ਪੰਜਾਬ ਦੇ ਟਰੱਕਾਂ ਵਾਲਿਆਂ ਨੇ ਸ਼ੰਭੂ ਨੂੰ ਬਣਾਇਆ ਸਿੰਘੂ ਬਾਰਡਰ , ਰਾਹਗੀਰਾਂ ਰਾਹ ਮੁਸ਼ਕਲ ਹੋਇਆ

    • ਲੇਖਕ, ਕਮਲ ਸੈਣੀ ਅਤੇ ਅਵਤਾਰ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਟਰੱਕ ਅਪਰੇਟਰ ਕਾਂਗਰਸ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਖ਼ਿਲਾਫ਼ ਲੜਾਈ ਲੜ ਰਹੇ ਹਨ, ਜਿਸ ਲਈ ਸੰਭੂ ਬੈਰੀਆਰ ’ਤੇ 30 ਦਸੰਬਰ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ।

ਪੰਜਾਬ ਅਤੇ ਹਰਿਆਣਾ ਦੀ ਸਰਹੱਦ ਉੱਤੇ ਇਹ ਮੋਰਚਾ ਪੰਜਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ ਅਤੇ ਸ਼ੰਭੂ ਦੇ ਹਾਲਾਤ ਕਿਸਾਨੀ ਅੰਦੋਲਨ ਦੌਰਾਨ ਸਿੰਘੂ ਅਤੇ ਟਿੱਕਰੀ ਬਾਰਡਰਾਂ ਵਰਗੇ ਬਣ ਗਏ ਹਨ।

ਕੜਾਕੇ ਦੀ ਠੰਢ ਵਿੱਚ ਧਰਨੇ ਉੱਤੇ ਬੈਠੇ ਪੰਜਾਬ ਦੀਆਂ 134 ਟਰੱਕ ਯੂਨੀਅਨਾਂ ਨਾਲ ਸਬੰਧਤ ਅਪਰੇਟਰ ਸੂਬੇ ਵਿੱਚ ਟਰੱਕ ਯੂਨੀਆਨਾਂ ਬਹਾਲ ਕਰਨ ਦੀ ਮੰਗ ਕਰ ਰਹੇ ਹਨ।

ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਲੱਗੇ ਇਸ ਧਰਨੇ ਨਾਲ ‘ਰਾਹਗੀਰਾਂ ਨੂੰ ਬਹੁਤ ਦਿੱਕਤਾਂ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਂਕਿ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ, ਟ੍ਰੈਫ਼ਿਕ ਦੇ ਰੂਟ ਬਦਲੇ ਗਏ ਹਨ ਪਰ ਇਸ ਦੇ ਬਾਵਜੂਦ ਰਾਹਗੀਰਾਂ ਦਾ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਫ਼ੀ ਸਮਾਂ ਬਰਬਾਦ ਹੋ ਰਿਹਾ ਹੈ।

ਕੀ ਹੈ ਮਸਲਾ ?

  • ਪੰਜਾਬ ਦੇ ਟਰੱਕ ਅਪਰੇਟਰਾਂ ਵੱਲੋਂ ਸੰਭੂ ਬੈਰੀਅਰ ’ਤੇ ਪੱਕਾ ਧਰਨਾ ਜਾਰੀ।
  • ਕੌਮੀਂ ਮਾਰਗ ਬੰਦ ਹੋਣ ਕਾਰਨ ਦਿੱਲੀ ਤੋਂ ਆਉਣ ਤੇ ਜਾਣ ਵਾਲਿਆਂ ਦੀਆਂ ਮੁਸ਼ਕਿਲਾਂ ਵਧੀਆਂ
  • ਜਾਮ ਦਾ ਅਸਰ ਅੰਬਾਲਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
  • ਸਰਕਾਰ ਅਤੇ ਟਰੱਕ ਆਪਰੇਟਰਾਂ ਵਿਚਕਾਰ 4 ਜਨਵਰੀ ਨੂੰ ਮੀਟਿੰਗ
  • ਆਪਰੇਟਰ ਟਰੱਕ ਯੂਨੀਆਨਾਂ ਬਹਾਲ ਕਰਨ ਦੀ ਕਰ ਰਹੇ ਨੇ ਮੰਗ
  • ਚਰਨਜੀਤ ਸਿੰਘ ਚੰਨੀ ਨੇ ਚੋਣਾਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਟਰੱਕ ਯੂਨੀਅਨਾਂ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਸੀ।

ਟਰੱਕ ਅਪਰੇਟਰਾਂ ਦੀਆਂ ਕੀ ਮੰਗਾਂ ਹਨ?

ਆਲ ਪੰਜਾਬ ਟਰੱਕ ਏਕਤਾ ਦੀ ਸੂਬਾ ਕੋਰ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਜੇ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਵਿੱਚ ਟਰੱਕ ਯੂਨੀਆਨਾਂ ਭੰਗ ਕਰ ਦਿੱਤੀਆਂ ਸਨ।

ਸਿੰਗਲਾ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣਾਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਟਰੱਕ ਯੂਨੀਅਨਾਂ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਜਦੋਂ ਦਸੰਬਰ-2021 ਵਿਚ ਟਰੱਕ ਅਪਰੇਟਰਾਂ ਵਲੋਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਵਿਰੋਧ ਵਿਚ ਕਾਂਗਰਸ ਸਰਕਾਰ ਖ਼ਿਲਾਫ਼ ਮੁਹਾਲੀ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਸੀ।

ਉਸ ਸਮੇਂ ਸੰਸਦ ਮੈਂਬਰ ਹੁੰਦਿਆਂ ਭਗਵੰਤ ਮਾਨ ਨੇ ਧਰਨੇ ਵਿਚ ਆ ਕੇ ਮੰਗਾਂ ਦੇ ਹੱਲ ਦਾ ਵਾਅਦਾ ਕੀਤਾ ਸੀ ਪਰੰਤੂ ਸੱਤਾ ਮਿਲਣ ਦੇ ਬਾਵਜੂਦ ਵੀ ‘ਆਪ’ ਸਰਕਾਰ ਵਲੋਂ ਅਜੇ ਤੱਕ ਟਰੱਕ ਅਪਰੇਟਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ।

ਟਰੱਕ ਅਪਰੇਟਰਾਂ ਦਾ ਕਹਿਣਾ ਹੈ ਕਿ ਸਰਕਾਰ ਕੰਮਾਂ ਦੇ ਟੈਂਡਰ ਸਿੱਧੇ ਟਰੱਕ ਯੂਨੀਅਨਾਂ ਨੂੰ ਦਿੱਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਸਰਕਾਰ ਸਿੱਧੇ ਤੌਰ ’ਤੇ ਟਰੱਕ ਯੂਨੀਅਨਾਂ ਨਾਲ ਗੱਲ ਕਰੇ ਅਤੇ ਵਿਚੋਲੇ ਠੇਕੇਦਾਰਾਂ ਨੂੰ ਵਿਚੋਂ ਬਾਹਰ ਕੱਢਿਆ ਜਾਵੇ।

ਯੂਨੀਅਨ ਦੇ ਨੇਤਾ ਪਰਮਜੀਤ ਸਿੰਘ ਫ਼ਾਜ਼ਿਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸਐਸਪੀਜ਼ ਨੂੰ ਆਦੇਸ਼ ਦਿੱਤਾ ਹੈ ਕਿ ਟਰੱਕ ਯੂਨੀਅਨਾਂ ਨੂੰ ਖ਼ਤਮ ਕਰ ਦਿੱਤਾ ਜਾਵੇ।

ਉਨ੍ਹਾਂ ਕਿਹਾ, “ਅਸੀਂ ਇਸ ਦੇ ਵਿਰੋਧ ਵਿੱਚ ਧਰਨਾ ਦੇਣ ਲਈ ਮਜ਼ਬੂਰ ਹਾਂ। ਪ੍ਰਸਾਸ਼ਨ ਕਹਿੰਦਾ ਹੈ ਕਿ ਅਸੀਂ ਪਹਿਲਾਂ ਰੋਡ ਖਾਲੀ ਕਰ ਦਈਏ ਜਿਸ ਤੋਂ ਬਾਅਦ ਮੁੱਖ ਮੰਤਰੀ ਨਾਲ ਗੱਲ ਕਰਵਾਈ ਜਾਵੇਗੀ। ਪਰ ਜਦੋਂ ਤੱਕ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੁੰਦੀ ਅਸੀਂ ਧਰਨੇ ਤੋਂ ਨਹੀਂ ਉੱਠਾਂਗੇ।”

ਜਲੰਧਰ ਨਾਲ ਸਬੰਧਤ ਹਰਕਮਲ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਲਵੇਂ ਤਾਂ ਉਹ ਅੱਜ ਹੀ ਧਰਨੇ ਵਾਲੀ ਥਾਂ ਖਾਲੀ ਕਰ ਦੇਣਗੇ।

“ਸਾਡੇ ਕੋਲ ਧਰਨਾ ਹੀ ਇੱਕ ਸਾਧਨ ਹੈ ਅਤੇ ਸੰਘਰਸ਼ ਤੋਂ ਬਿਨ੍ਹਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ।”

ਇਹ ਵੀ ਪੜ੍ਹੋ:

ਰਾਹਗੀਰਾਂ ਲਈ ਭਾਰੀ ਸਮੱਸਿਆ

ਕੌਮੀਂ ਮਾਰਗ ਬੰਦ ਹੋਣ ਦਾ ਅਸਰ ਅੰਬਾਲਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।

ਅੰਬਾਲਾ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਡਾਈਵਰਟ ਕਰ ਕੇ ਚੰਡੀਗੜ੍ਹ ਵੱਲ ਕਰ ਦਿੱਤਾ ਗਿਆ ਹੈ।

ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਕਿਲੋਮੀਟਰ ਜਿਆਦਾ ਸਫ਼ਰ ਕਰਨਾ ਪੈਂਦਾ ਹੈ।

ਧਰਨੇ ਕਾਰਨ ਲੱਗੇ ਜਾਮ ਕਰਕੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਿੱਲੀ ਤੋਂ ਸੰਗਰੂਰ ਜਾਣ ਵਾਲੇ ਇੱਕ ਟਰੱਕ ਡਰਾਇਰ ਕਰਣ ਕੁਮਾਰ ਦਾ ਕਹਿਣਾ ਹੈ ਕਿ ਉਹ 24 ਘੰਟਿਆਂ ਜਾਮ ਵਿੱਚ ਫਸਿਆ ਰਿਹਾ ਸੀ।

ਕਰਣ ਕੁਮਾਰ ਨੇ ਕਿਹਾ, “ਸੜਕ ਉਪਰ ਬਹੁਤ ਸਮੱਸਿਆ ਆ ਰਹੀ ਹੈ। ਇਕ ਤਾਂ ਠੰਢ ਬਹੁਤ ਹੈ, ਦੂਜਾ ਗੱਡੀ ਵਿੱਚ ਕੋਈ ਸਹੂਲਤ ਨਹੀਂ ਹੈ। ਮੇਰੇ ਅੱਗੇ ਪਿੱਛੇ ਜਾਮ ਸੀ। ਉਪਰੋਂ ਖਾਣ ਪੀਣ ਦੀ ਕੋਈ ਸਹੂਲਤ ਨਹੀਂ।”

ਦਿੱਲੀ ਤੋਂ ਪਟਿਆਲਾ ਜਾਣ ਵਾਲੇ ਹਰਵੀਰ ਸਿੰਘ ਨੇ ਕਿਹਾ ਕਿ ਉਸ ਨੂੰ ਅੰਬਾਲਾ ਤੋਂ ਆਟੋ ਉਪਰ ਜਾਣਾ ਪਿਆ ਜੋ ਕਿ ਠੰਢ ਵਿੱਚ ਬਹੁਤ ਹੀ ਪ੍ਰੇਸ਼ਾਨੀ ਵਾਲਾ ਕੰਮ ਸੀ।

ਉਨ੍ਹਾਂ ਕਿਹਾ ਕਿ ਅਜਿਹੀ ਸਰਦੀ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਰਾਹਗੀਰ ਜਸਪਾਲ ਸਿੰਘ ਨੇ ਕਿਹਾ, “ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ ਇਹ ਤਾਂ ਸਰਕਾਰ ਨੂੰ ਪਤਾ ਹੈ ਪਰ ਅਸੀਂ ਪਰੇਸ਼ਾਨ ਹੋ ਰਹੇ ਹਾਂ। ਸਰਕਾਰ ਨੂੰ ਸਾਡੇ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ।”

ਅੰਬਾਲਾ ਟ੍ਰੈਫ਼ਿਕ ਪੁਲਿਸ ਦੇ ਐੱਸਐੱਚਓ ਜੋਗਿੰਦਰ ਸਿੰਘ ਨੇ ਕਿਹਾ, “ਧਰਨਾਕਾਰੀ ਕਹਿ ਰਹੇ ਨੇ ਕਿ ਜਦੋਂ ਤੱਕ ਮੁੱਖ ਮੰਤਰੀ ਉਹਨਾਂ ਨਾਲ ਗੱਲ ਨਹੀਂ ਕਰਦੇ, ਉਹ ਧਰਨਾ ਨਹੀਂ ਚੁੱਕਗੇ। ਅਸੀਂ ਰਸਤੇ ਡਾਇਵਰਟ ਕੀਤੇ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਪਤਾ ਨਹੀਂ, ਉਹਨਾਂ ਨੂੰ ਅਸੀਂ ਜਾਣਕਾਰੀ ਦਿੰਦੇ ਹਾਂ।”

‘ਮੰਤਰੀਆਂ ਦੇ ਪੈਨਲ ਨਾਲ ਮੀਟਿੰਗ’

ਅਜੇ ਸਿੰਗਲਾ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਉਹਨਾਂ ਦੀ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ 4 ਜਨਵਰੀ ਨੂੰ ਇੱਕ ਮੀਟਿੰਗ ਹੈ

ਸਿੰਗਲਾ ਨੇ ਕਿਹਾ, “ਸਰਕਾਰ ਦੇ ਮੰਤਰੀਆਂ ਅਤੇ ਟਰੱਕ ਅਪਰੇਟਰਾਂ ਵਿਚਾਲੇ ਇੱਕ ਪੈਨਲ ਮੀਟਿੰਗ ਪੰਜਾਬ ਭਵਨ ਵਿੱਚ ਰੱਖੀ ਗਈ ਹੈ। ਸਾਨੂੰ ਉਮੀਦ ਹੈ ਕਿ ਸਰਕਾਰ ਸਾਡੀ ਸੁਣਵਾਈ ਕਰੇਗੀ।”

 ਟਰੱਕ ਯੂਨੀਅਨਾਂ ਦੇ ਆਗੂ ਹੈਪੀ ਸਿੰਘ ਨੇ ਕਿਹਾ ਕਿ ‘‘ਸਾਡਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ, ਸਾਡੇ ਕੋਲ ਧਰਨੇ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਦਾ ਹੈ।’’

ਅਸੀਂ ਆਰ ਪਾਰ ਦੀ ਲੜਾਈ ਲੜਨ ਆਏ ਹਾਂ, ਲੜ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ। ਇਸ ਤਰ੍ਹਾਂ ਵਾਪਸ ਨਹੀਂ ਮੁੜਾਂਗੇ।‘’

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)