You’re viewing a text-only version of this website that uses less data. View the main version of the website including all images and videos.
ਜੈਨੀ ਜੌਹਲ: 'ਲੈਟਰ ਟੂ ਸੀਐੱਮ' ਗੀਤ ਉੱਤੇ ਉੱਠੇ ਵਿਵਾਦ ਉੱਤੇ ਗਾਇਕਾ ਨੇ ਵੀ ਦਿੱਤਾ ਪ੍ਰਤੀਕਰਮ
ਜੈਨੀ ਜੌਹਲ ਨੇ ਯੂਟਿਊਬ ਉੱਪਰੋਂ ਆਪਣਾ ਗਾਣਾ ਬਲੌਕ ਕੀਤੇ ਜਾਣ ਤੋਂ ਬਾਅਦ ਵੀਡੀਓ ਸੁਨੇਹੇ ਰਾਹੀਂ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ।
ਜੈਨੀ ਜੌਹਲ ਨੇ ਗੀਤ ਨੂੰ ਯੂ ਟਿਊਬ ਤੋਂ ਹਟਾਏ ਜਾਣ ਬਾਰੇ ਭਾਵੇਂ ਕੁਝ ਨਹੀਂ ਕਿਹਾ ਪਰ ਉਨ੍ਹਾਂ ਕਿਹਾ, '' ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦੁਆਉਣ ਲਈ ਅਸੀਂ ਜਿਹੜੀ ਕੋਸ਼ਿਸ਼ ਕੀਤੀ, ਉਸ ਨੂੰ ਸਹਿਯੋਗ ਕਰਨ ਲਈ ਤੁਹਾਡਾ ਸਾਰਿਆ ਦਾ ਧੰਨਵਾਦ''
ਸੋਸ਼ਲ ਮੀਡੀਆ ਉੱਤੇ ਦਿੱਤੇ ਆਪਣੇ ਸੰਖ਼ੇਪ ਜਿਹੇ ਸੁਨੇਹੇ ਵਿੱਚ ਜੈਨੀ ਕਹਿ ਰਹੇ ਹਨ ਕਿ, ''ਮੈਂ ਠੀਕ-ਠਾਕ ਹਾਂ ਅਤੇ ਪਿਛਲੇ ਤਿੰਨ ਦਿਨਾਂ ਤੋਂ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਮੈਸਜ ਮਿਲ ਰਹੇ ਹਨ''।
ਉਹ ਕਹਿੰਦੇ ਹਨ,''ਸਿੱਧੂ ਦੇ ਲਈ ਇਨਸਾਫ਼ ਦਾ ਜੋ ਉਪਰਾਲਾ ਕੀਤਾ ਹੈ, ਉਸ ਦੀ ਸਰੋਤਿਆਂ ਵੱਲੋਂ ਕੀਤੀ ਗਈ ਸ਼ਲਾਘਾ ਅਤੇ ਸਪਰੋਟ ਕੀਤਾ ਉਸ ਲਈ ਮੇਰਾ ਰੋਮ-ਰੋਮ ਤੁਹਾਡਾ ਕਰਜ਼ਦਾਰ ਹੈ।''
ਗਾਇਕਾ ਜੈਨੀ ਜੌਹਲ ਦੇ ਨਵੇਂ ਗਾਣੇ 'ਲੈਟਰ ਟੂ ਸੀਐੱਮ' ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤੇ ਸਨ। ਜਿਸ ਤੋਂ ਪਿਛਲੇ ਦਿਨਾਂ ਤੋਂ ਪੰਜਾਬ ਦੀ ਸਿਆਸਤ ਭੱਖੀ ਹੋਈ ਹੈ।
ਆਪਣੇ ਗੀਤ ਰਾਹੀਂ ਜੈਨੀ ਨੇ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਸੀ, ''ਮਹੀਨੇ ਚਾਰ ਗੁਜ਼ਰ ਗਏ ਜੀ (ਸਿੱਧੂ ਮੂਸੇਵਾਲਾ ਦੇ ਕਤਲ ਨੂੰ) ਸੀਐੱਮ ਜੀ ਦੱਸੋ ਜਸਟਿਸ ਕਿੱਥੇ''
ਜੈਨੀ ਦੇ ਗੀਤ ਦੇ ਕੁਝ ਬੋਲ ਹਨ,"ਮਹੀਨੇ ਚਾਰ ਗੁਜ਼ਰ ਗਏ ਜੀ, ਸੀਐੱਮ ਜੀ ਦੱਸੋ ਜਸਟਿਸ ਕਿੱਥੇ, ਕਰਮਾ ਵਾਲੀ ਉਜੜ ਗਈ, ਸਾਡੀ ਲਾਡੋ ਉਜੜ ਗਈ, ਤੁਸਾਂ ਨੇ ਚੁੰਨੀਆਂ ਲਾਲ ਰੰਗਾਈਆਂ, ਘਰ ਸਾਡੇ ਵੈਨ ਪਏ, ਗੂੰਜਣ ਥੋਡੇ ਘਰ ਸ਼ਹਿਨਾਈਆਂ।"
ਯੂਟਿਊਬ ਤੋਂ ਹਟਾਇਆ ਗਿਆ ਗਾਣਾ
ਜੈਨੀ ਜੌਹਲ ਨੇ ਇਸ ਗੀਤ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਇਨਸਾਫ਼ ਲਈ ਕਥਿਤ ਤੌਰ 'ਤੇ ਦੇਰੀ ਹੋਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਹੈ।
ਇਹ ਗੀਤ ਯੂਟਿਊਬ ਉੱਪਰ 8 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਫ਼ਿਲਹਾਲ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਹਾਲਾਂਕਿ ਇਸ ਦਾ ਕਾਰਨ ਕਾਪੀਰਾਈਟ ਦੀ ਉਲੰਘਣਾ ਦੱਸਿਆ ਗਿਆ ਹੈ। ਪਰ ਫ਼ਿਰ ਵੀ ਗਾਣੇ ਦੇ ਕੁਝ ਕਲਿਪ ਸੋਸ਼ਲ ਮੀਡੀਆ ਉੱਪਰ ਲਗਾਤਾਰ ਸ਼ੇਅਰ ਹੋ ਰਹੇ ਹਨ।
ਵਿਰੋਧੀ ਧਿਰਾਂ ਗੀਤ ਨੂੰ ਹਟਾਏ ਜਾਣ ਕਾਰਨ ਸਰਕਾਰ ਉੱਪਰ ਨਿਸ਼ਾਨੇ ਸਾਧ ਰਹੀਆਂ ਹਨ।
ਜੈਨੀ ਦੀ ਹਾਲੇ ਤੱਕ ਇਸ ਉੱਪਰ ਕੋਈ ਪ੍ਰਤੀਕਰਿਆ ਨਹੀਂ ਆਈ ਹੈ ਪਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਜੈਨੀ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਹੈ।
'ਲੈਟਰ ਟੂ ਸੀਐੱਮ' ਗੀਤ
ਇਸ ਗੀਤ ਵਿੱਚ ਸਿੱਧੇ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਅਤੇ ਸਿਆਸੀ ਗਤੀਵਿਧੀਆਂ ਲਈ ਕੋਸਿਆ ਗਿਆ ਹੈ।
ਨਾਲ ਹੀ ਇਹ ਵੀ ਲਿਖਿਆ ਅਤੇ ਗਾਇਆ ਗਿਆ ਹੈ ਕਿ ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਵੀ ਇਨਸਾਫ਼ ਨਹੀਂ ਮਿਲਿਆ।
ਗਾਣੇ ਵਿੱਚ ਮੂਸੇਵਾਲਾ ਦੇ ਮਾਤਾ-ਪਿਤਾ ਦਾ ਦਰਦ ਬਿਆਨ ਕੀਤਾ ਗਿਆ ਹੈ। ਜੈਨੀ ਨੇ ਪ੍ਰਸ਼ਾਸ਼ਨ ਅਤੇ ਜਾਂਚ ਟੀਮਾਂ ਦੀ ਵੀ ਅਲੋਚਨਾਂ ਕੀਤੀ ਹੈ।
ਇਸ ਤੋਂ ਇਲਾਵਾ ਗਾਣੇ ਵਿੱਚ ਭਗਵੰਤ ਮਾਨ ਦੇ ਵੋਟਾਂ ਲਈ ਗੁਜਰਾਤ ਵਿੱਚ ਰੁਝੇ ਰਹਿਣ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਸੀਐੱਮ ਨੂੰ ਉਨ੍ਹਾਂ ਦੇ 'ਰੰਗਲਾ ਪੰਜਾਬ ਬਣਾਉਂਣ' ਦੇ ਖੁਆਬ ਪੂਰਾ ਕਰਨ ਬਾਰੇ ਵੀ ਸਵਾਲ ਕੀਤੇ ਗਏ ਹਨ।
ਇਸ ਗਾਣੇ ਨੂੰ ਥੋੜ੍ਹੇ ਹੀ ਸਮੇਂ ਵਿੱਚ 2 ਲੱਖ 75 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਸੀ।
29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਮੂਸੇਵਾਲਾ ਦੋ ਹੋਰ ਵਿਅਕਤੀਆਂ ਨਾਲ ਮਾਨਸਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਮੂਸਾ ਤੋਂ ਜਵਾਹਰਕੇ ਪਿੰਡ ਜਾ ਰਹੇ ਸੀ ਜਦੋਂ ਉਨ੍ਹਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਆਧੁਨਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ 34 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੂਸੇਵਾਲਾ ਦੇ ਕਤਲ ਦਾ ਮਾਸਟਰਮਾਂਈਂਡ ਗੋਲਡੀ ਬਰਾੜ ਨੂੰ ਮੰਨਿਆ ਜਾ ਰਿਹਾ ਹੈ ਜਿਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਇਸ ਕਤਲ ਦੀ ਸਾਜਿਸ਼ ਘੜੀ ਸੀ।
- ਜੈਨੀ ਜੌਹਲ ਦਾ 'ਲੈਟਰ ਟੂ ਸੀਐੱਮ' ਗਾਣਾ ਯੂਟਿਊਬ ਤੋਂ ਹਟਾਇਆ ਗਿਆ
- ਜੌਹਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਇਨਸਾਫ਼ ਨਾ ਦੇਣ ਲਈ ਸਰਕਾਰ ਉੱਪਰ ਸਵਾਲ ਚੁੱਕੇ ਸਨ
- ਸੋਸ਼ਲ ਮੀਡੀਆ ਉੱਪਰ ਗਾਣੇ ਦੇ ਕਲਿੱਪ ਸ਼ੇਅਰ ਹੋ ਰਹੇ ਹਨ
- ਇਸ ਗੀਤ ਵਿੱਚ ਸਿੱਧੇ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਲੋਚਨਾ ਕੀਤੀ ਗਈ ਹੈ
- ਜੈਨੀ ਜਲੰਧਰ ਦੀ ਜੰਮਪਲ ਹੈ ਅਤੇ ਉਥੇ ਹੀ ਉਨ੍ਹਾਂ ਨੇ ਆਪਣੀ ਪੜਾਈ ਪੂਰੀ ਕੀਤੀ
- ਸਾਲ 2015 ਵਿੱਚ ਆਪਣੇ ਮਸ਼ਹੂਰ ਗਾਣੇ 'ਯਾਰੀ ਜੱਟੀ ਦੀ' ਨਾਲ ਆਪਣੀ ਪਛਾਣ ਬਣਾਈ ਸੀ
- ਸਿੱਧੂ ਮੂਸੇਵਾਲਾ ਨਾਲ ਵੀ ਇੱਕ ਗਾਣਾ "ਅੱਥਰਾ ਸਟਾਇਲ" ਗਾਇਆ ਸੀ
ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਦੀ ਅਲੋਚਨਾ
ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਜੈਨੀ ਜੌਹਲ ਦੇ ਗਾਣੇ ਨੂੰ ਯੂਟਿਉੂਬ ਤੋਂ ਹਟਾਏ ਜਾਣ ਦੀ ਨਿੰਦਾ ਕੀਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਲਿਖਿਆ, "ਜੈਨੀ ਜੌਹਲ ਦੇ ਗੀਤ 'ਤੇ ਪਾਬੰਦੀ ਲਗਾਉਣਾ ਨਿੰਦਣਯੋਗ ਹੈ ਕਿਉਂਕਿ ਇਹ ਅਜੋਕੇ ਹਾਕਮਾਂ ਦੀ ਵੱਧ ਰਹੀ ਅਸਹਿਣਸ਼ੀਲਤਾ ਅਤੇ ਤਾਨਾਸ਼ਾਹ ਮਾਨਸਿਕਤਾ ਦਾ ਪ੍ਰਤੀਕ ਹੈ।"
ਗੀਤ ਵਿੱਚ ਸਿਰਫ਼ ਜਾਇਜ਼ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਸੀ ਅਤੇ ਅਜੋਕੇ ਸਮੇਂ ਵਿੱਚ ਪੰਜਾਬ ਅਤੇ ਦੇਸ਼ ਵਿੱਚ ਚੱਲ ਰਹੇ ਦਮਨਕਾਰੀ ਅਤੇ ਗੈਰ-ਜਮਹੂਰੀ ਅਮਲਾਂ ਨੂੰ ਉਜਾਗਰ ਕੀਤਾ ਗਿਆ ਸੀ। ਇਸ ਗੀਤ ਤੋਂ ਪਾਬੰਦੀ ਤੁਰੰਤ ਹਟਾਈ ਜਾਵੇ।"
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਲੋਕਾਂ ਦੀ ਆਵਾਜ਼ ਕਿਉਂ ਬੰਦ ਕੀਤੀ ਜਾ ਰਹੀ ਹੈ ਅਤੇ ਸੱਚ ਬੋਲਣ ਵਾਲੇ ਗੀਤ ਬੈਨ ਕਿਉਂ ਕੀਤੇ ਜਾ ਰਹੇ ਹਨ ?
ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਿਖਿਆ ਹੈ, ''ਮੈਂ ਜੈਨੀ ਜੌਹਲ ਦੇ ਗੀਤ ਉੱਪਰ ਪਾਬੰਦੀ ਲਗਾਉਣ ਦੀ ਨਿੰਦਾ ਕਰਦਾ ਹਾਂ। ਉਸ ਨੇ ਮੁੱਖ ਮੰਤਰੀ ਦੇ ਪਰਿਵਾਰਕ ਸ਼ਾਸਨ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ ਹੈ।''
"ਜੇਲ੍ਹ ਜਾਣ ਤੋਂ ਗੁਰੇਜ਼ ਨਹੀਂ"
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜੈਨੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕੀਤਾ ਅਤੇ ਇਸ ਨੂੰ ਗੀਤ ਦਾ ਰੂਪ ਦਿੱਤਾ।
ਬਲਕੌਰ ਸਿੰਘ ਨੇ ਕਿਹਾ ਕੇ ਜੇਕਰ ਕੋਈ ਉਨ੍ਹਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਦਾ ਹੈ ਤਾਂ ਉਸ ਨੂੰ ਪਰਚਿਆਂ ਦੀ ਧਮਕੀ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ "ਚਾਹੇ ਕੁੜੀ ਉੱਪਰ 10 ਪਰਚੇ ਕਰ ਦੇਵੋ ਪਰ ਸਾਡਾ ਮੀਆਂ-ਬੀਵੀ ਦਾ ਨਾਮ ਵੀ ਪਾ ਦਿਓ, ਅਸੀਂ ਜੇਲ੍ਹ ਵਿੱਚ ਕੁੜੀ ਦੇ ਨਾਲ ਬੈਠਾਂਗੇ।"
ਇਹ ਵੀ ਪੜ੍ਹੋ-
ਕੌਣ ਹਨ ਜੈਨੀ ਜੌਹਲ ?
ਜੈਨੀ ਜਲੰਧਰ ਦੀ ਜੰਮਪਲ ਹੈ। ਉਨ੍ਹਾਂ ਦੇ ਆਪਣੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਜਲੰਧਰ ਤੋਂ ਹੀ ਕੀਤੀ ਹੈ।
ਜੈਨੀ ਨੂੰ ਗਾਉਣ ਲਈ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ ਅਤੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਉਸਤਾਦ ਭੁਪਿੰਦਰ ਸਿੰਘ ਕੋਲ ਸੰਗੀਤ ਦੀ ਸਿੱਖਿਆ ਲਈ ਭੇਜਿਆ।
ਜੈਨੀ ਨੇ ਵੋਕਲ ਮਿਊਜ਼ਿਕ ਵਿੱਚ ਐੱਮਏ ਕੀਤੀ ਹੋਈ ਹੈ।
ਕਿਹੜੇ ਗਾਣਿਆ ਲਈ ਜਾਣੀ ਜਾਂਦੀ ਹੈ ਜੈਨੀ ਜੌਹਲ ?
ਜੈਨੀ ਅਕਸਰ ਜੋਸ਼ ਅਤੇ ਉਤਸ਼ਾਹ ਭਰੀ ਅਵਾਜ਼ ਵਿੱਚ ਗਾਣੇ ਗਾਉਂਦੀ ਹੈ।
ਉਸ ਨੇ ਸਾਲ 2015 ਵਿੱਚ ਆਪਣੇ ਮਸ਼ਹੂਰ ਗਾਣੇ 'ਯਾਰੀ ਜੱਟੀ ਦੀ' ਨਾਲ ਆਪਣੀ ਪਛਾਣ ਬਣਾਈ ਸੀ।
ਗਾਣੇ ਦੇ ਬੋਲ ਸਨ, "ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ, ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ।"
ਇਸ ਤੋਂ ਇਲਾਵਾ ਉਨ੍ਹਾਂ ਨੇ ਬਲਕਾਰ ਸਿੱਧੂ ਨਾਲ 'ਮਾਝੇ ਦੀਏ ਮੋਮਬੱਤੀਏ' ਵੀ ਗਾਇਆ।
ਉਨ੍ਹਾਂ ਦੇ ਹੋਰ ਮਸ਼ਹੂਰ ਗੀਤਾਂ ਵਿੱਚ "ਖੜਾਕੇ" "ਜੱਟੀ ਵੇ ਗੋਲਡ ਵਰਗੀ", "ਨਖ਼ਰਾ", "ਮੱਠਾ-ਮੱਠਾ ਲਾਈ ਫ਼ਿਰਦਾ", "ਝਾਂਜਰਾਂ" ਅਤੇ "ਬੇਗੀ ਬਣ ਰਹਿੰਦੀ ਹੈ ਰਕਾਣ ਜੱਟ ਦੀ" ਆਦਿ ਸ਼ਾਮਿਲ ਹਨ।
ਜੈਨੀ ਜੌਹਲ ਨੇ ਬੰਟੀ ਬੈਂਸ ਨਾਲ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਕੁਝ ਸਮਾਂ ਸਿੱਧੂ ਮੂਸੇਵਾਲਾ ਨਾਲ ਵੀ ਕੰਮ ਕੀਤਾ ਸੀ।
ਸਿੱਧੂ ਮੂਸੇਵਾਲਾ ਨਾਲ ਨੇੜਤਾ
ਗਾਇਕਾ ਜੈਨੀ ਜੌਹਲ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਨੇ ਬੁਰੇ ਸਮੇਂ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਸਨ।
ਜੈਨੀ ਜੌਹਲ ਨੇ ਮੂਸੇਵਾਲਾ ਨਾਲ ਇੱਕ ਗਾਣਾ "ਅੱਥਰਾ ਸਟਾਇਲ" ਵੀ ਗਾਇਆ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੋਏ ਕੈਂਡਲ ਮਾਰਚਾਂ ਵਿੱਚ ਵੀ ਉਹ ਹਿੱਸਾ ਲੈਂਦੇ ਰਹੇ ਹਨ।
ਉਹ ਆਮ ਤੌਰ ਉੱਤੇ ਸੰਗੀਤ ਜਗਤ ਵਿੱਚ ਉਨ੍ਹਾਂ ਲੋਕਾਂ ਨੂੰ ਕੋਸਦੇ ਸੁਣੇ ਜਾਂਦੇ ਹਨ ਜਿਨ੍ਹਾਂ ਨਾਲ ਮੂਸੇਵਾਲਾ ਖੜ੍ਹੇ ਪਰ ਉਨ੍ਹਾਂ ਦੇ ਕਤਲ ਤੋਂ ਬਾਅਦ ਇਹ ਲੋਕ ਚੁੱਪ ਰਹੇ।
ਯੂਟਿਊਬ ਤੋਂ ਹਟਾਏ ਗਏ ਹੋਰ ਪੰਜਾਬੀ ਗੀਤ
ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਗਾਣੇ 'ਰਿਹਾਈ' ਨੂੰ ਭਾਰਤ ਵਿੱਚ ਯੂਟਿਊਬ ਵੱਲੋਂ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਹਟਾ ਦਿੱਤਾ ਗਿਆ ਸੀ।
ਕੰਵਰ ਗਰੇਵਾਲ ਦਾ ਇਹ ਗਾਣਾ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਸੀ।
'ਰਿਹਾਈ' ਗਾਣੇ ਦੇ ਬੋਲਾਂ ਵਿੱਚ ਗਰੇਵਾਲ ਕਹਿੰਦੇ ਹਨ, ''ਅਸੀਂ ਕਿਹੜਾ ਥੋਂਥੋ ਬਾਦਸ਼ਾਈ ਮੰਗ ਰਹੇ ਆ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ।''
'ਰਿਹਾਈ' ਗਾਣਾ 2 ਜੁਲਾਈ ਨੂੰ ਕੰਵਰ ਗਰੇਵਾਲ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਪਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਗੀਤਕਾਰ ਵਰੀ ਰਾਏ ਨੇ ਲਿਖਿਆ ਸੀ।
ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਗੀਤ ਐੱਸਵਾਈਐੱਲ ਨੂੰ ਵੀ ਹਟਾ ਦਿੱਤਾ ਗਿਆ ਸੀ, ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਸੀ।
ਇਹ ਵੀ ਪੜ੍ਹੋ: