ਕੋਰੋਨਾਵਾਇਰਸ: ਕੀ ਮਾਹਵਾਰੀ ਦੌਰਾਨ ਵੈਕਸੀਨ ਲੈਣਾ ਸੁਰੱਖਿਅਤ ਹੈ

18 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਲੋਕ 1 ਮਈ ਤੋਂ ਕੋਰੋਨਾਵਾਇਰਸ ਦੇ ਨਾਲ ਲੜਨ ਲਈ ਬਣਾਈ ਗਈ ਵੈਕਸੀਨ ਲੈ ਸਕਣਗੇ।

ਪਰ ਇੱਕ ਮੈਸੇਜ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਫੈਲਾਇਆ ਜਾ ਰਿਹਾ ਹੈ ਕਿ ਪੀਰੀਅਡ ਦੌਰਾਨ ਔਰਤਾਂ ਦੇ ਲਈ ਇਹ ਵੈਕਸੀਨ ਲੈਣਾ ਸੁਰੱਖਿਅਤ ਨਹੀਂ ਹੈ। ਇਸੇ ਬਾਰੇ ਕਈ ਔਰਤਾਂ ਨੇ ਆਪਣੀ ਸ਼ੰਕਾ ਜ਼ਾਹਿਰ ਕੀਤੀ ਹੈ।

ਅਸੀਂ ਕਈ ਜਾਣਕਾਰਾਂ ਤੋਂ ਪੁੱਛਿਆ ਕਿ ਕੀ ਇਹ ਮਹਿਜ਼ ਇੱਕ ਅਫ਼ਵਾਹ ਹੈ ਜਾਂ ਇਸ ਪਿੱਛੇ ਕੋਈ ਸੱਚਾਈ ਵੀ ਹੈ?

ਇਹ ਵੀ ਪੜ੍ਹੋ:

ਮੈਸੇਜ 'ਚ ਕੀ ਲਿਖਿਆ ਹੈ?

ਵਟਸਐਪ ਸਣੇ ਦੂਜੇ ਕਈ ਮੈਸੇਜਿੰਗ ਐਪ 'ਤੇ ਜਿਹੜਾ ਮੈਸੇਜ ਫੈਲਾਇਆ ਜਾ ਰਿਹਾ ਹੈ, ਉਸ 'ਚ ਲਿਖਿਆ ਹੈ:

''18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਲਈ 1 ਮਈ ਤੋਂ ਵੈਕਸੀਨ ਉਪਲਬਧ ਹੋਵੇਗੀ। ਰਜਿਸਟ੍ਰੇਸ਼ਨ ਤੋਂ ਪਹਿਲਾਂ ਆਪਣੇ ਪੀਰੀਅਡ ਦੀ ਡੇਟ ਦਾ ਖ਼ਿਆਲ ਰੱਖੋ। ਪੀਰੀਅਡ ਤੋਂ ਪੰਜ ਦਿਨ ਪਹਿਲਾਂ ਅਤੇ ਪੰਜ ਦਿਨ ਬਾਅਦ ਵੈਕਸੀਨ ਨਾ ਲਓ। ਸਾਡੀ ਪ੍ਰਤੀ ਰੋਧਕ ਸਮਰੱਥਾ ਇਸ ਦੌਰਾਨ ਘੱਟ ਰਹਿੰਦੀ ਹੈ।''

''ਵੈਕਸੀਨ ਦੀ ਪਹਿਲੀ ਡੋਜ਼ ਨਾਲ ਪ੍ਰਤੀ ਰੋਧਕ ਸਮਰੱਥਾ ਘੱਟ ਹੁੰਦੀ ਹੈ ਅਤੇ ਫ਼ਿਰ ਹੌਲੀ-ਹੌਲ ਵੱਧਦੀ ਹੈ। ਇਸ ਲਈ ਜੇ ਤੁਸੀਂ ਪੀਰੀਅਡ ਦੇ ਦੌਰਾਨ ਵੈਕਸੀਨ ਲਓਗੇ ਤਾਂ ਲਾਗ ਦਾ ਖ਼ਤਰਾ ਵੱਧ ਹੋਵੇਗਾ। ਇਸ ਲਈ ਯਕੀਨੀ ਬਣਾਓ ਕਿ ਪੀਰੀਅਡ ਦੌਰਾਨ ਵੈਕਸੀਨ ਨਾ ਲਓ।''

'ਵੈਕਸੀਨ ਤੁਹਾਡੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ'

ਕੀ ਵੈਕਸੀਨ ਪੀਰੀਅਡ ਦੌਰਾਨ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ? — ਅਸੀਂ ਇਹ ਸਵਾਲ ਨਾਨਾਵਟੀ ਹਸਪਤਾਲ ਦੀ ਗਾਇਨੋਕੋਲੌਜੀ ਵਿਭਾਗ ਦੀ ਸੀਨੀਅਰ ਕੰਸਲਟੈਂਟ ਗਾਇਤਰੀ ਦੇਸ਼ਪਾਂਡੇ ਨੂੰ ਪੁੱਛਿਆ।

ਦੇਸ਼ਪਾਂਡੇ ਨੇ ਦੱਸਿਆ, ''ਪੀਰੀਅਡ ਇੱਕ ਨੈਚੁਰਲ ਪ੍ਰੀਕਿਰਿਆ ਹੈ। ਇਸ ਲਈ ਇਸ ਨਾਲ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੁੰਦੀ। ਜਦੋਂ ਵੀ ਤੁਹਾਨੂੰ ਸਮਾਂ ਮਿਲੇ ਵੈਕਸੀਨ ਲਓ।"

"ਕਈ ਔਰਤਾਂ ਘਰ ਵਿੱਚ ਕੰਮ ਨਹੀਂ ਕਰ ਪਾ ਰਹੀਆਂ, ਉਨ੍ਹਾਂ ਨੂੰ ਬਾਹਰ ਨਿਕਲਨਾ ਪੈ ਰਿਹਾ ਹੈ। ਕਈ ਔਰਤਾਂ ਜ਼ਰੂਰੀ ਸੈਕਟਰ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਦੇ ਪੀਰੀਅਡ ਕਿਸੇ ਵੀ ਤਾਰੀਕ ਨੂੰ ਆ ਸਕਦੇ ਹਨ। ਜੇ ਉਨ੍ਹਾਂ ਨੇ ਰਜਿਸਟਰ ਕੀਤਾ ਹੈ, ਤਾਂ ਵੈਕਸੀਨ ਲੈਣੀ ਚਾਹੀਦੀ ਹੈ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਦੇਸ਼ਪਾਂਡੇ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਵੈਕਸੀਨ ਨਾਲ ਸਰੀਰ ਨੂੰ ਨੁਕਸਾਨ ਨਹੀਂ ਹੁੰਦਾ।

ਭਾਰਤ ਸਰਕਾਰ ਇਸ ਬਾਰੇ ਕੀ ਕਹਿੰਦੀ ਹੈ?

ਇਸ ਮੈਸੇਜ ਦੇ ਵਾਇਰਲ ਹੋਣ ਤੋਂ ਬਾਅਦ ਪ੍ਰੈੱਸ ਇੰਫੋਰਮੇਸ਼ਨ ਬਿਊਰੋ (PIB) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ''ਮੈਸੇਜ, ਜਿਨ੍ਹਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕੁੜੀਆਂ ਅਤੇ ਔਰਤਾਂ ਨੂੰ ਪੀਰੀਅਡ ਦੇ ਪੰਜ ਦਿਨ ਪਹਿਲਾਂ ਜਾਂ ਪੰਜ ਦਿਨ ਬਾਅਦ ਵੈਕਸੀਨ ਨਹੀਂ ਲੈਣੀ ਚਾਹੀਦੀ, ਉਹ ਫੇਕ ਹਨ। ਇਸ ਅਫ਼ਵਾਹ 'ਤੇ ਵਿਸ਼ਵਾਸ ਨਾ ਕਰੋ।''

18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਟੀਕਾਕਰਨ 1 ਮਈ ਤੋਂ ਸ਼ੁਰੂ ਹੋਵੇਗਾ। ਇਸ ਦੇ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਕੀਤੀ ਜਾਵੇਗੀ।

ਬੀਬੀਸੀ ਨੇ ਪਹਿਲਾਂ ਵੀ ਪੀਰੀਅਡ ਅਤੇ ਕੋਰੋਨਾ ਨਾਲ ਜੁੜੇ ਮੁੱਦਿਆਂ ਉੱਤੇ ਕਈ ਡਾਕਟਰਾਂ ਨਾਲ ਗੱਲਬਾਤ ਕੀਤੀ ਸੀ।

ਕੀ ਕੋਵਿਡ-19 ਪੀਰੀਅਡ ਦੇ ਸਾਇਕਲ ਨੂੰ ਬਦਲ ਸਕਦਾ ਹੈ?

ਮਹਾਰਾਸ਼ਟਰ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਵਿੱਚ 40 ਫੀਸਦੀ ਔਰਤਾਂ ਹਨ। ਅਸੀਂ ਔਰਤਾਂ ਦੀ ਡਾਕਟਕ ਨੂੰ ਪੁੱਛਿਆ ਕਿ ਕੀ ਕੋਰੋਨਾ ਦਾ ਅਸਰ ਪੀਰੀਅਡ ਦੇ ਸਾਇਕਲ ਉੱਤੇ ਪੈਂਦਾ ਹੈ?

ਫੋਰਟਿਸ ਹਸਪਤਾਲ ਦੀ ਸੋਨਮ ਕੁਮਤਾ ਨੇ ਬੀਬੀਸੀ ਨੂੰ ਦੱਸਿਆ, ''ਔਰਤਾਂ ਜੋ ਕੋਰੋਨਾ ਤੋਂ ਠੀਕ ਹੋ ਗਈਆਂ ਹਨ, ਉਨ੍ਹਾਂ ਵਿੱਚੋਂ ਕਈਆਂ ਨੇ ਪੀਰੀਅਡ ਵਿੱਚ ਦੇਰੀ, ਸਮੇਂ 'ਤੇ ਨਾ ਆਉਣਾ, ਫਲੋ ਵਿੱਚ ਤੇਜ਼ੀ ਜਾਂ ਪੈਟਰਨ ਵਿੱਚ ਬਦਲਾਅ ਦੀ ਸ਼ਿਕਾਇਤ ਕੀਤੀ ਹੈ।''

ਪਰ ਜਾਣਕਾਰ ਕਹਿੰਦੇ ਹਨ ਕਿ ਇਹ ਪੂਰੀ ਤਰ੍ਹਾਂ ਨਾਲ ਸਾਬਤ ਨਹੀਂ ਹੁੰਦਾ ਕਿ ਕੋਵਿਡ ਦਾ ਪੀਰੀਅਡ ਦੇ ਸਾਇਕਲ ਨਾਲ ਕੋਈ ਸਬੰਧ ਹੈ।

ਜੇਜੇ ਹਸਪਤਾਲ ਦੇ ਗਾਇਨੋਕੋਲੌਜਿਸਟ ਵਿਭਾਗ ਦੇ ਸਾਬਕਾ ਮੁਖੀ ਡਾ. ਅਸ਼ੋਕ ਆਨੰਦ ਕਹਿੰਦੇ ਹਨ, ''ਕਈ ਮਾਮਲਿਆਂ ਵਿੱਚ ਇਹ ਅਧਿਕਾਰਕ ਰੂਪ ਤੋਂ ਰਿਕਾਰਡ ਕੀਤਾ ਗਿਆ ਹੈ ਕਿ ਕੋਵਿਡ-19 ਦਾ ਸ਼ਿਕਾਰ ਔਰਤਾਂ ਦੀ ਬੱਚੇਦਾਨੀ ਵਿੱਚ ਸੋਜ ਆਈ ਹੈ।''

''ਜੇ ਸੋਜ ਆਉਂਦੀ ਹੈ, ਤਾਂ ਮੁਮਕਿਨ ਹੈ ਕਿ ਪੀਰੀਅਡ ਦੌਰਾਨ ਉਨ੍ਹਾਂ ਨੂੰ ਕੁਝ ਸ਼ਿਕਾਇਤਾਂ ਹੋਣ।''

ਹੀਰਾਨੰਦਨ ਹਸਪਤਾਲ ਦੀ ਡਾਕਟਰ ਮੰਜਰੀ ਮਹਿਤਾ ਮੁਤਾਬਕ, ''ਅਸੀਂ ਇਸ ਤਰ੍ਹਾਂ ਦੇ ਬਦਲਾਅ ਨੂੰ ਕੋਵਿਡ-19 ਨਾਲ ਜੋੜ ਕੇ ਨਹੀਂ ਦੇਖ ਸਕਦੇ। ਹਾਲੇ ਤੱਕ ਸਾਡੇ ਕੋਲ ਇਸ ਨਾਲ ਜੁੜੇ ਸਬੂਤ ਨਹੀਂ ਹਨ ਕਿ ਕੋਰੋਨਾ ਕਰਕੇ ਪੀਰੀਅਡ ਉੱਤੇ ਅਸਰ ਪੈਂਦਾ ਹੈ।''

ਮੁੰਬਈ ਦੀ ਹੀ ਗਾਇਨੋਕੋਲੌਜਿਸਟ ਕੋਮਲ ਚਵ੍ਹਾਨ ਕਹਿੰਦੇ ਹਨ ਕਿ ਕੋਵਿਡ-19 ਤੋਂ ਠੀਕ ਹੋ ਚੁੱਕੀਆਂ ਔਰਤਾਂ ਨੇ ਪੀਰੀਅਡ ਨੂੰ ਲੈ ਕੇ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਕੀਤੀ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ ਚਵ੍ਹਾਨ ਨੇ ਕਿਹਾ, ''ਕਿਸੇ ਲੰਬੀ ਬਿਮਾਰੀ ਦੇ ਕਾਰਨ ਔਰਤਾਂ ਦੇ ਪੀਰੀਅਡਜ਼ ਵਿੱਚ ਬਦਲਾਅ ਆਉਂਦਾ ਹੈ। ਕਈ ਮਾਮਲਿਆਂ ਵਿੱਚ ਖ਼ੂਨ ਦਾ ਵਹਾਅ ਵੱਧ ਜਾਂਦਾ ਹੈ, ਕਈ ਮਾਮਲਿਆਂ ਵਿੱਚ ਘੱਟ ਹੋ ਜਾਂਦਾ ਹੈ। ਪਰ ਮੇਰੇ ਕੋਲ ਅਜੇ ਅਜਿਹੀ ਸ਼ਿਕਾਇਤ ਨਹੀਂ ਆਈ ਕਿ ਕੋਵਿਡ-19 ਤੋਂ ਬਾਅਦ ਕੋਈ ਬਦਲਾਅ ਆਇਆ ਹੋਵੇ।''

''ਪਰ ਇਸ 'ਤੇ ਸਟੱਡੀ ਹੋਣੀ ਚਾਹੀਦੀ ਹੈ।''

ਕੀ ਕੋਵਿਡ ਦਾ ਅਸਰ ਪ੍ਰਜਨਨ ਪ੍ਰਣਾਲੀ ਉੱਤੇ ਹੁੰਦਾ ਹੈ?

ਸਰੀਰ ਦੀ ਪ੍ਰਤੀਰੋਧਕ ਸਮਰੱਥਾ ਕੋਰੋਨਾ ਲਾਗ ਤੋਂ ਬਾਅਦ ਘੱਟ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਫੇਫੜਿਆਂ ਨਾਲ ਜੁੜੀਆਂ ਦਿੱਕਤਾਂ ਵੀ ਹੁੰਦੀਆਂ ਹਨ।

''ਕਿਉਂਕਿ ਕੋਵਿਡ-19 ਨਾਲ ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ, ਇਸ ਲਈ ਮੁਮਕਿਨ ਹੈ ਕਿ ਪ੍ਰਜਨਨ ਪ੍ਰਣਾਲੀ ਉੱਤੇ ਅਸਰ ਪਏ।''

ਔਰਤਾਂ ਨੂੰ ਕੀ ਕਰਨਾ ਚਾਹੀਦਾ ਹੈ? — ਡਾਕਟਰ ਦੱਸਦੇ ਹਨ ਕਿ ਔਰਤਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:

  • ਤਾਜ਼ਾ ਖਾਣਾ ਖਾਓ ਤੇ ਕਸਰਤ ਜ਼ਰੂਰ ਕਰੋ
  • ਸਰੀਰ ਨੂੰ ਜ਼ਰੂਰੀ ਆਰਾਮ ਦਿਓ
  • ਚੰਗੀ ਨੀਂਦ ਬਹੁਤ ਜ਼ਰੂਰੀ ਹੈ
  • ਲਗਾਤਾਰ ਬੈਠ ਕੇ ਕੰਮ ਨਾ ਕਰੋ, ਥੋੜ੍ਹੀ ਬ੍ਰੇਕ ਲੈਂਦੇ ਰਹੋ

ਕੋਵਿਡ-19 ਕਾਰਨ ਹੋਏ ਨੁਕਸਾਨ ਹੌਲੀ-ਹੌਲੀ ਠੀਕ ਹੋ ਜਾਂਦੇ ਹਨ। ਡਾ. ਕੁਮਤਾ ਕਹਿੰਦੇ ਹਨ, ''ਇਸ ਲਈ ਪੀਰੀਅਡ ਨਾਲ ਜੁੜੀਆਂ ਦਿੱਕਤਾਂ ਵੀ ਹੌਲੀ-ਹੌਲੀ ਠੀਕ ਹੋ ਜਾਣਗੀਆਂ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)