ਮਹਾਰਾਸ਼ਟਰ ਚ ਲੱਗਿਆ ਮੁਕੰਮਲ ਲੌਕਡਾਊਨ, ਆਕਸੀਜਨ ਲੀਕ ਹਾਦਸੇ 'ਚ 22 ਮੌਤਾਂ

ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਸੂਬੇ ਵਿੱਚ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਹੈ।

ਕਈ ਦਿਨਾਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਮਹਾਰਾਸ਼ਟਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੁਕੰਮਲ ਤਾਲਾਬੰਦੀ ਕੀਤੀ ਜਾ ਸਕਦੀ ਹੈ।

ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਸੰਕਰਮਣ ਦੇ 67,468 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਥੇ ਇਸ ਸਮੇਂ ਦੌਰਾਨ 568 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਸੂਬੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 6,95,747 ਹੈ।

ਇਹ ਵੀ ਪੜ੍ਹੋ

'ਦਾਦੀ ਮਾਂ ਵੈਂਟੀਲੇਟਰ 'ਤੇ ਸੀ ਪਰ ਦੋ ਘੰਟੇ ਆਕਸੀਜਨ ਨਾ ਮਿਲਣ ਕਰਕੇ ਉਸਦੀ ਮੌਤ ਹੋ ਗਈ'

ਮਹਾਰਾਸ਼ਟਰ ਦੇ ਨਾਸਿਕ ਵਿਚ ਇਕ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋਣ ਕਾਰਨ ਘੱਟੋ ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਹਾਦਸੇ ਵਿੱਚ 22 ਲੋਕਾਂ ਦੀ ਮੌਤ ਦੀ ਪੁਸ਼ਟੀ ਨਾਸਿਕ ਨਗਰ ਨਿਗਮ ਦੇ ਕਮਿਸ਼ਨਰ ਨੇ ਕੀਤੀ ਹੈ। ਹਸਪਤਾਲ ਵਿੱਚ ਕੁੱਲ 150 ਮਰੀਜ਼ ਸਨ, ਜਿਨ੍ਹਾਂ ਵਿੱਚ 23 ਵਿਅਕਤੀਆਂ ਨੂੰ ਵੈਂਟੀਲੇਟਰਾਂ 'ਤੇ ਰੱਖਿਆ ਗਿਆ ਸੀ।

ਆਕਸੀਜਨ ਲੀਕ ਹੋਣ ਕਾਰਨ ਹਸਪਤਾਲ ਵਿੱਚ ਅੱਧਾ ਘੰਟਾ ਸਪਲਾਈ ਠੱਪ ਰਹੀ।

ਨਾਸਿਕ ਨਗਰ ਨਿਗਮ ਦੇ ਕਮਿਸ਼ਨਰ ਕੈਲਾਸ਼ ਜਾਧਵ ਨੇ ਕਿਹਾ, "ਤਕਨੀਕੀ ਇੰਜੀਨੀਅਰ ਦੀ ਮਦਦ ਨਾਲ ਲੀਕੇਜ ਨੂੰ ਬੰਦ ਕਰ ਦਿੱਤਾ ਗਿਆ ਹੈ। ਪਰ ਹੁਣ ਹਸਪਤਾਲ ਵਿੱਚ ਸਿਰਫ 25 ਪ੍ਰਤੀਸ਼ਤ ਆਕਸੀਜਨ ਬਚੀ ਹੈ। 10-11 ਵਿਅਕਤੀਆਂ ਦੀ ਮੌਤ ਹੋ ਗਈ ਹੈ। ਆਕਸੀਜਨ ਦੀ ਸਪਲਾਈ ਘੱਟ ਹੋਣ ਕਾਰਨ ਲੋਕ ਬਚ ਸਕਦੇ ਹਨ ਪਰ ਜਿਹੜੇ ਲੋਕ ਵੈਂਟੀਲੇਟਰ 'ਤੇ ਹਨ ਉਹ ਘੱਟ ਆਕਸੀਜਨ ਨਾਲ ਨਹੀਂ ਬਚ ਸਕਦੇ। ਅਸੀਂ ਘਟਨਾ ਦੀ ਜਾਂਚ ਕਰਾਂਗੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ। "

ਨਿਉਜ਼ ਏਜੰਸੀ ਏਐਨਆਈ ਦੇ ਅਨੁਸਾਰ, ਨਾਸਿਕ ਦੇ ਡਾਕਟਰ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਜਦੋਂ ਟੈਂਕਰਾਂ ਦੇ ਜ਼ਰਿਏ ਆਕਸੀਜਨ ਨਾਲ ਭਰਿਆ ਜਾ ਰਿਹਾ ਸੀ, ਤਾਂ ਇਹ ਲੀਕ ਹੋਈ।

ਨਾਸਿਕ ਨੂੰ ਰੋਜ਼ਾਨਾ 139 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ, ਪਰ ਉਸ ਨੂੰ 84 ਮੀਟ੍ਰਿਕ ਟਨ ਆਕਸੀਜਨ ਹੀ ਰੋਜ਼ਾਨਾ ਮਿਲ ਰਹੀ ਹੈ।

ਹਸਪਤਾਲ ਵਿਚ ਮਰਨ ਵਾਲਿਆਂ ਦੇ ਪਰਿਵਾਰ ਸੋਗ ਮਨਾ ਰਹੇ ਹਨ।

ਅਮੋਲ ਦੀ 60 ਸਾਲਾ ਦਾਦੀ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਅਮੋਲ ਨੇ ਦੱਸਿਆ ਕਿ ਆਕਸੀਜਨ ਦੀ ਸਪਲਾਈ ਕਰੀਬ ਦੋ ਘੰਟੇ ਬੰਦ ਰਹਿਣ ਕਾਰਨ ਉਨ੍ਹਾਂ ਦੀ ਦਾਦੀ ਦੀ ਮੌਤ ਹੋ ਗਈ।

ਵਿੱਕੀ ਜਾਧਵ ਵੀ ਇਸ ਹਾਦਸੇ ਵਿੱਚ ਆਪਣੀ ਦਾਦੀ ਨੂੰ ਗੁਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਦਾਦੀ ਦਾ ਆਕਸੀਜਨ ਦਾ ਪੱਧਰ ਹੇਠਾਂ ਡਿੱਗਣਾ ਆਉਣਾ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਹਸਪਤਾਲ ਦੇ ਸਟਾਫ਼ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਹਸਪਤਾਲ ਵਿੱਚ ਆਕਸੀਜਨ ਖਤਮ ਹੋ ਗਈ ਹੈ।

ਸਖ਼ਤ ਜਾਂਚ ਦੀ ਮੰਗ

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦਵੇਂਦਰ ਫਡਨਵੀਸ ਨੇ ਕਿਹਾ, ''ਜੋ ਨਾਸਿਕ ਵਿੱਚ ਹੋਇਆ ਹੈ ਉਹ ਬਹੁਤ ਦੁਖਦਾਈ ਹੈ। ਜ਼ਰੂਰਤ ਪੈਣ 'ਤੇ ਮਰੀਜ਼ਾਂ ਨੂੰ ਸਹੀ ਜਗ੍ਹਾ ਵਿੱਚ ਸ਼ਿਫ਼ਟ ਕੀਤਾ ਜਾਣਾ ਚਾਹੀਦਾ ਹੈ। ਇਸ ਹਾਦਸੇ ਦੀ ਜਾਂਚ ਹੋਣੀ ਚਾਹੀਦੀ ਹੈ।''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ, ''ਨਾਸਿਕ ਦੇ ਹਸਪਤਾਲ ਵਿੱਚ ਆਕਸੀਜਨ ਲੀਕ ਹੋਣ ਨਾਲ ਹੋਈ ਦੁਰਘਟਨਾ ਦਿਲ ਝੰਜੋੜਨ ਵਾਲੀ ਹੈ। ਕਈ ਜਾਨਾਂ ਜਾਣ ਦਾ ਬਹੁਤ ਦੁਖ਼ ਹੈ। ਮੇਰੀਆਂ ਸੰਵੇਦਨਾਵਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ।''

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਇਸ ਘਟਨਾ ਉੱਤੇ ਦੁਖ਼ ਜਤਾਇਆ ਹੈ।

ਉਨ੍ਹਾਂ ਕਿਹਾ, ''ਨਾਸਿਕ ਦੇ ਹਸਪਤਾਲ ਵਿੱਚ ਆਕਸੀਜਨ ਲੀਕ ਹੋਣ ਦੀ ਦੁਰਘਟਨਾ ਦੀ ਖ਼ਬਰ ਸੁਣ ਕੇ ਕਾਫ਼ੀ ਦੁਖ਼ ਹੋਇਆ ਹੈ। ਇਸ ਹਾਦਸੇ ਵਿੱਚ ਜਿੰਨਾਂ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ, ਮੈਂ ਉਨ੍ਹਾਂ ਨਾਲ ਸੰਵੇਦਨਾ ਪ੍ਰਗਟ ਕਰਦਾ ਹਾਂ। ਬਾਕੀ ਸਾਰੇ ਮਰੀਜ਼ਾਂ ਦੀ ਕੁਸ਼ਲਤਾ ਲਈ ਰੱਬ ਤੋਂ ਪ੍ਰਾਰਥਨਾ ਕਰਦਾ ਹਾਂ।''

ਭਾਰਤ ਦਾ ਸਭ ਤੋਂ ਪੀੜ੍ਹਤ ਸੂਬਾ

ਭਾਰਤ ਵਿਚ ਇਸ ਸਮੇਂ ਕੋਰੋਨਾ ਮਹਾਮਾਰੀ ਨਾਲ ਦੂਜੀ ਲਹਿਰ ਚੱਲ ਰਹੀ ਹੈ ਅਤੇ ਮਹਾਰਾਸ਼ਟਰ ਵਿਚ ਸਭ ਤੋਂ ਵੱਧ ਪੀੜਤ ਸੂਬਾ ਹੈ।

ਮਾਹਰਾਸ਼ਟਰ ਵਿਚ ਪਿਛਲੇ ਕੁਢ ਦਿਨਾਂ ਤੋਂ ਕੋਰੋਨਾ ਲਾਗ ਦੇ ਸ਼ਿਕਾਰ ਲੋਕਾਂ ਦੀ ਗਿਣਤੀ 50 ਹਜ਼ਾਰ ਤੋਂ ਵੱਧ ਰਹੀ ਹੈ। ਅਜਿਹੇ ਹਾਲਾਤ ਵਿਚ ਆਕਸੀਜਨ ਦੀ ਕਮੀ ਅਤੇ ਹਸਪਤਾਲਾਂ ਵਿਚ ਬੈੱਡਾਂ ਦੀ ਕਮੀ ਨਾਲ ਸੂਬਾ ਸਭ ਤੋਂ ਵੱਧ ਜੂਝ ਰਿਹਾ ਹੈ।

ਲਾਗ ਦੀ ਰਫ਼ਤਾਰ ਰੋਕਣ ਲਈ ਸਰਕਾਰ ਨੇ ਸਖ਼ਤ ਪਾਬੰਦੀਆਂ ਲਗਾਈਆਂ ਹੋਈਆਂ ਹਨ ਪਰ ਅਜੇ ਸਰਕਾਰ ਲੌਕਡਾਊਨ ਦੇ ਪੱਖ ਵਿਚ ਨਹੀਂ ਦਿਖ ਰਹੀ।

ਭਾਵੇਂ ਕਿ ਕਈ ਮੰਤਰੀਆਂ ਨੇ ਵੀ ਮੁੱਖ ਮੰਤਰੀ ਉਧਵ ਠਾਕਰੇ ਨੂੰ ਸੂਬੇ ਵਿਚ ਪੂਰੀ ਤਰ੍ਹਾਂ ਲੌਕਡਾਊਨ ਲਾਉਣ ਦੀ ਅਪੀਲ ਵੀ ਕੀਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)