ਸੈਨੇਟਰੀ ਪੈਡ ਦੀ ਥਾਂ ਲੈ ਰਹੇ ਮੈਂਸਟੁਰਲ ਕੱਪ ਕੀ ਹਨ ਤੇ ਕਿਵੇਂ ਕੰਮ ਕਰਦੇ ਹਨ

    • ਲੇਖਕ, ਜੂਲੀਆ ਗ੍ਰਾਂਚੀ
    • ਰੋਲ, ਬੀਬੀਸੀ ਪੱਤਰਕਾਰ ਬ੍ਰਾਜ਼ੀਲ ਸਾਓ ਪੋਲੋ

ਔਰਤਾਂ ਦੀ ਮਾਹਵਾਰੀ ਵਿੱਚ ਵਰਤੇ ਜਾਣ ਵਾਲੇ ਮੈਂਸਟੁਰਲ ਕੱਪ ਦਾ ਪ੍ਰੋਟੋਟਾਈਪ ਪਹਿਲੀ ਵਾਰ 1930 ਦੇ ਦਹਾਕੇ ਵਿੱਚ ਸਾਹਮਣੇ ਆਇਆ ਸੀ। ਇਸ ਦੇ ਪੇਟੈਂਟ ਦੀ ਪਹਿਲੀ ਅਰਜ਼ੀ 1937 ਵਿੱਚ ਅਮਰੀਕੀ ਅਦਾਕਾਰਾ ਲਿਓਨਾ ਚਾਮਰਸ ਵੱਲੋਂ ਦਿੱਤੀ ਗਈ।

ਪਿਛਲੇ ਕੁਝ ਸਾਲਾਂ ਦੌਰਾਨ ਇਸ ਦੇ ਜ਼ਿਆਦਾ ਆਧੁਨਿਕ ਅਤੇ ਨਵੇਂ ਰੂਪ ਸਾਹਮਣੇ ਆ ਗਏ ਹਨ।

ਸਿਲੀਕਾਨ, ਰਬੜ ਜਾਂ ਲੇਟੈਕਸ ਦੇ ਬਣੀ ਛੋਟੀ ਜਿਹੀ ਇਹ ਵਸਤੂ ਔਰਤਾਂ ਦੀ ਜਿੰਦਗੀ ਵਿੱਚ ਹੌਲੀ-ਹੌਲੀ ਹੀ ਸਹੀ ਪਰ ਸੈਨੇਟਰੀ ਪੈਡ ਦੀ ਥਾਂ ਜ਼ਰੂਰ ਲੈ ਰਹੀ ਹੈ।

ਇਸ ਰੁਝਾਨ ਦੀ ਇੱਕ ਵੱਡੀ ਵਜ੍ਹਾ ਹੈ ਕਿ ਮੈਂਸਟੁਰਲ ਕੱਪ/ਮਾਹਵਾਰੀ ਕੱਪ ਪੈਡ ਦੇ ਮੁਕਾਬਲੇ ਜ਼ਿਆਦਾ ਵਾਰ ਵਰਤਿਆ ਜਾ ਸਕਦਾ ਹੈ। ਇਹ ਜ਼ਿਆਦਾ ਵਿਵਹਾਰਕ ਅਤੇ ਟਿਕਾਊ ਹੁੰਦਾ ਹੈ।

ਇਹ ਕੱਪ ਇੰਨੇ ਲਚਕੀਲੇ ਪਦਾਰਥ ਦਾ ਬਣਿਆ ਹੁੰਦਾ ਹੈ ਕਿ ਇਹ ਔਰਤਾਂ ਦੇ ਜਨਣ ਅੰਗ ਵਿੱਚ ਕੋਈ ਪ੍ਰੇਸ਼ਾਨੀ ਪੈਦਾ ਨਹੀਂ ਕਰਦਾ।

ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਦੇ ਸਾਓ ਪੋਲੋ ਦੇ ਇੱਕ ਹਸਪਤਾਲ ਦੀ ਇਸਤਰੀ ਰੋਗ ਮਾਹਰ ਐਲਗਜ਼ੈਂਡਰੇ ਪੁਪੇ ਇਸ ਬਾਰੇ ਵਧੇਰੇ ਜਾਣਕਾਰੀ ਦੇ ਰਹੇ ਹਨ।

ਉਹ ਕਹਿੰਦੇ ਹਨ, ''ਇਸ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਇਸ ਦਾ ਇੱਕ ਲਾਭ ਇਹ ਵੀ ਹੈ ਕਿ ਇਸ ਦਾ ਬਿਕਨੀ ਜਾਂ ਲੈਗਿੰਗ ਵਰਗੇ ਕੱਪੜਿਆਂ ਵਿੱਚ ਵੀ ਪਤਾ ਨਹੀਂ ਲਗਦਾ। ਇਹ ਟੈਂਪੋਨ ਵਾਂਗ ਕੋਈ ਫ਼ਾਲਤੂ ਪਦਾਰਥ ਵੀ ਪੈਦਾ ਨਹੀਂ ਕਰਦਾ ਹੈ।''

ਇਹ ਵੀ ਪੜ੍ਹੋ:

ਇਸਦੀ ਲੰਬਾਈ 4-6 ਸੈਂਟੀਮੀਟਰ ਦੇ ਵਿਚਕਾਰ ਹੁੰਦੀ ਹੈ। ਉੱਪਰ ਵਾਲੇ ਪਾਸੇ ਤੋਂ ਇਸ ਦਾ ਘੇਰਾ ਤਿੰਨ ਤੋਂ ਪੰਜ ਸੈਂਟੀਮੀਟਰ ਹੁੰਦਾ ਹੈ। ਜਿਨ੍ਹਾਂ ਔਰਤਾਂ ਦੇ ਜ਼ਿਆਦਾ ਬਲੀਡਿੰਗ ਹੁੰਦੀ ਹੈ ਉਨ੍ਹਾਂ ਨੂੰ ਵੱਡੇ ਕੱਪ ਦੀ ਲੋੜ ਹੁੰਦੀ ਹੈ।

ਜੇ ਇਸ ਨਾਲ ਜੁੜੀਆਂ ਸਾਫ਼-ਸਫ਼ਾਈ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ 10 ਸਾਲ ਤੱਕ ਕੰਮ ਕਰਦਾ ਰਹਿ ਸਕਦਾ ਹੈ।

ਇਸ ਲੇਖ ਵਿੱਚ ਮਾਹਵਾਰੀ ਕੱਪ ਨਾਲ ਜੁੜੇ ਪੰਜ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।

1. ਮਾਹਵਾਰੀ ਕੱਪ ਨੂੰ ਯੋਨੀ ਵਿੱਚ ਕਿਵੇਂ ਰੱਖਿਆ ਜਾਂਦਾ ਹੈ?

ਸਭ ਤੋਂ ਪਹਿਲਾਂ ਇਸ ਨੂੰ 2-3 ਵਾਰ ਮੋੜਨਾ ਚਾਹੀਦਾ ਹੈ। ਇਸ ਨੂੰ ਕਈ ਤਰੀਕਿਆਂ ਨਾਲ ਮੋੜਿਆ ਜਾ ਸਕਦਾ ਹੈ ਤਾਂ ਜੋ ਯੋਨੀ ਦੇ ਅੰਦਰ ਰੱਖਦੇ ਇਹ ਤਕਲੀਫ਼ਦੇਹ ਨਾ ਹੋਵੇ।

ਦੱਖਣੀ ਬ੍ਰਾਜ਼ੀਲ ਦੇ ਇੱਕ ਹਸਪਤਾਲ ਨਾਲ ਜੁੜੇ ਇਸਤਰੀ ਰੋਗ ਮਾਹਰ ਡਾ਼ ਗੈਬ੍ਰਿਏਲਾ ਗੈਲਿਨਾ ਨੇ ਇਸ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ, “ਟੌਇਲਿਟ ਜਾਂ ਬੈਡ ਉੱਪਰ ਕੋਈ ਔਰਤ ਆਪਣੇ ਪੈਰ ਫੈਲਾਅ ਕੇ ਅਤੇ ਗੋਡੇ ਮੋੜ ਕੇ ਬੈਠ ਜਾਵੇ। ਹਾਲਾਂਕਿ ਜੇ ਜਨਣ ਅੰਗ ਖੁਸ਼ਕ ਹੋਵੇ ਤਾਂ ਕੱਪ ਨੂੰ ਲਗਾਉਣਾ ਅਸੁਖਾਵਾਂ ਹੋ ਸਕਦਾ ਹੈ। ਇਸ ਲਈ ਲਿਊਬਰੀਕੈਂਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਖ਼ਾਸ ਕਰ ਪਹਿਲੀ ਵਾਰ ਵਰਤੋਂ ਕਰਦੇ ਸਮੇਂ।''

ਗੈਲਿਨਾ ਕਹਿੰਦੇ ਹਨ, ''ਉਸ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਅੰਦਰ ਪਾਉਣਾ ਚਾਹੀਦਾ ਹੈ। ਜਿਵੇਂ ਹੀ ਮੂੰਹ ਵਾਲੇ ਹਿੱਸੇ ਨੂੰ ਛੱਡਦੇ ਹਾਂ ਕੱਪ ਖੁੱਲ੍ਹ ਜਾਂਦਾ ਹੈ। ਇਸ ਨੂੰ ਠੀਕ ਤਰ੍ਹਾਂ ਬਿਠਾਉਣ ਲਈ ਅੰਦਰ ਹੀ ਘੁਮਾ ਲਿਆ ਜਾਣਾ ਚਾਹੀਦਾ ਹੈ।''

ਉਂਗਲੀ ਦੀ ਮਦਦ ਨਾਲ ਇਸ ਨੂੰ ਗੁਪਤ ਅੰਗ ਦੇ ਅੰਦਰ ਟੈਂਪੋਨ ਵਾਂਗ ਰੱਖਣਾ ਚਾਹੀਦਾ ਹੈ। ਟੈਂਪੋਨ ਨਾਲੋਂ ਇਸ ਦਾ ਫ਼ਰਕ ਇਹ ਹੈ ਕਿ ਇਸ ਦਾ ਕੰਮ ਖੂਨ ਸੋਕਣਾ ਨਹੀਂ ਸਗੋਂ ਇਕੱਠਾ ਕਰਨਾ ਹੈ।

ਵੀਡੀਓ: ਸੈਨੇਟਰੀ ਪੈਡ ਦੇ ਨੁਕਸਾਨ ਅਤੇ ਬਦਲ

ਐਲਗਜ਼ੈਂਡਰੇ ਪੁਪੇ ਦੱਸਦੇ ਹਨ, ''ਇੱਕ ਵਾਰ ਪਾਉਣ ਤੋਂ ਬਾਅਦ ਇਹ ਕੱਪ ਜਨਣ ਅੰਗ ਦੀਆਂ ਦੀਵਾਰਾਂ ਨਾਲ ਚਿਪਕ ਜਾਂਦਾ ਹੈ। ਇਹ ਖੁੱਲ੍ਹਾ ਰਹੇ ਇਸ ਲਈ ਇਸਦੇ ਕਿਨਾਰੇ ਉੱਪਰ ਲੱਗਿਆ ਇਲਾਸਟਿਕ ਕੁਝ ਸਖਤ ਹੁੰਦਾ ਹੈ। ਅੰਦਰ ਇਹ ਥੋੜ੍ਹਾ ਜਿਹਾ ਫੈਲ ਕੇ ਦੀਵਾਰਾਂ ਨਾਲ ਚਿਪਕ ਜਾਂਦਾ ਹੈ ਅਤੇ ਟਿਕਿਆ ਰਹਿੰਦਾ ਹੈ।''

ਇਸ ਕੱਪ ਦੀ ਵਰਤੋਂ ਲਗਾਤਾਰ ਜ਼ਿਆਦਾ ਤੋਂ ਜ਼ਿਆਦਾ 12 ਘੰਟਿਆਂ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ ਜਿਨ੍ਹਾਂ ਔਰਤਾਂ ਵਿੱਚ ਬਲੀਡਿੰਗ ਜ਼ਿਆਦਾ ਹੁੰਦੀ ਹੈ, ਉਨ੍ਹਾਂ ਨੂੰ ਚਾਰ ਤੋਂ ਛੇ ਘੰਟਿਆਂ ਬਾਅਦ ਇਸ ਨੂੰ ਬਦਲ ਲੈਣ।

ਇਸ ਦਾ ਛੋਟਾ ਅਕਾਰ ਇਸ ਨੂੰ ਲੱਭਣ ਵਿੱਚ ਮਦਦਗਾਰ ਹੁੰਦਾ ਹੈ। ਹਾਲਾਂਕਿ ਇਸ ਨਾਲ ਮੁਸ਼ਕਲ ਵੀ ਹੋ ਸਕਦੀ ਹੈ। ਪੁਪੋ ਦੀ ਸਲਾਹ ਹੈ ਕਿ ਕੱਪ ਦੇ ਅੰਦਰ ਦਾ ਵੈਕਿਊਮ ਖ਼ਤਮ ਕਰਨ ਲਈ ਉਂਗਲੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਹਾਲਾਂਕਿ ਨਹਾਉਂਦੇ ਸਮੇਂ ਇਸ ਨੂੰ ਕੱਢਣਾ ਸੁਖਾਲਾ ਹੋ ਸਕਦਾ ਹੈ ਪਰ ਟੌਇਲਟ ਉੱਪਰ ਬੈਠ ਕੇ ਇਸ ਨੂੰ ਕੱਢਣਾ ਵੀ ਸੁਰੱਖਿਅਤ ਹੈ।

ਗੈਲਿਨਾ ਦੇ ਮੁਤਾਬਕ, ''ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪਹਿਲੀ ਵਾਰ ਇਸ ਦੀ ਵਰਤੋਂ ਆਮ ਤੌਰ 'ਤੇ ਕੁਝ ਅਸੁਖਾਵੀਂ ਹੁੰਦੀ ਹੈ। ਕਿਸੇ ਔਰਤ ਨੂੰ ਮਾਹਵਾਰੀ ਕੱਪ ਦੀ ਆਦਤ ਪੈਣ ਵਿੱਚ 2-3 ਕੋਸ਼ਿਸ਼ਾਂ ਲੱਗ ਸਕਦੀਆਂ ਹਨ। ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਮਾਸਿਕ ਧਰਮ ਨਾ ਹੋਵੇ ਉਦੋਂ ਇਸ ਦੀ ਵਰਤੋਂ ਕਰਕੇ ਅਜ਼ਮਾ ਲੈਣਾ ਚਾਹੀਦਾ ਹੈ।''

2. ਮੈਂਸਟੁਰਲ ਕੱਪ ਦੀ ਸਫ਼ਾਈ ਕਿਵੇਂ ਕਰੀਏ?

ਪਹਿਲੀ ਵਾਰ ਵਰਤਣ ਤੋਂ ਪਿਹਲਾਂ ਇਸ ਕੱਪ ਨੂੰ ਚੁੱਲ੍ਹੇ ਉੱਪਰ ਗਰਮ ਪਾਣੀ ਵਿੱਚ ਪੰਜ ਮਿੰਟ ਤੱਕ ਉਬਾਲੋ ਤਾਂ ਕਿ ਉਹ ਸੁਰੱਖਿਅਤ ਹੋ ਜਾਵੇ। ਕਈ ਬ੍ਰਾਂਡ ਤਾਂ ਇਸ ਦੇ ਨਾਲ ਖ਼ਾਸ ਕਿਸਮ ਦਾ ਕੰਟੇਨਰ ਵੀ ਮੁਹੱਈਆ ਕਰਵਾਉਂਦੇ ਹਨ।

ਮਾਹਵਾਰੀ ਦੇ ਦੌਰਾਨ ਜਦੋਂ ਦੀ ਇਸ ਦੀ ਵਾਰ-ਵਾਰ ਵਰਤੋਂ ਕੀਤੀ ਜਾਵੇ ਤਾਂ ਇਸ ਨੂੰ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਵੋ।

ਜਦੋਂ ਮਾਹਵਾਰੀ ਖ਼ਤਮ ਹੋ ਜਾਵੇ ਤਾਂ ਇਸ ਨੂੰ ਵਾਪਸ ਉਸੇ ਤਰ੍ਹਾਂ ਉਬਾਲਣਾ ਚਾਹੀਦਾ ਹੈ। ਫਿਰ ਇਸ ਨੂੰ ਕੱਪੜੇ ਦੀ ਥੈਲੀ ਵਿੱਚ ਪਾਕੇ ਰੱਖ ਦਿਓ। ਅਗਲੀ ਵਾਰ ਵਰਤੋਂ ਤੋਂ ਪਹਿਲਾਂ ਇਸ ਨੂੰ ਮੁੜ ਤੋਂ ਉਬਾਲ ਕੇ ਵਰਤੋ।

3. ਕੀ ਇਸ ਨਾਲ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ?

ਚੰਗੀ ਤਰ੍ਹਾਂ ਸੈਨੇਟਾਈਜ਼ ਹੋਣ ਤੋਂ ਬਾਅਦ ਇਸ ਕੱਪ ਦੀ ਵਰਤੋਂ ਬਹੁਤ ਸੁਰੱਖਿਅਤ ਹੁੰਦੀ ਹੈ। ਹਾਲਾਂਕਿ ਜੇ ਇਸ ਨੂੰ ਠੀਕ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਤਾਂ ਲਾਗ ਦਾ ਖ਼ਤਰਾ ਵਧ ਸਕਦਾ ਹੈ।

ਗੈਲਿਨਾ ਕਹਿੰਦੇ ਹਨ ਕਿ ਜੇ ਗੁਪਤ ਅੰਗ ਸੂਖਮ ਜੀਵਾਂ ਦੇ ਸੰਪਰਕ ਵਿੱਚ ਆ ਜਾਂਦਾ ਹੈ ਤਾਂ ਇਹ ਨੁਕਸਾਨਦੇਹ ਹੋ ਸਕਦਾ ਹੈ। ਇਸ ਵਿੱਚ ਕੈਂਡਿਡਿਆਸਿਸ ਅਤੇ ਵਜਿਨੋਸਿਸ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਇਸਤਰੀ ਰੋਗ ਮਾਹਰ ਐਲਗਜ਼ੈਂਡਰੇ ਪੁਪੇ ਮੁਤਾਬਕ ਜਿਨ੍ਹਾਂ ਔਰਤਾਂ ਨੂੰ ਕੰਡੋਮ ਤੋਂ ਅਲਰਜੀ ਹੈ। ਉਹ ਲੇਟੈਕਸ ਫਰੀ ਕੱਪ ਦੀ ਵਰਤੋਂ ਕਰ ਸਕਦੀਆਂ ਹਨ।

ਵੀਡੀਓ: ਪੈਡ, ਕੱਪੜਾ, ਟੈਂਪੂਨ ਜਾਂ ਮਾਹਵਾਰੀ ਕੱਪ ਕੀ ਹੈ ਬਿਹਤਰ?

4.ਕੱਪ ਲੱਗੇ ਹੋਣ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ

ਆਮ ਤੌਰ 'ਤੇ ਕੱਪ ਨਾਲ ਪਿਸ਼ਾਬ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਹੁੰਦੀ। ਹਾਲਾਂਕਿ ਜੇ ਦਬਾਅ ਮਹਿਸੂਸ ਹੋ ਰਿਹਾ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਇਸ ਕੱਪ ਨੂੰ ਗੁਪਤ ਅੰਗ ਦੇ ਥੋੜ੍ਹਾ ਹੋਰ ਅੰਦਰ ਜਾਣਾ ਚਾਹੀਦਾ ਹੈ।

ਜੇ ਕਿਸੇ ਔਰਤ ਨੇ ਗਰਭ ਰੋਕਣ ਲਈ ਕੁੱਖ ਵਿੱਚ ਆਈਯੂਡੀ ਲਗਵਾ ਰੱਖੀ ਹੈ, ਉਸ ਨੂੰ ਵੀ ਇਸ ਨਾਲ ਸਮੱਸਿਆ ਨਹੀਂ ਹੁੰਦੀ। ਅਜਿਹਾ ਇਸ ਲਈ ਕਿ ਦੋਵਾਂ ਦੀ ਥਾਂ ਵੱਖੋ-ਵੱਖ ਹੁੰਦੀ ਹੈ। ਇੱਕ ਬੱਚੇਦਾਨੀ ਦੇ ਅੰਦਰ ਹੁੰਦਾ ਹੈ ਅਤੇ ਦੂਜਾ ਗੁਪਤ ਅੰਗ ਦੇ ਅੰਦਰ।

ਹਾਲਾਂਕਿ ਜਦੋਂ ਸੈਕਸ ਕਰਨਾ ਹੋਵੇ ਤਾਂ ਇਸ ਕੱਪ ਨੂੰ ਕੱਢਣਾ ਹੁੰਦਾ ਹੈ। ਜਿਨ੍ਹਾਂ ਔਰਤਾਂ ਨੇ ਪਹਿਲਾਂ ਕਦੇ ਸੈਕਸ ਨਹੀਂ ਕੀਤਾ, ਉਨ੍ਹਾਂ ਲਈ ਇੱਕ ਨਰਮ ਕਿਸਮ ਦਾ ਕੱਪ ਆਉਂਦਾ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਅਜੇ ਵੀ ਲੋਕਾਂ ਵਿੱਚ ਇਸ ਕੱਪ ਦੀ ਵਰਤੋਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਦੀ ਵਜ੍ਹਾ ਹੈ ਕਿ ਇਸ ਬਾਰੇ ਜ਼ਿਆਦਾ ਗੱਲਬਾਤ ਨਹੀਂ ਕੀਤੀ ਜਾਂਦੀ।

5. ਲਾਭ ਤੇ ਹਾਨੀਆਂ

ਡਾਕਟਰਾਂ ਦੀ ਰਾਇ ਵਿੱਚ ਮਾਹਵਾਰੀ ਕੱਪ ਦੀ ਸਭ ਤੋਂ ਵੱਡੀ ਖੂਬੀ ਇਹੀ ਹੈ ਕਿ ਇਹ ਟਿਕਾਊ ਚੀਜ਼ ਹੈ।

ਮੰਨਿਆ ਜਾਂਦਾ ਹੈ ਕਿ ਇੱਕ ਔਰਤ ਨੂੰ ਪੂਰੀ ਜ਼ਿੰਦਗੀ ਵਿੱਚ 450 ਵਾਰ ਮਾਹਵਾਰੀ ਹੁੰਦੀ ਹੈ। ਇਸ ਦਾ ਮਤਲਬ ਹੋਇਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਲਗਭਗ 7200 ਸੈਨਟਰੀ ਪੈਡ ਦੀ ਵਰਤੋਂ ਕਰਨੀ ਪਵੇਗੀ।

ਜਦਕਿ ਮਾਹਵਾਰੀ ਕੱਪ ਦੀ ਖਾਸੀਅਤ ਇਹ ਹੈ ਕਿ ਇਹ 3-10 ਸਾਲ ਤੱਕ ਚੱਲ ਸਕਦੀ ਹੈ।

ਇਸ ਦੀ ਇੱਕ ਵੱਡੀ ਖੂਬੀ ਹੈ, ਇਸ ਦਾ ਬਣਾਇਆ ਵੈਕੂਅਮ ਮਾਹਵਾਰੀ ਦੇ ਖੂਨ ਨੂੰ ਹਵਾ ਦੇ ਸੰਪਰਕ ਵਿੱਚ ਨਹੀਂ ਆਉਣ ਦਿੰਦਾ। ਇਸ ਕਾਰਨ ਅੰਦਰੂਨੀ ਕੱਪੜਿਆਂ ਵਿੱਚੋਂ ਦੁਰਗੰਧ ਨਹੀਂ ਆਉਂਦੀ।

ਇਸਤਰੀ ਰੋਗਾਂ ਦੇ ਮਾਹਰਾਂ ਦੇ ਮੁਤਾਬਕ ਇਸ ਦੀ ਇੱਕ ਕਮੀ ਇਹ ਹੈ ਕਿ ਸਾਰੀਆਂ ਔਰਤਾਂ ਇਸ ਦੀ ਵਰਤੋਂ ਠੀਕ ਤਰ੍ਹਾਂ ਨਹੀਂ ਕਰ ਸਕਦੀਆਂ। ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)