ਕੋਰੋਨਾ ਪੌਜ਼ੀਟਿਵ ਹੋਣ ਦਾ ਸ਼ੱਕ ਹੈ ਤਾਂ ਇਨ੍ਹਾਂ 7 ਗੱਲਾਂ ਦਾ ਧਿਆਨ ਰੱਖੋ

    • ਲੇਖਕ, ਏਂਡ੍ਰੀ ਬੇਯਰੇਥ
    • ਰੋਲ, ਬੀਬੀਸੀ ਬ੍ਰਾਜ਼ੀਲ

ਦੁਨੀਆਂ ਦੇ ਲਗਭਗ ਹਰ ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਕੱਲੇ ਭਾਰਤ ਵਿੱਚ ਵੀ ਪਿਛਲੇ ਕੁਝ ਦਿਨਾਂ ਵਿੱਚ ਵੀ ਕੋਰੋਨਾ ਦੀ ਲਾਗ ਦੇ ਮਾਮਲੇ ਆ ਰਹੇ ਹਨ।

ਇਹ ਉਹ ਮਾਮਲੇ ਹਨ ਜੋ ਦਰਜ ਕੀਤੇ ਜਾ ਸਕੇ। ਹਾਲਾਂਕਿ ਕਈ ਅਜਿਹੇ ਵੀ ਹੋਣਗੇ ਜੋ ਹਸਪਤਾਲਾਂ ਤੱਕ ਨਹੀਂ ਪਹੁੰਚ ਸਕੇ ਜਾਂ ਦਰਜ ਨਹੀਂ ਕੀਤੇ ਜਾ ਸਕੇ।

ਕਈ ਵਾਰ ਹੁੰਦਾ ਹੈ ਕਿ ਸਾਨੂੰ ਸ਼ੱਕ ਹੁੰਦਾ ਹੈ ਕਿ ਅਸੀਂ ਕੋਰੋਨਾ ਪੌਜ਼ੀਟਿਵ ਹੋ ਸਕਦੇ ਹਾਂ। ਸਾਨੂੰ ਕੋਰੋਨਾ ਦੇ ਸਾਰੇ ਲੱਛਣ ਨਜ਼ਰ ਆ ਰਹੇ ਹੁੰਦੇ ਹਨ। ਅਜਿਹੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?

ਇਨ੍ਹਾਂ ਬੁਨਿਆਦੀ ਪਰ ਮੁੱਢਲੀਆਂ 7ਹਦਾਇਤਾਂ/ਸਲਾਹਾਂ ਦੀ ਪਾਲਣਾ ਕਰਦੇ ਹੋਏ ਤੁਸੀਂ ਆਪਣੀ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਸਿਹਤ ਦਾ ਬਿਹਤਰ ਧਿਆਨ ਰੱਖ ਸਕਦੇ ਹੋ।

ਇਹ ਵੀ ਪੜ੍ਹੋ:

1. ਡਾਕਟਰ ਲੱਭ ਲਓ

ਲਾਗ ਦੀਆਂ ਬੀਮਾਰੀਆਂ ਬਾਰੇ ਬ੍ਰਾਜ਼ੀਲ ਦੀ ਸੁਸਾਇਟੀ ਦੇ ਮੁਖੀ ਡਾ਼ ਜੋਸ ਡੇਵਿਡ ਆਰੇਬੇਈਜ਼ ਮੰਨਦੇ ਹਨ ਕਿ ਕੋਵਿਡ ਦੀ ਸਹੀ ਪਛਾਣ ਦੇ ਲਈ ਜ਼ਰੂਰੀ ਹੈ ਕਿ ਇਸ ਦਾ ਟੈਸਟ ਕਰਵਾਇਆ ਜਾਵੇ।

ਉਹ ਕਹਿੰਦੇ ਹਨ, ''ਜਿਵੇਂ ਹੀ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੋਵੇ ਜਾਂ ਸਾਹ ਲੈਣ ਦੌਰਾਨ ਕੁਝ ਅਸਧਾਰਣ ਲੱਗੇ- ਜਿਵੇਂ ਖੰਘ ਛਿੜਨਾ, ਨੱਕ ਵਗਣਾ, ਗਲੇ ਵਿੱਚ ਖਾਰਿਸ਼ ਆਦਿ ਤਾਂ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਸਹੀ ਇਲਾਜ ਕਰਵਾਓ।''

