ਕੋਰੋਨਾਵਾਇਰਸ: ਆਕਸੀਜਨ ਘੱਟ ਹੋਣ 'ਤੇ ਡਾਕਟਰਾਂ ਵੱਲੋਂ ਇੰਝ ਪੈਣ ਦੀ ਸਲਾਹ ਦਾ ਕਿੰਨਾ ਫਾਇਦਾ ਕਿੰਨਾ ਖ਼ਤਰਾ

    • ਲੇਖਕ, ਫਰਨਾਂਡਾ ਪੌਲ
    • ਰੋਲ, ਬੀਬੀਸੀ ਨਿਊਜ਼ ਮੁੰਡੋ

ਕੋਵਿਡ-19 ਦੀ ਲਾਗ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਦੁਨੀਆਂ ਭਰ 'ਚ ਪ੍ਰੋਨਿੰਗ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ 'ਚ ਮਰੀਜ਼ ਨੂੰ ਢਿੱਡ ਦੇ ਭਾਰ ਲਿਟਾਇਆ ਜਾਂਦਾ ਹੈ।

ਦੁਨੀਆਂ ਭਰ 'ਚ ਕੋਵਿਡ-19 ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

ਅਜਿਹੀ ਸਥਿਤੀ 'ਚ ਵੱਖ-ਵੱਖ ਹਿੱਸਿਆਂ ਤੋਂ ਹਸਪਤਾਲਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ:

ਇੰਨ੍ਹਾਂ ਤਸਵੀਰਾਂ 'ਚ ਇੰਟੈਂਸਿਵ ਕੇਅਰ ਯੂਨਿਟ, ਆਈਸੀਯੂ 'ਚ ਅਤਿ-ਆਧੁਨਿਕ ਵੈਂਟੀਲੇਟਰਾਂ 'ਤੇ ਪਏ ਮਰੀਜ਼ ਵਿਖਾਈ ਦੇ ਰਹੇ ਹਨ।

ਵੈਂਟੀਲੇਟਰ ਦੀ ਮਦਦ ਨਾਲ ਮਰੀਜ਼ਾਂ ਨੂੰ ਸਾਹ ਲੈਣ 'ਚ ਸੌਖ ਹੁੰਦੀ ਹੈ, ਪਰ ਇੰਨ੍ਹਾਂ ਤਸਵੀਰਾਂ 'ਚ ਇੱਕ ਖ਼ਾਸ ਗੱਲ 'ਤੇ ਨਜ਼ਰਾਂ ਟਿਕ ਰਹੀਆਂ ਹਨ।

ਉਹ ਹੈ ਕਿ ਬਹੁਤ ਸਾਰੇ ਮਰੀਜ਼ ਆਪਣੇ ਢਿੱਡ ਦੇ ਭਾਰ ਲੇਟੇ ਹੋਏ ਹਨ।

ਦਰਅਸਲ ਇਹ ਇੱਕ ਬਹੁਤ ਹੀ ਪੁਰਾਣੀ ਤਕਨੀਕ ਹੈ, ਜਿਸ ਨੂੰ ਕਿ ਪ੍ਰੋਨਿੰਗ ਕਿਹਾ ਜਾਂਦਾ ਹੈ। ਇਸ ਤਕਨੀਕ ਨਾਲ ਸਾਹ ਲੈਣ 'ਚ ਦਿੱਕਤ ਹੋਣ ਵਾਲੇ ਮਰੀਜ਼ਾਂ ਨੂੰ ਲਾਭ ਹੁੰਦਾ ਵੇਖਿਆ ਗਿਆ ਹੈ।

ਇਸ ਆਸਣ 'ਚ ਲੇਟਣ ਨਾਲ ਫੇਫੜਿਆਂ ਤੱਕ ਵਧੇਰੇ ਆਕਸੀਜਨ ਦਾ ਪ੍ਰਵਾਹ ਹੁੰਦਾ ਹੈ। ਪਰ ਇਸ ਤਕਨੀਕ ਦੇ ਆਪਣੇ ਖ਼ਤਰੇ ਵੀ ਹਨ।

