You’re viewing a text-only version of this website that uses less data. View the main version of the website including all images and videos.
ਕੋਵਿਡ: ਹਰ ਪਾਸੇ ਚੀਕਾਂ ਤੇ ਮਾਤਮ ਵਿਚਕਾਰ ਕਿਵੇਂ ਬਿਨਾਂ ਸੁੱਤੇ, ਬਿਨਾਂ ਥੱਕੇ ਕੰਮ ਕਰ ਰਹੇ ਹਨ ਡਾਕਟਰ
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ
ਜੁਲਾਈ ਵਿੱਚ ਬੰਬੇ ਹਸਪਤਾਲ ਵਿੱਚ ਡਾਇਬਟੀਜ਼ ਦੇ ਡਾਕਟਰ ਰਾਹੁਲ ਬਖ਼ਸੀ ਕੋਵਿਡ ਵਾਰਡ ਦੇ ਰਾਊਂਡ 'ਤੇ ਸਨ ਜਦੋਂ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਚਿੱਟੀ ਪੀਪੀਈ ਕਿੱਟ ਵਿੱਚ ਪੂਰੀ ਤਰ੍ਹਾਂ ਪੈਕ ਹਸਪਤਾਲ ਦਾ ਇੱਕ ਸਟਾਫ਼ ਟੇਬਲ ਫੈਨ ਦੇ ਸਾਹਮਣੇ ਕੁਰਸੀ 'ਤੇ ਬੈਠਾ ਨਜ਼ਰ ਆਇਆ।
ਉਹ ਸ਼ਾਇਦ ਕੋਵਿਡ ਮਰੀਜ਼ਾਂ ਦੇ ਵਾਰਡ ਵਿੱਚ ਆਪਣੀ ਅੱਠ ਘੰਟੇ ਦੀ ਸ਼ਿਫਟ ਪੂਰੀ ਕਰਨ ਤੋਂ ਬਾਅਦ ਸੁਸਤਾ ਰਹੇ ਸੀ।
ਇਹ ਵੀ ਪੜ੍ਹੋ:
ਕੋਵਿਡ ਦੇ ਇਲਾਜ ਵਿੱਚ ਦਿੱਤੇ ਜਾਣ ਵਾਲੇ ਸਟੀਰੌਇਡਜ਼ ਦੀ ਵਜ੍ਹਾ ਨਾਲ ਮਰੀਜ਼ਾਂ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਇਸ ਵਜ੍ਹਾ ਨਾਲ ਡਾਕਟਰ ਬਖ਼ਸੀ ਵਰਗੇ ਸਿਹਤ ਕਰਮਚਾਰੀਆਂ ਦੀ ਭੂਮਿਕਾ ਅਹਿਮ ਹੁੰਦੀ ਹੈ।
ਕੋਵਿਡ ਵਾਰਡ ਦੇ ਰਾਊਂਡ ਦੌਰਾਨ ਆਮ ਤੌਰ 'ਤੇ ਡਾਕਟਰ ਆਪਣਾ ਫੋਨ ਨਾਲ ਨਹੀਂ ਰੱਖਦੇ, ਇਸ ਲਈ ਡਾਕਟਰ ਬਖ਼ਸੀ ਨਰਸਿੰਗ ਸਟੇਸ਼ਨ ਤੋਂ ਇੱਕ ਜੂਨੀਅਰ ਡਾਕਟਰ ਦਾ ਫੋਨ ਮੰਗ ਕੇ ਲਿਆਏ ਅਤੇ ਪੱਖੇ ਦੇ ਸਾਹਮਣੇ ਬੈਠੇ ਹੋਏ ਸਟਾਫ਼ ਦੀ ਤਸਵੀਰ ਖਿੱਚੀ।
ਪੀਪੀਈ ਯਾਨੀ ਪਰਸਨਲ ਪ੍ਰੋਟੈਕਟਿਵ ਇਕਯੂਪਮੈਂਟ ਦਾ ਮਤਲਬ ਐੱਨ-95 ਮਾਸਕ, ਸਰਜੀਕਲ ਮਾਸਕ, ਗੌਗਲਜ਼, ਫੇਸ ਸ਼ੀਲਡ, ਗਾਊਨ, ਕੈਪ ਪਹਿਨਣਾ।
ਪੀਪੀਈ ਕਿੱਟ ਪਹਿਨ ਕੇ ਨਾ ਤੁਸੀਂ ਖਾਣਾ ਖਾ ਸਕਦੇ ਹੋ, ਨਾ ਪਾਣੀ ਪੀ ਸਕਦੇ ਹੋ, ਨਾ ਵਾਸ਼ਰੂਮ ਜਾ ਸਕਦੇ ਹੋ ਅਤੇ ਨਾ ਕਿਸੇ ਤੋਂ ਮਦਦ ਲੈ ਸਕਦੇ ਹੋ।
ਸੋਚੋ ਜੇ ਤੁਹਾਨੂੰ ਮਹੀਨਿਆਂ ਦੌਰਾਨ ਅਜਿਹਾ ਹੀ ਕੰਮ ਕਰਨਾ ਪਏ ਤਾਂ ਤੁਹਾਡੀ ਹਾਲਤ ਕੀ ਹੋਵੇਗੀ?
ਪੀਪੀਈ ਪਹਿਨਣ ਦਾ ਡਰ
ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਡਾਕਟਰ ਬਖ਼ਸੀ ਨੇ ਇਸ ਤਸਵੀਰ ਦੇ ਹੇਠ ਲਿਖਿਆ ਕਿ ਪੀਪੀਈ ਨੂੰ ਪਹਿਨਣ ਦੇ ਅੱਧੇ ਘੰਟੇ ਦੇ ਬਾਅਦ ਹੀ ਤੁਸੀਂ ਪਸੀਨੇ ਨਾਲ ਤਰ ਹੋ ਜਾਂਦੇ ਹੋ ਕਿਉਂਕਿ ਤੁਸੀਂ ਉੱਪਰ ਤੋਂ ਹੇਠ ਤੱਕ ਪੈਕ ਹੁੰਦੇ ਹੋ।
ਉਨ੍ਹਾਂ ਨੇ ਲਿਖਿਆ ਕਿ ਇੱਕ ਵਾਰਡ ਤੋਂ ਦੂਜੇ ਵਾਰਡ ਜਾਣ ਵਾਲੇ ਡਾਕਟਰ, ਨਰਸ, ਵਾਰਡ ਹੈਲਪਰ, ਲੈਬ ਅਸਿਸਟੈਂਟ, ਰੇਡਿਓਲੌਜੀ ਸਟਾਫ਼, ਸਫ਼ਾਈ ਕਰਮਚਾਰੀ ਅਤੇ ਦੂਜਿਆਂ ਲਈ ਜ਼ਿਆਦਾ ਸਮੱਸਿਆ ਹੈ।
ਸਮੱਸਿਆ ਇਹ ਕਿ '100 ਮੀਟਰ ਤੋਂ ਜ਼ਿਆਦਾ ਤੁਰਨ ਤੋਂ ਬਾਅਦ ਤੁਸੀਂ ਹਫਣ ਲੱਗਦੇ ਹੋ। ਦੋ ਫਲੋਰ ਤੋਂ ਜ਼ਿਆਦਾ ਪੌੜੀਆਂ ਚੜ੍ਹਨ ਨਾਲ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ।''
ਡਾਕਟਰ ਬਖ਼ਸੀ ਲਿਖਦੇ ਹਨ ਕਿ ਜਦੋਂ ਪੀਪੀਈ ਕਿੱਟ ਪਹਿਨ ਕੇ ਤੁਸੀਂ ਚੱਲਦੇ ਪੱਖੇ ਦੇ ਸਾਹਮਣੇ ਖੜ੍ਹੇ ਹੁੰਦੇ ਹੋ ਤਾਂ ਤੁਹਾਨੂੰ ਪੱਖਾ ਚੱਲਣ ਦੀ ਆਵਾਜ਼ ਤਾਂ ਆਉਂਦੀ ਹੈ, ਪਰ ਹਵਾ ਨਹੀਂ ਆਉਂਦੀ। ਬਾਹਰ ਭਾਵੇਂ ਤੇਜ਼ ਹਵਾ ਚੱਲ ਰਹੀ ਹੋਵੇ, ਪਰ ਤੁਹਾਨੂੰ ਉਸ ਦਾ ਅਹਿਸਾਸ ਨਹੀਂ ਹੁੰਦਾ ਅਤੇ ਅਜਿਹੇ ਹਾਲਾਤ ਵਿੱਚ ਕੰਮ ਕਰਨ ਦਾ ਮਾਨਸਿਕ ਅਸਰ ਹੁੰਦਾ ਹੈ।
ਪਿਛਲੇ ਲਗਭਗ 13 ਮਹੀਨੇ ਕੋਰੋਨਾ ਮਹਾਂਮਾਰੀ ਨਾਲ ਜੂਝਦੇ ਇਸ ਦੇਸ਼ ਦੇ ਲੱਖਾਂ ਡਾਕਟਰ, ਮੈਡੀਕਲ ਸਟਾਫ ਬੇਹੱਦ ਚੁਣੌਤੀਪੂਰਨ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ।
ਮੁੰਬਈ ਵਿੱਚ ਰੈਜ਼ੀਡੈਂਟ ਡਾਕਟਰ ਭਾਗਿਆਲਕਸ਼ਮੀ ਕਹਿੰਦੇ ਹਨ, ''ਕੋਵਿਡ ਦੀ ਇਸ ਦੂਜੀ ਲਹਿਰ ਵਿੱਚ ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਕਿੰਨੇ ਹੀ ਪਰੇਸ਼ਾਨ ਲੋਕਾਂ ਨੂੰ 'ਨਾਂਹ' ਕਹਿਣਾ ਪੈ ਰਿਹਾ ਹੈ। ਲੋਕ ਵੈਂਟੀਲੇਟਰ, ਆਕਸੀਜਨ ਵਾਲੇ ਬੈੱਡ ਲਈ ਆ ਰਹੇ ਹਨ, ਪਰ ਇੰਨੇ ਮੁਸ਼ਕਿਲ ਸਮੇਂ ਵਿੱਚ ਵੀ ਮੈਨੂੰ ਲੋਕਾਂ ਨੂੰ 'ਨਾਂਹ' ਕਹਿਣਾ ਪੈ ਰਿਹਾ ਹੈ ਕਿਉਂਕਿ ਸਾਰੇ ਬੈੱਡ ਭਰੇ ਹੋਏ ਹਨ। ਇਹ ਬਹੁਤ ਨਿਰਾਸ਼ ਕਰਨ ਵਾਲਾ ਹੈ।''
ਡਾਕਟਰਾਂ ਦੀ ਮੌਤ
ਅਧਿਕਾਰਕ ਅੰਕੜਿਆਂ ਮੁਤਾਬਕ ਅਜੇ ਤੱਕ ਇਸ ਮਹਾਂਮਾਰੀ ਨਾਲ 1.87 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਭਾਰਤੀ ਮੈਡੀਕਲ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਪ੍ਰੋਫੈਸਰ ਡਾਕਟਰ ਜੇ ਏ ਜਯਾਲਾਲ ਮੁਤਾਬਕ ਮਰਨ ਵਾਲਿਆਂ ਵਿੱਚ 870 ਡਾਕਟਰ ਹਨ।
ਕੋਰੋਨਾ ਨੇ ਕਿੰਨੀਆਂ ਨਰਸਾਂ ਅਤੇ ਦੂਜੇ ਮੈਡੀਕਲ ਸਟਾਫ਼ ਦੀ ਜਾਨ ਲੈ ਲਈ ਹੈ, ਇਹ ਪਤਾ ਨਹੀਂ।
ਪਿਛਲੇ ਲਗਭਗ 13 ਮਹੀਨਿਆਂ ਵਿੱਚ ਮੈਡੀਕਲ ਪੇਸ਼ੇ ਨਾਲ ਜੁੜੇ ਲੋਕ ਪਰਿਵਾਰਕ ਦਿੱਕਤਾਂ, ਵਧਦੇ ਕੰਮ ਦੇ ਦਬਾਅ, ਆਪਣੇ ਆਲੇ ਦੁਆਲੇ ਹੁੰਦੀਆਂ ਮੌਤਾਂ ਅਤੇ ਬੇਹੱਦ ਡਰ ਦੇ ਬਾਵਜੂਦ ਲਗਾਤਾਰ ਕੰਮ ਕਰ ਰਹੇ ਹਨ।
ਮੁੰਬਈ ਵਿੱਚ ਰੈਜ਼ੀਡੈਂਟ ਡਾਕਟਰ ਭਾਗਿਆਲਕਸ਼ਮੀ ਕਹਿੰਦੀ ਹਨ, ''ਅਸੀਂ ਲੰਬੇ ਸਮੇਂ ਤੋਂ ਇੰਨੇ ਤਣਾਅਪੂਰਨ ਮਾਹੌਲ ਵਿੱਚ ਕੰਮ ਕਰ ਰਹੇ ਹਾਂ, ਅਸੀਂ ਹਤਾਸ਼ ਹੋ ਚੁੱਕੇ ਹਾਂ।''
ਡਾਕਟਰ ਭਾਗਿਆਲਕਸ਼ਮੀ ਨੂੰ ਕਈ ਵਾਰ 10 ਘੰਟਿਆਂ ਤੱਕ ਪੀਪੀਈ ਕਿੱਟ ਪਹਿਨ ਕੇ ਕੰਮ ਕਰਨਾ ਪੈਂਦਾ ਹੈ।
ਡਿਪਰੈਸਿੰਗ ਮਾਹੌਲ
ਕਸ਼ਮੀਰ ਦੇ ਬਾਰਾਮੁਲਾ ਹਸਪਤਾਲ ਵਿੱਚ ਬੱਚਿਆਂ ਦੇ ਡਾਕਟਰ, ਡਾ. ਸੁਹੈਲ ਨਾਇਕ ਮੁਤਾਬਕ ਅਜਿਹੇ ਹਾਲਾਤ ਵਿੱਚ ਕੰਮ ਕਰਨਾ ਬੇਹੱਦ ਮੁਸ਼ਕਿਲ ਹੈ, ''ਜਦੋਂ ਤੁਹਾਡੇ 'ਤੇ ਇੰਨਾ ਮਾਨਸਿਕ ਦਬਾਅ ਹੈ, ਤੁਹਾਡੇ ਚਾਰੇ ਪਾਸੇ ਕੋਰੋਨਾ ਹੀ ਕੋਰੋਨਾ ਹੈ, ਲੋਕ ਸਾਹ ਨਹੀਂ ਲੈ ਪਾ ਰਹੇ ਹਨ।''
ਮੁੰਬਈ ਵਿੱਚ ਰੈਜ਼ੀਡੈਂਟ ਡਾਕਟਰ ਰੋਹਿਤ ਜੋਸ਼ੀ ਮੁਤਾਬਕ ਅਜਿਹੇ ਹਾਲਾਤ ਵਿੱਚ ਲਗਾਤਾਰ ਕੰਮ ਕਰਨਾ ਡਿਪਰੈਸਿੰਗ ਹੁੰਦਾ ਹੈ ਅਤੇ ''ਕਦੇ-ਕਦੇ ਲੱਗਦਾ ਹੈ ਕਿ ਕੀ ਇੰਨਾ ਕੰਮ ਕਰਨਾ ਚਾਹੀਦਾ ਹੈ ਜਾਂ ਛੱਡ ਦੇਣਾ ਚਾਹੀਦਾ ਹੈ।''