ਅਜਿਹੇ ਵਿੱਚ ਸਭ ਤੋਂ ਪਹਿਲਾਂ ਕੰਮ ਟੈਸਟ ਕਰਵਾਉਣ ਦਾ ਹੋਣਾ ਚਾਹੀਦਾ ਹੈ। ਇਸੇ ਨਾਲ ਪੁਸ਼ਟੀ ਹੋ ਸਕੇਗੀ ਕਿ ਕੋਰੋਨਾ ਦੀ ਲਾਗ ਹੈ ਜਾਂ ਨਹੀਂ, ਜਾਂ ਫਿਰ ਇਹ ਮੌਸਮੀ ਲੱਛਣ ਹਨ। ਕੋਈ ਵੀ ਵਿਅਕਤੀ ਇਸ ਲਈ ਏਂਟੀਜਨ ਜਾਂ ਆਰਟੀਪੀਸੀਆਰ ਟੈਸਟ ਕਰਵਾ ਸਕਦਾ ਹੈ।

ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜੋ ਕੋਰੋਨਾ ਪੌਜ਼ੀਟਿਵ ਆ ਚੁੱਕਿਆ ਹੈ ਤਾਂ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦਾ ਟੈਸਟ ਕਰਵਾ ਕੇ ਬੇਫ਼ਿਕਰ ਹੋ ਜਾਓ।

ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੀ ਵੈਬਸਾਈਟ ਮੁਤਾਬਕ, ਆਰਟੀਪੀਸੀਆਰ ਟੈਸਟ ਕਰਨ ਦਾ ਇੱਕ ਦੂਜਾ ਫ਼ਾਇਦਾ ਵੀ ਹੈ ਕਿ ਜੇ ਤੁਸੀਂ ਕਿਤੇ ਸਫ਼ਰ ਕਰਨਾ ਹੈ ਤਾਂ ਇਹ ਉਸ ਲਈ ਵੀ ਜ਼ਰੂਰੀ ਹੈ।

ਹਾਲਾਂਕਿ ਐਂਟੀਜਨ ਟੈਸਟ ਆਮ ਤੌਰ 'ਤੇ ਸਟੀਕ ਨਹੀਂ ਹੁੰਦੇ ਪਰ ਇਹ ਜ਼ਰੂਰ ਹੈ ਕਿ ਤੁਹਾਨੂੰ ਰਿਪੋਰਟ ਜਲਦੀ ਮਿਲ ਜਾਂਦੀ ਹੈ। ਸਿਰਫ਼ 15 ਤੋਂ 30 ਮਿੰਟਾਂ ਵਿੱਚ।

ਦੂਜੇ ਪਾਸੇ ਆਰਟੀਪੀਸੀਆਰ ਨੂੰ ਜ਼ਿਆਦਾ ਸਟੀਕ ਮੰਨਿਆ ਜਾਂਦਾ ਹੈ ਪਰ ਉਸ ਦੀ ਰਿਪੋਰਟ ਆਉਣ ਵਿੱਚ ਕੁਝ ਸਮਾਂ ਲਗ ਜਾਂਦਾ ਹੈ।

ਜੇ ਤੁਹਾਡਾ ਨਤੀਜਾ ਨੈਗਿਟੀਵ ਆਉਂਦਾ ਹੈ ਤਾਂ ਤੁਸੀਂ ਰੋਜ਼ਾਨਾ ਵਾਂਗ ਆਪਣੇ ਕੰਮ ਕਾਜ ਕਰਦੇ ਰਹਿ ਸਕਦੇ ਹੋ। ਹਾਲਾਂਕਿ ਉਸ ਸਥਿਤੀ ਵਿੱਚ ਵੀ ਸਾਵਧਾਨੀ ਵਰਤਣੀ ਜ਼ਰੂਰੀ ਹੈ

ਆਪਣਾ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ। ਕਿਸੇ ਵੀ ਸਤ੍ਹਾ ਨੂੰ ਹੱਥ ਲਾਉਣ ਤੋਂ ਬਚੋ, ਘਰੋਂ ਬਾਹਰ ਨਿਕਲੋਂ ਤਾਂ ਕਿਸੇ ਵਿਅਕਤੀ ਜਾਂ ਵਸਤੂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਹੱਥ ਸੈਨੇਟਾਈਜ਼ ਕਰ ਲਓ।

ਸਭ ਤੋਂ ਜ਼ਰੂਰੀ ਵਾਰ-ਵਾਰ ਆਪਣੇ ਹੱਥ ਸਾਬਣ ਨਾਲ ਧੋਂਦੇ ਰਹਿਣਾ ਚਾਹੀਦਾ ਹੈ।

ਦੂਜੇ ਪਾਸੇ ਜੇ ਤੁਹਾਡੀ ਰਿਪੋਰਟ ਪੌਜ਼ੀਟਿਵ ਆਉਂਦੀ ਹੈ ਤਾਂ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਤੁਰੰਤ ਸ਼ੁਰੂ ਕਰ ਦਿਓ।

2. ਆਪਣੇ ਆਪ ਨੂੰ ਇਕਾਂਤਵਾਸ ਕਰ ਲਓ

ਕੋਰੋਨਾਵਾਇਰਸ ਇੱਕ ਲਾਗਸ਼ੀਲ ਵਾਇਰਸ ਹੈ। ਇਹ ਵਾਇਰਸ ਨੱਕ ਅਤੇ ਮੂੰਹ ਤੋਂ ਨਿਕਲਣ ਵਾਲੇ ਛਿੱਟਿਆਂ ਰਾਹੀਂ ਫ਼ੈਲ ਸਕਦਾ ਹੈ।

ਜੇ ਕੋਈ ਲਾਗ ਵਾਲਾ ਵਿਅਕਤੀ ਬਿਨਾਂ ਮੂੰਹ ਢਕੇ ਜਾਂ ਮਾਸਕ ਲਗਾਏ ਛਿੱਕ ਜਾਂ ਖੰਘ ਰਿਹਾ ਹੈ ਤੇ ਕੋਈ ਤੰਦਰੁਸਤ ਵਿਅਕਤੀ ਬਿਨਾਂ ਮਾਸਕ ਜਾਂ ਮੂੰਹ ਢਕੇ ਉਸ ਦੇ ਸਾਹਮਣੇ ਖੜ੍ਹਾ ਹੈ ਜਾਂ ਕਿਸੇ ਤਰੀਕੇ ਉਸ ਦੇ ਸੰਪਰਕ ਵਿੱਚ ਆਉਂਦਾ ਹੈ। ਅਜਿਹੀ ਸੂਰਤ ਵਿੱਚ ਉਸ ਤੰਦਰੁਸਤ ਵਿਅਕਤੀ ਨੂੰ ਲਾਗ ਲੱਗਣ ਦੀ ਸੰਭਾਵਨਾ ਵਧ ਜਾਵੇਗੀ।

ਅਜਿਹੇ ਵਿੱਚ ਜੇ ਤੁਹਾਨੂੰ ਕੋਰੋਨਾ ਦੀ ਲਾਗ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਕਰ ਲਓ ਅਤੇ ਦੂਰੀ ਬਣਾ ਲਓ ਭਾਵ ਕਿ ਖ਼ੁਦ ਨੂੰ ਆਈਸੋਲੇਟ ਕਰ ਲਓ।

ਜੇ ਤੁਹਾਡੇ ਨਾਲ ਪਰਿਵਾਰ ਵੀ ਰਹਿੰਦਾ ਹੈ ਤਾਂ ਜ਼ਰੂਰੀ ਹੈ ਕਿ ਪਾਰਿਵਾਰ ਦੇ ਸਾਰੇ ਮੈਂਬਰ ਮਾਸਕ ਪਾ ਕੇ ਰੱਖਣ।

ਮਾਸਕ ਵਧੀਆ ਗੁਣਵੱਤਾ ਦਾ ਹੋਣਾ ਚਾਹੀਦਾ ਹੈ। ਕਿਸੇ ਲਾਗ ਵਾਲੇ ਵਿਅਕਤੀ ਦੇ ਨੇੜੇ ਜਾਣ ਸਮੇਂ ਮਾਸਕ ਦਾ ਧਿਆਨ ਰੱਖਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ।

