ਸ਼੍ਰੀਲੰਕਾ ਵਰਗੀ ਆਰਥਿਕ ਬਦਹਾਲੀ ਦੇ ਕਾਲੇ ਬੱਦਲ ਇਨ੍ਹਾਂ 13 ਦੇਸਾਂ ਉੱਤੇ ਵੀ ਮੰਡਰਾ ਰਹੇ ਹਨ

ਸ਼੍ਰੀਲੰਕਾ, ਜੋ ਕਦੇ ਏਸ਼ੀਆ ਦੇ ਖੁਸ਼ਹਾਲ, ਵਿਕਾਸਸ਼ੀਲ ਦੇਸ਼ਾਂ ਵਿੱਚੋਂ ਸ਼ੁਮਾਰ ਹੁੰਦਾ ਸੀ, ਆਪਣੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ।

ਸ਼੍ਰੀਲੰਕਾ ਨੂੰ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਕਰਨ ਲਈ ਕਈ ਵਾਰ ਮਹੁਲਤਾਂ ਦਿੱਤੀਆਂ ਗਈਆਂ ਸਨ ਪਰ ਵਿਦੇਸ਼ੀ ਮੁਦਰਾ ਭੰਡਾਰ ਘਟਣ ਕਾਰਨ ਉਹ ਕਰਜ਼ਾ ਮੋੜ ਨਹੀਂ ਕਰ ਸਕਿਆ ਅਤੇ ਅੰਤ ਵਿੱਚ ਆਪਣੇ ਆਪ ਨੂੰ ਦੀਵਾਲੀਆ (ਡਿਫਾਲਟਰ) ਘੋਸ਼ਿਤ ਕਰ ਦਿੱਤਾ।

ਸ਼੍ਰੀਲੰਕਾ ਦੇ ਲੋਕ ਸੜਕਾਂ 'ਤੇ ਆ ਕੇ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ। ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਗਏ ਹਨ। ਪੈਟਰੋਲ ਪੰਪਾਂ 'ਤੇ ਤੇਲ ਲਈ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਦਵਾਈਆਂ ਅਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ।

ਜਦੋਂ ਕੋਈ ਦੇਸ਼ ਵਿਦੇਸ਼ੀ ਕਰਜ਼ੇ ਦੀ ਸਮੇਂ ਸਿਰ ਅਦਾਇਗੀ ਕਰਨ ਵਿੱਚ ਅਸਮਰੱਥ ਹੁੰਦਾ ਹੈ, ਯਾਨੀ ਕਿ ਉਸ ਕੋਲ ਕਰਜ਼ਾ ਅਦਾ ਕਰਨ ਲਈ ਲੋੜੀਂਦੀ ਵਿਦੇਸ਼ੀ ਕਰੰਸੀ ਨਹੀਂ ਬਚਦੀ ਹੈ, ਤਾਂ ਉਹ ਡਿਫਾਲਟਰ ਬਣ ਜਾਂਦਾ ਹੈ। ਸ੍ਰੀਲੰਕਾ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ। ਪੂਰੀ ਦੁਨੀਆ ਸ੍ਰੀਲੰਕਾ ਤੋਂ ਉੱਠ ਰਹੇ ਆਰਥਿਕ ਮੰਦਹਾਲੀ ਦੇ ਲਾਂਬੂਆਂ ਨੂੰ ਦੇਖ ਰਹੀ ਹੈ। ਪਰ ਆਰਥਿਕਤਾ ਦੀ ਤਬਾਹੀ ਦੀ ਕਹਾਣੀ ਸਿਰਫ਼ ਸ੍ਰੀਲੰਕਾ ਦੀ ਨਹੀਂ ਹੈ।

ਲਾਤੀਨੀ ਅਮਰੀਕੀ ਦੇਸ਼ ਅਰਜਨਟੀਨਾ 2000 ਤੋਂ 2020 ਦਰਮਿਆਨ ਦੋ ਵਾਰ ਡਿਫਾਲਟ ਹੋਇਆ ਹੈ। ਗ੍ਰੀਸ 2012 ਵਿੱਚ ਡਿਫਾਲਟਰ ਬਣ ਗਿਆ ਸੀ। 1998 ਵਿੱਚ ਰੂਸ, 2003 ਵਿੱਚ ਉਰੂਗਵੇ, 2005 ਵਿੱਚ ਡੋਮਿਨਿਕਨ ਰੀਪਬਲਿਕ ਅਤੇ 2001 ਵਿੱਚ ਇਕਵਾਡੋਰ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਸਾਲ ਸ੍ਰੀਲੰਕਾ ਤੋਂ ਇਲਾਵਾ ਲੇਬਨਾਨ, ਰੂਸ, ਸੂਰੀਨਾਮ ਅਤੇ ਜ਼ੈਂਬੀਆ ਸਮੇਂ ਸਿਰ ਕਰਜ਼ਾ ਨਾ ਮੋੜ ਸਕੇ ਹਨ ਅਤੇ ਡਿਫਾਲਟਰਾਂ ਦੀ ਸ਼੍ਰੇਣੀ ਵਿੱਚ ਆ ਗਏ ਹਨ।

ਇਸ ਦੇ ਨਾਲ ਹੀ ਬੇਲਾਰੂਸ ਵੀ ਉਸੇ ਕੰਢੇ 'ਤੇ ਹੈ ਅਤੇ ਘੱਟੋ-ਘੱਟ ਇਕ ਦਰਜਨ ਦੇਸ ਖ਼ਤਰੇ ਵਿਚ ਹਨ। ਅਜਿਹੇ 'ਚ ਸਭ ਤੋਂ ਪਹਿਲਾਂ ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਦੀ ਗੱਲ ਕਰੀਏ।

