ਕੋਰੋਨਾਵਾਇਰਸ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੋਰੋਨਾ ਦੇ ਹਾਲਾਤਾਂ ਬਾਰੇ ਮਾਹਰ ਕੀ ਕਹਿ ਰਹੇ ਹਨ

ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਇਸ ਸਮੇਂ ਕਹਿਰ ਬਣ ਕੇ ਸਾਹਮਣੇ ਆ ਰਹੀ ਹੈ।

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੋਰੋਨਾ ਕਾਰਨ ਕਿਸ ਤਰੀਕੇ ਦੀ ਸਥਿਤੀ ਹੈ ਅਤੇ ਕਿਉਂ ਇਹ ਤੇਜੀ ਨਾਲ ਫੈਲ ਰਿਹਾ ਹੈ, ਇਸ ਮੁੱਦੇ ਉਤੇ ਬੀਬੀਸੀ ਨਿਜ਼ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ

ਸਵਾਲ - ਕੋਰੋਨਾ ਦੀ ਦੂਜੀ ਲਹਿਰ ਇੰਨੀ ਖ਼ਤਰਨਾਕ ਕਿਉਂ ਹੈ?

ਜਵਾਬ (ਪ੍ਰੋਫੈਸਰ ਜਗਤ ਰਾਮ) - ਕੋਰੋਨਾ ਦੀ ਦੂਜੀ ਲਹਿਰ ਦੇ ਜੋ ਤੱਥ ਸਾਹਮਣੇ ਆਏ ਹਨ, ਉਸ ਤੋਂ ਸਪਸ਼ਟ ਹੋਇਆ ਹੈ ਕਿ ਇਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਦਾ ਇਨਫੈਕਸ਼ਨ ਰੇਟ ਵੀ ਕਾਫ਼ੀ ਜ਼ਿਆਦਾ ਹੈ।

ਸਵਾਲ - ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਕਾਰਨ ਕੀ ਹਨ?

ਜਵਾਬ - ਪਿਛਲੇ ਸਾਲ ਦੇ ਮੁਕਾਬਲੇ ਕੋਰੋਨਾਵਾਇਰਸ ਵਿੱਚ ਕਾਫ਼ੀ ਜ਼ਿਆਦਾ ਬਦਲਾਅ ਆ ਗਿਆ ਹੈ। ਵਾਇਰਸ ਦੀਆਂ ਹੀ ਕਈ ਕਿਸਮਾਂ ਆ ਗਈਆਂ ਹਨ।

ਅਸੀਂ ਪੀਜੀਆਈ ਦੇ ਵਿੱਚ ਬਕਾਇਦਾ ਇਸ ਦੀ ਖੋਜ ਕਰਵਾਈ ਜਿਸ ਵਿੱਚ ਸਾਹਮਣੇ ਆਇਆ ਕਿ 70 ਫ਼ੀਸਦੀ ਕੇਸ ਯੂਕੇ ਨਾਲ ਸਬੰਧਿਤ ਵਾਇਰਸ ਦੇ ਹਨ।

ਇਸ ਤੋਂ ਇਲਾਵਾ 20 ਫ਼ੀਸਦੀ 681 ਐੱਚ ਮਊਟੇਸ਼ਨ ਵੀ ਪਾਏ ਗਏ ਹਨ। ਵਾਇਰਸ ਵਿੱਚ ਜੋ ਵੀ ਬਦਲਾਅ ਆ ਰਿਹਾ ਹੈ ਉਹ ਵੀ ਇਸ ਦੇ ਫੈਲਣ ਦਾ ਇੱਕ ਕਾਰਨ ਹੈ ਚਾਹੇ ਉਹ ਪੰਜਾਬ, ਚੰਡੀਗੜ੍ਹ ,ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸੇ ਕਿਉਂ ਨਾ ਹੋਣ।

ਇਸ ਤੋਂ ਇਲਾਵਾ 2020 ਵਿੱਚ ਆਖਿਆ ਗਿਆ ਸੀ ਕਿ ਛਿੱਕਣ ਅਤੇ ਖਾਂਸੀ ਛਿੱਟਿਆਂ ਨਾਲ ਦੂਜੇ ਵਿਅਕਤੀ ਤੱਕ ਪਹੁੰਚਦਾ ਹੈ, ਹੁਣ ਵੀ ਇਹ ਇੱਕ ਕਾਰਨ ਹੈ, ਪਰ ਵਾਇਰਸ ਉਤੇ ਜੋ ਲੈਂਸੈੱਟ ਦੀ ਮੌਜੂਦਾ ਸਟੱਡੀ ਆਈ ਹੈ ਉਸ ਮੁਤਾਬਕ ਇਹ ਹਵਾ ਰਾਹੀਂ ਵੀ ਫੈਲ ਸਕਦਾ ਹੈ।

ਖ਼ਾਸ ਤੌਰ ਉਤੇ ਜੇਕਰ ਕੋਈ ਬੰਦ ਕਮਰਾ ਹੈ, ਉੱਥੇ ਲੋਕ ਇਕੱਠੇ ਹੋਣਗੇ ਤਾਂ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ ਜੇਕਰ ਉੱਥੇ ਮੌਜੂਦ ਲੋਕ ਕੋਵਿਡ ਦੇ ਨਿਯਮਾਂ ਦਾ ਪਾਲਨ ਨਹੀਂ ਕਰ ਰਹੇ।

ਸਵਾਲ - ਕੀ ਮੌਸਮ ਦਾ ਵੀ ਵਾਇਰਸ ਉਤੇ ਖ਼ਾਸ ਅਸਰ ਰਹਿੰਦਾ ਹੈ?

ਜਵਾਬ - ਮੌਸਮ ਦਾ ਵਾਇਰਸ ਉਤੇ ਕੋਈ ਅਸਰ ਨਹੀਂ ਰਹਿੰਦਾ ਹੈ। ਜਿਵੇਂ ਸਰਦੀਆਂ ਵਿੱਚ ਜ਼ੁਕਾਮ ਆਮ ਤੌਰ ਉਤੇ ਰਹਿੰਦਾ ਹੈ, ਉਸ ਵਕਤ ਇਸ ਦੇ ਫੈਲਣ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ

ਸਵਾਲ - ਪੰਜਾਬ ਵਿੱਚ ਕੋਵਿਡ ਦੇ ਕਾਰਨ ਮੌਤ ਦਰ ਕਿਉਂ ਜ਼ਿਆਦਾ ਹੈ?

ਜਵਾਬ - ਕੋਰੋਨਾਵਾਇਰਸ ਨੂੰ ਲੈ ਕੇ ਲੋਕਾਂ ਦਾ ਲਾਪਰਵਾਹੀ ਵਾਲਾ ਵਿਵਹਾਰ, ਵੱਡੇ ਪ੍ਰੋਗਰਾਮਾਂ ਵਿੱਚ ਕੋਵਿਡ ਦੀਆਂ ਹਿਦਾਇਦਾ ਦਾ ਪਾਲਨ ਨਾ ਕਰਨਾ, ਇਹ ਸਭ ਤੋਂ ਵੱਡਾ ਕਾਰਨ ਹੈ।

ਇਸ ਤੋਂ ਇਲਾਵਾ ਯੂਕੇ ਕੋਰੋਨਾਵਾਇਰਸ ਦੇ ਫੈਲਣ ਦਾ ਇੱਕ ਕਾਰਨ ਵਿਦੇਸ਼ ਤੋਂ ਆਉਣ ਜਾਣ ਵਾਲੇ ਲੋਕਾਂ ਨਾਲ ਜ਼ਿਆਦਾ ਘੁਲ਼ਨਾ-ਮਿਲਣਾ ਹੈ ਕਿਉਂਕਿ ਸਟੱਡੀ ਦੇ ਵਿਚ 70 ਫ਼ੀਸਦੀ ਮਰੀਜ਼ਾਂ ਵਿੱਚ ਯੂਕੇ ਨਾਲ ਸਬੰਧਿਤ ਕੋਰੋਨਾਵਾਇਰਸ ਦੇ ਲੱਛਣਾਂ ਦਾ ਮਿਲਣਾ, ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੈ।

ਸਵਾਲ - ਯੂਕੇ, ਦੱਖਣੀ ਅਫ਼ਰੀਕਾ ਜਾਂ ਫਿਰ ਬ੍ਰਾਜ਼ੀਲ ਦੇ ਕੋਰੋਨਾਵਾਇਰਸ ਵਿੱਚ ਫ਼ਰਕ ਕੀ ਹੈ?

ਜਵਾਬ - ਇਹਨਾਂ ਤਿੰਨਾਂ ਵਿੱਚ ਇੱਕ ਗੱਲ ਜਿਹੜੀ ਸਾਂਝੀ ਪਾਈ ਗਈ ਹੈ ਉਹ ਹੈ ਇਹਨਾਂ ਦਾ ਤੇਜ਼ੀ ਨਾਲ ਫੈਲਣਾ।

ਇਸ ਤੋਂ ਇਲਾਵਾ ਇਹ ਨੌਜਵਾਨ ਵਰਗ ਨੂੰ ਵੀ ਬਹੁਤ ਤੇਜ਼ੀ ਨਾਲ ਆਪਣੀ ਚਪੇਟ ਵਿੱਚ ਲੈ ਰਿਹਾ ਹੈ, ਇਸ ਕਰ ਕੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਹਾਲਾਂਕਿ ਦੇਸ਼ ਭਰ ਵਿੱਚ ਹੁਣ ਤੱਕ ਵੈਕਸੀਨ ਕਰੀਬ 12 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕੀ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਵੈਕਸੀਨ ਲਗਵਾਉਣ ਨੂੰ ਲੈ ਕੇ ਝਿਜਕ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਵਾਲ - ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਵੈਕਸੀਨ ਲਗਾਉਣ ਦੇ ਬਾਵਜੂਦ ਵੀ ਲੋਕ ਕੋਰੋਨਾ ਦੀ ਗ੍ਰਿਫਤ ਵਿੱਚ ਆ ਰਹੇ ਹਨ ਜਦੋਂ ਬਚਾਅ ਹੀ ਨਹੀਂ ਤਾਂ ਫਿਰ ਟੀਕਾ ਕਿਉਂ ਲਗਵਾਇਆ ਜਾਵੇ?

ਜਵਾਬ - ਦੇਖੋ ਵੈਕਸੀਨ ਤਾਂ ਸਾਰੇ ਲੋਕਾਂ ਨੂੰ ਲਗਾਉਣੀ ਚਾਹੁੰਦੀ ਹੈ ਇਹ ਇੱਕ ਸਕਾਰਆਤਮਕ ਕਦਮ ਹੈ ਇਹ ਮੇਰੀ ਰਾਏ ਹੈ।

ਬਹੁਤ ਸਾਰੇ ਲੋਕ ਵੈਕਸੀਨ ਨੂੰ ਲੈ ਕੇ ਅਲੱਗ ਧਾਰਨਾਵਾਂ ਵੀ ਰੱਖ ਰਹੇ ਹਨ ਇਸ ਨਾਲ ਸਾਈਡ ਇਫੈਕਟ ਹੁੰਦੇ ਹਨ ਪਰ ਮੇਰੇ ਮੁਤਾਬਕ ਅਜੇ ਤੱਕ ਕੋਈ ਵੀ ਗੰਭੀਰ ਨਤੀਜਾ ਦੇਖਣ ਨੂੰ ਨਹੀਂ ਮਿਲਿਆ।

ਦੂਜੀ ਗੱਲ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ ਵੀ ਕੋਵਿਡ ਦੀਆਂ ਹਿਦਾਇਤਾਂ ਦਾ ਪਾਲਨ ਕਰਨਾ ਹੋਵੇਗਾ।

ਜੇਕਰ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਕੋਰੋਨਾ ਦਾ ਖ਼ਤਰਾ ਬਰਕਰਾਰ ਰਹੇਗਾ ਕਿਉਂਕਿ ਐਂਟੀ ਬਾਡੀਜ਼ ਬਣਨ ਵਿੱਚ ਕੁਝ ਸਮਾਂ ਲੱਗਦਾ ਹੈ ਅਤੇ ਦੂਜੀ ਡੋਜ਼ ਲੱਗਣ ਤੋਂ ਬਾਅਦ ਇਹ ਹੋਰ ਮਜ਼ਬੂਤ ਹੁੰਦੀ ਹੈ।

ਇਸ ਨਾਲ 90 ਫ਼ੀਸਦੀ ਸੁਰੱਖਿਆ ਬਰਕਰਾਰ ਹੋ ਜਾਂਦੀ ਹੈ। ਜੇਕਰ ਦੋਵਾਂ ਡੋਜ਼ਾਂ ਤੋਂ ਬਾਅਦ ਵੀ ਕੋਰੋਨਾ ਹੁੰਦਾ ਹੈ ਤਾਂ ਇਸ ਨਾਲ ਮਰੀਜ਼ ਦੇ ਬਿਨਾਂ ਕਿਸੇ ਗੰਭੀਰ ਪ੍ਰਮਾਣ ਦੇ ਛੇਤੀ ਉੱਭਰਨ ਦੀ ਸੰਭਾਵਨਾ ਬਰਕਰਾਰ ਰਹਿੰਦੀ ਹੈ।

ਸਵਾਲ- ਵੈਕਸੀਨ ਦਾ ਸਰੀਰ ਉਤੇ ਕਿਸੇ ਤਰਾਂ ਦਾ ਮਾੜਾ ਪ੍ਰਭਾਵ ਹੁੰਦਾ ਹੈ?

ਜਵਾਬ - ਪੀਜੀਆਈ ਚੰਡੀਗੜ ਵਿੱਚ ਹੁਣ ਤੱਕ ਵੈਕਸੀਨ ਤੋਂ ਬਾਅਦ ਕਿਸੇ ਨੂੰ ਕੋਈ ਗੰਭੀਰ ਸਾਈਡ ਇਫੈਕਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਸਵਾਲ - ਦੂਜੀ ਲਹਿਰ ਜਿਸ ਤਰੀਕੇ ਨਾਲ ਫੈਲ ਰਹੀ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤੀ ਕਿਸ ਤਰੀਕੇ ਦੀ ਹੈ?

ਜਵਾਬ - ਦੇਖੋ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ ਜਿਸ ਤਰੀਕੇ ਨਾਲ ਵੱਧ ਰਹੀ ਹੈ ਤਾਂ ਉਸ ਨਾਲ ਹਸਪਤਾਲਾਂ ਵਿੱਚ ਬੈੱਡ ਤੇਜ਼ੀ ਨਾਲ ਭਰਦੇ ਜਾ ਰਹੇ ਹਨ।

ਕਰੀਬ 75 ਫ਼ੀਸਦੀ ਬੈੱਡ ਇਸ ਸਮੇਂ ਭਰੇ ਪਏ ਹਨ ਪਰ ਆਕਸੀਜਨ ਦੀ ਫ਼ਿਲਹਾਲ ਹੋਈ ਕਮੀ ਨਹੀਂ ਹੈ।

ਪੰਜਾਬ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਸਥਿਤੀ ਗੰਭੀਰ ਹੋ ਸਕਦੀ ਹੈ।

ਉਂਝ 2020 ਵਿੱਚ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਜੋ ਹੁਣ ਕੰਮ ਆ ਰਹੀਆਂ ਹਨ।

ਸਵਾਲ - ਕੋਰੋਨਾ ਗ੍ਰਸਤ ਇੱਕ ਵਿਅਕਤੀ ਕਿੰਨੇ ਲੋਕਾਂ ਨੂੰ ਲਾਗ ਲੱਗਾ ਸਕਦਾ ਹੈ?

ਜਵਾਬ - ਇਸ ਵਿੱਚ ਕੋਈ ਸੀਮਾ ਨਹੀਂ ਹੈ, ਜਿੱਥੇ ਜਿੱਥੇ ਉਹ ਜਾਵੇਗਾ ਦੂਜੇ ਵਿਅਕਤੀਆਂ ਨੂੰ ਕੋਰੋਨਾ ਗ੍ਰਸਤ ਕਰਦਾ ਜਾਵੇਗਾ ਜੇਕਰ ਉਹ ਕੋਵਿਡ ਦੀਆਂ ਹਿਦਾਇਤਾਂ ਦਾ ਪਾਲਨ ਨਹੀਂ ਕਰਨਗੇ।

ਸਵਾਲ - ਸਰਕਾਰਾਂ ਲੌਕਡਾਊਨ ਲਗਾ ਰਹੀਆਂ ਹਨ ਇਸ ਨਾਲ ਕੋਈ ਫ਼ਰਕ ਪਵੇਗਾ?

ਜਵਾਬ - ਲੌਕਡਾਊਨ ਆਖਰੀ ਵਿਕਲਪ ਹੋਣਾ ਚਾਹੀਦਾ ਹੈ ਪਹਿਲਾਂ ਲੋਕਾਂ ਨੂੰ ਕੋਵਿਡ ਦੀਆਂ ਹਿਦਾਇਤਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਜੇਕਰ ਲੋਕ ਹਿਦਾਇਤਾਂ ਦਾ ਪਾਲਣ ਕਰਨ ਲੱਗ ਜਾਣਗੇ ਤਾਂ ਮੇਰੇ ਮੁਤਾਬਕ ਲੌਕਡਾਊਨ ਦੀ ਜਰੂਰਤ ਨਹੀਂ ਪਵੇਗੀ।

ਰਾਤ ਦੇ ਸਮੇਂ ਜੋ ਲੌਕਡਾਊਨ ਲੱਗਦਾ ਹੈ, ਉਹ ਕੁਝ ਹੱਦ ਤੱਕ ਠੀਕ ਹੈ ਪਰ ਦਿਨ ਸਮੇਂ ਕਈ ਹੋਰ ਸਮਸਿਆਵਾਂ ਹਨ ਜਿਵੇਂ ਬਹੁਤ ਸਾਰੇ ਲੋਕ ਰੋਜ਼ਾਨਾ ਕਮਾ ਕੇ ਆਪਣਾ ਪੇਟ ਭਰਦੇ ਹਨ, ਉਹ ਲੌਕਡਾਊਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)