਸਾਬੇਲ ਐਮਬਰਟ ਨੇ ਅਖਬਾਰ ਲਾ ਪੇਰਿਸੀਓਂ ਨੂੰ ਕਿਹਾ ਸੀ ਕਿ ਇੰਨੀ ਜਲਦੀ ਇਲਾਜ ਦਾ ਦਾਅਵਾ ਕਰਨਾ "ਬਹੁਤ ਹੀ ਖਤਰਨਾਕ" ਹੋ ਸਕਦਾ ਹੈ।
ਅਮਰੀਕਾ ਵਿੱਚ ਸਭ ਤੋਂ ਵੱਡੇ ਵਾਇਰਸ ਵਿਗਿਆਨੀ ਡਾ. ਐਂਥਨੀ ਫਾਉਚੀ ਨੇ ਵੀ ਰੂਸ ਦੇ ਦਾਅਵੇ 'ਤੇ ਸ਼ੰਕੇ ਖੜੇ ਕੀਤੇ ਸਨ।
ਇਹ ਵੀ ਪੜ੍ਹੋ:
ਪੁਤਿਨ ਨੇ ਕੀਤਾ ਸੀ ਵੈਕਸੀਨ ਦਾ ਐਲਾਨ
ਅਗਸਤ, 2020 ਵਿੱਚ ਰੂਸ ਦੇ ਰਾਸ਼ਟਰਤੀ ਵਲਾਦੀਮਿਰ ਪੁਤਿਨ ਨੇ ਐਲਾਨ ਕੀਤਾ ਸੀ ਕਿ ਦੋ ਮਹੀਨਿਆਂ ਤੱਕ ਇਸ ਟੀਕੇ ਦਾ ਪਰੀਖਣ ਕੀਤਾ ਗਿਆ ਹੈ।
ਉਨ੍ਹਾਂ ਨੇ ਸਰਕਾਰੀ ਟੀਵੀ ਤੇ ਦਾਅਵਾ ਕੀਤਾ ਕਿ ਮਾਕੋ ਕੇ ਗੇਮਾਲੇਆ ਇੰਸਟੀਚਿਊਟ ਵਿੱਚ ਤਿਆਰ ਕੀਤੀ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਹ ਵੈਕਸੀਨ ਉਨ੍ਹਾਂ ਨੇ ਆਪਣੀ ਧੀ ਨੂੰ ਵੀ ਦਿੱਤੀ ਹੈ।
ਪੁਤਿਨ ਨੇ ਕਿਹਾ ਸੀ, "ਮੈਂ ਜਾਣਦਾ ਹਾਂ ਕਿ ਇਹ ਟੀਕਾ ਬਹੁਤ ਪ੍ਰਭਾਵਸ਼ਾਲੀ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਮੈਂ ਦੋਹਰਾ ਰਿਹਾ ਹਾਂ ਕਿ ਇਹ ਸੁਰੱਖਿਆ ਦੇ ਸਾਰੇ ਮਾਪਦੰਡਾਂ 'ਤੇ ਖਰਾ ਉਤਰਿਆ ਹੈ।"
ਰੂਸ ਵਿਚ ਇਸ ਟੀਕੇ ਨੂੰ ਬਿਨਾਂ ਕੋਈ ਅੰਕੜੇ ਜਾਰੀ ਕੀਤੇ ਅਗਸਤ ਵਿੱਚ ਹੀ ਲਾਇਸੰਸ ਦੇ ਦਿੱਤਾ ਗਿਆ ਸੀ। ਇਸਦੇ ਨਾਲ ਹੀ ਰੂਸ ਅਜਿਹਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ ਬਣ ਗਿਆ।
ਘੱਟ ਵਿਦੇਸ਼ੀ ਦਿਲਚਸਪੀ
ਪੱਛਮੀ ਟਿੱਪਣੀਕਾਰ ਸ਼ੁਰੂਆਤੀ ਤੌਰ 'ਤੇ ਸਪੂਤਨਿਕ ਵੀ ਨੂੰ ਲੈ ਕੇ ਬਿਲਕੁਲ ਵੀ ਉਤਸ਼ਾਹਿਤ ਨਹੀਂ ਸੀ ਕਿਉਂਕਿ ਅਧਿਕਾਰੀਆਂ ਨੇ ਉਸ 'ਤੇ ਦ੍ਰਿੜਤਾਪੂਰਵਕ ਦਾਅਵਾ ਕੀਤਾ ਸੀ ਪਰ ਉਸ ਸਮੇਂ ਬਹੁਤ ਘੱਟ ਸਬੂਤ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਫੇਜ਼-III ਦੇ ਟਰਾਇਲ ਦੇ ਅੰਕੜਿਆਂ ਤੋਂ ਇਹ ਟੀਕਾ ਕਾਫ਼ੀ ਪ੍ਰਭਾਵਸ਼ਾਲੀ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਨਾਲ ਉਹੀ ਸਾਈਡ-ਇਫੈਕਟ ਹੋ ਰਿਹਾ ਹੈ ਜੋ ਯੂਰਪ ਅਤੇ ਅਮਰੀਕਾ ਵਿੱਚ ਬਣੇ ਟੀਕਿਆਂ ਨਾਲ ਹੁੰਦਾ ਹੈ ਅਤੇ ਇਸ ਤੋਂ ਬਾਅਦ ਵਿਦੇਸ਼ਾਂ ਵਿੱਚ ਦਿਲਚਸਪੀ ਵੱਧ ਗਈ ਹੈ।
ਆਰਡੀਆਈਐੱਫ਼ ਜੋ ਕਿ ਦੇਸ ਸਪੂਤਨਿਕ ਵਿੱਚ ਨਿਵੇਸ਼ ਫੰਡ ਦੇ ਰਿਹਾ ਹੈ, ਦੇ ਮੁਖੀ ਕਿਰਿਲ ਡਿਮਿਤਰੀਵ ਦਾ ਕਹਿਣਾ ਹੈ, "ਸਾਡੇ ਆਲੋਚਕ ਵੀ ਬਹਿਸ ਤੋਂ ਹੁਣ ਭੱਜ ਗਏ ਹਨ।"
ਹੰਗਰੀ ਨੇ ਸਭ ਤੋਂ ਪਹਿਲਾਂ ਐਮਰਜੈਂਸੀ ਵਰਤੋਂ ਲਈ ਰੂਸ ਦੇ ਟੀਕੇ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਸਲੋਵਾਕੀਆ ਨੂੰ ਪਿਛਲੇ ਮਹੀਨੇ ਹੀ 200,000 ਖੁਰਾਕਾਂ ਮਿਲੀਆਂ ਹਨ।
ਸਲੋਵਾਕੀ ਪ੍ਰਧਾਨ ਮੰਤਰੀ ਇਗੋਰ ਮੈਟੋਵਿਕ ਨੇ ਦਲੀਲ ਦਿੱਤੀ ਕਿ ਕੋਵਿਡ -19 ਭੂ-ਰਾਜਨੀਤੀ ਦੀ ਪਰਵਾਹ ਨਹੀਂ ਕਰਦਾ।
ਰੂਸੀ ਕੌਮਾਂਤਰੀ ਮਾਮਲਿਆਂ ਦੀ ਕੌਂਸਲ ਦੇ ਐਂਡਰੇ ਕੋਰਟੁਨੌਵ ਦਾ ਕਹਿਣਾ ਹੈ, "ਤੁਸੀਂ ਕਹਿ ਸਕਦੇ ਹੋ ਕਿ ਇਹ ਰੂਸੀ ਹਥਿਆਰਬੰਦੀ ਹੈ ਜਾਂ ਇਹ ਟੀਕਾ ਸਿਰਫ਼ ਸਿਆਸਤ ਦਾ ਹੀ ਸ਼ਿਕਾਰ ਹੈ ਪਰ ਪੱਕੇ ਤੌਰ 'ਤੇ ਦੁਨੀਆਂ ਦੇ ਹੋਰਨਾਂ ਟੀਕਿਆਂ ਦੇ ਮੁਕਾਬਲੇ ਰੂਸ ਦੇ ਟੀਕੇ ਦੇ ਸਬੰਧ ਵਿੱਚ ਸਿਆਸਤ ਵਧੇਰੇ ਸਪਸ਼ਟ ਤੌਰ 'ਤੇ ਕੀਤੀ ਗਈ ਹੈ।"
ਇਹ ਵੀ ਪੜ੍ਹੋ: