ਕੋਰੋਨਾਵਾਇਰਸ: ''ਮਈ ਮਹੀਨੇ ਦੇ ਮੱਧ ਦੌਰਾਨ ਭਾਰਤ 'ਚ ਇੱਕ ਦਿਨ ਵਿੱਚ ਆ ਸਕਦੇ ਹਨ ਲੱਖਾਂ ਕੇਸ'' - ਪ੍ਰੈਸ ਰੀਵੀਊ

ਇੱਕ ਦਿਨ ਵਿੱਚ ਸਾਢੇ ਤਿੰਨ ਲੱਖ ਦੇ ਕਰੀਬ ਕੋਰੋਨਾਵਾਇਰਸ ਦੀ ਲਾਗ ਦੇ ਨਵੇਂ ਮਾਮਲੇ ਅਤੇ 2000 ਤੋਂ ਵੱਧ ਮੌਤਾਂ ਨਾਲ ਕੋਰੋਨਾ ਦੀ ਦੂਜੀ ਲਹਿਰ ਭਾਰਤ ਲਈ ਘਾਤਕ ਬਣ ਗਈ ਹੈ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੁਕਰਵਾਰ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਨਿਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪੌਲ, ਜੋ ਕਿ ਸੈਂਟਰ ਪੈਨਲ ਦੀ ਅਗਵਾਈ ਵੀ ਕਰ ਰਹੇ ਹਨ, ਦਾ ਕਹਿਣਾ ਹੈ ਕਿ ਮਈ ਮਹੀਨੇ ਵਿੱਚ ਭਾਰਤ ਵਿੱਚ ਇੱਕ ਦਿਨ ਦੌਰਾਨ 4-5 ਲੱਖ ਕੇਸ ਆ ਸਕਦੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੂਨ-ਜੁਲਾਈ ਵਿੱਚ ਕੇਸ ਘੱਟ ਸਕਦੇ ਹਨ ਵੱਧ ਅਬਾਦੀ ਵਾਲੇ ਸੂਬਿਆਂ ਲਈ ਸਥਿਤੀ ਗੰਭੀਰ ਹੋਵੇਗੀ।

ਇਹ ਵੀ ਪੜ੍ਹੋ

ਦੂਜੇ ਪਾਸੇ, 'ਦਿ ਹਿੰਦੂ' ਅਖਬਾਰ ਦੀ ਰਿਪੋਰਟ ਮੁਤਾਬਕ, ਮਿਸ਼ੀਗਨ ਯੂਨੀਵਰਸਿਟੀ ਦੇ ਮਹਾਮਾਰੀ ਵਿਗਿਆਨ ਦੇ ਪ੍ਰੋਫੈਸਰ ਭ੍ਰਮਰ ਮੁਖ਼ਰਜੀ ਦਾ ਕਹਿਣਾ ਹੈ ਮਈ ਮਹੀਨੇ ਵਿੱਚ ਸਿਖ਼ਰ ਦੌਰਾਨ ਭਾਰਤ ਵਿੱਚ ਮਹਿਜ਼ ਇੱਕ ਦਿਨ ਵਿੱਚ 8 ਤੋਂ 10 ਲੱਖ ਕੇਸ ਸਾਹਮਣੇ ਆ ਸਕਦੇ ਹਨ ਅਤੇ ਮੌਤਾਂ ਦਾ ਅੰਕੜਾ 4500 ਨੇੜੇ ਪੁੱਜ ਸਕਦਾ ਹੈ।

ਅਖ਼ਬਾਰ ਨੂੰ ਦਿੱਤੇ ਇੰਟਰਵਿਉ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਘਾਤਕ ਲਹਿਰ ਦਾ ਕੋਈ ਇੱਕ ਕਾਰਨ ਨਹੀਂ ਹੈ।

ਲੌਕਡਾਉਨ ਤੋਂ ਬਾਅਦ ਲੋਕਾਂ ਦਾ ਵਤੀਰਾ, ਵੱਡੀਆਂ ਚੋਣ ਰੈਲੀਆਂ, ਧਾਰਮਿਕ ਅਤੇ ਸਮਾਜਿਕ ਇਕੱਠ, ਜਨਤਕ ਆਵਾਜਾਈ ਆਦਿ ਦੇ ਕਾਰਨ ਭਾਰਤ ਵਿੱਚ ਅਜਿਹੀ ਸਥਿਤੀ ਪੈਦਾ ਹੋਈ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸ਼ੁਰੂ ਤੋਂ ਹੀ ਸਜਗ ਰਹਿਣਾ ਚਾਹੀਦਾ ਸੀ ਅਤੇ ਆਉਣ ਵਾਲੇ ਖ਼ਤਰੇ ਨੂੰ ਭਾਂਪਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਅਸੀਂ ਝੂਠੇ ਆਡੰਬਰ ਵਿੱਚ ਫੰਸ ਗਏ ਸੀ ਕਿ ਸ਼ਾਇਦ ਅਸੀਂ ਕੋਰੋਨਾ ਉੱਤੇ ਜਿੱਤ ਹਾਸਲ ਕਰ ਲਈ ਹੈ।

ਕੋਰੋਨਾ ਦੀ ਆੜ 'ਚ ਸਰਕਾਰ ਸਾਡਾ ਸੰਘਰਸ਼ ਲੀਹੋ ਨਹੀਂ ਲਾਹ ਸਕਦੀ- ਟਿਕੈਤ

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਇਲਜ਼ਾਮ ਲਗਾਇਆ ਕਿ ਸਰਕਾਰ 'ਆਪਰੇਸ਼ਨ ਕਲੀਨ' ਦੇ ਜ਼ਰਿਏ ਕਿਸਾਨਾਂ ਦੇ ਸੰਘਰਸ਼ 'ਚ ਰੁਕਾਵਟਾਂ ਖੜੀਆਂ ਕਰਨੀਆਂ ਚਾਹੁੰਦੀ ਹੈ।

'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬਕ, ਮਾਨਸਾ ਦੇ ਕਰਾਂਡੀ ਪਿੰਡ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ''ਸਰਕਾਰ ਮਹਾਮਾਰੀ ਦਾ ਬਹਾਨਾ ਬਣਾ ਕੇ ਕਿਸਾਨਾਂ ਦੇ ਸੰਘਰਸ਼ ਨੂੰ ਲੀਹੋ ਲਾਹੁਣਾ ਚਾਹੁੰਦੀ ਹੈ। ਅਸੀਂ ਉਦੋਂ ਤੱਕ ਨਹੀਂ ਹਿਲਾਂਗੇ ਜਦੋਂ ਤੱਕ ਸਰਕਾਰ ਆਪਣੇ ਤਿੰਨੋਂ ਖ਼ੇਤੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ।''

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਿਸਾਨਾਂ ਨੂੰ ਫਸਲਾਂ ਦੀ ਖ਼ਰੀਦ ਵਿੱਚ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਪਰ ਪੰਜਾਬ ਵਿੱਚ ਕੇਂਦਰ ਸਰਕਾਰ ਕਿਸਾਨਾਂ ਨੂੰ ਤੰਗ ਕਰ ਰਹੀ ਹੈ ਤਾਂਕਿ ਉਹ ਆਪਣਾ ਸੰਘਰਸ਼ ਖ਼ਤਮ ਕਰ ਦੇਣ।

ਦੂਜੇ ਪਾਸੇ ਸੋਨੀਪਤ ਦੇ ਡੀਸੀ ਅਸ਼ੋਕ ਬੰਸਲ ਨੇ ਕਿਹਾ ਕਿ ਜਲਦੀ ਹੀ ਸੋਨੀਪਤ ਵਿੱਚ ਧਾਰਾ 144 ਲਗਾਈ ਜਾਵੇਗੀ। ਜੇਕਰ ਕਿਸਾਨ ਨਿਰਦੇਸ਼ਾਂ ਦੀ ਉਲੰਘਣਾ ਕਰਨਗੇ ਤਾਂ ਉਨ੍ਹਾਂ ਨੂੰ ਇਸ ਦਾ ਸਿੱਟਾ ਭੁਗਤਣਾ ਪਵੇਗਾ।

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਰਕਾਰ ਨੇ ਟਵਿਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਕੋਵਿਡ-19 ਸੰਬੰਧੀ ਪੋਸਟਾਂ ਹਟਾਉਣ ਲਈ ਕਿਹਾ

ਭਾਰਤ ਸਰਕਾਰ ਨੇ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਕਰੀਬ 100 ਅਜਿਹੀਆਂ ਪੋਸਟਾਂ ਅਤੇ ਅਕਾਊਂਟ ਹਟਾਉਣ ਲਈ ਕਿਹਾ ਹਨ ਜਿਨ੍ਹਾਂ ਉੱਤੇ ਕੋਵਿਡ-19 ਨੂੰ ਲੈ ਕੇ ਭੜਕਾਊ ਸਮਗਰੀ ਪੋਸਟ ਕੀਤੀ ਗਈ ਹੈ।

'ਹਿੰਦੁਸਤਾਨ ਟਾਈਮਜ਼' ਦੀ ਖ਼ਬਰ ਮੁਤਾਬਕ, ਇੰਨਾਂ ਪੇਜਾਂ ਵਿੱਚ ਤ੍ਰਿਨਮੁਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਦਾ ਅਤੇ ਹੋਰ ਅਧਿਕਾਰੀਆਂ ਦਾ ਫੇਸਬੁੱਕ ਪੇਜ ਵੀ ਸ਼ਾਮਲ ਹੈ।

ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ, ''ਇੰਨਾਂ ਵਿੱਚ ਉਹ ਪੋਸਟਾਂ ਸ਼ਾਮਲ ਹੈ ਜਿੰਨਾਂ ਵਿੱਚ ਭੜਕਾਊ ਤਰੀਕੇ ਨਾਲ ਦਾਹ ਸੰਸਕਾਰ ਦੀਆਂ ਤਸਵੀਰਾਂ ਜਾਂ ਸਿਹਤ ਕਰਮਚਾਰੀਆਂ ਉੱਤੇ ਹਮਲੇ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸ਼ਾਮਲ ਹੈ।''

ਉਨ੍ਹਾਂ ਦੱਸਿਆ ਕਿ ਇਸ ਵਿੱਚ ਕੋਵਿਡ-19 ਸੰਬੰਧੀ ਉਹ ਸਮਗੱਰੀ ਸ਼ਾਮਲ ਹੈ ਜੋ ਲੋਕਾਂ ਨੂੰ ਇਸ ਔਖੀ ਘੜੀ ਵਿੱਚ ਹੋਰ ਭੜਕਾ ਸਕਦੀ ਹੈ।

ਦੱਸ ਦੇਇਏ ਕਿ ਮਮਤਾ ਬੈਨਰਜੀ ਦੇ ਫੇਸਬੁੱਕ ਪੇਜ ਦੇ 2.7 ਮਿਲੀਅਨ ਫੋਲੋਅਰਜ਼ ਹਨ ਜੋ ਕਿ ਇੱਕ ਵੈਰੀਫਾਈਡ ਪੇਜ ਹੈ। ਇਸ ਤੋਂ ਇਲਾਵਾ ਵੀ ਕਈ ਦੂਜੀ ਪਾਰਟੀਆਂ ਦੇ ਆਗੂਆਂ ਦੇ ਪੇਜ ਵੀ ਇਸ ਵਿੱਚ ਸ਼ਾਮਲ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)