ਕੋਰੋਨਾਵਾਇਰਸ: 'ਪਾਣੀ ਲਈ ਪਹਿਲਾਂ ਤੋਂ ਖੂਹ ਪੱਟਣਾ ਹੁੰਦਾ ਹੈ, ਪਰ ਅਸੀਂ ਇਹ ਨਹੀਂ ਕੀਤਾ' ਆਕਸੀਜਨ ਪੂਰਤੀ ਲਈ ਕਿੱਥੇ ਕਮੀਆਂ ਰਹੀਆਂ?

    • ਲੇਖਕ, ਜਾਹਨਵੀ ਮੂਲੇ
    • ਰੋਲ, ਬੀਬੀਸੀ ਮਰਾਠੀ

ਦਿੱਲੀ ਵਿੱਚ ਇਨ੍ਹਾਂ ਦਿਨੀਂ ਕਈ ਹਸਪਤਾਲ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਹਨ।

ਕਈ ਹਸਪਤਾਲਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ ਤਾਂ ਕਈ ਹਸਪਤਾਲਾਂ ਨੂੰ ਆਖਿਰੀ ਪਲਾਂ ਵਿੱਚ ਆਕਸੀਜਨ ਮਿਲ ਸਕੀ।

ਇਸ ਹਫ਼ਤੇ ਦੀ ਸ਼ੁਰੂਆਤ ਤੋਂ ਹੀ ਦਿੱਲੀ ਦੇ ਕਈ ਵੱਡੇ ਹਸਪਤਾਲਾਂ ਤੋਂ ਵਾਰ-ਵਾਰ ਆਕਸੀਜਨ ਦਾ ਸਟਾਕ ਲਗਭਗ ਖ਼ਤਮ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ।

ਇਹ ਵੀ ਪੜ੍ਹੋ

ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੇ ਜਨਤਕ ਤੌਰ 'ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਰਾਜਧਾਨੀ ਵਿੱਚ ਮੈਡੀਕਲ ਆਕਸਜੀਨ ਦੀ ਸਪਲਾਈ ਵਧਾਈ ਜਾਵੇ।

ਇਸ ਦੇ ਬਾਅਦ ਦਿੱਲੀ ਹਾਈ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਆਕਸੀਜਨ ਰੀ-ਫਿਲਿੰਗ ਦੀ ਸੁਵਿਧਾ ਹੋਰ ਵਧਾਵੇ।

ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਨਾਲ ਲਗਭਗ 60 ਮਰੀਜ਼ ਮੌਤ ਦੀ ਕਗਾਰ 'ਤੇ ਸਨ।

ਕਾਫ਼ੀ ਜੱਦੋਜਹਿਦ ਦੇ ਬਾਅਦ ਆਖਿਰਕਾਰ ਸ਼ੁਕਰਵਾਰ ਨੂੰ ਇੱਕ ਆਕਸੀਜਨ ਟੈਂਕਰ ਹਸਪਤਾਲ ਪਹੁੰਚਿਆ, ਪਰ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਜਿਸ ਤੇਜ਼ੀ ਨਾਲ ਆ ਰਹੇ ਹਨ, ਉਸ ਨਾਲ ਇਸ ਦਾ ਹੈਲਥਕੇਅਰ ਸਿਸਟਮ ਡਗਮਗਾ ਗਿਆ ਹੈ।

ਦੇਸ਼ ਦੇ ਸਭ ਤੋਂ ਅਮੀਰ ਸ਼ਹਿਰਾਂ ਤੋਂ ਲੈ ਕੇ ਦੂਰਦਰਾਜ਼ ਦੇ ਇਲਾਕਿਆਂ ਤੱਕ ਦਾ ਇੱਕ ਹੀ ਹਾਲ ਹੈ।

ਇੱਕ-ਇੱਕ ਸਾਹ ਦੀ ਲੜਾਈ

ਪੱਛਮ ਵਿੱਚ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਲੈ ਕੇ ਉੱਤਰ ਵਿੱਚ ਹਰਿਆਣਾ ਅਤੇ ਮੱਧ ਪ੍ਰਦੇਸ਼ ਤੱਕ ਸਾਰੀਆਂ ਥਾਵਾਂ 'ਤੇ ਮੈਡੀਕਲ ਆਕਸੀਜਨ ਦੀ ਭਾਰੀ ਘਾਟ ਪੈਦਾ ਹੋ ਗਈ ਹੈ।

ਉੱਤਰ ਪ੍ਰਦੇਸ਼ ਵਿੱਚ ਤਾਂ ਕੁਝ ਹਸਪਤਾਲਾਂ ਨੇ ਬਾਹਰ 'ਆਕਸੀਜਨ ਆਊਟ ਆਫ ਸਟਾਕ' ਦੀ ਤਖ਼ਤੀ ਲਗਾ ਦਿੱਤੀ ਹੈ।

ਲਖਨਊ ਵਿੱਚ ਹਸਪਤਾਲਾਂ ਨੇ ਤਾਂ ਮਰੀਜ਼ਾਂ ਨੂੰ ਕਿਧਰੇ ਹੋਰ ਜਾਣ ਲਈ ਕਹਿਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਛੋਟੇ ਹਸਪਤਾਲ ਅਤੇ ਨਰਸਿੰਗ ਹੋਮ ਵੀ ਇਹੀ ਕਰ ਰਹੇ ਹਨ।

ਕਈ ਸ਼ਹਿਰਾਂ ਵਿੱਚ ਮਰੀਜ਼ਾਂ ਦੇ ਬੇਹਾਲ ਪਰਿਵਾਰਕ ਮੈਂਬਰ ਖੁਦ ਸਿਲੰਡਰ ਲੈ ਕੇ ਰੀ-ਫਿਲਿੰਗ ਸੈਂਟਰ ਦੇ ਬਾਹਰ ਲਾਈਨ ਲਗਾ ਕੇ ਖੜ੍ਹੇ ਨਜ਼ਰ ਆ ਰਹੇ ਹਨ।

ਹੈਦਰਾਬਾਦ ਵਿੱਚ ਤਾਂ ਆਕਸੀਜਨ ਪਲਾਂਟ ਦੇ ਬਾਹਰ ਜਮ੍ਹਾ ਭੀੜ 'ਤੇ ਕਾਬੂ ਪਾਉਣ ਲਈ ਬਾਊਂਸਰਾਂ ਨੂੰ ਬੁਲਾਉਣਾ ਪਿਆ।

ਕੋਰੋਨਾ ਦੇ ਸ਼ਿਕਾਰ ਕਈ ਮਰੀਜ਼ ਇਲਾਜ ਦੇ ਇੰਤਜ਼ਾਰ ਵਿੱਚ ਦਮ ਤੋੜ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਸਾਹ ਲੈਣ ਵਿੱਚ ਜ਼ਿਆਦਾ ਤਕਲੀਫ਼ ਹੋ ਰਹੀ ਹੈ, ਉਨ੍ਹਾਂ ਦਾ ਇਲਾਜ ਕਰਨ ਵਿੱਚ ਹਸਪਤਾਲਾਂ ਨੂੰ ਦਿਨ-ਰਾਤ ਇੱਕ ਕਰਨਾ ਪੈ ਰਿਹਾ ਹੈ।

ਜਿਨ੍ਹਾਂ ਲੋਕਾਂ ਨੂੰ ਕਿਸਮਤ ਨਾਲ ਬੈੱਡ ਮਿਲ ਗਿਆ ਹੈ, ਉਨ੍ਹਾਂ ਦੇ ਸਾਹ ਬਚਾਉਣ ਲਈ ਹਸਪਤਾਲ ਭਾਰੀ ਜੱਦੋਜਹਿਦ ਵਿੱਚ ਜੁਟੇ ਹਨ। ਸੋਸ਼ਲ ਮੀਡੀਆ ਅਤੇ ਵੱਟ੍ਹਸਐਪ ਗਰੁੱਪ 'ਤੇ ਆਕਸੀਜਨ ਸਿਲੰਡਰਾਂ ਦੀ ਮੰਗ ਕਰਦੀਆਂ ਅਪੀਲਾਂ ਦੀ ਭਰਮਾਰ ਹੈ।

ਪਿਛਲੇ ਇੱਕ ਹਫ਼ਤੇ ਤੋਂ ਭਾਰਤ ਆਪਣੇ ਭਿਆਨਕ ਸੁਪਨੇ ਨਾਲ ਜੂਝ ਰਿਹਾ ਹੈ। ਮੈਡੀਕਲ ਆਕਸੀਜਨ ਦੀ ਜ਼ਬਰਦਸਤ ਕਿੱਲਤ ਨੇ ਇੱਥੇ ਦਹਿਸ਼ਤ ਪੈਦਾ ਕਰ ਦਿੱਤੀ ਹੈ।

ਕੋਰੋਨਾ ਨਾਲ ਪੈਦਾ ਹਾਲਾਤ ਨੂੰ ਦੇਖ ਚੁੱਕੇ ਡਾਕਟਰਾਂ ਤੋਂ ਲੈ ਕੇ ਅਫ਼ਸਰਾਂ ਅਤੇ ਪੱਤਰਕਾਰਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਤਾਂ ਅਜਿਹੇ ਮੰਜ਼ਰ ਪਹਿਲਾਂ ਵੀ ਗੁਜ਼ਰ ਚੁੱਕੇ ਹਨ।

ਸੱਤ ਮਹੀਨੇ ਪਹਿਲਾਂ ਜਦੋਂ ਕੋਰੋਨਾ ਦੇ ਮਾਮਲੇ ਸਿਖਰ 'ਤੇ ਸਨ, ਉਦੋਂ ਵੀ ਆਕਸੀਜਨ ਦੀ ਅਜਿਹੀ ਹੀ ਕਿੱਲਤ ਪੈਦਾ ਹੋਈ ਸੀ, ਪਰ ਇਸ ਬਾਰ ਹਾਲਾਤ ਬੇਹੱਦ ਖਰਾਬ ਹਨ।

ਇਹ ਵੀ ਪੜ੍ਹੋ

ਹਕੀਕਤ ਇਹ ਹੈ ਕਿ ਦੇਸ਼ ਵਿੱਚ ਆਕਸੀਜਨ ਦਾ ਜਿੰਨਾ ਪ੍ਰੋਡਕਸ਼ਨ ਹੁੰਦਾ ਹੈ, ਉਸ ਦਾ ਸਿਰਫ਼ 15 ਫੀਸਦੀ ਹਿੱਸਾ ਹੀ ਹਸਪਤਾਲਾਂ ਵੱਲੋਂ ਵਰਤਿਆ ਜਾਂਦਾ ਹੈ। ਬਾਕੀ 85 ਫੀਸਦੀ ਦੀ ਵਰਤੋਂ ਉਦਯੋਗਾਂ ਵਿੱਚ ਹੁੰਦੀ ਹੈ।

ਸੀਨੀਅਰ ਹੈਲਥ ਅਫ਼ਸਰ ਰਾਜੇਸ਼ ਭੂਸ਼ਣ ਮੁਤਾਬਿਕ ਕੋਰੋਨਾ ਸੰਕਰਮਣ ਦੀ ਇਸ ਦੂਜੀ ਲਹਿਰ ਦੌਰਾਨ ਦੇਸ਼ ਵਿੱਚ ਆਕਸੀਜਨ ਸਪਲਾਈ ਦਾ 90 ਫੀਸਦੀ ਹਸਪਤਾਲਾਂ ਅਤੇ ਦੂਜੀਆਂ ਮੈਡੀਕਲ ਜ਼ਰੂਰਤਾਂ ਲਈ ਉਪਯੋਗ ਹੋ ਰਿਹਾ ਹੈ।

ਜਦੋਂਕਿ ਪਿਛਲੇ ਸਾਲ ਸਤੰਬਰ ਦੇ ਮੱਧ ਵਿੱਚ ਜਦੋਂ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਸੰਕਰਮਿਤਾਂ ਦੀ ਸੰਖਿਆ ਸਭ ਤੋਂ ਜ਼ਿਆਦਾ ਸੀ ਤਾਂ ਹਰ ਦਿਨ ਮੈਡੀਕਲ ਜ਼ਰੂਰਤਾਂ ਲਈ 2700 ਟਨ ਆਕਸੀਜਨ ਦੀ ਸਪਲਾਈ ਹੋ ਰਹੀ ਸੀ।

ਉਸ ਦੌਰਾਨ ਦੇਸ਼ ਵਿੱਚ ਹਰ ਦਿਨ ਕੋਰੋਨਾ ਲਾਗ ਦੇ ਲਗਭਗ 90 ਹਜ਼ਾਰ ਨਵੇਂ ਮਾਮਲੇ ਆ ਰਹੇ ਸਨ, ਪਰ ਇਸ ਸਾਲ ਅਪ੍ਰੈਲ ਵਿੱਚ ਹੀ ਦੋ ਹਫ਼ਤੇ ਪਹਿਲਾਂ ਤੱਕ ਇੱਕ ਦਿਨ ਵਿੱਚ ਕੋਰੋਨਾ ਦੀ ਲਾਗ ਦੇ ਨਵੇਂ ਮਾਮਲੇ ਵਧ ਕੇ 1,44,000 ਤੱਕ ਪਹੁੰਚ ਗਏ।

ਹੁਣ ਤਾਂ ਹਰ ਦਿਨ ਲਾਗ ਦੇ ਮਾਮਲਿਆਂ ਦੀ ਗਿਣਤੀ ਵਧ ਕੇ ਦੁੱਗਣੀ ਤੋਂ ਜ਼ਿਆਦਾ ਯਾਨੀ ਤਿੰਨ ਲੱਖ ਤੱਕ ਪਹੁੰਚ ਗਈ ਹੈ।

'ਸਰਕਾਰ ਅੰਦਾਜ਼ਾ ਨਹੀਂ ਲਗਾ ਸਕੀ, ਹਾਲਾਤ ਇਸ ਕਦਰ ਬਿਗੜਨਗੇ'

ਪੁਣੇ ਵਿੱਚ ਕੋਵਿਡ ਹਸਪਤਾਲ ਚਲਾਉਣ ਵਾਲੇ ਡਾ. ਸਿਧੇਸ਼ਵਰ ਸ਼ਿੰਦੇ ਕਹਿੰਦੇ ਹਨ, ''ਹਾਲਾਤ ਇੰਨੇ ਖਰਾਬ ਹਨ, ਜਦੋਂ ਤੱਕ ਕਿ ਆਈਸੀਯੂ ਬੈੱਡ ਦਾ ਇੰਤਜ਼ਾਮ ਨਹੀਂ ਹੋ ਸਕਿਆ, ਉਦੋਂ ਤੱਕ ਸਾਨੂੰ ਕੁਝ ਮਰੀਜ਼ਾਂ ਦਾ ਇਲਾਜ ਕਾਰਡਿਯਕ ਐਂਬੂਲੈਂਸ ਵਿੱਚ ਕਰਨਾ ਪਿਆ।''

''ਆਈਸੀਯੂ ਬੈੱਡ ਮਿਲਣ ਤੋਂ ਪਹਿਲਾਂ ਉਨ੍ਹਾਂ ਨੂੰ ਇਨ੍ਹਾਂ ਐਂਬੂਲੈਂਸਾਂ ਵਿੱਚ 12 ਘੰਟੇ ਤੱਕ ਰੱਖਣਾ ਪਿਆ। ਦੇਸ਼ ਭਰ ਵਿੱਚ ਜਿੰਨੇ ਕੋਰੋਨਾ ਦੀ ਲਾਗ ਦੇ ਮਾਮਲੇ ਆ ਰਹੇ ਹਨ, ਉਨ੍ਹਾਂ ਵਿੱਚ ਪੁਣੇ ਦੂਜੇ ਨੰਬਰ 'ਤੇ ਹੈ। ਮੌਤਾਂ ਦੇ ਮਾਮਲੇ ਵਿੱਚ ਇਹ ਤੀਜੇ ਨੰਬਰ 'ਤੇ ਹੈ।''

ਪਿਛਲੇ ਹਫ਼ਤੇ ਜਦੋਂ ਪੁਣੇ ਵਿੱਚ ਵੈਂਟੀਲੇਟਰ ਖਤਮ ਹੋ ਗਏ ਤਾਂ ਡਾ. ਸ਼ਿੰਦੇ ਨੂੰ ਆਪਣੇ ਮਰੀਜ਼ਾਂ ਨੂੰ ਦੂਜੇ ਸ਼ਹਿਰਾਂ ਵਿੱਚ ਭੇਜਣਾ ਪਿਆ।

ਪੁਣੇ ਵਿੱਚ ਅਜਿਹੀ ਸਥਿਤੀ ਕਦੇ ਨਹੀਂ ਆਈ ਸੀ। ਇੱਥੇ ਤਾਂ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕ ਇਲਾਜ ਕਰਾਉਣ ਆਉਂਦੇ ਹਨ।

ਦੇਸ਼ ਵਿੱਚ ਇਸ ਵਕਤ ਕੋਰੋਨਾ ਆਪਣਾ ਸਭ ਤੋਂ ਜ਼ਿਆਦਾ ਕਹਿਰ ਮਹਾਰਾਸ਼ਟਰ 'ਤੇ ਢਾਅ ਰਿਹਾ ਹੈ। ਦੇਸ਼ ਦੇ ਕੋਰੋਨਾ ਸੰਕਰਮਿਤ ਮਰੀਜ਼ਾਂ ਵਿੱਚੋਂ ਇੱਕ ਤਿਹਾਈ ਤੋਂ ਜ਼ਿਆਦਾ ਇਕੱਲੇ ਇਸ ਰਾਜ ਵਿੱਚ ਹਨ।

ਇੱਥੇ ਇਸ ਵਕਤ ਹਰ ਦਿਨ 1200 ਟਨ ਆਕਸੀਜਨ ਦਾ ਪ੍ਰੋਡਕਸ਼ਨ ਹੋ ਰਿਹਾ ਹੈ। ਪਰ ਪੂਰੀ ਆਕਸੀਜਨ ਕੋਰੋਨਾ ਮਰੀਜ਼ਾਂ ਵਿੱਚ ਖਪੀ ਜਾ ਰਹੀ ਹੈ।

ਜਿਵੇਂ-ਜਿਵੇਂ ਲਾਗ ਦਾ ਅੰਕੜਾ ਵਧਦਾ ਜਾ ਰਿਹਾ ਹੈ, ਆਕਸੀਜਨ ਦੀ ਮੰਗ ਵੀ ਵਧਦੀ ਜਾ ਰਹੀ ਹੈ। ਹੁਣ ਹਰ ਦਿਨ 1500 ਤੋਂ 1600 ਟਨ ਗੈਸ ਦੀ ਖਪਤ ਦੀ ਸਥਿਤੀ ਆ ਗਈ ਹੈ।

ਇਸ ਵਿੱਚ ਗਿਰਾਵਟ ਦੇ ਅਜੇ ਕੋਈ ਸੰਕੇਤ ਨਹੀਂ ਨਜ਼ਰ ਆ ਰਹੇ।

ਡਾ. ਸ਼ਿੰਦੇ ਕਹਿੰਦੇ ਹਨ, ''ਆਮਤੌਰ 'ਤੇ ਸਾਡੇ ਵਰਗੇ ਹਸਪਤਾਲਾਂ ਨੂੰ ਉਚਿੱਤ ਆਕਸੀਜਨ ਮਿਲ ਜਾਇਆ ਕਰਦੀ ਸੀ, ਪਰ ਪਿਛਲੇ ਇੱਕ ਪਖਵਾੜੇ ਤੋਂ ਲੋਕਾਂ ਦੇ ਸਾਹ ਚਲਾਉਂਦੇ ਰੱਖਣਾ ਮੁਸ਼ਕਿਲ ਕੰਮ ਹੁੰਦਾ ਜਾ ਰਿਹਾ ਹੈ। 22 ਸਾਲ ਦੇ ਨੌਜਵਾਨਾਂ ਨੂੰ ਵੀ ਆਕਸੀਜਨ ਸਪੋਰਟ ਦੀ ਜ਼ਰੂਰਤ ਪੈ ਰਹੀ ਹੈ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਡਾਕਟਰਾਂ ਅਤੇ ਮਹਾਂਮਾਰੀ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਕੇਸ ਇੰਨੀ ਤੇਜ਼ੀ ਨਾਲ ਵਧੇ ਹਨ ਕਿ ਟੈਸਟ ਅਤੇ ਇਲਾਜ ਲਈ ਕਾਫ਼ੀ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਦੇਰੀ ਦੀ ਵਜ੍ਹਾ ਨਾਲ ਲੋਕਾਂ ਦੀ ਹਾਲਤ ਖਰਾਬ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਉਣਾ ਪੈ ਰਿਹਾ ਹੈ। ਹਾਲਤ ਗੰਭੀਰ ਹੋਣ ਦੀ ਵਜ੍ਹਾ ਨਾਲ ਲੋਕ ਧੜਾਧੜ ਹਸਪਤਾਲ ਵਿੱਚ ਦਾਖਲ ਹੋ ਰਹੇ ਹਨ।

ਸਿੱਟੇ ਵਜੋਂ ਹਾਈ-ਫਲੋ ਆਕਸੀਜਨ ਦੀ ਮੰਗ ਵਧ ਗਈ ਹੈ। ਹਾਈ-ਫਲੋ ਆਕਸੀਜਨ ਦੀ ਮੰਗ ਵਧਣ ਦੀ ਵਜ੍ਹਾ ਨਾਲ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਵਾਰ ਇਸ ਦੀ ਜ਼ਿਆਦਾ ਸਪਲਾਈ ਦੀ ਜ਼ਰੂਰਤ ਪੈ ਰਹੀ ਹੈ।

ਡਾ. ਸ਼ਿੰਦੇ ਕਹਿੰਦੇ ਹਨ, ''ਕਿਸੇ ਨੂੰ ਪਤਾ ਨਹੀਂ ਕਿ ਇਹ ਸਭ ਕਦੋਂ ਖਦਮ ਹੋਵੇਗਾ। ਮੈਨੂੰ ਲੱਗਦਾ ਹੈ ਕਿ ਸਰਕਾਰ ਵੀ ਇਸ ਹਾਲਤ ਦਾ ਅੰਦਾਜ਼ਾ ਨਹੀਂ ਲਗਾ ਸਕੀ ਹੋਵੇਗੀ।''

ਆਕਸੀਜਨ ਲਈ ਮਾਰਾਮਾਰੀ

ਕੁਝ ਰਾਜਾਂ ਨੇ ਸਥਿਤੀ ਚੰਗੀ ਤਰ੍ਹਾਂ ਸੰਭਾਲੀ। ਕੇਰਲ ਨੇ ਪਹਿਲਾਂ ਹੀ ਆਕਸੀਜਨ ਦੀ ਸਪਲਾਈ ਵਧਾ ਦਿੱਤੀ ਅਤੇ ਫਿਰ ਇਸ 'ਤੇ ਸਖ਼ਤ ਨਜ਼ਰ ਰੱਖਣੀ ਸ਼ੁਰੂ ਕੀਤੀ।

ਕੇਸ ਵਧਣ ਦੇ ਮੱਦੇਨਜ਼ਰ ਇਸ ਨੇ ਆਕਸੀਜਨ ਸਪਲਾਈ ਵਧਾਉਣ ਦੀ ਯੋਜਨਾ ਪਹਿਲਾਂ ਤੋਂ ਹੀ ਤਿਆਰ ਰੱਖੀ। ਕੇਰਲ ਦੇ ਕੋਲ ਹੁਣ ਸਰਪਲੱਸ ਆਕਸੀਜਨ ਹੈ ਅਤੇ ਹੁਣ ਇਹ ਦੂਜੇ ਰਾਜਾਂ ਨੂੰ ਇਸ ਦੀ ਸਪਲਾਈ ਕਰ ਰਿਹਾ ਹੈ।

ਪਰ ਦਿੱਲੀ ਅਤੇ ਕੁਝ ਦੂਜੇ ਰਾਜਾਂ ਕੋਲ ਆਪਣੇ ਆਕਸੀਜਨ ਪਲਾਂਟ ਨਹੀਂ ਹਨ। ਸਪਲਾਈ ਲਈ ਉਹ ਦੂਜੇ ਰਾਜਾਂ 'ਤੇ ਨਿਰਭਰ ਹਨ।

ਇਸ ਵਿਚਕਾਰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਰਾਸ਼ਟਰੀ ਕੋਵਿਡ ਯੋਜਨਾ ਬਣਾਉਣ ਨੂੰ ਕਿਹਾ ਹੈ ਤਾਂ ਕਿ ਆਕਸੀਜਨ ਸਪਲਾਈ ਦੀ ਘਾਟ ਦੂਰ ਕੀਤੀ ਜਾ ਸਕੇ।

ਕੇਂਦਰੀ ਸਿਹਤ ਮੰਤਰਾਲੇ ਨੇ ਆਕਸੀਜਨ ਪਲਾਂਟ ਲਗਾਉਣ ਲਈ ਪਿਛਲੇ ਸਾਲ ਅਕਤੂਬਰ ਵਿੱਚ ਬੋਲੀਆਂ ਦੀ ਮੰਗ ਕੀਤੀ ਸੀ।

ਹਾਲਾਂਕਿ ਉਦੋਂ ਤੱਕ ਭਾਰਤ ਵਿੱਚ ਕੋਰੋਨਾ ਸੰਕਰਮਣ ਨੂੰ ਆਏ ਹੋਏ ਅੱਠ ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਸਨ।

ਸਿਹਤ ਮੰਤਰਾਲੇ ਦੀ ਇਸ ਪਹਿਲ ਦੇ ਜਵਾਬ ਵਿੱਚ ਆਕਸੀਜਨ ਪਲਾਂਟ ਲਗਾਉਣ ਦੇ ਕਈ ਪ੍ਰਸਤਾਵ ਆਏ ਅਤੇ 162 ਨੂੰ ਮਨਜ਼ੂਰੀ ਦੇ ਦਿੱਤੀ ਗਈ, ਪਰ ਸਿਹਤ ਮੰਤਰਾਲੇ ਮੁਤਾਬਿਕ ਹੁਣ ਤੱਕ ਸਿਰਫ਼ 33 ਪਲਾਂਟ ਹੀ ਲੱਗ ਸਕੇ ਹਨ।

ਅਪ੍ਰੈਲ ਦੇ ਅੰਤ ਵਿੱਚ 59 ਪਲਾਂਟ ਲੱਗਣਗੇ ਅਤੇ ਮਈ ਦੇ ਆਖੀਰ ਤੱਕ 80।

ਦਰਅਸਲ, ਆਕਸੀਜਨ ਸਪਲਾਈ ਲਈ ਕੋਈ ਐਮਰਜੈਂਸੀ ਪਲਾਨਿੰਗ ਨਹੀਂ ਹੋਈ ਸੀ। ਇਹੀ ਵਜ੍ਹਾ ਹੈ ਕਿ ਇਸ ਲਈ ਇਸ ਕਦਰ ਹਫੜਾ ਦਫ਼ੜੀ ਮਚੀ।

ਲਿਕੁਇਡ ਆਕਸੀਜਨ ਹਲਕੇ ਨੀਲੇ ਜੰਗ ਦੀ ਅਤੇ ਕਾਫ਼ੀ ਠੰਢੀ ਹੁੰਦੀ ਹੈ। ਇਹ ਕ੍ਰਾਯੋਜੇਨਿਕ ਗੈਸ ਹੁੰਦੀ ਹੈ ਜਿਸ ਦਾ ਤਾਪਮਾਨ -183 ਸੈਂਟੀਗ੍ਰੇਡ ਹੁੰਦਾ ਹੈ।

ਇਸ ਨੂੰ ਖ਼ਾਸ ਸਿਲੰਡਰਾਂ ਅਤੇ ਟੈਂਕਰਾਂ ਵਿੱਚ ਹੀ ਲੈ ਜਾਇਆ ਅਤੇ ਰੱਖਿਆ ਜਾ ਸਕਦਾ ਹੈ।

ਭਾਰਤ ਵਿੱਚ ਲਗਭਗ 500 ਫੈਕਟਰੀਆਂ ਹਵਾ ਤੋਂ ਆਕਸੀਜਨ ਕੱਢਣ ਅਤੇ ਇਸ ਨੂੰ ਸ਼ੁੱਧ ਕਰਨ ਦਾ ਕੰਮ ਕਰਦੀਆਂ ਹਨ। ਇਸ ਦੇ ਬਾਅਦ ਇਸ ਨੂੰ ਲਿਕੁਇਡ ਵਿੱਚ ਬਦਲ ਕੇ ਹਸਪਤਾਲਾਂ ਨੂੰ ਭੇਜਿਆ ਜਾਂਦਾ ਹੈ।

ਜ਼ਿਆਦਾਤਰ ਗੈਸ ਦੀ ਸਪਲਾਈ ਟੈਂਕਰਾਂ ਤੋਂ ਹੀ ਜਾਂਦੀ ਹੈ।

ਵੱਡੇ ਹਸਪਤਾਲਾਂ ਕੋਲ ਆਪਣੇ ਟੈਂਕ ਹੁੰਦੇ ਹਨ ਜਿਨ੍ਹਾਂ ਵਿੱਚ ਆਕਸੀਜਨ ਭਰੀ ਜਾਂਦੀ ਹੈ ਅਤੇ ਫਿਰ ਉੱਥੋਂ ਹੀ ਇਹ ਮਰੀਜ਼ ਦੇ ਬਿਸਤਰੇ ਤੱਕ ਸਪਲਾਈ ਹੁੰਦੀ ਹੈ।

ਛੋਟੇ ਅਤੇ ਅਸਥਾਈ ਹਸਪਤਾਲ ਸਟੀਲ ਅਤੇ ਅਲੂਮੀਨੀਅਮ ਦੇ ਸਿਲੰਡਰਾਂ ਦੀ ਵਰਤੋਂ ਕਰਦੇ ਹਨ।

ਆਕਸੀਜਨ ਟੈਂਕਰਾਂ ਨੂੰ ਅਕਸਰ ਪਲਾਂਟ ਦੇ ਬਾਹਰ ਘੰਟਿਆਂ ਬੱਧੀ ਕਤਾਰ ਵਿੱਚ ਖੜ੍ਹਾ ਹੋਣਾ ਪੈਂਦਾ ਹੈ ਕਿਉਂਕਿ ਇੱਕ ਟੈਂਕਰ ਨੂੰ ਭਰਨ ਵਿੱਚ ਲਗਭਗ 2 ਘੰਟੇ ਦਾ ਸਮਾਂ ਲੱਗਦਾ ਹੈ।

ਇਸ ਦੇ ਬਾਅਦ ਅਲੱਗ-ਅਲੱਗ ਰਾਜ ਦੇ ਸ਼ਹਿਰਾਂ ਵਿੱਚ ਇਨ੍ਹਾਂ ਟਰੱਕਾਂ ਨੂੰ ਪਹੁੰਚਣ ਵਿੱਚ ਵੀ ਕਈ ਘੰਟੇ ਲੱਗ ਜਾਂਦੇ ਹਨ। ਟੈਂਕਰਾਂ ਲਈ ਗਤੀ ਸੀਮਾ ਵੀ ਨਿਰਧਾਰਤ ਹੈ।

ਇਹ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਜ਼ਿਆਦਾ ਤੇਜ਼ ਗਤੀ ਨਾਲ ਨਹੀਂ ਚੱਲ ਸਕਦੇ। ਦੁਰਘਟਨਾ ਦੇ ਡਰ ਨਾਲ ਇਹ ਟੈਂਕਰ ਰਾਤ ਨੂੰ ਵੀ ਨਹੀਂ ਚੱਲਦੇ।

'ਅੱਗ ਲੱਗਣ 'ਤੇ ਖੂਹ ਨਹੀਂ ਖੋਦਿਆ ਜਾਂਦਾ'

ਦੇਸ਼ ਦੇ ਸਭ ਤੋਂ ਵੱਡੇ ਆਕਸੀਜਨ ਸਪਲਾਇਰਾਂ ਵਿੱਚੋਂ ਇੱਕ ਦੇ ਪ੍ਰਮੁੱਖ ਨੇ ਕਿਹਾ ਕਿ ਅਸਲੀ ਜੱਦੋਜਹਿਦ ਗੈਸ ਨੂੰ ਦੇਸ਼ ਦੇ ਪੂਰਬੀ ਇਲਾਕਿਆਂ ਤੋਂ ਉੱਤਰ ਅਤੇ ਪੱਛਮੀ ਰਾਜਾਂ ਵਿੱਚ ਲਿਆਉਣ ਦੀ ਹੈ।

ਉੜੀਸਾ ਅਤੇ ਝਾਰਖੰਡ ਵਰਗੇ ਦੇਸ਼ ਦੇ ਪੂਰਵੀ ਇਲਾਕੇ ਦੇ ਉਦਯੋਗਿਕ ਰਾਜਾਂ ਵਿੱਚ ਆਕਸੀਜਨ ਦੀ ਸਪਲਾਈ ਕਾਫ਼ੀ ਚੰਗੀ ਹੈ।

ਦਿੱਲੀ ਅਤੇ ਮਹਾਰਾਸ਼ਟਰ ਵਿੱਚ ਕੋਰੋਨਾ ਦੀ ਲਾਗ ਦਾ ਅੰਕੜਾ ਵਧਦਾ ਜਾ ਰਿਹਾ ਹੈ ਅਤੇ ਇੱਥੇ ਇਨ੍ਹਾਂ ਰਾਜਾਂ ਨੂੰ ਜਲਦੀ ਤੋਂ ਜਲਦੀ ਆਕਸੀਜਨ ਦੀ ਸਪਲਾਈ ਪਹੁੰਚਣੀ ਜ਼ਰੂਰੀ ਹੈ।

ਕਿੱਥੋਂ ਕਿੰਨੀ ਆਕਸੀਜਨ ਦੀ ਮੰਗ ਆਵੇਗੀ, ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁ਼ਸ਼ਕਿਲ ਹੈ।

ਹਸਪਤਾਲਾਂ ਨੂੰ ਇਸ ਦੀ ਕਿੰਨੀ ਜ਼ਰੂਰਤ ਪਏਗੀ, ਇਹ ਕਹਿਣਾ ਮੁ਼ਸ਼ਕਿਲ ਹੈ। ਇਸ ਲਈ ਜਿੱਥੇ ਆਕਸੀਜਨ ਦੀ ਜ਼ਰੂਰਤ ਹੈ, ਉੱਥੇ ਇਸ ਦੀ ਢੁਕਵੀਂ ਸਪਲਾਈ ਵਿੱਚ ਰੁਕਾਵਟ ਆਉਂਦੀ ਹੈ।

ਮੁੰਬਈ ਦੇ ਇੱਕ ਹਸਪਤਾਲ ਵਿੱਚ ਸੰਕਰਮਣ ਰੋਗ ਮਾਹਿਰ ਦੇ ਤੌਰ 'ਤੇ ਕੰਮ ਕਰਨ ਵਾਲੇ ਡਾ. ਓਮ ਸ਼੍ਰੀਵਾਸਤਵ ਕਹਿੰਦੇ ਹਨ, 'ਹਰ ਮਰੀਜ਼ ਨੂੰ ਆਕਸੀਜਨ ਦੀ ਅਲੱਗ ਅਲੱਗ ਮਾਤਰਾ ਦੀ ਜ਼ਰੂਰਤ ਪੈਂਦੀ ਹੈ। ਜ਼ਰੂਰੀ ਨਹੀਂ ਕਿ ਹਰ ਮਰੀਜ਼ ਨੂੰ ਇੱਕ ਨਿਸ਼ਚਤ ਸਮੇਂ ਤੱਕ ਇੱਕ ਖ਼ਾਸ ਮਾਤਰਾ ਵਿੱਚ ਆਕਸੀਜਨ ਦਿੱਤੀ ਜਾਵੇ। ਹਸਪਤਾਲ ਵਿੱਚ ਰਹਿਣ ਦੌਰਾਨ ਹਰ ਘੰਟੇ ਉਸ ਦੀ ਜ਼ਰੂਰਤ ਬਦਲਦੀ ਜਾਂਦੀ ਹੈ।''

''ਅਸੀਂ ਇਲਾਜ ਦੀ ਜਿੰਨੀ ਕੋਸ਼ਿਸ਼ ਕਰ ਸਕਦੇ ਸੀ, ਕਰ ਰਹੇ ਹਾਂ, ਪਰ ਮੈਂ ਅਜਿਹੀ ਸਥਿਤੀ ਕਦੇ ਨਹੀਂ ਦੇਖੀ ਸੀ। ਮੇਰੇ ਖ਼ਿਆਲ ਨਾਲ ਇੱਥੇ ਕਿਸੇ ਨੇ ਅਜਿਹੀ ਸਥਿਤੀ ਬਾਰੇ ਨਹੀਂ ਸੋਚਿਆ ਸੀ।''

ਆਕਸੀਜਨ ਦੇ ਇਸ ਹਾਹਾਕਾਰੀ ਸੰਕਟ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਇਸ ਗੱਲੋਂ ਆਲੋਚਨਾ ਹੋ ਰਹੀ ਸੀ ਕਿ ਇਸ ਨੇ ਕੋਰੋਨਾ ਸੰਕਰਮਣ ਦੇ ਬਾਵਜੂਦ ਰਾਜਨੀਤਕ ਰੈਲੀਆਂ ਅਤੇ ਕੁੰਭ ਵਰਗੇ ਤੀਰਥਾਂ ਅਤੇ ਤਿਓਹਾਰਾਂ ਵਿੱਚ ਲੋਕਾਂ ਦੇ ਇਕੱਠ ਨੂੰ ਇਜਾਜ਼ਤ ਦੇ ਦਿੱਤੀ।

ਸਰਕਾਰ 'ਤੇ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਉਹ ਟੀਕਾਕਰਨ ਅਭਿਆਨ ਨੂੰ ਉਚਿੱਤ ਰਫ਼ਤਾਰ ਨਹੀਂ ਦੇ ਸਕੀ।

ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਰਾਜ ਸਰਕਾਰਾਂ ਨੇ ਦੇਸ਼ ਵਿੱਚ ਤੂਫ਼ਾਨੀ ਰਫ਼ਤਾਰ ਨਾਲ ਛਾ ਗਏ ਕੋਰੋਨਾ ਲਾਗ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਦੀ ਤਿਆਰੀ ਲਈ ਬਹੁਤ ਘੱਟ ਕਦਮ ਚੁੱਕੇ ਹਨ।

ਬੀਬੀਸੀ ਨਾਲ ਗੱਲਬਾਤ ਵਿੱਚ ਡਾਕਟਰਾਂ ਅਤੇ ਵਾਇਰਸ ਮਾਹਿਰਾਂ ਨੇ ਕਿਹਾ ਕਿ ਆਕਸੀਜਨ ਦੀ ਇਸ ਘਾਟ ਨੂੰ ਇਸ ਸੰਕਟ ਦੀ ਵਜ੍ਹਾ ਨਾਲ ਜ਼ਿਆਦਾ ਲੱਛਣ ਦੇ ਤੌਰ 'ਤੇ ਦੇਖਣਾ ਚਾਹੀਦਾ ਹੈ।

ਜੇਕਰ ਸੁਰੱਖਿਆ ਦੇ ਪ੍ਰਭਾਵੀ ਪ੍ਰੋਟੋਕਲ ਅਪਣਾਏ ਜਾਂਦੇ ਅਤੇ ਜਨਤਕ ਤੌਰ 'ਤੇ ਵੱਡੇ ਪੱਧਰ 'ਤੇ ਮਜ਼ਬੂਤੀ ਨਾਲ ਸੰਦੇਸ਼ ਦਿੱਤੇ ਜਾਂਦੇ ਤਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਸਕਦਾ ਸੀ।

ਪਰ ਜਿਵੇਂ ਹੀ ਜਨਵਰੀ ਵਿੱਚ ਕੋਰੋਨਾ ਦੇ ਕੇਸ ਘੱਟ ਹੋਏ, ਦੇਸ਼ ਵਿੱਚ ਢਿੱਲ ਵਾਲਾ ਮਾਹੌਲ ਬਣ ਗਿਆ। ਲਿਹਾਜ਼ਾ ਕੋਰੋਨਾ ਤੋਂ ਬਚਣ ਦੇ ਉਪਾਅ ਵੀ ਹੌਲੀ ਹੋ ਗਏ। ਇਸ ਦਾ ਖਮਿਆਜ਼ਾ ਭੁਗਤਣਾ ਪਿਆ।

ਕੋਰੋਨਾ ਦੀ ਦੂਜੀ ਲਹਿਰ ਨੇ ਪਹਿਲਾਂ ਤੋਂ ਵੀ ਜ਼ਿਆਦਾ ਭਿਆਨਕ ਤਰੀਕੇ ਨਾਲ ਉਲਟਵਾਰ ਕੀਤਾ।

ਬਹਰਹਾਲ, ਮੋਦੀ ਸਰਕਾਰ ਨੇ ਹੁਣ 'ਆਕਸੀਜਨ ਐਕਸਪ੍ਰੈੱਸ' ਸ਼ੁਰੂ ਕੀਤੀ ਹੈ। ਆਕਸੀਜਨ ਐਕਸਪ੍ਰੈੱਸ ਯਾਨੀ ਆਕਸੀਜਨ ਟੈਂਕਰ ਲੈ ਕੇ ਉੱਥੇ ਪਹੁੰਚ ਰਹੀ ਹੈ ਜਿੱਥੇ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ।

ਇਸ ਦੇ ਨਾਲ ਹੀ ਭਾਰਤੀ ਵਾਯੂ ਸੈਨਾ ਮਿਲਟਰੀ ਸਟੇਸ਼ਨਾਂ ਤੋਂ ਆਕਸੀਜਨ ਵੀ ਏਅਰਲਿਫਟ ਕਰ ਰਹੀ ਹੈ। ਸਰਕਾਰ 50 ਹਜ਼ਾਰ ਟਨ ਲਿਕੁਇਡ ਆਕਸੀਜਨ ਦੇ ਆਯਾਤ ਦੀ ਵੀ ਯੋਜਨਾ ਬਣਾ ਰਹੀ ਹੈ।

ਮਹਾਰਾਸ਼ਟਰ ਵਿੱਚ ਇੱਕ ਛੋਟਾ ਆਕਸੀਜਨ ਪਲਾਂਟ ਚਲਾਉਣ ਵਾਲੇ ਰਾਜਾਭਾਊ ਸ਼ਿੰਦੇ ਕਹਿੰਦੇ ਹਨ, 'ਅਸੀਂ ਅਧਿਕਾਰੀਆਂ ਨੂੰ ਪਹਿਲਾਂ ਤੋਂ ਕਹਿੰਦੇ ਆ ਰਹੇ ਸੀ ਕਿ ਅਸੀਂ ਆਪਣੀ ਪ੍ਰੋਡਕਸ਼ਨ ਸਮਰੱਥਾ ਵਧਾਉਣ ਲਈ ਤਿਆਰ ਹਾਂ, ਪਰ ਸਾਡੇ ਕੋਲ ਇੰਨਾ ਫੰਡ ਨਹੀਂ ਹੈ।''

''ਸਾਨੂੰ ਵਿੱਤੀ ਮਦਦ ਦੀ ਜ਼ਰੂਰਤ ਹੈ, ਪਰ ਉਸ ਵਕਤ ਕਿਸੇ ਨੇ ਕੁਝ ਨਹੀਂ ਕਿਹਾ। ਪਰ ਹੁਣ ਅਚਾਨਕ ਹਸਪਤਾਲ ਅਤੇ ਡਾਕਟਰ ਸਾਡੇ ਤੋਂ ਜ਼ਿਆਦਾ ਤੋਂ ਜ਼ਿਆਦਾ ਸਿਲੰਡਰ ਮੰਗ ਰਹੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ ਸੀ।''

''ਇੱਥੇ ਤਾਂ ਅੱਗ ਲੱਗਣ 'ਤੇ ਖੂਹ ਖੋਦਿਆ ਜਾ ਰਿਹਾ ਹੈ। ਪਾਣੀ ਪੀਣਾ ਹੈ ਤਾਂ ਪਹਿਲਾਂ ਤੋਂ ਖੂਹ ਖੋਦਣਾ ਪੈਂਦਾ ਹੈ, ਪਰ ਅਸੀਂ ਇਹ ਨਹੀਂ ਕੀਤਾ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)