ਸੰਭਵ ਹੋ ਸਕੇ ਤਾਂ ਲਾਗ ਵਾਲੇ ਵਿਅਕਤੀ ਨੂੰ ਵੱਖਰਾ ਗੁਸਲਖਾਨਾ ਵਰਤਣ ਦਿਓ। ਇਸ ਦੇ ਨਾਲ ਹੀ ਉਸ ਦੀ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਵੀ ਵੱਖਰੀਆਂ ਰੱਖੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਿਸੇ ਲਾਗ ਵਾਲੇ ਵਿਅਕਤੀ ਨੂੰ ਆਖ਼ਰ ਕਿੰਨੇ ਸਮੇਂ ਤੱਕ ਆਈਸੋਲੇਸ਼ਨ ਵਿੱਚ ਰਹਿਣਾ ਚਾਹੀਦਾ ਹੈ, ਇਸ ਬਾਰੇ ਮਾਹਰਾਂ ਦੀ ਰਾਏ ਵੱਖੋ-ਵੱਖ ਹੈ।

ਹਾਲਾਂਕਿ ਬ੍ਰਿਟੇਨ, ਆਸਟ੍ਰੇਲੀਆ ਵਰਗੇ ਦੂਜੇ ਦੇਸ਼ਾਂ ਵਿੱਚ ਆਈਸੋਲੇਸ਼ਨ ਦਾ ਸਮਾਂ ਵੱਖੋ-ਵੱਖ ਹੈ। ਭਾਰਤ ਵਿੱਚ ਏਕਾਂਤਵਾਸ 7 ਦਿਨਾਂ ਲਈ ਜ਼ਰੂਰੀ ਦੱਸਿਆ ਗਿਆ ਹੈ।

ਜ਼ਿਆਦਾਤਰ ਦੇਸ਼ਾਂ ਵਿੱਚ ਇਹ ਸਮਾਂ ਸੱਤ ਦਿਨਾਂ ਤੋਂ ਦੱਸ ਦਿਨਾਂ ਤੱਕ ਦਾ ਹੈ। ਆਈਸੋਲੇਸ਼ਨ ਦਾ ਸਮਾਂ ਪਹਿਲਾ ਲੱਛਣ ਆਉਣ ਤੋਂ ਜਾਂ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਗਿਣਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਐਸਬੀਆਈ ਬਾਇਓਸੇਫ਼ਟੀ ਦੇ ਸਲਾਹਕਾਰ ਡਾ਼ ਸਿਲਵੀਆਂ ਲੋਮੇਸ ਮੁਤਾਬਕ,''ਓਮੀਕਰੋਨ ਵੇਰੀਐਂਟ ਅਤੇ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਦੱਸ ਦਿਨਾਂ ਤੱਕ ਇਕਾਂਤਵਾਸ ਵਿੱਚ ਰਹਿਣਾ ਬਿਹਤਰ ਹੈ।''

ਹਾਲਾਂਕਿ ਜੇ ਨੌਂ ਦਿਨਾਂ ਵਿੱਚ ਵੀ ਲਾਗ ਦੇ ਲੱਛਣ ਬਣੇ ਰਹਿਣ ਤਾਂ ਉਸ ਤੋਂ ਜ਼ਿਆਦਾ ਦਿਨਾਂ ਤੱਕ ਆਈਸੋਲੇਸ਼ਨ ਵਿੱਚ ਰਹਿਣਾ ਚਾਹੀਦਾ ਹੈ।

3. ਆਪਣੇ-ਆਸ ਪਾਸ ਦੇ ਲੋਕਾਂ ਨੂੰ ਇਤਲਾਹ ਕਰ ਦਿਓ

ਤੀਜਾ ਜ਼ਰੂਰੀ ਕੰਮ ਹੈ ਕਿ ਜੇ ਤੁਸੀਂ ਸੰਪਰਕ ਵਿੱਚ ਆਉਣ ਵਾਲਿਆਂ ਤੋਂ ਆਪਣੀ ਲਾਗ ਦੀ ਗੱਲ ਦਾ ਓਹਲਾ ਨਾ ਰੱਖੋ ਸਗੋਂ ਉਨ੍ਹਾਂ ਨੂੰ ਦੱਸ ਦਿਓ।

ਤੁਹਾਡੇ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਉਣ, ਲੱਛਣ ਦਿਖਾਈ ਦੇਣ ਜਾਂ ਫਿਰ ਟੈਸਟ ਦੀ ਰਿਪੋਰਟ ਆਉਣ ਤੋਂ 14 ਦਿਨਾਂ ਪਹਿਲਾਂ ਦੇ ਅਰਸੇ ਦੌਰਾਨ ਜੇ ਤੁਸੀਂ ਕਿਸੇ ਦੇ ਸੰਪਰਕ ਵਿੱਚ ਆਏ ਹੋ ਤਾਂ ਉਨ੍ਹਾਂ ਨੂੰ ਇਸ ਬਾਰੇ ਦੱਸੋ ਅਤੇ ਉਨ੍ਹਾਂ ਨੂੰ ਟੈਸਟ ਕਰਵਾਉਣ ਦੀ ਸਲਾਹ ਦਿਓ।

ਬਹੁਤ ਹੱਦ ਤੱਕ ਸੰਭਵ ਹੈ ਕਿ ਤੁਸੀਂ ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਹੀ ਲਾਗ ਦੇ ਸ਼ਿਕਾਰ ਹੋ ਚੁੱਕੇ ਹੋਵੋ।

ਤੁਹਾਡੇ ਦੱਸਣ ਨਾਲ ਤੁਹਾਡੇ ਚੌਗਿਰਦੇ ਦੇ ਲੋਕ ਸੁਚੇਤ ਹੋ ਜਾਣਗੇ ਅਤੇ ਕੋਵਿਡ ਟੈਸਟ ਵੀ ਕਰਵਾਉਣਗੇ। ਇਸ ਨਾਲ ਉਹ ਆਪਣੀ ਸੁਰੱਖਿਆ ਮਜ਼ਬੂਤ ਕਰ ਲੈਣਗੇ, ਦੂਜਿਆਂ ਦੀ ਲਾਗ ਦਾ ਕਾਰਨ ਵੀ ਨਹੀਂ ਬਣਨਗੇ।

4. ਲੱਛਣਾਂ 'ਤੇ ਕਾਬੂ ਕਰੋ

ਜ਼ਿਆਦਾਤਰ ਮਾਮਲਿਆਂ ਵਿੱਚ ਕੋਰੋਨਾਵਾਇਰਸ ਲਾਗ ਵਾਲੇ ਵਿਅਕਤੀ ਨੂੰ ਖੰਘ, ਥਕਾਨ, ਗਲੇ ਵਿੱਚ ਖਾਰਿਸ਼, ਦਸਤ ਦੀ ਸ਼ਿਕਾਇਤ ਪੇਸ਼ ਆਉਂਦੀ ਹੈ।

ਕਈ ਮਾਮਲਿਆਂ ਵਿੱਚ ਸਮੇਂ ਤੋਂ ਪਹਿਲਾਂ ਲੱਛਣ ਵਧਣ ਲਗਦੇ ਹਨ।

ਕੋਰੋਨਾ ਦੀ ਲਾਗ ਵਾਲਾ ਵਿਅਕਤੀ ਜਿਸ ਸਮੇਂ ਆਈਸੋਲੇਸ਼ਨ ਵਿੱਚ ਹੋਵੇ ਉਸ ਦੌਰਾਨ ਸਾਰੇ ਲੱਛਣਾਂ ਉੱਪਰ ਨਿਗ੍ਹਾ ਰੱਖਣੀ ਜ਼ਰੂਰੀ ਹੈ, ਜੇ ਲੱਛਣ ਗੰਭੀਰ ਹੋ ਰਹੇ ਹੋਣ ਤਾਂ ਤੁਰੰਤ ਕਿਸੇ ਡਾਕਟਰ ਦੀ ਮਦਦ ਲੈਣੀ ਜ਼ਰੂਰੀ ਹੈ।

ਹਿਰਿਚਕਸੇਨ ਦੇ ਮੁਤਾਬਕ, ''ਲੱਛਣਾਂ ਦੀ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੈ, ਖ਼ਾਸ ਤੌਰ ’ਤੇ ਬਜ਼ੁਰਗ ਮਰੀਜ਼ਾਂ ਦੇ ਮਾਮਲੇ ਵਿੱਚ। ਜੇ ਕਿਸੇ 60 ਸਾਲ ਦੇ ਬਜ਼ੁਰਗ ਨੂੰ ਜ਼ਿਆਦਾ ਦਸਤ ਹੋਣ ਲੱਗ ਪੈਣ ਤਾਂ ਉਹ ਪਾਣੀ ਦੀ ਕਮੀ ਦੇ ਸ਼ਿਕਾਰ ਹੋ ਸਕਦੇ ਹਨ ਜਾਂ ਫਿਰ ਫੇਫੜਿਆਂ ਵਿੱਚ ਪਾਣੀ ਇਕੱਠਾ ਹੋਣ ਨਾਲ ਉਨ੍ਹਾਂ ਨੂੰ ਨਿਮੋਨੀਆ ਵੀ ਹੋ ਸਕਦਾ ਹੈ।''

ਜਾਣਕਾਰਾਂ ਦਾ ਮੰਨਣਾ ਹੈ ਕਿ ਜੇ ਘਰ ਵਿੱਚ ਕਿਸੇ ਨੂੰ ਕੋਰੋਨਾ ਦੀ ਲਾਗ ਹੈ ਤਾਂ ਬਿਹਤਰ ਹੋਵੇਗਾ ਕਿ ਘਰ ਵਿੱਚ ਔਕਸੀਮੀਟਰ ਹੋਵੇ ਅਤੇ ਸਮੇਂ-ਸਮੇਂ ਉੱਪਰ ਵਿਅਕਤੀ ਦੇ ਆਕਸੀਜ਼ਨ ਪੱਧਰ ਦੀ ਜਾਂਚ ਹੁੰਦੀ ਰਹੇ।

ਹਿਰਿਚਕਸੇਨ ਦਾ ਕਹਿਣਾ ਹੈ, ''ਆਕਸੀਜ਼ਨ ਸੈਚੂਰੇਸ਼ਨ 95% ਤੋਂ ਉਪਰ ਹੋਣੀ ਚਾਹੀਦੀ ਹੈ। ਜੇ ਇਹ 98% ਹੈ ਅਤੇ ਹੌਲੀ-ਹੌਲੀ 97%, 96% ,95% ਤੇ 94% ਤੱਕ ਘਟ ਰਿਹਾ ਹੈ ਤਾਂ ਇਹ ਵੀ ਇੱਕ ਚੇਤਾਵਨੀ ਹੈ ਕਿ ਤੁਹਾਨੂੰ ਡਾਕਟਰੀ ਮਦਦ ਦੀ ਲੋੜ ਪੈ ਸਕਦੀ ਹੈ।''

5. ਅਰਾਮ ਕਰੋ ਅਤੇ ਪਾਣੀ ਪੀਂਦੇ ਰਹੋ

ਬੀਬੀਸੀ ਨੇ ਜਿਨ੍ਹਾਂ ਜਾਣਕਾਰਾਂ ਨਾਲ ਵੀ ਇਸ ਬਾਰੇ ਗੱਲ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਲਾਗ ਦੇ ਮਾਮਲੇ ਵਿੱਚ ਸਭ ਤੋਂ ਜ਼ਰੂਰੀ ਹੈ, ਸਾਵਧਾਨੀ ਵਰਤਣਾ।

ਕੋਰੋਨਾ ਮਹਾਮਾਰੀ ਵਧਣ ਤੋਂ ਬਾਅਦ ਕੁਝ ਦਵਾਈਆਂ ਆਊਟ ਆਫ਼ ਸਟਾਕ ਤੱਕ ਹੋ ਗਈਆਂ ਕਿਉਂਕਿ ਉਨ੍ਹਾਂ ਨੂੰ ਬੀਮਾਰੀ ਦੇ ਉਪਚਾਰ ਦੇ ਰੂਪ ਵਿੱਚ ਦੇਖਿਆ ਜਾਣ ਲੱਗਿਆ।

ਜਿਵੇਂ ਹਾਈਡਰੋ-ਕਲੋਰੋਕੁਈਨ, ਆਈਵਰਮੇਕਵਿਨ ਅਤੇ ਨਾਈਟਜ਼ਾਕਸਾਈਡ ਵਰਗੀਆਂ ਦਵਾਈਆਂ ਲੋਕਾਂ ਨੇ ਰੋਕਥਾਮ ਵਜੋਂ ਲਈਆਂ ਪਰ ਇਹ ਬਹੁਤੀਆਂ ਕਾਰਗਰ ਸਾਬਤ ਨਹੀਂ ਹੋਈਆਂ।

ਮੌਜੂਦਾ ਸਮੇਂ ਵਿੱਚ ਜੇ ਕਿਸੇ ਵਿਅਕਤੀ ਨੂੰ ਕੋਰੋਨਾ ਦੀ ਲਾਗ ਹੈ ਤਾਂ ਜਾਣਕਾਰ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਅਰਾਮ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਲਈ ਕਹਿੰਦੇ ਹਨ।

ਆਰਬਿਜ਼ ਬ੍ਰਿਤੋ ਦੇ ਮੁਤਾਬਕ, ਭਰਪੂਰ ਪਾਣੀ ਨਾਲ ਸਾਈਟੋਕਿਨਸ ਨੂੰ ਪਤਲਾ ਕਰਕੇ ਕਿਡਨੀ ਦੇ ਰਾਹੀਂ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ।

6. ਠੀਕ ਹੋਣ ਤੋਂ ਬਾਅਦ ਕੋਰੋਨਾ ਦਾ ਟੀਕਾ ਲਗਵਾਓ

ਕੋਰੋਨਾ ਦੀ ਲਾਗ ਤੋਂ ਠੀਕ ਹੋਣ ਤੋਂ ਬਾਅਦ ਡਾਕਟਰ ਦੀ ਸਲਾਹ ਲਓ ਅਤੇ ਕੋਰੋਨਾ ਵੈਕਸੀਨ ਜ਼ਰੂਰ ਲਗਵਾਓ।

ਟੀਕਾ ਲਗਵਾਉਣਾ ਉਨ੍ਹਾਂ ਲੋਕਾਂ ਦੇ ਲਈ ਵੀ ਜ਼ਰੂਰੀ ਹੈ ਜਿਨ੍ਹਾਂ ਨੂੰ ਕੋਰੋਨਾ ਦੀ ਲਾਗ ਹੋ ਚੁੱਕੀ ਹੈ। ਇਸ ਦੀ ਵਜ੍ਹਾ ਹੈ ਕਿ ਐਂਟੀਬਾਡੀ ਦੇ ਪੱਧਰ ਨੂੰ ਵਧਾਉਣ ਵਿੱਚ ਮਦਦਗਾਰ ਹੈ।

7. ਟੀਕਾਤੈਅ ਸ਼ਡਿਊਲ ’ਤੇ ਲਗਾਓ

ਰਿਪੋਰਟ ਪੌਜ਼ੀਟਿਵ ਆਉਣ ਤੋਂ ਅਗਲੇ ਦਿਨ ਹੀ ਵੈਕਸੀਨ ਨਹੀਂ ਲਗਵਾਈ ਜਾਣੀ ਚਾਹੀਦੀ।

ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਗਾਈਡਲਾਈਨਸ ਵਿੱਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਲੱਛਣਾਂ ਦੇ ਨਜ਼ਰ ਆਉਣ ਜਾਂ ਪੌਜ਼ੀਟਿਵ ਆਉਣ ਤੋਂ ਤੀਹ ਦਿਨਾਂ ਬਾਅਦ ਵੈਕਸੀਨ ਲਈ ਜਾ ਸਕਦੀ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਵੈਕਸੀਨ ਦੀ ਹਰ ਖ਼ੁਰਾਕ ਨੂੰ ਉਸ ਦੇ ਬਣਦੇ ਸ਼ਡਿਊਲ ਮੁਤਾਬਕ ਲੈਣਾ ਬਿਹਤਰ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)