ਵਧੇਰੇ ਆਕਸੀਜਨ ਦਾ ਮਿਲਣਾ

ਮਰੀਜ਼ਾਂ ਨੂੰ ਪ੍ਰੋਨ ਸਥਿਤੀ 'ਚ ਕਈ ਘੰਟਿਆਂ ਤੱਕ ਲਿਟਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੇ ਫੇਫੜਿਆਂ 'ਚ ਇੱਕਠਾ ਤਰਲ ਪਦਾਰਥ ਅਗਾਂਹ ਚਲਾ ਜਾਵੇ। ਇਸ ਨਾਲ ਮਰੀਜ਼ਾਂ ਨੂੰ ਸਾਹ ਲੈਣ 'ਚ ਆਸਾਨੀ ਹੁੰਦੀ ਹੈ। ਆਈਸੀਯੂ 'ਚ ਕੋਵਿਡ-19 ਦੇ ਮਰੀਜ਼ਾਂ 'ਤੇ ਇਸ ਤਕਨੀਕ ਦੀ ਵਰਤੋਂ 'ਚ ਕਾਫ਼ੀ ਵਾਧਾ ਹੋਇਆ ਹੈ।

ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਅਤੇ ਫੇਫੜਿਆਂ ਤੇ ਨਾਜ਼ੁਕ ਦੇਖਭਾਲ ਦੇ ਮੈਡੀਸਨ/ਡਾਕਟਰੀ ਮਾਹਰ ਪਾਨਾਗਿਸ ਗਾਲੀਆਤਸਤੋਸ ਦਾ ਕਹਿਣਾ ਹੈ, "ਜ਼ਿਆਦਾਤਰ ਕੋਵਿਡ-19 ਮਰੀਜ਼ ਦੇ ਫੇਫੜਿਆਂ ਤੱਕ ਲੋੜੀਂਦੀ ਆਕਸੀਜਨ ਨਹੀਂ ਪਹੁੰਚਦੀ ਅਤੇ ਇਸ ਨਾਲ ਹੀ ਖ਼ਤਰਾ ਪੈਦਾ ਹੋ ਜਾਂਦਾ ਹੈ।"

ਉਹ ਅੱਗੇ ਕਹਿੰਦੇ ਹਨ, "ਜਦੋਂ ਅਜਿਹੇ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾਂਦੀ ਹੈ ਤਾਂ ਉਹ ਵੀ ਕਈ ਵਾਰ ਕਾਫ਼ੀ ਨਹੀਂ ਹੁੰਦੀ ਹੈ। ਅਜਿਹੀ ਸਥਿਤੀ 'ਚ ਅਸੀਂ ਉਨ੍ਹਾਂ ਨੂੰ ਢਿੱਡ ਦੇ ਭਾਰ ਲੇਟਣ ਨੂੰ ਕਹਿੰਦੇ ਹਾਂ।

ਗਾਲੀਆਤਸਤੋਸ ਦੇ ਅਨੁਸਾਰ ਮਨੁੱਖੀ ਫੇਫੜਿਆਂ ਦਾ ਭਾਰੀ ਹਿੱਸਾ ਪਿੱਠ ਵੱਲ ਨੂੰ ਹੁੰਦਾ ਹੈ, ਇਸ ਲਈ ਜਦੋਂ ਕੋਈ ਪਿੱਠ ਦੇ ਭਾਰ ਲੇਟ ਕੇ ਸਾਹਮਣੇ ਵੱਲ ਨੂੰ ਵੇਖਦਾ ਹੈ ਤਾਂ ਫੇਫੜਿਆਂ 'ਚ ਜ਼ਿਆਦਾ ਆਕਸੀਜਨ ਪਹੁੰਚਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਇਸ ਦੇ ਉਲਟ ਜੇਕਰ ਕੋਈ ਪ੍ਰੋਨ ਸਥਿਤੀ 'ਚ ਲੇਟਦਾ ਹੈ ਤਾਂ ਫੇਫੜਿਆਂ 'ਚ ਵਧੇਰੇ ਆਕਸੀਜਨ ਪਹੁੰਚਦੀ ਹੈ ਅਤੇ ਫੇਫੜਿਆਂ ਦੇ ਵੱਖ-ਵੱਖ ਹਿੱਸੇ ਕੰਮ ਕਰਨ ਦੀ ਸਥਿਤੀ 'ਚ ਆ ਜਾਂਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

"ਇਸ ਨਾਲ ਬਦਲਾਅ ਵੇਖਿਆ ਹੈ। ਅਸੀਂ ਕਈ ਮਰੀਜ਼ਾਂ ਨੂੰ ਇਸ ਤਕਨੀਕ ਨਾਲ ਲਾਭ ਹਾਸਲ ਹੁੰਦਾ ਵੇਖਿਆ ਹੈ।"

ਐਕੁਯਟ ਰੇਸੀਪਰੇਟਰੀ ਡਿਸਟਰੈਸ ਸਿੰਡਰੋਮ ਵਾਲੇ ਕੋਵਿਡ-19 ਮਰੀਜ਼ਾਂ ਦੇ ਲਈ ਮਾਰਚ ਮਹੀਨੇ 'ਚ ਵਿਸ਼ਵ ਸਿਹਤ ਸੰਗਠਨ ਨੇ 12 ਤੋਂ 16 ਘੰਟੇ ਤੱਕ ਪ੍ਰੋਨਿੰਗ ਦੀ ਸਿਫਾਰਿਸ਼ ਕੀਤੀ ਸੀ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਤਕਨੀਕ ਦੀ ਵਰਤੋਂ ਬੱਚਿਆਂ ਲਈ ਵੀ ਕੀਤੀ ਜਾ ਸਕਦੀ ਹੈ, ਪਰ ਇਸ ਨੂੰ ਸੁਰੱਖਿਅਤ ਕਰਨ ਲਈ ਸਿਖਿਅਤ ਲੋਕਾਂ ਅਤੇ ਹੋਰ ਮਹਾਰਤ ਦੀ ਜ਼ਰੂਰਤ ਹੁੰਦੀ ਹੈ।

ਅਮਰੀਕੀ ਥੋਰਾਸਿਸ ਸੁਸਾਇਟੀ ਨੇ ਫਰਵਰੀ ਮਹੀਨੇ ਚੀਨ ਦੇ ਵੁਹਾਨ 'ਚ ਸਥਿਤ ਜ਼ੀਆਨਤਾਨ ਹਸਪਤਾਲ 'ਚ ਏਆਰਡੀਐਸ ਵਾਲੇ 12 ਕੋਵਿਡ ਮਰੀਜ਼ਾਂ 'ਤੇ ਅਧਿਐਨ ਕੀਤਾ। ਇਸ ਅਧਿਐਨ ਅਨੁਸਾਰ ਜਿਹੜੇ ਲੋਕ ਪ੍ਰੋਨ ਸਥਿਤੀ 'ਚ ਲੇਟ ਰਹੇ ਸਨ, ਉਨ੍ਹਾਂ ਦੇ ਫੇਫੜਿਆਂ ਦੀ ਸਮਰੱਥਾ ਵਧੇਰੇ ਸੀ।

ਤਕਨੀਕ ਦੇ ਖ਼ਤਰੇ

ਹਾਲਾਂਕਿ ਇਹ ਤਕਨੀਕ ਬਹੁਤ ਹੀ ਅਸਾਨ ਲੱਗ ਰਹੀ ਹੈ, ਪਰ ਇਸ ਦੇ ਆਪਣੇ ਖ਼ਤਰੇ ਵੀ ਹਨ। ਮਰੀਜ਼ਾਂ ਨੂੰ ਉਨ੍ਹਾਂ ਦੇ ਢਿੱਡ ਦੇ ਭਾਰ ਲਿਟਾਉਣ 'ਚ ਸਮਾਂ ਲੱਗਦਾ ਹੈ। ਇਸ ਲਈ ਤਜ਼ਰਬੇਕਾਰ ਪੇਸ਼ੇਵਰਾਂ ਦੀ ਲੋੜ ਵੀ ਹੁੰਦੀ ਹੈ।

ਡਾ. ਗਾਲੀਆਤਸਤੋਸ ਨੇ ਦੱਸਿਆ, "ਇਹ ਅਸਾਨ ਨਹੀਂ ਹੈ। ਇਸ ਨੂੰ ਪ੍ਰਭਾਵੀ ਢੰਗ ਨਾਲ ਕਰਨ ਲਈ ਚਾਰ ਜਾਂ ਪੰਜ ਪੇਸ਼ੇਵਰਾਂ ਦੀ ਜ਼ਰੂਰਤ ਹੁੰਦੀ ਹੈ।"

ਹਸਪਤਾਲਾਂ 'ਚ ਇਸ ਲਈ ਕਾਫ਼ੀ ਮੁਸ਼ਕਲ ਹੁੰਦੀ ਹੈ ਕਿਉਂਕਿ ਉੱਥੇ ਪਹਿਲਾਂ ਹੀ ਸਟਾਫ ਦੀ ਕਮੀ ਹੁੰਦੀ ਹੈ ਅਤੇ ਕੋਵਿਡ-19 ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੇ ਉਨ੍ਹਾਂ ਦੀਆਂ ਹੋਰ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ।

ਡਾ. ਗਾਲੀਆਤਸਤੋਸ ਨੇ ਕਿਹਾ, "ਜੌਨ ਹੌਪਕਿਨਜ਼ ਹਸਪਤਾਲ 'ਚ ਕੋਰੋਨਾ ਦੀ ਲਾਗ ਦੇ ਸ਼ਿਕਾਰ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਪ੍ਰੋਨਿੰਗ ਲਈ ਇੱਕ ਵੱਖਰੀ ਟੀਮ ਹੀ ਤਿਆਰ ਕੀਤੀ ਗਈ ਹੈ।"

"ਜੇਕਰ ਕੋਵਿਡ-19 ਦਾ ਮਰੀਜ਼ ਆਈਸੀਯੂ 'ਚ ਭਰਤੀ ਹੋਵੇ ਅਤੇ ਉੱਥੇ ਇਸ ਤਕਨੀਕ 'ਚ ਮਾਹਰ ਸਟਾਫ ਨਾ ਮੌਜੂਦ ਹੋਵੇ ਤਾਂ ਉੱਥੋਂ ਦਾ ਸਟਾਫ ਵਿਸ਼ੇਸ਼ ਟੀਮ ਦੇ ਸਟਾਫ ਨੂੰ ਬੁਲਾ ਸਕਦਾ ਹੈ।"

ਪਰ ਮਰੀਜ਼ਾਂ ਦੀ ਪੁਜੀਸ਼ਨ ਬਦਲਣ 'ਚ ਹੋਰ ਕਈ ਮੁਸ਼ਕਲਾਂ ਵੀ ਸ਼ੁਰੂ ਹੋ ਸਕਦੀਆਂ ਹਨ।

ਡਾ. ਗਾਲੀਆਤਸਤੋਸ ਨੇ ਕਿਹਾ, "ਸਾਡੀਆਂ ਵੱਡੀਆਂ ਚਿੰਤਾਵਾਂ 'ਚੋਂ ਮੋਟਾਪਾ ਇੱਕ ਹੈ। ਜਿੰਨ੍ਹਾਂ ਮਰੀਜ਼ਾਂ ਦੀ ਛਾਤੀ 'ਚ ਪਹਿਲਾਂ ਹੀ ਕੋਈ ਸੱਟ ਲੱਗੀ ਹੁੰਦੀ ਹੈ, ਉਨ੍ਹਾਂ ਦਾ ਸਾਨੂੰ ਬਹੁਤ ਹੀ ਸਾਵਧਾਨੀ ਨਾਲ ਇਲਾਜ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਵੈਂਟੀਲੇਸ਼ਨ ਅਤੇ ਕੈਥੇਟਰ ਟਿਊਬ ਵਾਲੇ ਮਰੀਜ਼ਾਂ ਨਾਲ ਵੀ ਸਾਵਧਾਨੀ ਵਰਤਣੀ ਪੈਂਦੀ ਹੈ।"

ਹਾਲਾਂਕਿ ਇਸ ਤਕਨੀਕ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਅਤੇ ਕਈ ਵਾਰ ਤਾਂ ਸਾਹ ਲੈਣ 'ਚ ਦਿੱਕਤ ਵੀ ਹੋ ਜਾਂਦੀ ਹੈ।

ਇਸ ਤਕਨੀਕ ਦੀ ਵੱਡੇ ਪੱਧਰ 'ਤੇ ਵਰਤੋਂ

1970 ਦੇ ਦਹਾਕੇ ਦੇ ਮੱਧ 'ਚ ਪਹਿਲੀ ਵਾਰ ਇਸ ਤਕਨੀਕ ਦੇ ਲਾਭ ਸਾਹਮਣੇ ਆਏ ਸਨ। ਮਾਹਰਾਂ ਅਨੁਸਾਰ 1986 ਤੋਂ ਬਾਅਦ ਦੁਨੀਆਂ ਭਰ ਦੇ ਹਸਪਤਾਲਾਂ 'ਚ ਇਸ ਤਕਨੀਕ ਦੀ ਵਰਤੋਂ ਸ਼ੁਰੂ ਹੋਈ ਸੀ।

ਲੂਸੀਆਨੋ ਗਾਤੀਨੋਨੀ ਇਸ ਤਕਨੀਕ 'ਤੇ ਸ਼ੁਰੂਆਤੀ ਅਧਿਐਨ ਅਤੇ ਆਪਣੇ ਮਰੀਜ਼ਾਂ 'ਤੇ ਇਸ ਦਾ ਸਫਲਤਾਪੂਰਵਕ ਪ੍ਰਯੋਗ ਕਰਨ ਵਾਲੇ ਡਾਕਟਰਾਂ 'ਚੋਂ ਇੱਕ ਰਹੇ ਹਨ।

ਲੂਸੀਆਨੋ ਇਨ੍ਹੀਂ ਦਿਨੀ ਐਨੇਸਥੀਸਿਓਲੋਜੀ ਅਤੇ ਪੁਨਰ ਸੁਰਜੀਵ ਨਾਲ ਜੁੜੇ ਵਿਗਿਆਨ ਦੇ ਮਾਹਰ ਹਨ। ਇਸ ਤੋਂ ਇਲਾਵਾ ਉਹ ਮਿਲਾਨ ਯੂਨੀਵਰਸਿਟੀ 'ਚ ਪ੍ਰੋਫੈਸਰ ਵੀ ਹਨ।

ਪ੍ਰੋ. ਲੂਸੀਆਨੋ ਨੇ ਬੀਬੀਸੀ ਨੂੰ ਦੱਸਿਆ ਕਿ ਮੈਡੀਕਲ ਭਾਈਚਾਰੇ ਦੇ ਰੂੜ੍ਹੀਵਾਦੀ ਹੋਣ ਕਰਕੇ ਸ਼ੁਰੂਆਤੀ ਦਿਨਾਂ 'ਚ ਪ੍ਰੋਨਿੰਗ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

"ਪਰ ਹੁਣ ਇਸ ਤਕਨੀਕ ਦੀ ਬਹੁਤ ਵਰਤੋਂ ਹੁੰਦੀ ਹੈ।"

ਉਨ੍ਹਾਂ ਅਨੁਸਾਰ ਪ੍ਰੋਨਿੰਗ ਨਾਲ ਜਿੱਥੇ ਸਰੀਰ 'ਚ ਆਕਸੀਜਨ ਦੀ ਮਾਤਰਾ 'ਚ ਵਾਧਾ ਹੁੰਦਾ ਹੈ, ਉੱਥੇ ਹੀ ਇਸ ਦੇ ਹੋਰ ਕਈ ਫਾਇਦੇ ਵੀ ਹਨ।

"ਜਦੋਂ ਮਰੀਜ਼ ਮੂੰਹ ਹੇਠਾਂ ਵੱਲ ਕਰਕੇ ਲੇਟਦਾ ਹੈ ਤਾਂ ਉਸ ਦੇ ਫੇਫੜਿਆਂ ਦੇ ਵੱਖ-ਵੱਖ ਹਿੱਸਿਆਂ 'ਚ ਬਰਾਬਰ ਦਬਾਅ ਪੈਂਦਾ ਹੈ।"

ਪ੍ਰੋ. ਲੂਸੀਆਨੋ ਨੇ ਕਿਹਾ, "ਫੇਫੜਿਆਂ ਨੂੰ ਵੈਂਟੀਲੇਟਰ ਦੀ ਮਕੈਨੀਕਲ ਊਰਜਾ ਦੀ ਤਰ੍ਹਾਂ ਵੇਖੋ, ਤਾਂ ਇਸ ਨੂੰ ਨਿਰੰਤਰ ਕੰਮ ਕਰਨਾ ਪੈਂਦਾ ਹੈ। ਜੇਕਰ ਫੇਫੜਿਆਂ ਦੇ ਵੱਖ-ਵੱਖ ਹਿੱਸਿਆਂ 'ਤੇ ਇਕਸਾਰ ਦਬਾਅ ਪਵੇਗਾ ਤਾਂ ਇਸ ਦਾ ਨੁਕਸਾਨ ਘੱਟ ਹੋਵੇਗਾ।"

ਇਸ ਸਦੀ ਦੇ ਸ਼ੁਰੂ 'ਚ ਹੋਏ ਦੂਜੇ ਅਧਿਐਨਾਂ 'ਚ ਵੀ ਇਸ ਤਕਨੀਕ ਦੇ ਫਾਇਦੇ ਦੱਸੇ ਗਏ ਹਨ।

ਫਰਾਂਸ 'ਚ ਸਾਲ 2000 'ਚ ਹੋਏ ਇੱਕ ਅਧਿਐਨ ਦੇ ਨਤੀਜਿਆਂ ਅਨੁਸਾਰ ਪ੍ਰੋਨਿੰਗ ਦੇ ਨਾਲ ਮਰੀਜ਼ਾਂ ਦੇ ਫੇਫੜਿਆਂ 'ਚ ਵਧੇਰੇ ਆਕਸੀਜਨ ਤਾਂ ਪਹੁੰਚੀ ਹੀ, ਇਸ ਦੇ ਨਾਲ ਹੀ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵੀ ਵੱਧ ਗਈ।

ਅਜਿਹੀ ਸਥਿਤੀ 'ਚ ਪ੍ਰੋਨਿੰਗ ਦੀ ਤਕਨੀਕ ਨੂੰ ਉਸ ਮਹਾਂਮਾਰੀ ਨਾਲ ਨਜਿੱਠਣ ਲਈ ਅਪਣਾਇਆ ਜਾ ਸਕਦਾ ਹੈ, ਜਿਸ ਦੇ ਕਾਰਨ ਵਿਸ਼ਵ ਭਰ 'ਚ ਹਜ਼ਾਰਾਂ ਹੀ ਲੋਕ ਮਰ ਚੁੱਕੇ ਹਨ ਅਤੇ ਜਿਸ ਦਾ ਅਜੇ ਤੱਕ ਕੋਈ ਇਲਾਜ ਵੀ ਸਾਹਮਣੇ ਨਹੀਂ ਆਇਆ ਹੈ।

ਪ੍ਰੋ. ਗਾਲੀਆਤਸਤੋਸ ਨੇ ਦੱਸਿਆ, "ਜਦੋਂ ਤੱਕ ਇਲਾਜ ਨਹੀਂ ਉਪਲਬਧ ਹੁੰਦਾ, ਉਦੋਂ ਤੱਕ ਅਸੀਂ ਇਸ ਥੈਰੇਪੀ ਦੀ ਵਰਤੋਂ ਕਰ ਸਕਦੇ ਹਾਂ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)