You’re viewing a text-only version of this website that uses less data. View the main version of the website including all images and videos.
ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨ ਘਾਟ ਪਹੁੰਚਾਉਣ ਵਾਲੀ ਔਰਤ
- ਲੇਖਕ, ਅਨੰਤ ਝਣਾਣੇ
- ਰੋਲ, ਲਖਨਊ ਤੋਂ ਬੀਬੀਸੀ ਲਈ
ਲਖਨਊ ਦੀ 38 ਸਾਲਾ ਅਪਰਾਜਿਤਾ ਮਹਿਰਾ ਦੇ ਪਤੀ 7 ਦਿਨ ਪਹਿਲਾਂ ਕੋਰੋਨਾ ਨਾਲ ਜੂਝਣ ਤੋਂ ਬਾਅਦ ਚੱਲ ਵਸੇ। ਅਪਰਾਜਿਤਾ ਦੇ ਪਰਿਵਾਰ ਦੇ ਸਾਰੇ ਪੁਰਸ਼ ਕੋਰੋਨਾ ਨਾਲ ਪੀੜਤ ਸਨ ਅਤੇ ਘਰ ਵਿੱਚ ਉਹ, ਉਨ੍ਹਾਂ ਦੀ ਸੱਸ ਅਤੇ 9 ਸਾਲ ਦਾ ਬੇਟਾ ਖੁਦ ਨੂੰ ਬੇਬਲ ਮਹਿਸੂਸ ਕਰ ਰਹੇ ਸਨ।
ਅਜਿਹੀ ਔਖੀ ਘੜੀ 'ਚ ਅਪਰਾਜਿਤਾ ਨੇ ਲਖਨਊ ਵਿੱਚ ਮੁਫ਼ਤ ਲਾਸ਼ ਵਾਹਨ ਸੇਵਾ "ਇੱਕ ਕੋਸ਼ਿਸ਼ ਅਜਿਹੀ ਵੀ" ਸ਼ੁਰੂ ਕਰਨ ਵਾਲੀ ਵਰਸ਼ਾ ਨੂੰ ਫੋਨ ਲਗਾ ਕੇ ਮਦਦ ਦੀ ਗੁਹਾਰ ਲਗਾਈ। ਵਰਸ਼ਾ ਅਤੇ ਉਨ੍ਹਾਂ ਦੀ ਟੀਮ ਤੁੰਰਤ ਹਾਜ਼ਿਰ ਹੋ ਗਈ ਅਤੇ ਅਪਰਾਜਿਤਾ ਦੇ ਪਤੀ ਦੀ ਲਾਸ਼ ਸ਼ਮਸ਼ਾਨ ਘਾਟ ਲੈ ਗਏ।
ਅਪਰਾਜਿਤਾ ਇਕੱਲਿਆ ਆਪਣੇ ਪਤੀ ਦਾ ਦਾਹ ਸਸਕਾਰ ਕਰਨ ਪਹੁੰਚੀ ਪਰ ਵਰਸ਼ਾ ਵਰਮਾ ਨੇ ਉਨ੍ਹਾਂ ਨੂੰ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ-
ਅਪਰਾਜਿਤਾ ਅਜੇ ਵੀ ਸਦਮੇ ਤੋਂ ਉਭਰ ਨਹੀਂ ਸਕੀ ਹੈ ਪਰ ਉਨ੍ਹਾਂ ਨੇ ਦੱਸਿਆ, "ਵਰਸ਼ਾ ਮੇਰੇ ਨਾਲ ਸੀ, ਉਹ ਮੇਰੇ ਨਾਲ ਖੜ੍ਹੀ ਰਹੀ। ਭਾਵੇਂ ਉਹ ਮੈਨੂੰ 30 ਸਕਿੰਟ ਲਈ ਫੜ੍ਹ ਕੇ ਖੜ੍ਹੀ ਰਹੀ ਹੋਵੇ, ਪਰ ਮੈਨੂੰ ਉਸ ਪਲ ਇਕੱਲਾ ਮਹਿਸੂਸ ਨਹੀਂ ਹੋਇਆ।"
6 ਦਿਨ ਪਹਿਲਾਂ ਵਰਸ਼ਾ ਵਰਮਾ ਨੇ ਲਖਨਊ ਵਿੱਚ ਆਪਣੀ ਇੱਕ ਕਰੀਬੀ ਦੋਸਤ ਮੇਹਾ ਸ਼੍ਰੀਵਾਸਤਵ ਨੂੰ ਗੁਆ ਦਿੱਤਾ ਸੀ। ਮੇਹਾ 38 ਸਾਲ ਦੀ ਸੀ ਅਤੇ ਕੋਵਿਡ ਪੀੜਤ ਹੋਣ ਕਰਕੇ ਸਾਹ ਲੈਣ ਵਿੱਚ ਦਿੱਕਤ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਮੇਹਾ ਨੂੰ ਖ਼ੁਦ ਵਰਸ਼ਾ ਨੇ ਮੁਖ-ਅਗਨੀ ਦਿੱਤੀ ਅਤੇ ਉੱਥੇ ਉਨ੍ਹਾਂ ਨੇ ਫਿਰ ਆਪਣੀ ਵਚਨਬੱਧਤਾ ਦੁਹਰਾਈ ਕਿ ਉਹ ਕੋਵਿਡ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਗੁਆਉਣ ਵਾਲੇ ਲੋਕਾਂ ਦੀ ਮਦਦ ਕਰੇਗੀ।
'ਲਾਸ਼ ਨੂੰ ਕੋਈ ਹੱਥ ਲਗਾਉਣ ਨਹੀਂ ਆਉਂਦਾ'
ਕੋਵਿਡ ਦੇ ਨਵੇਂ ਵਾਇਰਸ ਦਾ ਖ਼ੌਫ਼ਨਾਕ ਹਮਲਾ ਅਤੇ ਲਾਗ ਫੈਲਣ ਦੇ ਡਰ ਨਾਲ ਕੋਵਿਡ ਪੀੜਤ ਲੋਕਾਂ ਤੋਂ ਉਨ੍ਹਾਂ ਦੇ ਪਰਿਵਾਰ ਵਾਲੇ ਦੂਰ ਰਹਿਣ ਲਈ ਮਜਬੂਰ ਹਨ।
ਅੰਤਮ ਸੰਸਕਾਰ ਵਿੱਚ ਵੀ ਪਰਿਵਾਰ ਦੇ ਲੋਕ ਨਹੀਂ ਪਹੁੰਚ ਰਹੇ। ਵਰਸ਼ਾ ਆਪਣੇ ਤਜਰਬੇ ਨੂੰ ਯਾਦ ਕਰਦਿਆਂ ਦੱਸਦੀ ਹੈ, "ਕੀ ਕਹੀਏ, ਅਸੀਂ ਤਾਂ ਉਨ੍ਹਾਂ ਪਰਿਵਾਰਾਂ ਵਿੱਚੋਂ ਵੀ ਲਾਸ਼ਾਂ ਚੁੱਕੀਆਂ ਹਨ, ਜਿੱਥੇ ਪੂਰਾ ਪਰਿਵਾਰ ਬਾਹਰ ਖੜ੍ਹਾ ਹੋ ਕੇ ਸਾਡਾ ਵੀਡੀਓ ਬਣਾਉਂਦਾ ਰਿਹਾ ਪਰ ਪੀਪੀਈ ਕਿੱਟ ਵਿੱਚ ਰੱਖ ਲਾਸ਼ ਨੂੰ ਹੱਥ ਲਗਾਉਣ ਨਹੀਂ ਆਉਂਦਾ ਹੈ।"
ਵਰਸ਼ਾ ਨੇ ਪਿਛਲੇ ਦੋ ਸਾਲਾਂ ਤੋਂ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦਾ ਸ਼ੁਰੂ ਕੀਤਾ ਸੀ। ਪਰ ਪਿਛਲੇ ਸਾਲ ਤੋਂ ਕੋਰੋਨਾ ਸੰਕਟ ਨੇ ਉਨ੍ਹਾਂ ਦੇ ਕੰਮ ਦਾ ਦਾਇਰਾ ਵਧਾ ਲਿਆ ਹੈ।
ਹਾਲਾਂਕਿ ਅਜੇ ਵਰਸ਼ਾ ਅਤੇ ਉਨ੍ਹਾਂ ਦੀ ਦੋ ਮੈਂਬਰੀ ਟੀਮ ਕੋਲ ਵਧੇਰੇ ਸਾਧਨ ਨਹੀਂ ਹਨ। ਸਿਰਫ਼ ਇੱਕ ਕਿਰਾਏ ਦੀ ਪੁਰਾਣੀ ਵੈਨ ਹੈ, ਜਿਸ ਦੀਆਂ ਸੀਟਾਂ ਉਖਾੜ ਕੇ ਉਨ੍ਹਾਂ ਨੇ ਸਟ੍ਰੇਚਰ ਰੱਖਣ ਦੀ ਥਾਂ ਬਣਾਈ ਹੈ।
ਇਹ ਵੀ ਪੜ੍ਹੋ:-
ਮੇਹੀ ਦੀ ਮੌਤ ਤੋਂ ਬਾਅਦ ਵਰਸ਼ਾ ਆਪਣੀ ਪੀਪੀਈ ਕਿੱਟ ਪਹਿਨ ਕੇ ਰੋਜ਼ ਸਵੇਰੇ ਨਿਕਲ ਪੈਂਦੀ ਹੈ, ਉਨ੍ਹਾਂ ਨੇ ਆਪਣਾ ਫੋਨ ਨੰਬਰ ਜਨਤਕ ਕਰ ਦਿੱਤਾ ਹੈ ਅਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਲਖਨਊ ਦੀਆਂ ਵੱਖ-ਵੱਖ ਥਾਵਾਂ ਤੋਂ 9 ਲਾਸ਼ਾਂ ਨੂੰ ਲੈਣ ਲਈ ਫੋਨ ਆਏ।
ਬੀਬੀਸੀ ਹਿੰਦੀ ਨਾਲ ਫੋਨ 'ਤੇ ਗੱਲ ਕਰਦਿਆਂ ਵਰਸ਼ਾ ਲਖਨਊ ਦੇ ਇੰਦਰਾ ਨਗਰ ਸਥਿਤ ਸਰਕਾਰੀ ਲੋਹੀਆ ਹਸਪਤਾਲ ਪਹੁੰਚ ਗਈ ਸੀ। ਉੱਥੇ ਹੀ ਉਨ੍ਹਾਂ ਨੇ ਆਪਣਾ ਫੋਨ ਡਾਕਟਰ ਗੌਰਵ ਗੁਪਤਾ ਨੂੰ ਸੌਂਪ ਦਿੱਤਾ।
ਡਾ. ਗੁਪਤਾ ਲੋਹੀਆ ਹਸਪਤਾਲ ਦੇ ਕੋਵਿਡ ਕੰਟ੍ਰੋਲ ਰੂਮ ਦੇ ਇੰਜਾਰਚ ਹਨ। ਇਨ੍ਹੀਂ ਦਿਨੀਂ ਡਾ. ਗੁਪਤਾ ਦੀ ਟੀਮ ਦੇ ਚਾਰ ਡਾਕਟਰਾਂ ਵਿੱਚੋਂ ਤਿੰਨ ਡਾਕਟਰ ਕੋਵਿਡ ਪੌਜ਼ੀਟਿਵ ਹੋ ਚੁੱਕੇ ਹਨ।
ਡਾਕਟਰ ਗੁਪਤਾ, ਵਰਸ਼ਾ ਵਰਮਾ ਦੀਆਂ ਕੋਸ਼ਿਸ਼ਾਂ ਦਾ ਸ਼ੁਕਰੀਆ ਅਦਾ ਕਰਦਿਆਂ ਹੋਇਆ ਕਹਿੰਦੇ ਹਨ, "ਬਹੁਤ ਵੱਡੀ ਮਦਦ ਕਰ ਰਹੇ ਉਨ੍ਹਾਂ ਵਰਗੇ ਲੋਕ। ਜੋ ਡਰਾਈਵਰ ਸਾਡਾ ਲਾਸ਼ ਵਾਹਨ ਚਲਾਉਂਦਾ ਹੈ, ਉਹ ਕੋਵਿਡ ਪੌਜ਼ੀਟਿਵ ਹਨ। ਅਸੀਂ ਇੱਕ ਨਵਾਂ ਡਰਾਈਵਰ ਰੱਖਿਆ ਹੈ।"
"ਜਦੋਂ ਲਾਸ਼ਾਂ ਦੀ ਗਿਣਤੀ ਵਧਦੀ ਹੈ ਤਾਂ ਅਸੀਂ ਸੀਐੱਮਓ ਦਫ਼ਤਰ ਤੋਂ ਲਾਸ਼ ਵਾਹਨ ਮੰਗਦੇ ਸੀ। ਪਰ ਅੱਜ ਕੱਲ੍ਹ ਉਹ ਮਸਰੂਫ਼ ਹਨ। ਵਾਹਨ ਸਾਨੂੰ ਮਿਲ ਨਹੀਂ ਰਹੇ ਪਰ ਵਰਸ਼ਾ ਦੀਆਂ ਕੋਸ਼ਿਸ਼ਾਂ ਨਾਲ ਅਸੀਂ ਲਾਸ਼ਾਂ ਤੁੰਰਤ ਕੱਢ ਰਹੇ ਹਾਂ। ਇਸ ਨਾਲ ਘਰਵਾਲਿਆਂ ਲਈ ਵੀ ਪਰੇਸ਼ਾਨੀ ਨਹੀਂ ਹੋ ਰਹੀ ਹੈ ਅਤੇ ਸਾਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮਦਦ ਲਈ ਹੱਥਾਂ ਦੀ ਦਰਕਾਰ
ਬੀਤੇ ਬੁੱਧਵਾਰ ਨੂੰ ਇਸੇ ਤਰ੍ਹਾਂ 8 ਲੋਕਾਂ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਪਹੁੰਚਾਇਆ ਗਿਆ ਹੈ। ਬੀਤੇ 6 ਦਿਨਾਂ ਵਿੱਚ ਵਰਸ਼ਾ ਵਰਮਾ ਦੀ ਟੀਮ ਨੇ ਤਿੰਨ ਦਰਜਨ ਤੋਂ ਵੀ ਜ਼ਿਆਦਾ ਕੋਵਿਡ ਲਾਗ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨ ਤੱਕ ਪਹੁੰਚਾਇਆ ਹੈ।
ਵਰਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੰਮ ਲਈ ਲੋਕ ਆਰਥਿਕ ਮਦਦ ਤਾਂ ਦਿੰਦੇ ਹਨ ਪਰ ਉਨ੍ਹਾਂ ਨੂੰ ਇਸ ਕੰਮ ਨੂੰ ਜਾਰੀ ਰੱਖਣ ਲਈ ਲੋਕਾਂ ਦੀ ਸਖ਼ਤ ਲੋੜ ਹੈ।
ਵਰਸ਼ਾ ਨੇ ਦੱਸਿਆ, "ਮੈਨੂੰ ਆਰਥਿਕ ਤੌਰ 'ਤੇ ਲੋਕਾਂ ਦੀ ਮਦਦ ਆ ਰਹੀ ਹੈ। ਕੋਈ ਆ ਕੇ ਸਾਡੀ ਟੀਮ ਦੇ ਨਾਲ ਇਸ ਕੰਮ ਨੂੰ ਨਹੀਂ ਕਰਨਾ ਚਾਹੁੰਦਾ। ਹੈਲਪਿੰਗ ਹੈਂਡ ਨਹੀਂ ਮਿਲ ਰਹੇ ਅਤੇ ਕੋਰੋਨਾ ਕਰਕੇ ਸਾਡਾ ਕੰਮ ਕਾਫ਼ੀ ਵੱਧ ਗਿਆ ਹੈ।"
ਵਰਸ਼ਾ ਵਰਮਾ ਲਖਨਊ ਵਿੱਚ ਆਪਣੇ ਪਰਿਵਾਰ ਯਾਨਿ 14 ਸਾਲ ਦੀ ਬੇਟੀ ਅਤੇ ਪਤੀ ਦੇ ਨਾਲ ਰਹਿੰਦੀ ਹੈ।
ਉਨ੍ਹਾਂ ਦੇ ਪਤੀ ਪੀਡਬਲਿਊਡੀ ਵਿੱਚ ਇੰਜੀਨੀਅਰ ਹਨ। ਪਰਿਵਾਰ ਵਾਲੇ ਵਰਸ਼ਾ ਦੀ ਫਿਕਰ ਤਾਂ ਕਰਦੇ ਹਨ ਪਰ ਪੂਰਾ ਸਮਰਥਨ ਵੀ ਦਿੰਦੇ ਹਨ।
ਵਰਸ਼ਾ ਇੱਕ ਸਮਾਜਿਕ ਵਰਕਰ ਵਜੋਂ ਸਰਗਰਮ ਹੈ। ਉਹ ਕੁੜੀਆਂ ਨੂੰ ਸੈਲਫ਼ ਡਿਫੈਂਸ ਦੀ ਟ੍ਰੇਨਿੰਗ ਵੀ ਦਿੰਦੀ ਹੈ ਅਤੇ ਜੂਡੋ ਵੀ ਸਿਖਾਉਂਦੀ ਹੈ। ਆਪਣੀ ਬੇਟੀ ਲਈ ਉਹ ਇੱਕ ਰੋਲ ਮਾਡਲ ਤੋਂ ਘੱਟ ਨਹੀਂ ਹੈ।
ਵਰਸ਼ਾ ਨੇ ਦੱਸਿਆ, "ਮੈਨੂੰ ਕੋਵਿਡ ਲਾਗ ਦਾ ਖੌਫ਼ ਨਹੀਂ ਹੈ। ਬਲਕਿ ਜਦੋਂ ਤੱਕ ਅਸੀਂ ਇਹ ਗੱਡੀ ਨਹੀਂ ਕਰ ਸਕੇ ਸੀ, ਉਦੋਂ ਤੱਕ ਅਸੀਂ ਰਾਤ-ਰਾਤ ਭਰ ਸੌਂ ਨਹੀਂ ਸਕੇ ਸੀ।"
ਹਾਲਾਂਕ ਵਰਸ਼ਾ ਨੂੰ ਪਤਾ ਹੈ ਕਿ ਕਵਿਡ ਲਾਗ ਕਿੰਨੀ ਤੇਜ਼ੀ ਨਾਲ ਲੋਕਾਂ ਨੂੰ ਚਪੇਟ ਵਿੱਚ ਲੈ ਰਹੀ ਹੈ, ਇਸ ਲਈ ਉਹ ਆਪਣੇ ਵੱਲੋਂ ਸਾਰੇ ਅਹਿਤੀਆਤ ਵਰਤ ਰਹੀ ਹੈ।
ਉਹ ਹਸਦਿਆਂ ਹੋਇਆਂ ਕਹਿੰਦੀ ਹੈ, "ਮੈਨੂੰ ਲਗਦਾ ਹੈ ਕਿ ਹੁਣ ਮੇਰੇ ਤੋਂ ਕੋਰੋਨਾ ਹੀ ਡਰ ਜਾਵੇਗਾ।"
ਇਹ ਵੀ ਪੜ੍ਹੋ: