ਲਿਓਨਲ ਮੈਸੀ : ਕਿੰਨੇ ਅਮੀਰ ਹਨ, ਉਨ੍ਹਾਂ ਦੀ ਪਤਨੀ ਕੌਣ ਹੈ ਤੇ ਜ਼ਿੰਦਗੀ ਨਾਲ ਜੁੜੇ ਅਹਿਮ ਪੰਨੇ

ਲਿਓਨਲ ਮੈਸੀ ਦੀ ਅਗਵਾਈ ਵਿਚ ਅਰਜਨਟੀਨਾ ਨੇ ਕਤਰ ਦੇ ਲੂਸੈਲ ਸਟੇਡੀਅਮ ਵਿੱਚ ਇਤਿਹਾਸ ਰਚਿਆ।

ਉਹ ਫੀਫਾ ਵਿਸ਼ਵ ਕੱਪ ਜਿੱਤਣ ਦਾ ਆਪਣਾ ਖ਼ੁਆਬ ਪੂਰਾ ਕਰਦਿਆਂ ਅਰਜਨਟੀਨਾ ਦੀ ਟੀਮ ਨੂੰ ਜਿੱਤ ਦੀ ਰਾਹ ਲੈ ਗਏ।

ਇਹ ਇੱਕੋ ਇੱਕ ਵਿਸ਼ਵ ਕੱਪ ਸੀ, ਜੋ ਮੈਸੀ ਆਪਣੇ ਸੁਨਿਹਰੇ ਖੇਡ ਸਫ਼ਰ ਦੌਰਾਨ ਆਪਣੇ ਨਾਮ ਨਹੀਂ ਸਕੇ ਸੀ ਤੇ ਕੱਲ੍ਹ ਰਾਤ ਇਹ ਵਿਸ਼ਵ ਕੱਪ ਵੀ ਉਨ੍ਹਾਂ ਦੇ ਹੱਥਾਂ ’ਚ ਸੀ।

ਮੈਸੀ ਨੇ ਵਿਸ਼ਵ ਕੱਪ ਚੁੰਮਿਆ ਤੇ ਦੁਨੀਆਂ ਨੂੰ ਆਪਣੀ ਖੇਡ ਦਾ ਲੋਹਾ ਮਨਵਾਇਆ। ਹੁਣ ਮੈਸੀ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੁਨੀਆਂ ਦਾ ਬਿਹਤਰੀਨ ਖਿਡਾਰੀ ਕਹਿਣ ਤੋਂ ਝਿਜਕਣਗੇ ਨਹੀਂ।

15 ਇੰਚ ਵੱਡੇ ਸੋਨੇ ਦੇ ਬਣੇ ਵਿਸ਼ਵ ਕੱਪ ਨੂੰ ਹੱਥਾਂ ’ਚ ਲੈ ਮੈਸੇ ਨੇ ਕਿਹਾ, “ਮੈਂ ਬਹੁਤ ਸ਼ਿੱਦਤ ਨਾਲ ਇਸ ਨੂੰ ਚਾਹੁੰਦਾ ਹਾਂ। ਮੈਨੂੰ ਲੱਗ ਰਿਹਾ ਸੀ, ਰੱਬ ਮੈਨੂੰ ਇਹ ਦੇਵੇਗਾ। ਇਹ ਮੇਰਾ ਪਲ ਹੈ।”

ਅਰਜਨਟੀਨਾ ਨੇ ਇਸ ਤੋਂ ਪਹਿਲਾਂ ਵਿਸ਼ਵ ਕੱਪ ਮੈਸੀ ਦੇ ਜਨਮ ਤੋਂ ਪਹਿਲਾਂ ਜਿੱਤਿਆ ਸੀ। ਮੈਸੀ 1987 ’ਚ ਜਨਮੇ ਤੇ ਅਰਜਨਟੀਨਾ ਨੇ ਵਿਸ਼ਵ ਕੱਪ 1978 ਤੇ 1986 ਵਿੱਚ ਜਿੱਤਿਆ ਸੀ।

ਕਈ ਵਾਰ ਮੈਸੀ ਦਾ ਮੁਕਾਬਲਾ ਹੁਣ ਤੱਕ ਦੇ ਮਹਾਨ ਖਿਡਾਰੀਆਂ, ਬ੍ਰਾਜ਼ੀਲ ਦੇ ਪੇਲੇ ਅਤੇ ਅਰਜਨਟੀਨਾ ਦੇ ਡਿਏਗੋ ਮੈਰਾਡੋਨਾ ਨਾਲ ਕੀਤਾ ਜਾਂਦਾ ਹੈ।

ਪਰ ਕੱਲ੍ਹ ਰਾਤ ਤੋਂ ਪਹਿਲਾ ਇਹ ਡਰ ਵੀ ਜ਼ਾਹਿਰ ਹੁੰਦਾ ਰਿਹਾ ਕਿ ਉਹ ਇਨ੍ਹਾਂ ਮਹਾਨ ਖਿਡਾਰੀਆਂ ਵਾਂਗ ਵਿਸ਼ਵ ਕੱਪ ਜਿੱਤਣ ਵਿੱਚ ਕਾਮਯਾਬ ਹੋ ਸਕਣਗੇ ਜਾਂ ਨਹੀਂ।

ਮੈਸੀ ਪੜਾਅ ਦਰ ਪੜਾਅ ਸਫ਼ਰ ਤੈਅ ਕਰਦਿਆਂ ਦੁਨੀਆਂ ਦੇ ਬਹਿਤਰੀਨ ਖਿਡਾਰੀ ਬਣੇ।

7 ਵਾਰ ਵਿਸ਼ਵ ਫ਼ੁੱਟਬਾਲ ਦੇ ਸਰਵੋਤਮ ਖਿਡਾਰੀ ਚੁਣੇ ਜਾਣਾ

ਬੈਲੋਨ ਡੀ'ਓਰ ਲਿਓਨਲ ਮੇਸੀ ਨੇ 2021 ਵਿੱਚ ਸੱਤਵੀਂ ਵਾਰ ਵਿਸ਼ਵ ਫੁੱਟਬਾਲ ਦੇ ਸਰਵੋਤਮ ਖਿਡਾਰੀ ਦਾ ਖ਼ਿਤਾਬ ਜਿੱਤਿਆ

ਮੈਸੀ ਨੇ 2021 ਵਿੱਚ ਆਪਣੀ ਟੀਮ ਨੂੰ ਕੋਪਾ ਅਰਮੀਕਾ ਜਿਤਾਉਣ ਵਿੱਚ ਮਦਦ ਕੀਤੀ ਸੀ। ਉਨ੍ਹਾ ਨੇ ਇਸ ਸਾਲ ਕੌਮਾਂਤਰੀ ਪੱਧਰ ’ਤੇ 40 ਗੋਲ ਕੀਤੇ ਸਨ।

ਜਿਨ੍ਹਾਂ ਵਿੱਚੋਂ 28 ਬਾਰਸੀਲੋਨਾ ਲਈ, ਚਾਰ ਆਪਣੇ ਨਵੇਂ ਫਰਾਂਸੀਸੀ ਕਲੱਬ ਪੈਰਿਸ ਸੇਂਟ-ਜਰਮਨ ਲਈ ਅਤੇ ਅੱਠ ਅਰਜਨਟੀਨਾ ਲਈ ਕੀਤੇ ਸਨ।

ਦੁਨੀਆ ਭਰ ਦੇ 180 ਪੱਤਰਕਾਰਾਂ ਨੇ ਬੈਲੋਨ ਡੀ ਓਰ ਦੇ ਜੇਤੂ ਨੂੰ ਚੁਣਨ ਲਈ ਵੋਟ ਪਾਈ ਸੀ। ਸਾਲ 2020 ਵਿੱਚ ਕੋਰੋਨਾ ਮਹਾਮਾਰੀ ਕਾਰਨ ਕੋਈ ਪੁਰਸਕਾਰ ਨਹੀਂ ਦਿੱਤਾ ਗਿਆ।

ਇੱਕ ਸਾਲ ਨੂੰ ਛੱਡ ਕੇ 2008 ਤੋਂ 2019 ਦਰਮਿਆਨ ਇਹ ਪੁਰਸਕਾਰ ਮੈਸੀ ਜਾਂ ਰੋਨਾਲਡੋ ਨੂੰ ਹੀ ਮਿਲਦਾ ਰਿਹਾ ਹੈ।

ਮਹਿਜ਼ ਇੱਕ ਵਾਰ 2018 ਵਿੱਚ, ਕ੍ਰੋਏਸ਼ੀਆ ਦੇ ਮਿਡਫੀਲਡਰ ਲੂਕਾ ਮੋਡ੍ਰਿਕ ਨੂੰ ਇਸ ਸਨਮਾਨ ਮਿਲਿਆ ਸੀ।

ਮੈਸੀ ਹੁਣ ਤੱਕ ਇਹ ਇਨਾਮ ਸਭ ਤੋਂ ਵੱਧ ਵਾਰ ਜਿੱਤਣ ਵਾਲੇ ਖਿਡਾਰੀ ਹਨ।

ਉਹ 2009, 2010, 2011, 2012, 2015, 2019 ਤੇ 2021 ਵਿੱਚ ਇਹ ਐਵਾਰਡ ਜਿੱਤ ਚੁੱਕੇ ਹਨ।

ਵਿਸ਼ਵ ਕੱਪ ’ਤੇ ਔਖੀ ਜਿੱਤ

ਮੈਸੀ ਦਾ ਮੁਕਾਬਲਾ ਮੈਰਾਡੋਨਾ ਤੇ ਪੇਲੇ ਨਾਲ ਕੀਤਾ ਜਾਂਦਾ ਰਿਹਾ। ਪਰ ਨਾਲ ਹੀ ਇਹ ਵੀ ਰਿਹਾ ਕਿ ਉਹ ਉਨ੍ਹਾਂ ਦੋਵਾਂ ਦੇ ਉਲਟ ਵਿਸ਼ਵ ਕੱਪ ਨਹੀਂ ਜਿੱਤ ਸਕੇ ਸਨ।

35 ਸਾਲਾ ਖਿਡਾਰੀ ਲਿਓਨਲ ਮੈਸੀ 2022 ਤੋਂ ਪਹਿਲਾਂ ਵੀ 4 ਵਾਰ ਵਿਸ਼ਵ ਕੱਪ ਖੇਡ ਚੁੱਕੇ ਸਨ ਪਰ ਟਰਾਫ਼ੀ ਹਾਸਿਲ ਕਰਨ ਵਿੱਚ ਨਾਕਾਮਯਾਬ ਰਹੇ ਸਨ।

ਕਈ ਕੌਮਾਤਰੀ ਇਨਾਮ ਆਪਣੇ ਨਾਮ ਕਰਵਾ ਚੁੱਕੇ ਇਸ ਖਿਡਾਰੀ ਦਾ ਇਹ ਆਖ਼ਰੀ ਵਿਸ਼ਵ ਕੱਪ ਸੀ।

ਤੇ ਉਨਾਂ ਨੇ ਸੈਮੀਫ਼ਾਈਲ ਵਿੱਚ ਜਿੱਤ ਤੋਂ ਬਾਅਦ ਆਪਣੇ ਰਿਟਾਇਰ ਹੋਣ ਦੀ ਗੱਲ ਵੀ ਆਖੀ ਸੀ।

ਕਤਰ ਵਿੱਚ ਦਰਜ ਕਰਵਾਈ ਜਿੱਤ ਤੋਂ ਬਾਅਦ ਮੈਸੀ ਮੈਰਾਡੋਨਾ ਤੇ ਪੇਲੇ ਨਾਲ ਦੁਨੀਆ ਦੇ ਬਹਿਤਰੀਨ ਖਿਡਾਰੀਆਂ ਦੀ ਮੂਹਰਲੀ ਕਤਾਰ ਵਿੱਚ ਸ਼ੁਮਾਰ ਹੋ ਗਏ ਹਨ।

ਕਤਰ ਫ਼ਾਈਨਲ ਅੰਕੜਿਆਂ ਦੀ ਜ਼ੁਬਾਨੀ

  • 23ਵੇਂ ਮਿੰਟ ਵਿੱਚ ਮੈਸੀ ਨੇ ਅਰਜਨਟੀਨ ਲਈ ਪਹਿਲਾ ਗੋਲ ਕੀਤਾ
  • 36ਵੇਂ ਮਿੰਟ ਵਿੱਚ ਏਂਗੇਲ ਡਿ ਮਾਰਿਆ ਨੇ ਅਰਜਨਟੀਨਾ ਲਈ ਮੈਸੀ ਦੇ ਪਾਸ ’ਤੇ ਦੂਜਾ ਗੋਲ ਕੀਤਾ
  • ਮੈਸ ਫ਼ਰਾਂਸ ਦੇ ਹੱਥਾਂ ਵਿੱਚੋਂ ਨਿਕਲ ਰਿਹਾ ਸੀ ਕਿ 80ਵੇਂ ਮਿੰਟ ਵਿੱਚ ਐੱਮਬਾਪੇ ਨੇ ਫ਼ਰਾਂਸ ਲਈ ਪਹਿਲਾ ਗੋਲ ਕਰ ਦਿੱਤਾ
  • 81 ਵੇਂ ਮਿੰਟ ਵਿੱਚ ਫ਼ਰਾਂਸ ਨੇ ਦੂਜਾ ਗੋਲ ਦਾਗ਼ਿਆ ਤੇ ਅਰਜਨਟੀਨਾ ਦੀ ਬਰਾਬਰੀ ਤੇ ਆ ਗਿਆ
  • 108ਵੇਂ ਮਿੰਟ ਵਿੱਚ ਮੈਸੀ ਨੇ ਇੱਕ ਹੋਰ ਗੋਲ ਕੀਤਾ ਤੇ ਅਰਜਨਟੀਨਾ ਦੀ ਟੀਮ ਅੱਗੇ ਵਧੀ
  • 118ਵੇਂ ਮਿੰਟ ਵਿੱਚ ਐੱਮਬਾਪੇ ਨੇ ਤੀਦਾ ਗੋਲ ਕਰ ਦਿੱਤਾ ਤੇ ਫ਼ਿਰ ਫ਼ਰਾਂਸ ਨੂੰ ਬਰਾਬਰ ਲਿਆ ਖੜਾ ਕੀਤਾ
  • ਮੈਚ ਪਨੈਲਟੀ ਸ਼ੂਟ-ਆਉਟ ’ਤੇ ਪਹੁੰਚ ਗਿਆ ਜਿਸ ਵਿੱਚ ਅਰਜਨਟੀਨਾ ਨੇ ਫ਼ਰਾਂਸ ਨੂੰ 4-2 ਨਾਲ ਹਰਾਇਆ ਤੇ ਵਿਸ਼ਵ ਕੱਪ ਆਪਣੇ ਨਾਮ ਕਰ ਲਿਆ
  • ਸੱਤ ਗੋਲ ਕਰਨ ਵਾਲੇ ਮੈਸੀ ਪਲੇਅਰ ਆਫ਼ ਦਾ ਟੂਰਨਾਮੈਂਟ ਚੁਣੇ ਗਏ

ਮੈਸੀ ਦੁਨੀਆਂ ਦੇ ਸਭ ਤੋਂ ਮਹਿੰਗੇ ਖਿਡਾਰੀ

ਲਿਓਨਲ ਮੈਸੀ ਤੇ ਕ੍ਰਿਸਟਾਇਨੋ ਰੋਨਾਲਡੋ ਦੁਨੀਆਂ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਹਨ।

2022 ਦੀ ਫੋਰਬਜ਼ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਅਰਜਨਟੀਨਾ ਦੇ ਖਿਡਾਰੀ ਲਿਓਨ ਮੈਸੀ ਆਉਂਦੇ ਜਿਨ੍ਹਾਂ ਦੀ ਸਲਾਨਾ ਆਮਦਨ 11 ਕਰੋੜ ਅਮਰੀਕਨ ਡਾਲਰ ਹੈ।

ਮੈਸੀ ਬਾਰਸੀਲੋਨਾ ਕਲੱਬ ਵਲੋਂ ਖੇਡਦੇ ਹਨ ਜੋ ਸ ਨਾਲ ਉਨ੍ਹਾਂ ਦੇ 62.6 ਕਰੋੜ ਪੌਂਡ ਦਾ ਕਰਾਰ ਹੈ।

ਭਾਰਤੀ ਮੁਦਰਾ ਵਿੱਚ ਇਹ ਰਕਮ 5300 ਕਰੋੜ ਰੁਪਏ ਤੋਂ ਵੱਧ ਬਣਦੀ ਹੈ।

2016 ਵਿੱਚ ਵੀ ਇੱਕ ਮੈਚ ਹਾਰਨ ਤੋਂ ਬਾਅਦ ਸਨਿਆਸ ਦਾ ਐਲਾਣ ਕਰਨਾ

ਮੈਸੀ 2016 ਵਿੱਚ ਕੋਪਾ ਅਮਰੀਕਾ ਟੂਰਨਾਮੈਂਟ ਮੌਕੇ ਚਿੱਲੀ ਖ਼ਿਲਾਫ਼ ਇੱਕ ਪਨੈਲਟੀ ਕਿੱਕ ਨੂੰ ਗੋਲ ਵਿੱਚ ਬਦਲਣ ਤੋਂ ਅਸਫ਼ਲ ਰਹੇ ਤਾਂ ਉਨ੍ਹਾਂ ਨੇ ਸਨਿਆਸ ਲੈਣ ਦਾ ਐਲਾਣ ਕਰ ਦਿੱਤਾ ਸੀ।

ਚਿੱਲੀ ਨੇ ਉਸ ਮੈਚ ਵਿੱਚ ਅਰਜਨਟੀਨਾ ਨੂੰ ਪਨੈਲਟੀ ਸ਼ੂਟ-ਆਉਟ ਵਿੱਚ 4-2 ਨਾਲ ਹਰਾਇਆ ਸੀ।

ਮੈਸੀ ਨੇ ਇਸ ਹਾਰ ਤੋਂ ਬਾਅਦ ਨਿਰਾਸ਼ ਹੁੰਦਿਆ ਕਿਹਾ ਸੀ,“ਮੈਂ ਹੁਣ ਕੌਮੀ ਟੀਮ ਵਿੱਚ ਨਹੀਂ ਖੇਡਾਗਾਂ। ਮੈਂ ਜੋ ਕਰ ਸਕਦਾ ਸੀ ਕੀਤਾ। ਚੈਂਪੀਅਨ ਨਾ ਹੋਣਾ ਬਹੁਤ ਅਖ਼ੜਦਾ ਹੈ।”

ਮੈਸੀ ਬਾਅਦ ਵਿੱਚ ਇਹ ਕਹਿੰਦਿਆਂ ਕਿ ਉਹ ਦੇਸ਼ ਨੂੰ ਪਿਆਰ ਕਰਦੇ ਹਨ, ਮੁੜ ਅਰਜਨਟੀਨਾ ਦੀ ਟੀਮ ਦਾ ਹਿੱਸਾ ਬਣ ਗਏ ਸਨ।

ਉਨ੍ਹਾਂ ਆਪਣਾ ਸੰਨਿਆਸ ਦਾ ਫ਼ੈਸਲਾ ਵਾਪਸ ਲੈਂਦਿਆ ਚਿੱਲੀ ਖ਼ਿਲਾਫ਼ ਹੋਏ ਮੈਚ ਦੀ ਮਾਨਸਿਕਤਾ ਬਾਰੇ ਵੀ ਦੱਸਿਆ।

ਉਨ੍ਹਾਂ ਕਿਹਾ,“ਫ਼ਾਈਨਲ ਦੀ ਰਾਤ ਮੇਰੇ ਮਨ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਤੇ ਮੈਂ ਖੇਡ ਛੱਡਣ ਬਾਰੇ ਗੰਭੀਰਤਾ ਨਾਲ ਸੋਚਿਆ ਸੀ ਪਰ ਮੇਰੇ ਦੇਸ਼ ਤੇ ਮੇਰੀ ਜਰਸੀ ਲਈ ਮੇਰਾ ਪਿਆਰ ਬਹੁਤ ਜ਼ਿਆਦਾ ਹੈ।”

ਜਦੋਂ ਮੈਸੀ ਆਪਣੇ ਛੇ ਸਾਲ ਦੇ ਪ੍ਰਸ਼ੰਸਕ ਨੂੰ ਮਿਲੇ

ਮੈਸੀ ਵਾਂਗ ਨੰਬਰ 10 ਲਿਖੀ ਪਲਾਸਟਿਕ ਦੀ ਸ਼ੀਟ ਦੀ ਬਣੀ ਟੀ-ਸ਼ਰਟ ਪਾ ਕੇ ਅਫ਼ਗਾਨਿਸਤਾਨ ਦੇ 6 ਸਾਲਾ ਮੁਰਤਜ਼ਾ ਅਹਿਮਦੀ, ਜਨਵਰੀ 2016 ਵਿੱਚ ਬੇਹੱਦ ਮਸ਼ਹੂਰ ਹੋ ਗਏ ਸਨ।

ਤੇ ਇਸ ਆਪਣੇ ਪ੍ਰਸ਼ੰਸਕ ਤੋਂ ਪ੍ਰਭਾਵਿਤ ਹੋ ਕੇ ਲਿਓਨਲ ਮੈਸੀ ਨੇ ਮੁਰਤਜ਼ਾ ਅਹਿਮਦੀ ਨਾਲ ਮੁਲਾਕਾਤ ਕੀਤੀ।

ਮੈਸੀ ਨੇ ਆਪਣੇ ਦਸਤਖ਼ਤ ਕਰਕੇ ਇੱਕ ਟੀ-ਸ਼ਰਟ ਇੱਸ 6 ਸਾਲਾਂ ਦੇ ਖੇਡ ਪ੍ਰੇਮੀ ਨੂੰ ਭੇਜੀ ਵੀ ਸੀ।

ਬਾਰਸੀਲੋਨਾ ਟੀਮ ਦਾ ਇੱਕ ਅਲ ਅਹਿਲੀ ਦੇ ਖ਼ਿਲਾਫ਼ ਇੱਕ ਦੋਸਤਾਨਾ ਮੈਚ ਸੀ, ਜਿਸ ਦੌਰਾਨ ਅਹਿਮਦੀ ਮੈਸੀ ਨਾਲ ਪਿੱਚ ’ਤੇ ਤੁਰੇ।

ਮੈਚ ਕਰਵਾਉਣ ਵਾਲੀ ਕਮੇਟੀ ਨੇ ਕਿਹਾ ਸੀ,“ਦੁਨੀਆਂ ਛੇ ਸਾਲਾ ਦੇ ਮੁੰਡੇ ਦੀ ਆਪਣੇ ਹੀਰੋ ਨੂੰ ਮਿਲਣ ਦਾ ਦ੍ਰਿਸ ਦੇਖਣਾ ਚਾਹੁੰਦੀ ਹੈ ਤੇ ਆਖ਼ਿਰ ਇਹ ਸੱਚ ਹੋ ਰਿਹਾ ਹੈ।”

ਆਪਣੀ ਬਚਪਨ ਦੀ ਦੋਸਤ ਨਾਲ ਵਿਆਹ ਕਰਵਾਉਣਾ

ਮੈਸੀ ਨੇ ਆਪਣੀ ਬਚਪਨ ਦੀ ਦੋਸਤ ਏਂਤੇਨੇਲਾ ਰੋਕੁਜੋ ਨਾਲ 2017 ਵਿੱਚ ਵਿਆਹ ਕਰਵਾਇਆ।

ਮੈਸੀ ਦੇ ਵਿਆਹ ਨੂੰ ‘ਸਦੀ ਦਾ ਵਿਆਹ’ ਕਿਹਾ ਗਿਆ।

ਉਹ ਏਂਤੇਨੇਲਾ ਨੂੰ 5 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਮਿਲੇ ਸਨ।

ਏਂਤੇਨੇਲਾ ਉਨ੍ਹਾਂ ਦੇ ਸਭ ਤੋਂ ਕਰੀਬੀ ਦੋਸਤ ਲੁਕਾਸ ਸੈਕੈਗਲਿਆ ਦੇ ਚਾਚੇ ਦੀ ਧੀ ਹੈ।

ਕਤਰ ਵਿਸ਼ਵ ਕੱਪ ਦੌਰਾਨ ਮੈਸੀ ਦੀ ਪਤਨੀ ਤੇ ਬੱਚੇ ਉਨ੍ਹਾਂ ਦੀ ਖ਼ੁਸ਼ੀ ਵਿੱਚ ਸ਼ਾਮਿਲ ਹੋਣ ਪਹੁੰਚੇ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)