ਸੀਨੀਅਰ ਡਾਕਟਰਾਂ ਅਤੇ ਕੰਸਲਟੈਂਟਸ ਦੀ ਤੁਲਨਾ ਵਿੱਚ ਰੈਜ਼ੀਡੈਂਟ ਡਾਕਟਰ 24 ਘੰਟੇ ਡਿਊਟੀ 'ਤੇ ਰਹਿੰਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਲਗਾਤਾਰ ਕਈ ਦਿਨਾਂ ਤੱਕ 10-10 ਘੰਟਿਆਂ ਤੱਕ ਪੀਪੀਈ ਕਿੱਟ ਪਹਿਨ ਕੇ ਕੋਵਿਡ ਮਰੀਜ਼ਾਂ ਵਿਚਕਾਰ ਕੰਮ ਕਰਨਾ, ਚਾਹ ਕੇ ਵੀ ਲੋਕਾਂ ਦੀ ਮਦਦ ਨਾ ਕਰ ਸਕਣਾ, ਰਾਤ ਵਿੱਚ ਕਿਸੇ ਵੀ ਸਮੇਂ ਡਿਊਟੀ ਦੀ ਕਾਲ ਆ ਜਾਣੀ, ਕਈ ਦਿਨਾਂ ਤੱਕ ਨੀਂਦ ਪੂਰੀ ਨਾ ਹੋ ਸਕਣੀ, ਸਵੇਰ ਤੋਂ ਸ਼ਾਮ ਤੱਕ ਲਗਾਤਾਰ ਤਣਾਅਪੂਰਨ ਵਾਤਾਵਰਣ ਵਿੱਚ ਕੰਮ ਕਰਨਾ, ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਕੰਮ ਕਰਨਾ, ਆਪਣੇ ਆਲੇ-ਦੁਆਲੇ ਲੋਕਾਂ ਦੀ ਲਗਾਤਾਰ ਮੌਤ ਅਤੇ ਰੋਂਦੇ-ਵਿਲਕਦੇ ਰਿਸ਼ਤੇਦਾਰਾਂ ਨੂੰ ਦੇਖਣਾ-ਅਜਿਹੇ ਤਣਾਅਪੂਰਨ ਮਾਹੌਲ ਵਿੱਚ ਲਗਾਤਾਰ ਕੰਮ ਕਰਨਾ ਕਿਸੇ ਨੂੰ ਵੀ ਥਕਾ ਸਕਦਾ ਹੈ।
ਡਾਕਟਰ ਰੋਹਿਤ ਜੋਸ਼ੀ ਕਹਿੰਦੇ ਹਨ, ''ਮਰੀਜ਼ ਬਹੁਤ ਜ਼ਿਆਦਾ ਤੇ ਸਟਾਫ ਬਹੁਤ ਘੱਟ ਹੈ। ਇੱਕ-ਇੱਕ ਡਾਕਟਰ ਨੂੰ ਕਈ ਮਰੀਜ਼ ਦੇਖਣੇ ਪੈ ਜਾਂਦੇ ਹਨ। ਅਜਿਹੇ ਵਿੱਚ ਜੇਕਰ ਦੋ-ਤਿੰਨ ਮਰੀਜ਼ਾਂ ਦੀ ਹਾਲਤ ਵਿਗੜੇ ਤਾਂ ਪਰੇਸ਼ਾਨੀ ਵੱਧ ਜਾਂਦੀ ਹੈ।
''ਲੱਗਦਾ ਹੈ ਕਿ ਸਾਨੂੰ ਬਹੁਤ ਮਰੀਜ਼ ਦੇਖਣੇ ਹਨ, ਪਰ ਸਾਡੇ ਕੋਲ ਘੱਟ ਸਮਾਂ ਹੈ। ਸਾਨੂੰ ਤੇਜ਼ ਕੰਮ ਕਰਨਾ ਹੁੰਦਾ ਹੈ। ਇਸ ਵਜ੍ਹਾ ਨਾਲ ਤੁਸੀਂ ਇੱਕ ਮਰੀਜ਼ 'ਤੇ 15-20 ਮਿੰਟ ਤੋਂ ਜ਼ਿਆਦਾ ਨਹੀਂ ਦੇ ਸਕਦੇ।''
ਅਜਿਹਾ ਨਹੀਂ ਹੈ ਕਿ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੀ ਹੀ ਗਿਣਤੀ ਵਧੀ ਹੈ। ਕੋਵਿਡ ਨੈਗੇਟਿਵ ਲੋਕਾਂ ਨੂੰ ਬਿਹਤਰ ਮੈਡੀਕਲ ਦੇਖਭਾਲ ਲਈ ਨੌਨ-ਕੋਵਿਡ ਵਾਰਡ ਭੇਜਿਆ ਜਾਂਦਾ ਹੈ। ਉੱਥੇ ਵੀ ਮਰੀਜ਼ਾਂ ਦੀ ਗਿਣਤੀ ਵਧੀ ਹੈ।
ਆਖ਼ਿਰ ਕਦੋਂ ਤੱਕ?
ਪਰ ਕੋਵਿਡ ਦੀ ਦੂਜੀ ਲਹਿਰ ਜਿਸ ਤਰ੍ਹਾਂ ਫੈਲੀ ਹੈ ਅਤੇ ਆਕਸੀਜਨ, ਹਸਪਤਾਲ ਵਿੱਚ ਬਿਸਤਰਿਆਂ ਅਤੇ ਦਵਾਈਆਂ ਦੀ ਘਾਟ ਨਾਲ ਲੋਕ ਦਮ ਤੋੜ ਰਹੇ ਹਨ, ਡਾਕਟਰ ਪੁੱਛ ਰਹੇ ਹਨ ਕਿ ਇਹ ਦੌਰ ਆਖ਼ਿਰ ਕਦੋਂ ਤੱਕ ਚੱਲੇਗਾ?
ਬਿਹਾਰ ਦੇ ਭਾਗਲਪੁਰ ਵਿੱਚ ਲੰਬੇ ਵਕਤ ਤੋਂ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਕੰਮ ਕਰਨ ਵਾਲੀ ਇੱਕ ਮਹਿਲਾ ਸਿਹਤ ਕਰਮਚਾਰੀ ਮੁਤਾਬਕ, ''ਜੇਕਰ ਅਜਿਹਾ ਲੰਬੇ ਸਮੇਂ ਤੱਕ ਚੱਲਦਾ ਰਹੇਗਾ ਤਾਂ ਅਸੀਂ ਪਰਿਵਾਰ ਤੋਂ ਅਲੱਗ-ਥਲੱਗ ਨਹੀਂ ਰਹਿ ਸਕਦੇ।''
ਲੋਕਾਂ ਨੇ ਸਿਹਤ ਕਰਮਚਾਰੀਆਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਥਾਲੀਆਂ ਅਤੇ ਤਾੜੀਆਂ ਦੋਵੇਂ ਵਜਾਈਆਂ, ਪਰ ਸਿਹਤ ਕਰਮਚਾਰੀ ਲੋਕਾਂ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਵਾਇਰਸ ਨੂੰ ਰੋਕਣ ਲਈ ਆਪਣਾ ਯੋਗਦਾਨ ਦੇਣ ਅਤੇ ਸੋਸ਼ਲ ਡਿਸਟੈਂਸਿੰਗ ਨਿਯਮਾਂ ਦਾ ਪਾਲਣ ਕਰਨ ਅਤੇ ਮਾਸਕ ਪਹਿਨਣ।
ਜੰਮੂ ਵਿੱਚ ਇਸਤਰੀ ਰੋਗ ਮਾਹਿਰ ਅਮਨਦੀਪ ਕੌਰ ਆਨੰਦ ਕਹਿੰਦੇ ਹਨ, ''ਪਹਿਲਾਂ ਅਸੀਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਕੰਮ ਕਰਦੇ ਸੀ, ਪਰ ਇਸ ਵਾਰ ਅਸੀਂ ਆਪਣੇ ਪਰਿਵਾਰਾਂ ਦੀ ਵੀ ਜ਼ਿੰਦਗੀ ਖ਼ਤਰੇ ਵਿੱਚ ਪਾ ਰਹੇ ਹਾਂ।''
ਜੰਮੂ ਦੇ ਗਾਂਧੀ ਨਗਰ ਵਿੱਚ ਸਰਕਾਰੀ ਹਸਪਤਾਲ ਵਿੱਚ ਕੰਮ ਕਰਨ ਵਾਲੇ ਅਮਨਦੀਪ ਦੇ ਮਾਤਾ-ਪਿਤਾ ਦੀ ਉਮਰ ਸੱਠ ਸਾਲ ਤੋਂ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਮਾਂ ਡਾਇਬਟਿਕ ਹਨ ਅਤੇ ਇਸ ਵਜ੍ਹਾ ਨਾਲ ਅਮਨਦੀਪ ਨੇ ਉਨ੍ਹਾਂ ਨੂੰ ਮਿਲਣਾ ਬੰਦ ਕਰ ਦਿੱਤਾ ਹੈ।
ਅਗਸਤ ਵਿੱਚ ਕੋਵਿਡ ਲਾਗ ਵਾਲੀਆਂ ਗਰਭਵਤੀ ਔਰਤਾਂ ਦੀ ਸਰਜਰੀ ਦੌਰਾਨ ਅਮਨਦੀਪ ਕੌਰ ਖ਼ੁਦ ਕੋਵਿਡ ਪੌਜ਼ੀਟਿਵ ਸਨ।
ਡਾਕਟਰ ਅਮਨਦੀਪ ਕਹਿੰਦੇ ਹਨ, ''ਅਗਸਤ ਦੇ ਉਸ ਹਫ਼ਤੇ ਮੈਂ 10 ਕੋਵਿਡ ਪੌਜ਼ੀਟਿਵ ਔਰਤਾਂ ਦੇ ਸਿਜ਼ੇਰਿਅਨ ਕੀਤੇ ਅਤੇ ਉਨ੍ਹਾਂ ਦੇ ਬੱਚੇ ਕੋਵਿਡ ਨੈਗੇਟਿਵ ਸਨ। ਉਸ ਤੋਂ ਮੈਨੂੰ ਵਿਸ਼ਵਾਸ ਹੋ ਗਿਆ ਕਿ ਉੱਪਰ ਵਾਲਾ ਸਾਡੇ ਨਾਲ ਹੈ।''
ਉਸ ਵਕਤ ਪੂਰੇ ਜੰਮੂ ਵਿੱਚ ਉਨ੍ਹਾਂ ਦਾ ਹੀ ਹਸਪਤਾਲ ਸੀ ਜਿੱਥੇ ਕੋਵਿਡ ਪੌਜ਼ੀਟਿਵ ਲੋਕਾਂ ਦੀ ਸਰਜਰੀ ਹੁੰਦੀ ਸੀ।
ਉਹ ਹਰ ਸਰਜਰੀ ਤੋਂ ਬਾਅਦ ਨਹਾਉਂਦੇ ਸਨ ਅਤੇ ਫਿਰ ਸਰਜਰੀ ਕਰਦੇ ਸਨ।
ਲੋਕ ਪੁੰਛ, ਰਾਜੌਰੀ, ਕਿਸ਼ਤਵਾੜ, ਡੋਡਾ ਤੋਂ ਹਸਪਤਾਲ ਆਉਂਦੇ ਸਨ ਅਤੇ ਅਮਨਦੀਪ ਰੋਜ਼ਾਨਾ ਦੋ ਤੋਂ ਤਿੰਨ ਸਰਜਰੀ ਕਰ ਰਹੇ ਸਨ।
ਲੌਕਡਾਊਨ ਵਿੱਚ ਤਾਂ ਦੇਰ ਰਾਤ ਵੀ ਡਰਾਇਵ ਕਰਕੇ ਸਰਜਰੀ ਕਰਨ ਹਸਪਤਾਲ ਜਾਂਦੇ ਸਨ। ਉਨ੍ਹਾਂ ਦਿਨਾਂ ਦਾ ਮਾਹੌਲ, ਕੰਮ ਦਾ ਦਬਾਅ, ਕੰਮ ਤੋਂ ਬਾਅਦ ਇੱਕ ਵਕਤ ਤੱਕ ਸਾਰਿਆਂ ਤੋਂ ਦੂਰੀ ਬਣਾ ਕੇ ਰੱਖਣਾ, ਇਨ੍ਹਾਂ ਸਭ ਦਾ ਉਨ੍ਹਾਂ ਦੇ ਛੋਟੇ ਬੇਟੇ 'ਤੇ ਇੰਨਾ ਅਸਰ ਹੋਇਆ ਕਿ ਅਮਨਦੀਪ ਨੂੰ ਉਸ ਦੀ ਅਧਿਆਪਕ ਨਾਲ ਗੱਲ ਕਰਨੀ ਪਈ।
ਪੀਪੀਈ ਕਿੱਟ ਪਹਿਨ ਕੇ ਸਰਜਰੀ ਕਰਦੇ ਹੋਏ ਅਜਿਹਾ ਵੀ ਹੋਇਆ ਕਿ ਅਮਨਦੀਪ ਨੂੰ ਚੱਕਰ ਆਉਣ ਲੱਗਿਆ। ਅਜਿਹੇ ਵਿੱਚ ਉਹ ਥੋੜ੍ਹੀ ਦੇਰ ਬੈਠਦੇ ਸਨ ਅਤੇ ਫਿਰ ਕੰਮ ਵਿੱਚ ਲੱਗ ਜਾਂਦੇ ਸਨ।
ਪੀਪੀਈ ਨਾਲ ਵੀ ਸਾਵਧਾਨੀਆਂ
ਪੀਪੀਈ ਪਹਿਨਣ ਨਾਲ ਤੁਸੀਂ ਪਸੀਨੇ ਵਿੱਚ ਨਹਾ ਜਾਂਦੇ ਹੋ। ਇਸ ਦਾ ਮਤਲਬ ਹੈ ਕਿ ਤੁਹਾਡਾ ਸਰੀਰ ਸਾਲਟ ਅਤੇ ਪਾਣੀ ਬਹੁਤ ਤੇਜ਼ੀ ਨਾਲ ਛੱਡਦਾ ਹੈ। ਅਜਿਹੇ ਹਾਲਾਤ ਵਿੱਚ ਵੀ ਤੁਸੀਂ ਮਾਸਕ ਨਹੀਂ ਉਤਾਰ ਸਕਦੇ।
ਪਰ ਅਜਿਹਾ ਨਹੀਂ ਹੈ ਕਿ ਜੇਕਰ ਤੁਸੀਂ ਪੀਪੀਈ ਕਿੱਟ ਪਹਿਨੀ ਹੋਈ ਹੈ ਤਾਂ ਤੁਹਾਨੂੰ ਖ਼ਤਰਾ ਨਹੀਂ, ਜਿਵੇਂ ਕਿ ਅਮਨਦੀਪ ਅਤੇ ਉਨ੍ਹਾਂ ਦੇ ਸਾਥੀਆ ਨਾਲ ਹੋਇਆ ਅਤੇ ਉਹ ਕੋਰੋਨਾ ਪੌਜ਼ੀਟਿਵ ਹੋ ਗਏ।
ਦਰਅਸਲ, ਕੋਵਿਡ ਵਾਰਡ ਵਿੱਚ ਸਿਹਤ ਕਰਮਚਾਰੀ ਬੇਹੱਦ ਖਤਰਨਾਕ ਵਾਇਰਲ ਲੋਡ ਦੇ ਮਾਹੌਲ ਵਿੱਚ ਕੰਮ ਕਰਦੇ ਹਨ।
ਖੰਘ ਅਤੇ ਛਿੱਕ ਦੀ ਮਦਦ ਨਾਲ ਵਾਇਰਸ ਏਅਰ ਡਰਾਪਲੈਟਸ ਵਿੱਚ ਸਮਾ ਜਾਂਦਾ ਹੈ ਅਤੇ ਪੀਪੀਈ ਡਰੈੱਸ 'ਤੇ ਬੈਠ ਜਾਂਦਾ ਹੈ।
ਇਸ ਵਜ੍ਹਾ ਨਾਲ ਮਾਸਕ ਦੀ ਉੱਪਰੀ ਸਤ੍ਹਾ ਵੀ ਲਾਗ ਨਾਲ ਘਿਰ ਜਾਂਦੀ ਹੈ।
ਪੀਪੀਈ ਨੂੰ ਖੋਲ੍ਹਣ ਦਾ ਇੱਕ ਤਰੀਕਾ ਹੁੰਦਾ ਹੈ ਅਤੇ ਤੁਹਾਨੂੰ ਗਾਊਨ, ਗੌਗਲਜ਼ ਆਦਿ ਨੂੰ ਇੱਕ ਕ੍ਰਮ ਵਿੱਚ ਖੋਲ੍ਹਣਾ ਹੁੰਦਾ ਹੈ ਕਿਉਂਕਿ ਪੀਪੀਈ ਨੂੰ ਖੋਲ੍ਹਦੇ ਸਮੇਂ ਏਅਰੋਸੋਲਜ਼ ਅਤੇ ਪਾਰਟੀਕਲਜ਼ ਉਸੇ ਕਮਰੇ ਵਿੱਚ ਰਹਿ ਜਾਂਦੇ ਹਨ।
ਡਾਕਟਰ ਅਮਨਦੀਪ ਕੌਰ ਦੇ ਪਤੀ ਡਾ. ਸੰਦੀਪ ਡੋਗਰਾ ਮੁਤਾਬਕ ਕੋਰੋਨਾ ਦੀ ਪਹਿਲੀ ਲਹਿਰ ਵਿੱਚ ਪੀਪੀਈ ਪਹਿਨਣ ਦੇ ਬਾਵਜੂਦ ਬਹੁਤ ਸਾਰੇ ਡਾਕਟਰ ਇਸ ਲਈ ਪੌਜ਼ੀਟਿਵ ਹੋਏ ਕਿਉਂਕਿ ਬੋਰਡ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਹੁਣ ਬਾਹਰ ਆ ਗਏ ਹਾਂ ਅਤੇ ਹੁਣ ਕੁਝ ਨਹੀਂ ਹੋਵੇਗਾ, ਪਰ ਤੁਹਾਨੂੰ ਕਮਰੇ ਵਿੱਚ ਮਾਸਕ ਨੂੰ ਨਹੀਂ ਖੋਲ੍ਹਣਾ ਹੁੰਦਾ।
ਉਹ ਕਹਿੰਦੇ ਹਨ, ''ਇਹ ਗੱਲ ਉਸ ਵਕਤ ਪਤਾ ਨਹੀਂ ਸੀ। ਇਹ ਹੁਣ ਸਮਝ ਵਿੱਚ ਆ ਰਹੀ ਹੈ।''
ਪਰਿਵਾਰ ਨੂੰ ਲੈ ਕੇ ਡਰ
ਪਰ ਜਿਸ ਭਿਆਨਕ ਤਰੀਕੇ ਨਾਲ ਦੂਜੀ ਲਹਿਰ ਵਿੱਚ ਕੋਰੋਨਾ ਦਾ ਵਾਇਰਸ ਫੈਲ ਰਿਹਾ ਹੈ, ਡਾਕਟਰਾਂ ਵਿੱਚ ਇਹ ਡਰ ਖ਼ਾਸ ਹੈ ਕਿ ਕਿਧਰੇ ਉਹ ਆਪਣੇ ਪਰਿਵਾਰ ਵਿੱਚ ਇਸ ਵਾਇਰਸ ਨੂੰ ਨਾ ਫੈਲਾ ਦੇਣ।
ਮੋਤੀਹਾਰੀ ਦੇ ਸਰਜਨ ਡਾਕਟਰ ਆਸ਼ੂਤੋਸ਼ ਸ਼ਰਣ ਕਹਿੰਦੇ ਹਨ, ''ਓਪੀਡੀ ਤੋਂ ਆਉਣ ਤੋਂ ਬਾਅਦ ਗਾਊਨ, ਦਸਤਾਨੇ ਸਭ ਬਦਲ ਦਿੰਦੇ ਹਨ, ਖੁਦ ਨੂੰ ਸੈਨੇਟਾਈਜ਼ ਕਰਦੇ ਹਨ, ਘਰ ਜਾਂਦੇ ਹਨ ਤਾਂ ਗਰਮ ਪਾਣੀ ਨਾਲ ਨਹਾਉਂਦੇ ਹਨ। ਫਿਰ ਅਸੀਂ ਘਰ ਵਿੱਚ ਅੰਦਰ ਜਾਂਦੇ ਹਾਂ।''
ਡਾਕਟਰ ਸ਼ਰਣ ਦਾ ਆਪਣਾ ਨਰਸਿੰਗ ਹੋਮ ਹੈ।
ਉਨ੍ਹਾਂ ਨੂੰ ਵੈਕਸੀਨ ਲੱਗ ਚੁੱਕੀ ਹੈ, ਪਰ ਉਨ੍ਹਾਂ ਨੂੰ ਡਰ ਹੈ ਕਿ ਕਿਧਰੇ ਉਨ੍ਹਾਂ ਦੀ ਪੋਤੀ ਤੇ ਸਟਾਫ਼ ਨੂੰ ਲਾਗ ਨਾ ਲੱਗ ਜਾਵੇ।
65 ਸਾਲ ਦੇ ਡਾਕਟਰ ਸ਼ਰਣ ਦਾ ਦਿਨ ਸਵੇਰੇ 9 ਵਜੇ ਸ਼ੁਰੂ ਹੁੰਦਾ ਹੈ ਅਤੇ ਰਾਤ ਦੇ 2 ਵਜੇ ਖ਼ਤਮ ਹੁੰਦਾ ਹੈ।
ਪਿਛਲੇ 13-14 ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਪਰਿਵਾਰ ਨਾਲ ਪੋਤੀ ਦਾ ਜਨਮ ਦਿਨ ਮਨਾਉਣ ਸਿਲੀਗੁੜੀ ਜਾ ਸਕੇ। ਉਹ ਵੀ ਉਸ ਵਕਤ ਜਦੋਂ ਲੱਗਿਆ ਕਿ ਦੇਸ਼ ਵਿੱਚ ਦਸੰਬਰ, ਜਨਵਰੀ ਵਿੱਚ ਕੋਰੋਨਾ ਦੇ ਮਾਮਲੇ ਡਿੱਗ ਰਹੇ ਹਨ।
ਉੱਧਰ ਮੁੰਬਈ ਦੇ ਡਾਕਟਰ ਜੋਸ਼ੀ ਮੁਤਾਬਕ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਈ ਲੋਕ ਡਾਕਟਰਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਸਮਝਦੇ ਹਨ।
ਡਾਕਟਰ ਜੋਸ਼ੀ ਮੁਤਾਬਕ, ''ਲੋਕ ਕਹਿੰਦੇ ਹਨ ਕਿ ਜੇ ਡਾਕਟਰ ਨੇ ਰੇਮਡੇਸਿਵਰ ਲਿਖ ਦਿੱਤੀ ਹੈ ਤਾਂ ਉਹ ਪੈਸੇ ਲਈ ਲਿਖਦੇ ਹਨ, ਜਾਂ ਫਿਰ ਕੋਵਿਡ ਹਸਪਤਾਲਾਂ ਲਈ ਪੈਸਾ ਬਣਾਉਣ ਦਾ ਤਰੀਕਾ ਹੈ। ਜਦੋਂ ਮੈਂ ਇਹ ਸੁਣਦਾ ਹਾਂ ਤਾਂ ਕੁਝ ਨਹੀਂ ਬੋਲਦਾ। ਤੁਸੀਂ ਲੋਕਾਂ ਨੂੰ ਬਦਲ ਨਹੀਂ ਸਕਦੇ, ਪਰ ਉਤਸ਼ਾਹਿਤ ਕਰਨ ਵਾਲੇ ਵੀ ਬਹੁਤ ਲੋਕ ਹਨ। ਉਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਹੌਸਲਾ ਮਿਲਦਾ ਹੈ।''
ਇਹ ਵੀ ਪੜ੍ਹੋ: