'ਆਕਸੀਜਨ ਬਿਨਾਂ ਲੋਕ ਮਰ ਰਹੇ ਹਨ, ਰਾਜ ਧਰਮ ਨਿਭਾਓ' - ਆਕਸੀਜਨ ਸਪੋਰਟ 'ਤੇ ਪਏ 'ਆਪ' ਵਿਧਾਇਕ ਦੀ ਗੁਹਾਰ - ਅਹਿਮ ਖ਼ਬਰਾਂ

ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਤੋਂ ਸ਼ਾਮੀ 6 ਵਜੇ ਤੋਂ ਬਜ਼ਾਰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸੂਬੇ ਦੇ ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਫੈਲਣ ਤੋਂ ਬਚਣ ਦੇ ਦੋ ਤਰੀਕੇ ਹਨ।

ਪਹਿਲਾ ਹੈ ਲੌਕਡਾਊਨ ਜੋ ਅਸੀਂ ਲਾਉਣਾ ਨਹੀਂ ਚਾਹੁੰਦੇ ਅਤੇ ਦੂਜਾ ਹੈ ਕੋਰੋਨਾ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ। ਇਸ ਲਈ ਸ਼ੁੱਕਰਵਾਰ ਤੋਂ ਸਾਰੀਆਂ ਦੁਕਾਨਾਂ ਸ਼ਾਮੀਂ 6 ਵਜੇ ਬੰਦ ਕਰਨ ਅਤੇ ਸਾਰੇ ਤਰ੍ਹਾਂ ਦੇ ਇਕੱਠਾਂ ਉੱਤੇ ਪਾਬੰਦੀ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਸੋਲੀਸਿਟਰ ਜਨਰਲ ਨੂੰ ਕਿਹਾ ਹੈ ਕਿ ਸਰਕਾਰ ਕੋਰੋਨਾਵਾਇਰਸ ਨਾਲ ਨਜਿੱਠਨ ਦਾ ਕੌਮੀ ਪਲਾਨ ਕੋਰਟ ਨਾਲ ਸਾਂਝਾ ਕਰੇ।

ਤਿੰਨ ਮੈਂਬਰੀ ਬੈਂਚ ਦੀ ਅਗਵਾਈ ਚੀਫ ਜਸਟਿਸ ਆਫ ਇੰਡੀਆ ਐੱਸ ਏ ਬੋਬੜੇ ਕਰ ਰਹੇ ਹਨ ਜਿਨ੍ਹਾਂ ਨੇ ਸਥਿਤੀ ਨੂੰ ਬਹੁਤ ਗੰਭੀਰ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜ਼ਹਿਨ ਵਿੱਚ ਚਾਰ ਮੁੱਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹੈ ਆਕਸੀਜਨ ਦੀ ਸਪਲਾਈ, ਜ਼ਰੂਰੀ ਦਵਾਈਆਂ ਦੀ ਸਪਲਾਈ ਤੇ ਕਿਸ ਤਰ੍ਹਾਂ ਟੀਕਾਕਰਨ ਹੋ ਰਿਹਾ ਹੈ।

ਇਹ ਵੀ ਪੜ੍ਹੋ:

ਸੁਪਰੀਮ ਕੋਰਟ ਵਿੱਚ ਅੱਜ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਦੇਸ਼ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਲੋੜ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਆਕਸੀਜਨ ਦੀ ਪੂਰਤੀ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਵੇਦਾਂਤਾ ਆਪਣਾ ਪਲਾਂਟ ਸ਼ੁਰੂ ਕਰਨਾ ਚਾਹੁੰਦਾ ਹੈ ਪਰ ਵੇਦਾਂਤਾ ਨੂੰ ਇਹ ਪਲਾਂਟ ਸਿਹਤ ਜ਼ਰੂਰਤਾਂ ਲਈ ਆਕਸੀਜਨ ਨਿਰਮਾਣ ਲਈ ਹੀ ਸ਼ੁਰੂ ਕਰਨਾ ਚਾਹੀਦਾ ਹੈ।

ਤੁਸ਼ਾਰ ਮਹਿਤਾ ਨੇ ਅੱਗੇ ਕਿਹਾ, ''ਸਾਡਾ ਝੁਕਾਅ ਇਨਸਾਨੀ ਜਾਨਾਂ ਬਚਾਉਣ ਵੱਲ ਹੋਣਾ ਚਾਹੀਦਾ ਹੈ।''

ਮੌਜੂਦਾ ਹਾਲਾਤ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਦਖ਼ਲ ਦਿੰਦਿਆਂ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਇਸ ਮਾਮਲੇ ਵਿੱਚ ਸੁਣਵਾਈ ਕੱਲ ਕਰਨ ਦੀ ਗੱਲ ਕਹੀ।

ਦਿੱਲੀ ਦੇ ਕਈ ਹਸਪਤਾਲਾਂ ਵਿੱਚ ਅਜੇ ਵੀ ਆਕਸੀਜਨ ਦੀ ਘਾਟ

ਦਿੱਲੀ ਦੇ ਕਈ ਹਸਪਤਾਲ ਅਜੇ ਵੀ ਆਕਸੀਜਨ ਦਾ ਘਾਟ ਨਾਲ ਜੂਝ ਰਹੇ ਹਨ। ਦਿੱਲੀ ਹਾਈ ਕੋਰਟ ਨੇ ਵੀ ਕਿਹਾ ਹੈ ਕਿ ਕੇਂਦਰ ਇਹ ਸੁਨਿਸ਼ਚਿਤ ਕਰੇ ਕਿ ਦਿੱਲੀ ਨੂੰ ਆਕਸੀਜਨ ਸਪਲਾਈ ਦਾ ਪੂਰਾ ਕੋਟਾ ਮਿਲੇ।

ਇਸ ਵਿਚਾਲੇ ਦਿੱਲੀ ਸ਼ਾਂਤੀ ਮੁਕੁੰਦ ਹਸਪਤਾਲ ਅਤੇ ਸਰੋਜ ਸੁਪਰ ਸਪੈਸ਼ਲੈਇਟੀ ਹਸਪਤਾਲ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਬਹੁਤ ਘੱਟ ਸਮੇਂ ਲਈ ਆਕਸੀਜਨ ਹੈ।

ਇਸ ਵਿਚਾਲੇ ਦਿੱਲੀ ਦੇ ਗ੍ਰੇਟਰ ਕੈਲਾਸ਼ ਤੋਂ ਆਮ ਆਦਮੀ ਪਾਰਟੀ ਦੇ ਐੱਮਐੱਲਏ ਸੌਰਭ ਭਾਰਦਵਾਜ ਨੇ ਵੀ ਟਵੀਟ ਕਰ ਕੇ ਆਕਸੀਜਨ ਦੀ ਸਪਲਾਈ ਲਈ ਕਿਹਾ ਹੈ।

ਉਨ੍ਹਾਂ ਨੇ ਕਿਹਾ, "ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਡਾ ਦਿਲ ਦਿਖਾਏ। ਆਕਸੀਜਨ ਬਿਨਾਂ ਲੋਕ ਮਰ ਰਹੇ ਹਨ। ਰਾਜ ਧਰਮ ਨਿਭਾਓ।"

ਸੌਰਭ ਖ਼ੁਦ ਕੋਰੋਨਾ ਪੌਜ਼ੀਟਿਵ ਹਨ ਅਤੇ ਇਸ ਵੇਲੇ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਨੂੰ ਵੀ ਆਕਸੀਜਨ ਦਿੱਤੀ ਜਾ ਰਹੀ ਹੈ।

ਸੌਰਭ ਕਹਿ ਰਹੇ ਹਨ, "ਮੈਂ ਜਦੋਂ ਇਸ ਮਾਸਕ ਨੂੰ ਹਟਾਉਂਦਾ ਹਾਂ ਤਾਂ ਅਜਿਹਾ ਲਗਦਾ ਹੈ ਕਿ ਜਿਵੇਂ ਕਿਸੇ ਅਜਿਹੇ ਆਦਮੀ ਸਵੀਮਿੰਗ ਪੂਲ ਵਿੱਚ ਸੁੱਟ ਦਿੰਦੇ ਹੋ ਜਿਸ ਨੂੰ ਤੈਰਨਾ ਨਹੀਂ ਆਉਂਦਾ।"

"ਮੈਂ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ। ਬਹੁਤ ਸਾਰੇ ਲੋਕ ਆਕਸੀਜਨ 'ਤੇ ਨਿਰਭਰ ਹਨ ਅਤੇ ਆਕਸੀਜਨ ਰੁਕਦਿਆਂ ਹੀ ਸਭ ਮਰ ਜਾਣਗੇ। ਇਹ ਵੇਲਾ ਸਾਰਿਆਂ ਨੂੰ ਮਿਲ ਕੰਮ ਕਰਨ ਦਾ ਹੈ। ਇਸ ਵੇਲੇ ਇੱਕ-ਦੂਜੇ ਦੀ ਲੱਤ ਨਹੀਂ ਖਿੱਚਣੀ ਚਾਹੀਦੀ।"

ਕੋਰੋਨਾ ਵੈਕਸੀਨ ਲਈ 18 ਸਾਲ ਤੋਂ ਜ਼ਿਆਦਾ ਉਮਰ ਵਾਲੇ 24 ਅਪ੍ਰੈਲ ਤੋਂ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ

ਭਾਰਤ ਵਿੱਚ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਕੋਰੋਨਾਵਾਇਰਸ ਵੈਕਸੀਨ ਦੇ ਟੀਕਾਕਰਣ ਲਈ ਕੋਵਿਨ ਪੋਰਟਲ ਉੱਤੇ ਰਜੀਸਟ੍ਰੇਸ਼ਨ ਸ਼ਨੀਵਾਰ 24 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ।

ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਇੱਕ ਮਈ ਤੋਂ ਦੇਸ਼ ਵਿੱਚ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਟੀਕਾਕਰਣ ਹੋ ਸਕੇਗਾ।

ਉੱਧਰ ਛੱਤੀਸਗੜ, ਮੱਧ ਪ੍ਰਦੇਸ਼, ਅਸਮ, ਕੇਰਲ ਅਤੇ ਸਿਕਿੰਮ ਵਰਗੇ ਸੂਬੇ ਐਲਾਨ ਕਰ ਚੁੱਕੇ ਹਨ ਕਿ ਉਹ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਟੀਕਾਕਰਣ ਮੁਫ਼ਤ ਕਰਨਗੇ।

ਨਵੇਂ ਨਿਯਮਾਂ ਮੁਤਾਬਕ ਸੂਬਾ ਸਰਕਾਰਾਂ ਅਤੇ ਨਿੱਜੀ ਹਸਪਤਾਲ ਵੈਕਸੀਨ ਨਿਰਮਾਤਾਵਾਂ ਤੋਂ ਖ਼ੁਦ ਵੈਕਸੀਨ ਖ਼ਰੀਦ ਸਕਦੇ ਹਨ।

ਕੋਵੀਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਸੂਬਾ ਸਰਕਾਰਾਂ ਦੇ ਲ਼ਈ ਇਸ ਦੀ ਇੱਕ ਡੋਜ਼ ਦੀ ਕੀਮਤ 400 ਰੁਪਏ ਅਤੇ ਨਿੱਜੀ ਹਸਪਤਾਲਾਂ ਦੇ ਲਈ 600 ਰੁਪਏ ਰੱਖੀ ਹੈ।

ਕੇਂਦਰ ਸਰਕਾਰ ਨੂੰ ਇਹ 150 ਰੁਪਏ ਵਿੱਚ ਪਹਿਲਾਂ ਵਾਂਗ ਹੀ ਮਿਲਦੀ ਰਹੇਗੀ।

ਹਰਿਆਣਾ ਦੇ ਜੀਂ 'ਚ ਵੈਕਸੀਨ ਚੋਰੀ: 'ਸੌਰੀ ਮੈਨੂੰ ਨਹੀਂ ਪਤਾ ਸੀ ਕਿ ਇਸ ਕੋਰੋਨਾ ਦੀ ਦਵਾਈ ਹੈ'

ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਹਰਿਆਣਾ ਦੇ ਇੱਕ ਸਰਕਾਰੀ ਹਸਪਤਾਲ 'ਚੋਂ ਵੈਕਸੀਨ ਚੋਰੀ ਹੋਈ ਵੈਕਸੀਨ ਚਾਹ ਵਾਲੀ ਦੁਕਾਨ ਤੋਂ ਮਿਲੀ।

ਹਰਿਆਣਾ ਪੁਲਿਸ ਦੇ ਜੀਂਦ ਦੇ ਡੀਐੱਸਪੀ ਜਿਤੇਂਦਰ ਖਟਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕੰਟ੍ਰੋਲ ਰੂਮ ਵਿੱਚ ਹਸਪਤਾਲ ਵਿੱਚੋਂ ਕੋਵਿਡ ਵੈਕਸੀਨ ਦੇ ਚੋਰੀ ਹੋਣ ਦੀ ਜਾਣਕਾਰੀ ਮਿਲੀ ਸੀ।

ਉਨ੍ਹਾ ਨੇ ਕਿਹਾ ਕਿ ਹਸਪਤਾਲ ਦੇ ਪੀਐੱਮਓ ਨੇ 1710 ਡੋਜ਼ਾਂ ਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਡੀਐੱਸਪੀ ਦੱਸਦੇ ਹਨ ਅਜੇ ਜਾਂਚ ਚੱਲ ਹੀ ਰਹੀ ਕਿ 12 ਵਜੇ ਦੇ ਕਰੀਬ ਸਿਵਿਲ ਲਾਈਨ ਥਾਣੇ ਦੇ ਬਾਹਰ ਚਾਹ ਦੀ ਦੁਕਾਨ 'ਤੇ ਬੈਠੇ ਇੱਕ ਬਜ਼ੁਰਗ ਨੂੰ ਕੋਈ ਇੱਕ ਥੈਲਾ ਫੜਾ ਕੇ ਗਿਆ ਅਤੇ ਕਿਹਾ ਕਿ ਇਸ ਵਿੱਚ ਮੁੰਸ਼ੀ ਦਾ ਖਾਣਾ ਹੈ।

ਉਨ੍ਹਾਂ ਨੇ ਅੱਗੇ ਦੱਸਿਆ, "ਜਦੋਂ ਪੁਲਿਸ ਨੇ ਥੈਲਾ ਖੋਲ੍ਹਿਆ ਤਾਂ ਚੋਰੀ ਹੋਈ ਵੈਕਸੀਨ ਅਤੇ ਦੋ ਲਾਈਨ ਦਾ ਨੋਟ ਮਿਲਿਆ, ਜਿਸ ਵਿੱਚ ਲਿਖਿਆ ਸੀ, 'ਸੌਰੀ ਮੈਨੂੰ ਨਹੀਂ ਪਤਾ ਸੀ ਕਿ ਇਹ ਕੋਰੋਨਾ ਵੈਕਸਿਨ ਹੈ।"

ਪੁਲਿਸ ਨੇ ਦੱਸਿਆ ਹੈ ਕਿ ਹਾਲਾਂਕਿ ਚੋਰੀ ਕਿਸੇ ਕੀਤੀ ਅਤੇ ਵੈਕਸੀਨ ਕੌਣ ਦੇ ਕੇ ਗਿਆ ਇਸ ਬਾਰੇ ਜਾਂਚ ਚੱਲ ਰਹੀ ਹੈ।

ਪੁਲਿਸ ਨੇ ਅਣਜਾਣ ਲੋਕਾਂ ਖ਼ਿਲਾਫ਼ 457 ਅਤੇ 380 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਚੋਰ ਨੇ ਰੈਮੇਡੇਸੀਵੀਅਰ ਟੀਕੇ ਦੇ ਚੱਕਰ 'ਚ ਕੋਰੋਨਾ ਵੈਕਸੀਨ ਚੁੱਕੀ ਹੋ ਸਕਦੀ ਹੈ।

ਇੰਦੋਰ 'ਚ ਕੋਰੋਨਾ ਦੀ ਦਵਾਈ ਰੈਮਡੈਸੇਵੀਅਰ ਦੀ ਚੋਰੀ

ਮੱਧ ਪ੍ਰਦੇਸ਼ ਦੇ ਇੰਦੋਰ ਤੋਂ ਕੋਰੋਨਾਵਾਇਰਸ ਦੀ ਦਵਾਈ ਰੈਮਡੈਸੇਵੀਅਰ ਦੀ ਚੋਰੀ ਦੀ ਖ਼ਬਰ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੋਵਿਡ-19 ਲਈ ਵਰਤੀ ਜਾਂਦੀ ਜ਼ਰੂਰੀ ਦਵਾਈ ਰੈਮਡੈਸੇਵੀਅਰ ਦੀਆਂ 133 ਡੋਜ਼ ਦੀ ਕਥਿਤ ਚੋਰੀ ਬੁੱਧਵਾਰ ਨੂੰ ਇੰਦੋਰ ਦੇ ਇੱਕ ਨਿੱਜੀ ਹਸਪਤਾਲ ਦੇ ਡਰੱਗ ਸਟੋਰ ਵਿੱਚੋਂ ਹੋਈ।

ਇਸ ਸਬੰਧੀ ਦਵਾਈਆਂ ਦੀ ਦੁਕਾਨ ਉੱਤੇ ਕੰਮ ਕਰਨ ਵਾਲੇ ਭੁਪੇਂਦਰ ਖ਼ਿਲਾਫ਼ ਐਫ਼ਆਈਆਰ ਦਰਜ ਕਰ ਲਈ ਗਈ ਹੈ। ਹਸਪਤਾਲ ਪ੍ਰਸ਼ਾਸਨ ਮੁਤਾਬਕ ਭੁਪੇਂਦਰ ਨੇ ਹਸਪਤਾਲ ਦੇ ਡਰੱਗ ਸਟੋਰ ਤੋਂ 133 ਡੋਜ਼ ਚੋਰੀ ਕੀਤੀਆਂ ਅਤੇ ਰੇਟ ਵਧਾ ਕੇ ਗਾਹਕਾਂ ਨੂੰ ਵੇਚੀਆਂ।

ਭਾਰਤ ਦੇ ਕਈ ਸੂਬਿਆਂ 'ਚ ਲੱਗੀਆਂ ਨਵੀਆਂ ਪਾਬੰਦੀਆਂ

ਕੋਰੋਨਾਵਾਇਰਸ ਦੇ ਸੰਕਟ ਨੇ ਭਾਰਤ ਵਿੱਚ ਚਿੰਤਾ ਵਧਾ ਦਿੱਤੀ ਹੈ।

ਆਕਸੀਜਨ ਅਤੇ ਹਸਪਤਾਲਾਂ ਵਿੱਚ ਬੈੱਡ ਲਈ ਸੰਘਰਸ਼ ਕਰਦੇ ਲੋਕਾਂ ਦੀ ਹਾਲਤ ਵਿਚਾਲੇ ਕੋਰੋਨਾਵਾਇਰਸ ਦੇ ਵੱਧਦੇ ਅੰਕੜੇ ਫਿਕਰ ਵਧਾ ਰਹੇ ਹਨ।

ਭਾਰਤ ਵਿੱਚ ਲੰਘੇ 24 ਘੰਟਿਆਂ ਵਿੱਚ ਕੋਵਿਡ-19:

  • ਕੁੱਲ ਨਵੇਂ ਕੇਸ - 3 ਲੱਖ 14 ਹਜ਼ਾਰ 835
  • ਕੁੱਲ ਮੌਤਾਂ - 2,104
  • ਡਿਸਚਾਰਜ ਹੋਏ ਮਰੀਜ਼ - 1 ਲੱਖ 78 ਹਜ਼ਾਰ 841

ਭਾਰਤ ਵਿੱਚ ਵੱਧਦੇ ਕੋਰੋਵਨਾਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਓਮਾਨ ਨੇ ਭਾਰਤ ਦੇ ਨਾਲ-ਨਾਲ ਪਾਕਿਸਤਾਨ ਤੇ ਬੰਗਾਲਾਦੇਸ਼ ਉੱਤੇ ਟ੍ਰੈਵਲ ਬੈਨ ਲਗਾ ਦਿੱਤਾ ਹੈ।

ਇਹ ਵੀ ਪੜ੍ਹੋ:-

ਇਸ ਤੋਂ ਪਹਿਲਾਂ ਅਮਰੀਕਾ ਤੇ ਯੂਕੇ ਆਪਣੇ ਦੇਸ਼ਵਾਸੀਆਂ ਨੂੰ ਭਾਰਤ ਵਿੱਚ ਸਫ਼ਰ ਨਾ ਕਰਨ ਨੂੰ ਕਹਿ ਚੁੱਕੇ ਹਨ।

ਭਾਰਤ ਦੇ ਕਈ ਸੂਬਿਆਂ ਵਿੱਚ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਭੋਪਾਲ ਵਿੱਚ 26 ਅਪ੍ਰੈਲ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ।

ਝਾਰਖੰਡ ਵਿੱਚ 29 ਅਪ੍ਰੈਲ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿੰਣਗੀਆਂ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਲਈ ਵੱਖਰੇ ਤੌਰ 'ਤੇ ਲੰਗਰ ਸੇਵਾ

ਕੋਰੋਨਾ ਮਰੀਜ਼ਾਂ ਲਈ ਲੰਗਰ ਸੇਵਾ ਦਾ ਪ੍ਰਬੰਧ ਹੋਇਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਲਈ ਵੱਖਰੇ ਤੌਰ 'ਤੇ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ।

ਕੋਰੋਨਾ ਮਰੀਜ਼ਾਂ ਤੱਕ ਇਹ ਲੰਗਰ ਉਨ੍ਹਾਂ ਦੇ ਘਰਾਂ ਵਿੱਚ ਪੁੱਜਦਾ ਵੀ ਕੀਤਾ ਜਾ ਰਿਹਾ ਹੈ।

ਸੀਪੀਆਈ ਆਗੂ ਸੀਤਾਰਾਮ ਯੇਚੁਰੀ ਦੇ ਪੁੱਤਰ ਦੀ ਕੋਰੋਨਾ ਕਾਰਨ ਮੌਤ

ਕਮਉਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) CPIM ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਨ੍ਹਾਂ ਦੇ ਵੱਡੇ ਪੁੱਤਰ ਆਸ਼ੀਸ਼ ਯੇਚੁਰੀ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਸੀਤਾਰਾਮ ਨੇ ਦੱਸਿਆ ਕਿ ਆਸ਼ੀਸ਼ ਕੋਵਿਡ ਪੀੜਤ ਸਨ।

ਆਪਣੇ ਟਵੀਟ ਵਿੱਚ ਯੇਚੁਰੀ ਨੇ ਡਾਕਟਰਾਂ, ਨਰਸਾਂ, ਫਰੰਟਲਾਈਨ ਦੇ ਸਿਹਤ ਕਰਮੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਸ਼ੁਕਰੀਆ ਕਿਹਾ ਹੈ, ਜਿਨ੍ਹਾਂ ਨੇ ਪੁੱਤਰ ਦੀ ਸਿਹਤ ਨੂੰ ਠੀਕ ਰੱਖਣ ਵਿੱਚ ਮਦਦ ਕੀਤੀ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ 9 ਜੂਨ ਨੂੰ ਆਸ਼ਈਸ਼ 35 ਸਾਲ ਦੇ ਹੁੰਦੇ। ਇਨ੍ਹਾਂ ਦਾ ਇਲਾਜ ਗੁੜਗਾਂਓ ਦੇ ਮੇਦਾਂਤਾ ਹਸਪਤਾਲ ਵਿੱਚ ਚੱਲ ਰਿਹਾ ਸੀ ਅਤੇ ਤਬੀਅਤ 'ਚ ਸੁਧਾਰ ਹੋ ਰਿਹਾ ਸੀ। ਆਸ਼ੀਸ਼ ਦੇ ਪਰਿਵਾਰ ਮੁਤਾਬਕ ਵੀਰਵਾਰ ਸਵੇਰੇ 5:30 ਵਜੇ ਦੋ ਹਫ਼ਤਿਆਂ ਦੇ ਸੰਘਰਸ਼ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)