You’re viewing a text-only version of this website that uses less data. View the main version of the website including all images and videos.
ਫੀਫਾ ਵਿਸ਼ਵ ਕੱਪ: ਲਿਓਨਲ ਮੈਸੀ ‘ਗੇਂਦ ਦੇ ਬਾਜ਼ੀਗਰ’ ਪੇਲੇ ਤੇ ਮੈਰਾਡੋਨਾ ਦੇ ਕਿੰਨੇ ਨੇੜੇ, ਕਿੰਨੇ ਦੂਰ
- ਲੇਖਕ, ਵਾਤਸਲਿਆ ਰਾਏ
- ਰੋਲ, ਬੀਬੀਸੀ ਪੱਤਰਕਾਰ
ਅਰਜਨਟੀਨਾ ਨੇ ਸੈਮੀਫ਼ਾਈਨਲ ਵਿੱਚ ਕ੍ਰੋਏਸ਼ੀਆ ਨੂੰ ਹਰਾਇਆ ਤੇ ਇਸ ਜਿੱਤ ਦਾ ਜਸ਼ਨ ਵੀ ਯਾਦਗਾਰ ਹੋ ਨਿਬੜਿਆ।
ਇਹ ਜੋਸ਼ ਸੀ, ਜਨੂੰਨ ਸੀ, ਫ਼ਾਈਨਲ ਤੱਕ ਪਹੁੰਚ ਜਾਣ ਦੀ ਖ਼ੁਸ਼ੀ ਸੀ ਜਾਂ ਫ਼ਿਰ ਸਭ ਕੁਝ ਦੇ ਮੇਲ ਤੋਂ ਪੈਦਾ ਹੋਈ ਦੀਵਾਨਗੀ ਸੀ, ਪਰ ਫ਼ੁੱਟਬਾਲ ਪ੍ਰਸ਼ੰਸਕ ਅਰਜਨਟੀਨਾ ਦੇ ਖਿਡਾਰੀਆਂ ਦੇ ਜਿੱਤ ਦੇ ਜਸ਼ਨਾਂ ਵਿੱਚ ਦਿਲੋਂ ਸ਼ਾਮਲ ਹੋਏ।
ਪਿਚ ’ਤੇ ਗੋਲ ਘੇਰਾ ਬਣਾਕੇ ਟੱਪਦੇ ਨੱਚਦੇ ਜਸ਼ਨ ਮਨਾਉਂਦੇ ਖਿਡਾਰੀ ਵੱਖਰੀ ਹੀ ਦੁਨੀਆਂ ਦੇ ਲੱਗ ਰਹੇ ਸਨ।
ਇਸ ਦੁਨੀਆ ਦਾ ਨਾਮ ਹੈ 'ਫ਼ੁੱਟਬਾਲ ਕੁੰਭ’ ਯਾਨੀ ਵਿਸ਼ਵ ਕੱਪ ਦਾ ਵਿਸ਼ਵ ਕੱਪ
ਇੱਥੇ ਤੱਕ 32 'ਚੋਂ ਸਿਰਫ ਦੋ ਟੀਮਾਂ ਹੀ ਪਹੁੰਚਦੀਆਂ ਹਨ। ਅਰਜਨਟੀਨਾ ਦੀ ਟੀਮ ਛੇਵੀਂ ਵਾਰ ਇਸ ਮੁਕਾਮ 'ਤੇ ਪਹੁੰਚੀ ਹੈ। ਇਸ ਤੋਂ ਪਹਿਲਾਂ ਇਹ ਟੀਮ 2014 ਵਿੱਚ ਵੀ ਫ਼ਾਈਨਲ ਖੇਡੀ ਸੀ।
ਕ੍ਰੋਏਸ਼ੀਆ ਖ਼ਿਲਾਫ਼ ਜਿੱਤ ਤੋਂ ਬਾਅਦ ‘ਮੈਨ ਆਫ਼ ਦਿ ਮੈਚ’ ਚੁਣੇ ਗਏ ਲਿਓਨਲ ਮੈਸੀ 35 ਸਾਲਾਂ ਦੇ ਹਨ ਤੇ ਖੇਡ ਮਾਹਰ ਪਹਿਲਾਂ ਤੋਂ ਹੀ ਇਸ ਬਹਿਸ ’ਚ ਹਨ ਕਿ ਮੈਸੀ 2026 ਦੇ ਵਿਸ਼ਵ ਕੱਪ 'ਚ ਅਰਜਨਟੀਨਾ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ।
ਭਵਿੱਖ ਹਾਲੇ ਦੂਰ ਹੈ। ਮੈਸੀ ਨੇ ਅਤੀਤ ਵੀ ਅੱਖੀਂ ਨਹੀਂ ਦੇਖਿਆ, ਜਦੋਂ ਅਰਜਨਟੀਨਾ ਨੇ ਪਿਛਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ।
ਇਹ 1986 ਵਿੱਚ ਹੋਇਆ ਸੀ ਤੇ ਮੈਸੀ ਜਾ ਜਨਮ 1987 ਦਾ ਹੈ। ਅਰਜਨਟੀਨਾ ਨੇ ਉਸ ਤੋਂ ਪਹਿਲਾਂ ਸਾਲ 1978 ਵਿੱਚ ਵਿਸ਼ਵ ਕੱਪ ਜਿੱਤਿਆ ਸੀ।
‘ਮੈਸੀ ਦਾ ਜਾਦੂ’ ਕਾਇਮ ਹੈ
ਜੋ ਬੀਤੇ ਤੇ ਭਵਿੱਖ ਤੋਂ ਪਰੇ ਵਰਤਮਾਨ 'ਤੇ ਨਿਗ੍ਹਾ ਟਿਕਾਕੇ ਬੈਠੇ ਹਨ, ਉਨ੍ਹਾਂ 'ਚੋਂ ਕਈ ਮੈਸੀ ਦੀ ਕਾਬਲੀਅਤ ਅਤੇ ਉਸ ਦੇ ਜਾਦੂ ਤੋਂ ਕੁਰਬਾਨ ਹਨ।
ਕਈ ਵਾਰ ਮੈਸੀ ਦਾ ਮੁਕਾਬਲਾ ਹੁਣ ਤੱਕ ਦੇ ਮਹਾਨ ਖਿਡਾਰੀਆਂ, ਬ੍ਰਾਜ਼ੀਲ ਦੇ ਪੇਲੇ ਅਤੇ ਅਰਜਨਟੀਨਾ ਦੇ ਡਿਏਗੋ ਮੈਰਾਡੋਨਾ ਨਾਲ ਕੀਤਾ ਜਾਂਦਾ ਹੈ।
ਇਨ੍ਹਾਂ ਦੋ ਮਹਾਨ ਖਿਡਾਰੀਆਂ ਦੇ ਉਲਟ ਮੈਸੀ ਅਜੇ ਤੱਕ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ।
ਇਸ ਦੇ ਬਾਵਜ਼ੂਦ ਦੁਨੀਆ ਮੈਸੀ ਦੀ ਕਾਇਲ ਹੈ। ਉਸ ਦੇ ਪ੍ਰਸ਼ੰਸਕਾਂ ਵਿੱਚ ਸਾਬਕਾ ਖਿਡਾਰੀ ਅਤੇ ਅਨੁਭਵੀ ਖੇਡ ਮਾਹਰ ਸ਼ਾਮਲ ਹਨ ਜਿਨ੍ਹਾਂ ਨੇ ਸਾਲਾਂ ਤੱਕ ਫ਼ੁੱਟਬਾਲ ਦੇ ਮੈਚ ਖੇਡੇ ਤੇ ਦੇਖੇ ਹਨ।
ਇੰਗਲੈਂਡ ਦੇ ਸਾਬਕਾ ਫੁੱਟਬਾਲ ਖਿਡਾਰੀ ਐਲਨ ਸ਼ੀਅਰਰ ਦਾ ਮੰਨਣਾ ਹੈ ਕਿ ਅਰਜਨਟੀਨਾ ਮੈਸੀ ਦੀ ਵਜ੍ਹਾ ਨਾਲ ਫ਼ਾਈਨਲ 'ਚ ਹੈ।
ਅਰਜਨਟੀਨਾ ਦੀ ਹਰ ਜਿੱਤ ਤੋਂ ਬਾਅਦ ਸਟੇਡੀਅਮ ‘ਮੈਸੀ ਮੈਸੀ’ ਦੀਆਂ ਆਵਾਜ਼ਾਂ ਨਾਲ ਗੂੰਜ ਉੱਠਦਾ ਹੈ ਤੇ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਉਨ੍ਹਾਂ ਦੇ ਪ੍ਰਸ਼ੰਸਕ ਦੀਵਾਲੀ ਵਰਗਾ ਜਸ਼ਨ ਮਨਾਉਂਦੇ ਹਨ।
ਕ੍ਰੋਏਸ਼ੀਆ 'ਤੇ ਅਰਜਨਟੀਨਾ ਦੀ ਜਿੱਤ ਤੋਂ ਬਾਅਦ ਐਲਨ ਸ਼ੀਅਰਰ ਨੇ ਕਿਹਾ, "ਹੋ ਸਕਦਾ ਹੈ ਕਿ ਉਨ੍ਹਾਂ ਕੋਲ ਹੁਣ ਪਹਿਲਾਂ ਵਾਲੀ ਰਫ਼ਤਾਰ ਨਾ ਹੋਵੇ, ਪਰ ਉਸ ਕੋਲ ਅਜੇ ਵੀ ਆਪਣਾ ਜਾਦੂ ਹੈ।"
“ਘੁੰਮਣ ਤੇ ਪਲਟਣ ਦੀ ਕਲਾ, ਗੇਂਦ ਨੂੰ ਨਾਲ ਲੈ ਕੇ ਦੌੜਨ ਤੇ ਸੌਖਿਆਂ ਬਚਾਅ ਕਰਨ ਦੀ ਕਲਾ ਬਾਖ਼ੂਬੀ ਬਰਕਰਾਰ ਹੈ।”
ਉਨ੍ਹਾਂ ਨੇ ਕਿਹਾ, “ਬਿਹਤਰੀਨ ਵਿਰੋਧੀ ਵੀ ਉਨ੍ਹਾਂ ਦੀ ਖੇਡ ਸਾਹਮਣੇ ਔਰਤ ਨਜ਼ਰ ਆਉਣ ਲੱਗਦੇ ਹਨ ਜਦੋਂ ਕਿ ਅਸਲੀਅਤ ਵਿੱਚ ਉਹ ਟੀਮਾਂ ਉਨ੍ਹੀਆਂ ਖ਼ਰਾਬ ਨਹੀਂ ਹੁੰਦੀਆਂ।”
ਵਿਰੋਧੀ ਵੀ ਕਾਇਲ
ਕ੍ਰੋਏਸ਼ੀਆ ਨਾਲ ਵੀ ਅਜਿਹਾ ਹੀ ਹੋਇਆ। ਕਿਸੇ ਨੂੰ ਵੀ ਆਸ ਨਹੀਂ ਸੀ ਕਿ ਬ੍ਰਾਜ਼ੀਲ ਨੂੰ ਹਰਾ ਕੇ ਅਰਜਨਟੀਨਾ ਨਾਲ ਮੁਕਾਬਲਾ ਕਰਨ ਦਾ ਹੱਕ ਹਾਸਲ ਕਰਨ ਵਾਲੀ ਕ੍ਰੋਏਸ਼ੀਆ ਦੀ ਟੀਮ ਸੈਮੀਫ਼ਾਈਨਲ 'ਚ ਇੰਨਾ ਸੌਖਿਆਂ ਹਾਰ ਜਾਵੇਗੀ।
ਪਰ ਸੈਮੀਫ਼ਾਈਨਲ ਮੈਚ ਦੇ 34ਵੇਂ ਮਿੰਟ 'ਚ ਪਨੈਲਟੀ ਲੈਣ ਆਏ ਮੈਸੀ ਨੇ ਕ੍ਰੋਏਸ਼ੀਆ ਦੇ ਗੋਲਕੀਪਰ ਡੋਮਿਨਿਕ ਲਿਵਕੋਵਿਚ ਨੂੰ ਚਕਮਾ ਦੇ ਕੇ ਗੋਲ ਕਰ ਦਿੱਤਾ, ਜਿਸ ਨਾਲ ਇਸ ਟੀਮ ਦੀ ਡਿਫੈਂਸ ਲਾਈਨ ਖਿੰਡ ਗਈ।
ਕ੍ਰੋਏਸ਼ੀਆ ਦੇ ਮੈਨੇਜਰ ਜ਼ਲਾਤਕੋ ਡਾਲਿਚ ਵੀ ਲਿਓਨਲ ਮੈਸੀ ’ਤੇ ਕੁਰਬਾਨ ਜਿਹੇ ਹੁੰਦੇ ਨਜ਼ਰ ਆਏ।
ਟੂਰਨਾਮੈਂਟ ਤੋਂ ਆਪਣੀ ਟੀਮ ਦੇ ਬਾਹਰ ਹੋਣ ਤੋਂ ਬਾਅਦ ਡਾਲਿਚ ਨੇ ਕਿਹਾ, "ਮੈਸੀ ਬਾਰੇ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਹੈ। ਉਹ ਦੁਨੀਆ ਦਾ ਸਭ ਤੋਂ ਵਧੀਆ ਖਿਡਾਰੀ ਹੈ। ਉਹ ਅੱਜ ਸ਼ਾਨਦਾਰ ਅਤੇ ਖ਼ਤਰਨਾਕ ਸੀ। ਉਹ ਮੈਸੀ ਸੀ ਜਿਸ ਨੂੰ ਦੇਖਣ ਦੀ ਸਾਨੂੰ ਆਸ ਸੀ।" "
ਸੈਮੀਫ਼ਾਈਨਲ 'ਚ ਮੈਸੀ ਦਾ ਜਾਦੂ ਆਪਣੇ ਸਿਖਰ 'ਤੇ ਸੀ ਪਰ ਉਹ ਮਹਿਜ਼ ਇੱਕ ਮੈਚ ਦਾ ਹੀਰੋ ਨਹੀਂ ਹੈ। ਅੰਕੜੇ ਦਰਸਾਉਂਦੇ ਹਨ ਕਿ ਫ਼ੁੱਟਬਾਲ ਦੇ ਮਹਾਨ ਖਿਡਾਰੀ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਇੰਨਾ ਪਿਆਰ ਕਿਉਂ ਕਰਦੇ ਹਨ।
ਲਿਓਨਲ ਮੈਸੀ ਦੇ ਕਾਰਨਾਮੇ
- ਵਿਸ਼ਵ ਕੱਪ ਵਿੱਚ 25 ਮੈਚ ਖੇਡ ਚੁੱਕੇ ਮੈਸੀ ਸਬ ਤੋਂ ਜ਼ਿਆਦਾ ਮੈਚ ਖੇਡਣ ਦੇ ਮਾਮਲੇ ਵਿੱਚ ਜਰਮਨ ਦੇ ਲੋਥਾਰ ਮੈਥਾਏਸ ਦੀ ਬਰਾਬਰੀ ਕਰ ਚੁੱਕੇ ਹਨ।
- ਵਿਸ਼ਵ ਕੱਪ ਵਿੱਚ ਉਨ੍ਹਾਂ ਦੇ ਨਾਮ 11 ਗੋਲ ਦਰਜ ਹੋ ਚੁੱਕੇ ਹਨ। ਉਹ ਅਰਜਨਟੀਨਾ ਵਲੋਂ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਦਾਗਣ ਵਾਲੇ ਖਿਡਾਰੀ ਹਨ।
- ਵਿਸ਼ਵ ਕੱਪ ਦੇ ਚਾਰ ਮੈਚਾਂ ਵਿੱਚ ਉਨ੍ਹਾਂ ਗੋਲ ਕੀਤੇ ਵੀ ਤੇ ਸਾਥੀ ਖਿਡਾਰੀਆਂ ਲਈ ਗੋਲ ਕਰਨ ਦੇ ਮੌਕੇ ਵੀ ਬਣਾਏ। ਤਿੰਨ ਵਾਰ (ਮੈਕਸੀਕੋ, ਨੀਦਰਲੈਂਡ ਤੇ ਕ੍ਰੋਏਸ਼ੀਆ ਖ਼ਿਲਾਫ਼) ਇਹ ਕਮਾਲ ਉਨ੍ਹਾਂ ਨੇ ਮੌਜੂਦਾ ਵਿਸ਼ਵ ਕੱਪ ਵਿੱਚ ਵੀ ਕੀਤਾ।
- 2022 ਵਿੱਚ ਅਰਜਨਟੀਨਾ ਵਲੋਂ ਕੀਤੇ ਕੁੱਲ 22 ਗੋਲਾਂ ਵਿੱਚੋਂ 16 ਗੋਲ ਮੈਸੀ ਨੇ ਦਾਗੇ
- ਕ੍ਰੈਏਸ਼ੀਆ ਖ਼ਿਲਾਫ਼ ਮੈਸੀ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ। ਮੌਜੂਦਾ ਵਿਸ਼ਵ ਕੱਪ ਵਿੱਚ ਉਹ ਸਭ ਤੋਂ ਵੱਧ ਵਾਰ ਮੈਨ ਆਫ਼ ਦਿ ਮੈਚ ਚੁਣੇ ਗਏ।
ਜਿੱਤ ਤੋਂ ਬਾਅਦ ਮੈਸੀ ਨੇ ਕੀ ਕਿਹਾ
ਸਫਲਤਾ ਦੀ ਖੁਸ਼ੀ ਮੈਸੀ ਦੇ ਚਿਹਰੇ 'ਤੇ ਸਾਫ਼ ਦੇਖੀ ਜਾ ਸਕਦੀ ਸੀ ਤੇ ਉਨ੍ਹਾਂ ਦੇ ਬੋਲਾਂ ਤੋਂ ਵੀ ਝਲਕਦੀ ਸੀ।
ਫ਼ਾਈਨਲ ਦੀ ਟਿਕਟ ਮਿਲਣ ਤੋਂ ਬਾਅਦ ਮੈਸੀ ਨੇ ਕਿਹਾ, "ਮੈਨੂੰ ਬਹੁਤ ਮਜ਼ਾ ਆ ਰਿਹਾ ਹੈ। ਇਸ ਵਿਸ਼ਵ ਕੱਪ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੀ ਟੀਮ ਦੀ ਮਦਦ ਕਰ ਸਕਿਆ।"
ਮੈਸੀ ਨੇ ਖੁਸ਼ੀ ਦੇ ਅਜਿਹੇ ਪਲ ਪਹਿਲਾਂ ਵੀ ਦੇਖੇ ਹਨ। ਸਾਲ 2014 'ਚ ਵੀ ਉਨ੍ਹਾਂ ਦੀ ਟੀਮ ਫ਼ਾਈਨਲ ਤੱਕ ਪਹੁੰਚੀ ਸੀ ਪਰ ਆਖਰੀ ਮੋਰਚੇ 'ਤੇ ਜਰਮਨੀ ਨੇ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਸੀ।
ਇਸ ਵਾਰ ਇਹ ਵੀ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਜੋ ਪੁਰਤਗਾਲ ਲਈ ਕ੍ਰਿਸਟੀਆਨੋ ਰੋਨਾਲਡੋ ਅਤੇ ਬ੍ਰਾਜ਼ੀਲ ਲਈ ਨੇਮਾਰ ਨਹੀਂ ਕਰ ਸਕੇ, ਕੀ ਮੈਸੀ ਅਰਜਨਟੀਨਾ ਲਈ ਕਰ ਸਕਣਗੇ?
ਇਸ ਸਵਾਲ ਦਾ ਇੱਕ ਕਾਰਨ ਵੀ ਹੈ। ਟਰਾਫੀ ਅਤੇ ਮੈਸੀ ਵਿਚਾਲੇ ਅਜੇ ਇੱਕ ਮੈਚ ਦਾ ਫ਼ਾਸਲਾ ਹੈ।
ਫ਼ਾਈਨਲ ਵਿੱਚ ਅਰਜਨਟੀਨਾ ਦਾ ਸਾਹਮਣਾ ਮੌਜੂਦਾ ਚੈਂਪੀਅਨ ਫਰਾਂਸ ਅਤੇ ਮੋਰੱਕੋ ਵਿਚਾਲੇ ਹੋਣ ਵਾਲੇ ਦੂਜੇ ਸੈਮੀਫ਼ਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ।
ਅਰਜਨਟੀਨਾ ਦੀ ਟੀਮ ਨੂੰ ਅਹਿਮ ਮੌਕੇ ’ਤੇ ਕਿਵੇਂ ਦਬਾਇਆ ਜਾ ਸਕਦਾ ਹੈ ਇਸ ਦੀ ਉਦਾਹਰਣ ਸਾਊਦੀ ਅਰਬ ਦੀ ਟੀਮ ਦੇ ਚੁੱਕੀ ਹੈ।
ਸਾਊਦੀ ਅਰਬ ਨੇ ਪਹਿਲੇ ਮੈਚ ਵਿੱਚ ਅਰਜਨਟੀਨਾ ਨੂੰ 2-1 ਨਾਲ ਹਰਾਇਆ ਸੀ। ਉਸ ਹਾਰ ਦੀ ਟੀਸ ਬੇਸ਼ੱਕ ਮੈਸੀ ਦੇ ਜ਼ਹਿਨ ਵਿੱਚ ਹੋਵੇਗੀ।
ਮੈਸੀ ਕਹਿੰਦੇ ਹਨ, "ਮੈਂ ਕਹਾਂਗਾ ਕਿ ਪਹਿਲਾ ਮੈਚ ਸਾਡੇ ਲਈ ਬਹੁਤ ਵੱਡਾ ਝਟਕਾ ਸੀ। ਅਸੀਂ ਲਗਾਤਾਰ 36 ਮੈਚ ਜਿੱਤ ਚੁੱਕੇ ਸੀ। ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਅਸੀਂ ਸਾਊਦੀ ਅਰਬ ਤੋਂ ਹਾਰਾਂਗੇ।"
ਮੈਸੀ ਦਾ ਇਹ ਵੀ ਕਹਿਣਾ ਹੈ ਕਿ ਇਸ ਹਾਰ ਨੇ ਉਨ੍ਹਾਂ ਦੀ ਟੀਮ ਨੂੰ ਇਕਜੁੱਟ ਕਰ ਦਿੱਤਾ ਹੈ।
ਉਹ ਕਹਿੰਦੇ ਹਨ, "ਇਹ ਪੂਰੀ ਟੀਮ ਲਈ ਇੱਕ ਐਸਿਡ ਟੈਸਟ ਸੀ। ਅਸੀਂ ਸਾਬਤ ਕਰ ਦਿੱਤਾ ਹੈ ਕਿ ਅਸੀਂ ਕਿੰਨੇ ਮਜ਼ਬੂਤ ਹਾਂ। ਸਾਨੂੰ ਪਤਾ ਸੀ ਕਿ ਵਿਸ਼ਵ ਕੱਪ ਵਿੱਚ ਸਾਡੇ ਲਈ ਹਰ ਮੈਚ ਅਹਿਮੀਅਤ ਰੱਖਦਾ ਹੈ।”
“ਅਸੀਂ ਪੰਜ ਫ਼ਾਈਨਲ (ਵਿਸ਼ਵ ਕੱਪ ਦੇ ਪੰਜ ਮੈਚ) ਜਿੱਤੇ। ਮੈਨੂੰ ਉਮੀਦ ਹੈ ਕਿ ਐਤਵਾਰ ਨੂੰ ਫ਼ਾਈਨਲ ਵਿੱਚ ਸਾਡਾ ਇਹੀ ਅੰਦਾਜ਼ ਰਹੇਗਾ।”
ਮੈਚ ਦੀਆਂ ਖ਼ਾਸ ਗੱਲਾਂ
- ਅਰਜਨਟੀਨਾ ਨੇ ਫ਼ੁੱਟਬਾਲ ਵਿਸ਼ਵ ਕੱਪ 2022 ਦੇ ਫ਼ਾਈਨਲ ਵਿੱਚ ਜਗ੍ਹਾ ਬਣਾ ਲਈ ਹੈ
- ਅਰਜਨਟੀਨਾ ਨੇ ਪਹਿਲੇ ਸੈਮੀਫ਼ਾਈਨਲ ਵਿੱਚ ਕ੍ਰੋਏਸ਼ੀਆ ਨੂੰ 3-0 ਦੇ ਫ਼ਰਕ ਨਾਲ ਹਰਾਇਆ
- ਅਰਜਨਟੀਨਾ ਲਈ ਲਿਓਨਲ ਮੈਸੀ ਨੇ ਇੱਕ ਜੇ ਯੂਲੀਏਨ ਅਲਵਬੇਜ਼ ਨੇ ਦੋ ਗੋਲ ਦਾਗੇ
- ਅਰਜਨਟੀਨਾ ਨੇ ਪਹਿਲੇ ਹਾਫ਼ ਵਿੱਚ ਦੋ ਗੋਲ ਕੀਤੇ ਤੇ ਇੱਕ ਗੋਲ ਦੂਜੇ ਹਾਫ਼ ਵਿੱਚ ਕੀਤਾ
- ਅਰਜਨਟੀਨਾ ਨੇ ਛੇਵੀਂ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਆਪਣੀ ਜਗ੍ਹਾ ਬਣਾਈ
- ਦੂਜੇ ਸੈਮੀਫ਼ਾਈਨਲ ਵਿੱਚ ਫ਼ਰਾਂਸ ਤੇ ਮੋਰੱਕੋ ਦਰਮਿਆਨ ਮੁਕਾਬਲਾ ਹੋਵੇਗਾ
ਜਿੱਤ ਲਈ ਆਖ਼ਰੀ ਇਮਤਿਹਾਨ
ਫ਼ਾਈਨਲ 'ਚ ਜੋ ਵੀ ਟੀਮ ਮੈਦਾਨ ਵਿੱਚ ਉਤਰੇਗੀ ਉਹ ਮੈਸੀ ਦੇ ਇਰਾਦਿਆਂ ਤੋਂ ਬਾਖ਼ੂਬੀ ਜਾਣੂ ਹੋਵੇਗੀ। ਉਹ ਇਹ ਵੀ ਸਮਝਕੇ ਆਵੇਗੀ ਕੇ ਮੈਸੀ ਨੂੰ ਘੇਰ ਕੇ ਹੀ ਟਰਾਫੀ ਦਾ ਰਾਹ ਲੱਭਿਆ ਜਾ ਸਕਦਾ ਹੈ।
ਕ੍ਰੋਏਸ਼ੀਆ ਦੀ ਟੀਮ ਨੇ ਵੀ ਸੈਮੀਫ਼ਾਈਨਲ ਦੇ ਸ਼ੁਰੂਆਤੀ ਕੁਝ ਮਿੰਟਾਂ 'ਚ ਇਹੀ ਕੋਸ਼ਿਸ਼ ਕੀਤੀ। ਸੈਮੀਫ਼ਾਈਨਲ 'ਚ ਇਕ ਹੋਰ ਸਮੱਸਿਆ ਦੇਖਣ ਨੂੰ ਮਿਲੀ।
ਮੈਚ ਦੇ 19ਵੇਂ ਮਿੰਟ 'ਚ ਮੈਸੀ ਨੂੰ ਹੈਮਸਟ੍ਰਿੰਗ ’ਤੇ ਹੱਥ ਫੇਰਦੇ ਨਜ਼ਰ ਆਏ। ਉਨ੍ਹਾਂ ਦੀ ਸੱਟ ਤੋਂ ਜਾਣੂ ਮੈਸੀ ਦੀ ਵਾਂਗ 10 ਨੰਬਰ ਦੀ ਜਰਸੀ ਪਾ ਕੇ ਅਰਜਨਟੀਨਾ ਦਾ ਸਮਰਥਨ ਕਰਨ ਆਏ ਸਾਰੇ ਪ੍ਰਸ਼ੰਸਕਾਂ ਦੇ ਦਿਲ ਡੁੱਬਣ ਲੱਗੇ।
ਮੈਸੀ ਲਗਾਤਾਰ ਖੇਡ ਰਹੇ ਹਨ। ਉਨ੍ਹਾਂ 'ਤੇ ਉਮਰ ਦਾ ਅਸਰ ਲਾਜ਼ਮੀ ਹੈ ਤੇ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਅਰਜਨਟੀਨਾ ਟੀਮ ਮੈਸੀ 'ਤੇ ਜ਼ਿਆਦਾ ਨਿਰਭਰ ਹੋਣਾ ਟੀਮ ਨੂੰ ਮੁਸੀਬਤ ਵਿੱਚ ਪਾ ਸਕਦਾ ਹੈ।
ਹਾਲਾਂਕਿ ਸੈਮੀਫ਼ਾਈਨਲ 'ਚ ਚਮਕਣ ਵਾਲਾ 22 ਸਾਲਾ ਸਟਾਰ ਲੀਏਨ ਅਲਵਾਰੇਜ਼ ਮੈਸੀ ਦੀਆਂ ਉਮੀਦਾਂ ਨੂੰ ਬੁਲੰਦ ਰੱਖੇਗਾ।
ਅਲਵਾਰੇਜ਼ ਨੇ ਸੈਮੀਫ਼ਾਈਨਲ ਵਿੱਚ ਦੋ ਗੋਲ ਕੀਤੇ ਅਤੇ ਮੈਸੀ ਦੁਆਰਾ ਕੀਤੇ ਗਏ ਪੈਨਲਟੀ ਨੂੰ ਗੋਲ ’ਚ ਬਦਲਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਮੈਸੀ ਅਤੇ ਅਲਵਾਰੇਜ਼ ਦੀ ਜੁਗਲਬੰਦੀ ਕਿੰਨੀ ਖ਼ਾਸ ਹੈ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਮੌਜੂਦਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਵੱਲੋਂ ਕੀਤੇ ਗਏ 12 ਗੋਲਾਂ ਵਿੱਚੋਂ 11 ਗੋਲ ਦੇਵਾਂ ਨੇ ਕੀਤੇ।
ਪਰ ਇਸ ਜੋੜੀ ਦਾ ਸਭ ਤੋਂ ਵੱਡਾ ਇਮਤਿਹਾਨ ਅਜੇ ਬਾਕੀ ਹੈ।
ਇਹ ਇਮਤਿਹਾਨ ਇਹ ਤੈਅ ਕਰੇਗਾ ਕਿ ਵਿਸ਼ਵ ਕੱਪ ਵਿੱਚ ਮੈਸੀ ਦਾ ਹਸ਼ਰ ਰੋਨਾਲਡੋ ਅਤੇ ਨੇਮਾਰ ਵਾਂਗ ਨਿਰਾਸ਼ਾਜਨਕ ਹੋਵੇਗਾ ਜਾਂ ਪੇਲੇ ਅਤੇ ਮਾਰਾਡੋਨਾ ਵਰਗਾ ਪ੍ਰਸਿੱਧੀ ਭਰਿਆ।