ਮੁਸੀਬਤ ਵਿੱਚ ਮਿਆਂਮਾਰ

ਮਿਆਂਮਾਰ ਦੇ ਸਥਾਨਕ ਮੀਡੀਆ ਮੁਤਾਬਕ ਮਿਆਂਮਾਰ ਦੇ ਕੇਂਦਰੀ ਬੈਂਕ ਨੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਕੰਟਰੋਲ 'ਚ ਲਿਆਉਣ ਲਈ ਸਥਾਨਕ ਕੰਪਨੀਆਂ ਅਤੇ ਬੈਂਕਾਂ ਨੂੰ ਆਦੇਸ਼ ਜਾਰੀ ਕੀਤੇ ਹਨ। ਇਸ ਹੁਕਮ ਵਿੱਚ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਨੂੰ ਮੁਲਤਵੀ ਕਰਨ ਅਤੇ ਦੇਰੀ ਨਾਲ ਭੁਗਤਾਨ ਕਰਨ ਲਈ ਕਿਹਾ ਗਿਆ ਹੈ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਕੇਂਦਰੀ ਬੈਂਕ ਨੇ ਇਹ ਹੁਕਮ 13 ਜੁਲਾਈ ਨੂੰ ਜਾਰੀ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਰਾਇਟਰਜ਼ ਇਸ ਦਸਤਾਵੇਜ਼ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕਰਨ ਦੇ ਯੋਗ ਨਹੀਂ ਹਨ।

ਕੇਂਦਰੀ ਬੈਂਕ ਦੇ ਬਿਆਨ ਵਿੱਚ ਕਿਹਾ ਗਿਆ ਹੈ, "ਵਿਦੇਸ਼ੀ ਮੁਦਰਾ ਕਾਨੂੰਨ ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਨਿਯਮਾਂ ਦੇ ਅਨੁਸਾਰ, ਮੂਲ ਰਕਮ ਅਤੇ ਵਿਆਜ ਦੀ ਰਕਮ ਸਮੇਤ ਵਿਦੇਸ਼ੀ ਕਰਜ਼ੇ ਦੇ ਭੁਗਤਾਨ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਲਾਇਸੰਸਸ਼ੁਦਾ ਬੈਂਕਾਂ ਨੂੰ ਆਪਣੇ ਗਾਹਕਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਭੁਗਤਾਨ ਦਾ ਮੁੜ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।"

  • ਕੋਈ ਦੇਸ ਦੀਵਾਲੀਆ ਕਦੋਂ ਹੁੰਦਾ ਹੈ? ਜਦੋਂ ਉਸ ਕੋਲ ਕਰਜ਼ਾ ਅਦਾ ਕਰਨ ਲਈ ਲੋੜੀਂਦੀ ਵਿਦੇਸ਼ੀ ਕਰੰਸੀ ਨਹੀਂ ਬਚਦੀ ਹੈ।
  • ਪਹਿਲਾਂ ਹੋਰ ਕਿਹੜੇ ਦੇਸ ਦੀਵਾਲੀਆ ਹੋਏ? ਅਰਜਨਟੀਨਾ ਦੋ ਵਾਰ, ਗ੍ਰੀਸ ਰੂਸ, ਉਰੂਗਵੇ, ਡੋਮਿਨਿਕਨ ਰੀਪਬਲਿਕ ਅਤੇ ਇਕਵਾਡੋਰ।
  • ਆਉਣ ਵਾਲੇ ਦਿਨਾਂ ਵਿੱਚ ਕਿਹੜੇ ਦੇਸਾਂ ਦੇ ਦੀਵਾਲੀਆ ਹੋਣ ਦੀ ਸੰਭਾਵਨਾ ਹੈ? ਘੱਟੋ-ਘੱਟ ਇਕ ਦਰਜਨ ਦੇਸ ਦੀਵਾਲੀਏਪਣ ਦੇ ਖ਼ਤਰੇ ਵਿੱਚ ਹਨ।
  • ਮਿਆਂਮਾਰ ਨੇ ਘਰੇਲੂ ਅਦਾਰਿਆਂ ਨੂੰ ਵਿਦੇਸ਼ੀ ਕਰਜ਼ ਲਟਕਾਉਣ ਦੀ ਸਲਾਹ ਦਿੱਤੀ ਹੈ। ਕਿਹਾ ਗਿਆ ਹੈ ਕਿ ਲੈਣ-ਦੇਣ ਲਈ ਵਿਦੇਸ਼ੀ ਕਰੰਸੀ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ।
  • ਪਾਕਿਸਤਾਨ ਕੋਲ ਇੰਨਾ ਵੀ ਵਿਦੇਸ਼ੀ ਮੁਦਰਾ ਭੰਡਾਰ ਨਹੀਂ ਹੈ ਕਿ ਉਹ ਪੰਜ ਹਫ਼ਤਿਆਂ ਲਈ ਵੀ ਆਪਣੀ ਜ਼ਰੂਰਤ ਦੀ ਦਰਾਮਦ ਕਰ ਸਕੇ।
  • ਅਰਜਨਟੀਨਾ ਵਿੱਚ ਭਾਰੀ ਬੇਰੋਜ਼ਗਾਰੀ ਕਾਰਨ ਲੋਕ ਸੜਕਾਂ 'ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਕਰ ਰਹੇ ਸਨ।
  • ਯੂਕਰੇਨ ਅਤੇ ਰੂਸ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ।
  • ਟਿਊਨੀਸ਼ੀਆ ਜਨਤਕ ਖੇਤਰ ਦੇ ਤਨਖਾਹ ਬਿੱਲਾਂ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸਾਂ ਵਿੱਚ ਸ਼ਾਮਲ ਹੈ।
  • ਘਾਨਾ ਦੇ ਸਿਰ ਕਰਜ਼ੇ ਦਾ ਅਨੁਪਾਤ ਉਸ ਦੀ ਜੀਡੀਪੀ ਦੇ ਮੁਕਾਬਲੇ 85 ਫ਼ੀਸਦੀ ਤੱਕ ਵਧ ਚੁੱਕਿਆ ਹੈ।
  • ਇਸੇ ਤਰ੍ਹਾਂ ਮਿਸਰ ਦੇ ਸਿਰ ਕਰਜ਼ੇ ਦਾ ਅਨੁਪਾਤ ਲਗਭਗ 95 ਪ੍ਰਤੀਸ਼ਤ ਹੈ।
  • ਕੀਨੀਆ ਆਪਣੀ ਆਮਦਨ ਦਾ ਲਗਭਗ 30 ਪ੍ਰਤੀਸ਼ਤ ਵਿਆਜ ਭੁਗਤਾਨਾਂ 'ਤੇ ਖਰਚ ਕਰਦਾ ਹੈ।
  • ਅਲ ਸੈਲਵਾਡੋਰ ਬਿਟਕੁਆਇਨ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ ਹੈ। ਕ੍ਰਿਪਟੋ ਮਾਰਕਿਟ ਦੀ ਮੰਦੀ ਕਾਰਨ ਦੇਸ ਮੰਦੀ ਝੱਲ ਰਿਹਾ ਹੈ।
  • ਯੂਕਰੇਨ ਨਾਲ ਜੰਗ ਵਿੱਚ ਬੇਲਾਰੂਸ ਰੂਸ ਦੇ ਨਾਲ ਖੜ੍ਹਾ ਹੈ। ਬੇਲਾਰੂਸ ਨੂੰ ਆਰਥਿਕ ਮੋਰਚੇ 'ਤੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
  • ਨਾਈਜੀਰੀਆ ਕਰਜ਼ੇ 'ਤੇ ਵਿਆਜ ਦਾ ਭੁਗਤਾਨ ਕਰਨ ਲਈ ਮਾਲੀਏ ਦਾ ਲਗਭਗ 30 ਪ੍ਰਤੀਸ਼ਤ ਖਰਚ ਕਰਦਾ ਹੈ।

ਜਦੋਂ ਇਸ ਸਬੰਧੀ ਕੇਂਦਰੀ ਬੈਂਕ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਡਾਲਰ ਦੇ ਮੁਕਾਬਲੇ ਮਿਆਂਮਾਰ ਦੀ ਮੁਦਰਾ ਕਯਾਤ ਦੀ ਕੀਮਤ ਵਿੱਚ ਗਿਰਾਵਟ ਨੇ ਦੇਸ਼ ਵਿੱਚ ਪਹਿਲਾਂ ਹੀ ਡੂੰਘੇ ਹੁੰਦੇ ਸੰਕਟ ਨੂੰ ਹੋਰ ਵਧਾ ਦਿੱਤਾ ਹੈ।

ਤੇਲ ਅਤੇ ਖਾਣ-ਪੀਣ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਪਿਛਲੇ ਸਾਲ, ਮਿਆਂਮਾਰ ਵਿੱਚ ਫੌਜ ਨੇ ਇੱਕ ਤਖਤਾਪਲਟ ਵਿੱਚ ਸੱਤਾ 'ਤੇ ਕਬਜ਼ਾ ਕਰ ਲਿਆ ਸੀ ਜਿਸ ਨੇ ਇੱਕ ਦਹਾਕੇ ਦੇ ਰਾਜਨੀਤਿਕ ਅਤੇ ਆਰਥਿਕ ਸੁਧਾਰਾਂ ਨੂੰ ਰੋਕ ਦਿੱਤਾ ਸੀ।

ਵਿਦੇਸ਼ੀ ਮੁਦਰਾ ਬਾਰੇ ਨਵੇਂ ਨਿਯਮ

ਕੇਂਦਰੀ ਬੈਂਕ ਨੇ ਇੱਕ ਦਿਨ ਵਿੱਚ ਸਥਾਨਕ ਬੈਂਕਾਂ ਵਿੱਚ ਵਿਦੇਸ਼ੀ ਮੁਦਰਾ ਜਮ੍ਹਾ ਕਰਨ ਅਤੇ ਬਦਲਣ ਦੇ ਕਈ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮੰਤਰਾਲਿਆਂ ਅਤੇ ਸਥਾਨਕ ਸਰਕਾਰਾਂ ਨੂੰ ਘਰੇਲੂ ਲੈਣ-ਦੇਣ ਲਈ ਵਿਦੇਸ਼ੀ ਕਰੰਸੀ ਦੀ ਵਰਤੋਂ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਮਿਆਂਮਾਰ ਦੀ ਮੁਦਰਾ ਕਯਾਟ ਲਈ ਅਧਿਕਾਰਤ ਵਟਾਂਦਰਾ ਦਰ 1850 ਕਯਾਤ ਪ੍ਰਤੀ ਡਾਲਰ 'ਤੇ ਤੈਅ ਕੀਤੀ ਗਈ ਹੈ, ਪਰ ਇਹ ਅਣਅਧਿਕਾਰਤ ਕਾਲੇ ਬਾਜ਼ਾਰ ਤੋਂ ਬਹੁਤ ਹੇਠਾਂ ਹਨ।

ਸ਼੍ਰੀਲੰਕਾ ਦੇ ਕੇਂਦਰੀ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਡਬਲਿਯੂ ਏ ਵਿਜੇਵਰਡੇਨਾ ਨੇ ਟਵੀਟ ਕਰਕੇ ਮਿਆਂਮਾਰ ਵਿੱਚ ਡੂੰਘੇ ਆਰਥਿਕ ਸੰਕਟ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਨੂੰ ਮੁਅੱਤਲ ਕਰਨਾ ਚਿੰਤਾਜਨਕ ਹੈ। ਹੁਣ ਲੱਗਦਾ ਹੈ ਕਿ ਮਿਆਂਮਾਰ ਵੀ ਸ੍ਰੀਲੰਕਾ ਦੇ ਰਾਹੇ ਤੁਰ ਪਿਆ ਹੈ।

ਮਿਆਂਮਾਰ ਤੋਂ ਬਾਅਦ ਭਾਰਤ ਦਾ ਇੱਕ ਹੋਰ ਗੁਆਂਢੀ ਦੇਸ਼ ਡਿਫਾਲਟਰ ਹੋਣ ਦਾ ਖਤਰਾ ਹੈ। ਇਸ ਦੇਸ਼ ਦਾ ਨਾਂ ਪਾਕਿਸਤਾਨ ਹੈ।

ਪਾਕਿਸਤਾਨ

ਇਸ ਹਫ਼ਤੇ ਪਾਕਿਸਤਾਨ ਨੇ IMF ਯਾਨੀ ਕੌਮਾਂਤਰੀ ਮੁਦਰਾ ਫੰਡ ਦੇ ਨਾਲ ਇੱਕ ਮਹੱਤਵਪੂਰਨ ਸਮਝੌਤਾ ਕੀਤਾ ਹੈ। ਆਈਐੱਮਐੱਫ਼ ਨੇ ਪਾਕਿਸਤਾਨ ਨੂੰ ਮੁੜ ਕਰਜ਼ਾ ਦੇਣ ਲਈ ਸਹਿਮਤੀ ਦਿੱਤੀ ਹੈ, ਪਰ ਗਲੋਬਲ ਮਾਰਕੀਟ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਭਾਰੀ ਦਬਾਅ ਹੈ, ਜੋ ਇਸ ਨੂੰ ਸੰਕਟ ਦੇ ਵਲ ਧੱਕ ਰਿਹਾ ਹੈ।

ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ 9.8 ਅਰਬ ਡਾਲਰ ਰਹਿ ਗਿਆ ਹੈ, ਜੋ ਪੰਜ ਹਫ਼ਤਿਆਂ ਦੀ ਦਰਾਮਦ ਲਈ ਵੀ ਨਾਕਾਫ਼ੀ ਹੈ।

ਪਾਕਿਸਤਾਨੀ ਰੁਪਿਆ ਕਮਜ਼ੋਰ ਹੋ ਕੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇੱਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ 210 ਦੇ ਕਰੀਬ ਪਹੁੰਚ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਨਵੀਂ ਸਰਕਾਰ ਨੂੰ ਹੁਣ ਤੇਜ਼ੀ ਨਾਲ ਖਰਚਿਆਂ 'ਚ ਕਟੌਤੀ ਕਰਨ ਦੀ ਲੋੜ ਹੈ ਕਿਉਂਕਿ ਉਹ ਆਪਣੇ ਮਾਲੀਏ ਦਾ 40 ਫੀਸਦੀ ਸਿਰਫ ਵਿਆਜ ਦੇਣ 'ਤੇ ਹੀ ਖਰਚ ਕਰ ਰਹੀ ਹੈ।

ਪਿਛਲੇ ਦਿਨੀਂ ਪਾਕਿਸਤਾਨ ਵਾਸੀਆਂ ਨੂੰ ਦੇਸ ਦੀ ਆਰਥਿਕਤਾ ਬਚਾਉਣ ਲਈ ਚਾਹ ਘੱਟ ਪੀਣ ਦੀ ਸਲਾਹ ਕਾਫ਼ੀ ਚਰਚਾ ਵਿੱਚ ਰਹੀ। ਖ਼ਬਰ ਇੱਥੇ ਪੜ੍ਹ ਸਕਦੇ ਹੋ।

ਅਰਜਨਟੀਨਾ

ਇੱਥੇ ਕਰੰਸੀ ਪੇਸੋ ਹੁਣ ਲਗਭਗ 50 ਪ੍ਰਤੀਸ਼ਤ ਦੀ ਛੂਟ 'ਤੇ ਕਾਲੇ ਬਾਜ਼ਾਰ ਵਿੱਚ ਵਪਾਰ ਕਰਦੀ ਹੈ। ਦੇਸ਼ ਦਾ ਵਿਦੇਸ਼ੀ ਭੰਡਾਰ ਬਹੁਤ ਘੱਟ ਹੈ।

ਸਰਕਾਰ ਕੋਲ 2024 ਤੱਕ ਕੰਮ ਕਰਨ ਲਈ ਲੋੜੀਂਦਾ ਕਰਜ਼ਾ ਨਹੀਂ ਹੈ। ਅਰਜਨਟੀਨਾ ਦੀ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੇਜ਼ ਡੀ ਕਿਰਚਨਰ ਕਰਜ਼ੇ ਲਈ ਮੁੜ ਕੌਮਾਂਤਰੀ ਮੁਦਰਾ ਫੰਡ ਕੋਲ ਪਹੁੰਚ ਕਰ ਸਕਦੇ ਹਨ।

ਅਰਜਨਟੀਨਾ ਨੇ 2001 ਵਿੱਚ ਆਪਣੇ ਕਰਜ਼ਦਾਰਾਂ ਨੂੰ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਅਰਜਨਟੀਨਾ ਸਿਰ ਬਹੁਤ ਵੱਡਾ ਕਰਜ਼ਾ ਸੀ। ਭਾਰੀ ਬੇਰੋਜ਼ਗਾਰੀ ਕਾਰਨ ਲੋਕ ਸੜਕਾਂ 'ਤੇ ਉਤਰ ਕੇ ਹਿੰਸਕ ਪ੍ਰਦਰਸ਼ਨ ਕਰ ਰਹੇ ਸਨ। ਅਰਜਨਟੀਨਾ ਵਿੱਚ ਜੋ ਹੋਇਆ ਉਹ ਦੁਨੀਆ ਭਰ ਦੇ ਕਰਜ਼ਦਾਰਾਂ ਲਈ ਇੱਕ ਡਰਾਉਣੇ ਸੁਪਨੇ ਵਰਗਾ ਸੀ।

ਯੂਕਰੇਨ

ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਮੋਰਗਨ ਸਟੈਨਲੀ ਅਤੇ ਅਮੁੰਡੀ ਵਰਗੇ ਵੱਡੇ ਨਿਵੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਸਥਿਤੀ ਵਿੱਚ ਯੂਕਰੇਨ ਨੂੰ ਆਪਣੇ 20 ਬਿਲੀਅਨ ਡਾਲਰ ਤੋਂ ਵੱਧ ਦੇ ਕਰਜ਼ੇ ਦਾ ਪੁਨਰਗਠਨ ਕਰਨਾ ਪਵੇਗਾ।

ਸਤੰਬਰ ਦਾ ਮਹੀਨਾ ਯੂਕਰੇਨ ਲਈ ਸੰਕਟ ਭਰਿਆ ਰਿਹਾ ਹੈ। ਉਸਨੂੰ $1.2 ਬਿਲੀਅਨ ਦੇ ਬਾਂਡ ਭੁਗਤਾਨ ਕਰਨੇ ਪੈਂਦੇ ਹਨ। ਸਹਾਇਤਾ ਰਾਸ਼ੀ ਅਤੇ ਇਸ ਦੇ ਭੰਡਾਰਾਂ ਦਾ ਮਤਲਬ ਹੈ ਕਿ ਯੂਕਰੇਨ ਸੰਭਾਵੀ ਤੌਰ 'ਤੇ ਭੁਗਤਾਨ ਕਰ ਸਕਦਾ ਹੈ।

ਯੂਕਰੇਨ ਦੀ ਵੱਡੀ ਰਾਸ਼ਟਰੀ ਤੇਲ ਅਤੇ ਗੈਸ ਕੰਪਨੀ 'ਨਫਟੋਗਾਜ਼ੀ', ਜੋ ਕਿ ਸਰਕਾਰ ਦੁਆਰਾ ਚਲਾਈ ਜਾਂਦੀ ਹੈ, ਨੇ ਇਸ ਹਫਤੇ ਦੋ ਸਾਲਾਂ ਦੇ ਕਰਜ਼ੇ ਨੂੰ ਫ੍ਰੀਜ਼ ਕਰਨ ਦੀ ਮੰਗ ਕੀਤੀ ਹੈ। ਨਿਵੇਸ਼ਕਾਂ ਨੂੰ ਸ਼ੱਕ ਹੈ ਕਿ ਸਰਕਾਰ ਇਸ ਦਾ ਪਾਲਣ ਕਰੇਗੀ।

ਟਿਊਨੀਸ਼ੀਆ

ਅਫਰੀਕਾ ਉਨ੍ਹਾਂ ਦੇਸ਼ਾਂ ਦਾ ਸਮੂਹ ਹੈ ਜੋ ਕਰਜ਼ਿਆਂ ਲਈ IMF ਕੋਲ ਜਾਂਦੇ ਹਨ, ਪਰ ਟਿਊਨੀਸ਼ੀਆ ਸਭ ਤੋਂ ਵੱਧ ਜੋਖਮ ਵਿੱਚ ਹੈ। ਟਿਊਨੀਸ਼ੀਆ ਵਿੱਚ ਬਜਟ ਘਾਟਾ ਲਗਭਗ 10 ਪ੍ਰਤੀਸ਼ਤ ਹੈ।

ਇਹ ਜਨਤਕ ਖੇਤਰ ਦੇ ਤਨਖਾਹ ਬਿੱਲਾਂ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਕਤਾਰ ਦੇ ਦੇਸ਼ਾਂ ਵਿੱਚ ਹੈ। ਰਾਸ਼ਟਰਪਤੀ ਕੈਸ ਸਈਦ ਦੇ ਸੱਤਾ ਵਿੱਚ ਦੇਸ਼ ਦੀ ਸ਼ਕਤੀਸ਼ਾਲੀ ਲੇਬਰ ਯੂਨੀਅਨ 'ਤੇ ਸਖਤ ਪਕੜ ਰੱਖਣ ਦੇ ਨਾਲ, ਇਹ ਚਿੰਤਾਵਾਂ ਹਨ ਕਿ ਉਸਨੂੰ IMF ਤੋਂ ਉਧਾਰ ਲੈਣਾ ਮੁਸ਼ਕਲ ਹੋ ਸਕਦਾ ਹੈ ਜਾਂ ਘੱਟੋ ਘੱਟ ਇਸ ਨਾਲ ਜੁੜੇ ਰਹਿਣਾ ਮੁਸ਼ਕਲ ਹੋ ਸਕਦਾ ਹੈ।

ਮੋਰਗਨ ਸਟੈਨਲੀ ਦੀ ਸੰਭਾਵੀ ਡਿਫਾਲਟਰਾਂ ਦੀ ਸੂਚੀ ਵਿੱਚ ਟਿਊਨੀਸ਼ੀਆ ਚੋਟੀ ਦੇ ਤਿੰਨਾਂ ਵਿੱਚੋਂ ਇੱਕ ਹੈ।

ਘਾਨਾ

ਤੇਜ਼ੀ ਨਾਲ ਉਧਾਰ ਲੈਣ ਨੇ ਘਾਨਾ ਦੇ ਜੀਡੀਪੀ ਅਨੁਪਾਤ ਦੇ ਕਰਜ਼ੇ ਨੂੰ 85 ਪ੍ਰਤੀਸ਼ਤ ਤੱਕ ਵਧਾ ਦਿੱਤਾ ਹੈ। ਘਾਨਾ ਦੀ ਮੁਦਰਾ, ਘਾਨਾਈ ਸੇਡੀ ਨੇ ਇਸ ਸਾਲ ਆਪਣੇ ਮੁੱਲ ਦਾ ਲਗਭਗ ਇੱਕ ਚੌਥਾਈ ਹਿੱਸਾ ਗੁਆ ਦਿੱਤਾ ਹੈ।

ਇਹ ਦੇਸ਼ ਪਹਿਲਾਂ ਹੀ ਕਰਜ਼ੇ ਦੇ ਵਿਆਜ ਦੀ ਅਦਾਇਗੀ 'ਤੇ ਅੱਧੇ ਤੋਂ ਵੱਧ ਮਾਲੀਆ ਖਰਚ ਰਿਹਾ ਹੈ। ਇੱਥੇ ਮਹਿੰਗਾਈ ਵੀ 30 ਫੀਸਦੀ ਦੇ ਨੇੜੇ ਪਹੁੰਚ ਗਈ ਹੈ।

ਮਿਸਰ

ਕਰਜ਼ਾ ਅਤੇ ਜੀਡੀਪੀ ਅਨੁਪਾਤ ਲਗਭਗ 95 ਪ੍ਰਤੀਸ਼ਤ ਹੈ। ਫੰਡ ਫਰਮ FIM ਪਾਰਟਨਰਜ਼ ਦਾ ਅੰਦਾਜ਼ਾ ਹੈ ਕਿ ਮਿਸਰ ਕੋਲ ਅਗਲੇ ਪੰਜ ਸਾਲਾਂ ਵਿੱਚ ਭੁਗਤਾਨ ਕਰਨ ਲਈ $100 ਬਿਲੀਅਨ ਦਾ ਕਰਜ਼ਾ ਹੈ, ਜਿਸ ਵਿੱਚ 2024 ਵਿੱਚ $1.3 ਬਿਲੀਅਨ ਬਾਂਡ ਸ਼ਾਮਲ ਹਨ।

ਮਿਸਰ ਨੇ ਆਪਣੀ ਮੁਦਰਾ, ਪੌਂਡ, ਨੂੰ 15 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ ਅਤੇ ਮਾਰਚ ਵਿੱਚ IMF ਤੋਂ ਮਦਦ ਮੰਗੀ ਹੈ ਪਰ ਬਾਂਡ ਸਪ੍ਰੈਡ ਹੁਣ 1200 ਬੇਸਿਸ ਪੁਆਇੰਟ ਤੋਂ ਵੱਧ ਹਨ।

ਕੀਨੀਆ

ਘਾਨਾ ਦੇ ਸਿਰ ਕਰਜ਼ੇ ਦਾ ਅਨੁਪਾਤ ਉਸ ਦੀ ਜੀਡੀਪੀ ਦੇ ਮੁਕਾਬਲੇ 85 ਫ਼ੀਸਦੀ ਤੱਕ ਵਧ ਚੁੱਕਿਆ ਹੈ।

ਇਸੇ ਤਰ੍ਹਾਂ ਮਿਸਲ ਦੇ ਸਿਰ ਕਰਜ਼ੇ ਦਾ ਅਨੁਪਾਤ ਲਗਭਗ 95 ਪ੍ਰਤੀਸ਼ਤ ਹੈ।

ਕੀਨੀਆ ਆਪਣੀ ਆਮਦਨ ਦਾ ਲਗਭਗ 30 ਪ੍ਰਤੀਸ਼ਤ ਵਿਆਜ ਭੁਗਤਾਨਾਂ 'ਤੇ ਖਰਚ ਕਰਦਾ ਹੈ। ਇਸ ਦੇ ਬਾਂਡ ਲਗਭਗ ਅੱਧੇ ਮੁੱਲ ਨੂੰ ਗੁਆ ਚੁੱਕੇ ਹਨ ਅਤੇ ਵਰਤਮਾਨ ਵਿੱਚ ਪੂੰਜੀ ਬਾਜ਼ਾਰ ਤੱਕ ਕੋਈ ਪਹੁੰਚ ਨਹੀਂ ਹੈ।

ਕੀਨੀਆ, ਮਿਸਰ, ਟਿਊਨੀਸ਼ੀਆ ਅਤੇ ਘਾਨਾ ਬਾਰੇ ਮੂਡੀਜ਼ ਡੇਵਿਡ ਰੋਗੋਵਿਚ ਨੇ ਰਾਇਟਰਜ਼ ਨੂੰ ਦੱਸਿਆ ਕਿ ਇਹ ਦੇਸ਼ ਸਭ ਤੋਂ ਮੁਸ਼ਕਲ ਸਥਿਤੀ ਵਿੱਚ ਹਨ ਕਿਉਂਕਿ ਕਰਜ਼ਾ ਰਿਜ਼ਰਵ ਤੋਂ ਵੱਧ ਹੈ ਅਤੇ ਇਹ ਦੇਸ਼ ਲਈ ਕਰਜ਼ ਸੰਤੁਲਨ ਦੇ ਮਾਮਲੇ ਵਿੱਚ ਚੱਲਣਾ ਚੁਣੌਤੀਪੂਰਨ ਹੈ।

ਇਥੋਪੀਆ

ਜੀ-20 ਕਾਮਨ ਫਰੇਮਵਰਕ ਪ੍ਰੋਗਰਾਮ ਤਹਿਤ ਈਥੋਪੀਆ ਨੂੰ ਕਰਜ਼ਾ ਰਾਹਤ ਮਿਲ ਸਕਦੀ ਹੈ। ਇਥੋਪੀਆ ਇਸ ਸਕੀਮ ਤਹਿਤ ਰਾਹਤ ਪਾਉਣ ਵਾਲਾ ਪਹਿਲਾ ਦੇਸ ਹੋਵੇਗਾ। ਦੇਸ ਵਿੱਚ ਚੱਲ ਰਹੀ ਘਰੇਲੂ ਜੰਗ ਨੇ ਵਿਕਾਸ ਨੂੰ ਰੋਕ ਦਿੱਤਾ ਹੈ। ਇਸ ਦੌਰਾਨ, ਹਾਲਾਂਕਿ, ਇਹ ਆਪਣੇ ਸਿਰਫ਼ $1 ਬਿਲੀਅਨ ਅੰਤਰਰਾਸ਼ਟਰੀ ਬਾਂਡ ਦੀ ਸੇਵਾ ਕਰਨਾ ਜਾਰੀ ਰੱਖਦਾ ਹੈ।

ਅਲ ਸੈਲਵਾਡੋਰ

ਇਸ ਦੇਸ ਨੇ ਬਿਟਕੁਆਇਨ ਨੂੰ ਕਾਨੂੰਨੀ ਤੌਰ 'ਤੇ ਮੁਦਰਾ ਵਜੋਂ ਮਾਨਤਾ ਦਿੱਤੀ ਸੀ। ਪਿਛਲੇ ਕੁਝ ਮਹੀਨਿਆਂ ਤੋਂ ਕ੍ਰਿਪਟੋਕਰੰਸੀ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਦਾ ਸੇਕ ਅਲ ਸਲਵਾਡੋਰ ਨੂੰ ਝੱਲਣਾ ਪਿਆ ਹੈ।

ਪਿਛਲੇ 9 ਮਹੀਨਿਆਂ ਵਿੱਚ, ਇੱਥੋਂ ਦੀ ਸਰਕਾਰ ਨੇ ਬਿਟਕੁਆਇਨ ਵਿੱਚ ਲੱਖਾਂ ਡਾਲਰਾਂ ਦਾ ਨਿਵੇਸ਼ ਕੀਤਾ ਹੈ। ਇਸ ਦੇਸ਼ ਲਈ IMF ਦੇ ਦਰਵਾਜ਼ੇ ਬੰਦ ਹਨ। ਛੇ ਮਹੀਨਿਆਂ ਵਿੱਚ ਮੈਚੇਓਰ ਹੋਣ ਵਾਲੇ $800 ਮਿਲੀਅਨ ਬਾਂਡ 30 ਪ੍ਰਤੀਸ਼ਤ ਦੀ ਛੋਟ 'ਤੇ ਵਪਾਰ ਕਰ ਰਹੇ ਹਨ।

ਬੇਲਾਰੂਸ

ਪੱਛਮੀ ਪਾਬੰਦੀਆਂ ਨੇ ਪਿਛਲੇ ਮਹੀਨੇ ਆਰਥਿਕ ਮੋਰਚੇ 'ਤੇ ਰੂਸ ਨੂੰ ਸਖਤ ਸੱਟ ਮਾਰੀ ਹੈ। 27 ਮਈ ਨੂੰ 100 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਜਾਣਾ ਸੀ ਪਰ ਰੂਸ ਅਜਿਹਾ ਨਹੀਂ ਕਰ ਸਕਿਆ।

ਇਸ ਤੋਂ ਬਾਅਦ 30 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਪਰ ਰੂਸ ਇਸ ਤਰੀਕ 'ਤੇ ਵੀ ਭੁਗਤਾਨ ਨਹੀਂ ਕਰ ਸਕਿਆ। ਇਸ ਤੋਂ ਬਾਅਦ ਰੂਸ ਨੂੰ ਡਿਫਾਲਟਰ ਐਲਾਨ ਦਿੱਤਾ ਗਿਆ। ਯੂਕਰੇਨ ਨਾਲ ਜੰਗ ਵਿੱਚ ਬੇਲਾਰੂਸ ਰੂਸ ਦੇ ਨਾਲ ਖੜ੍ਹਾ ਹੈ। ਬੇਲਾਰੂਸ ਨੂੰ ਆਰਥਿਕ ਮੋਰਚੇ 'ਤੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੂਸ ਨੇ ਡਿਫਾਲਟਰ ਹੋਣ ਤੋਂ ਇਨਕਾਰ ਕੀਤਾ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿਤਰੀ ਐਸ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਿਫਾਲਟ ਦਾ ਬਿਆਨ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਪੋਸਕੋਵ ਨੇ ਕਿਹਾ, ''ਸੱਚਾਈ ਇਹ ਹੈ ਕਿ ਯੂਰੋਕਲੀਅਰ ਨੇ ਪੈਸਾ ਰੋਕ ਲਿਆ ਹੈ ਅਤੇ ਉਨ੍ਹਾਂ ਤੱਕ ਨਹੀਂ ਪਹੁੰਚਿਆ ਜਿਨ੍ਹਾਂ ਨੂੰ ਇਹ ਮਿਲਣਾ ਸੀ। ਦੂਜੇ ਸ਼ਬਦਾਂ ਵਿਚ, ਸਾਨੂੰ ਡਿਫਾਲਟਰ ਕਹਿਣ ਦਾ ਕੋਈ ਮਤਲਬ ਨਹੀਂ ਹੈ।

ਇਕਵਾਡੋਰ

ਇਹ ਦੇਸ ਦੋ ਸਾਲ ਪਹਿਲਾਂ ਕਰਜ਼ੇ ਦੀ ਅਦਾਇਗੀ ਨਾ ਹੋਣ ਕਾਰਨ ਡਿਫਾਲਟ ਹੋ ਗਿਆ ਸੀ। ਦੇਸ ਦੇ ਲੱਖਾਂ ਲੋਕ ਰਾਸ਼ਟਰਪਤੀ ਗੁਲੇਰਮੋ ਲਾਸੋ ਦਾ ਵਿਰੋਧ ਕਰ ਰਹੇ ਹਨ। ਜਿਸ ਨੇ ਇਸ ਦੇਸ ਨੂੰ ਹੋਰ ਆਰਥਿਕ ਸੰਕਟ ਵਿੱਚ ਪਾ ਦਿੱਤਾ ਹੈ।

ਇਕਵਾਡੋਰ ਦੀ ਸਰਕਾਰ 'ਤੇ ਬਹੁਤ ਵੱਡਾ ਕਰਜ਼ਾ ਹੈ। ਜੇਪੀ ਮੋਰਗਨ ਨੇ ਜਨਤਕ ਖੇਤਰ ਲਈ ਵਿੱਤੀ ਘਾਟੇ ਦੀ ਭਵਿੱਖਬਾਣੀ ਨੂੰ ਇਸ ਸਾਲ ਜੀਡੀਪੀ ਦੇ 2.4 ਪ੍ਰਤੀਸ਼ਤ ਅਤੇ ਅਗਲੇ ਸਾਲ 2.1 ਪ੍ਰਤੀਸ਼ਤ ਤੱਕ ਵਧਾ ਦਿੱਤਾ ਹੈ।

ਨਾਈਜੀਰੀਆ

ਇਹ ਕਰਜ਼ੇ 'ਤੇ ਵਿਆਜ ਦਾ ਭੁਗਤਾਨ ਕਰਨ ਲਈ ਮਾਲੀਏ ਦਾ ਲਗਭਗ 30 ਪ੍ਰਤੀਸ਼ਤ ਖਰਚ ਕਰਦਾ ਹੈ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਸਹਾਇਤਾ ਕਰਮਚਾਰੀਆਂ ਨੇ ਉੱਤਰ-ਪੂਰਬੀ ਖੇਤਰ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਲਈ ਵਿਗੜਦੀ ਸਥਿਤੀ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੈ।

ਇਹ ਇਲਾਕਾ ਲਗਾਤਾਰ ਹਥਿਆਰਬੰਦ ਸੰਘਰਸ਼ ਤੋਂ ਪ੍ਰਭਾਵਿਤ ਹੈ। ਨਾਈਜੀਰੀਆ ਤੇਲ ਉਤਪਾਦਕ ਦੇਸ਼ ਹੈ ਪਰ ਇੱਥੇ ਤੇਲ ਨੂੰ ਪ੍ਰੋਸੈਸ ਕਰਨ ਵਾਲੀਆਂ ਫੈਕਟਰੀਆਂ ਦੀ ਘਾਟ ਹੈ, ਜਿਸ ਕਾਰਨ ਨਾਈਜੀਰੀਆ ਨੂੰ ਵੀ ਤੇਲ ਦੀ ਦਰਾਮਦ 'ਤੇ ਨਿਰਭਰ ਰਹਿਣਾ ਪੈਂਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)