You’re viewing a text-only version of this website that uses less data. View the main version of the website including all images and videos.
ਇਹ ਔਰਤਾਂ ਮਾਹਵਾਰੀ ਦੇ ਖੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ?
ਹਰ ਮਹੀਨੇ ਲੌਰਾ ਟੀਗਜ਼ੀਰੀਆ ਧਰਤੀ ਨਾਲ ਸੰਬੰਧ ਦੀ ਰਸਮ ਨਿਭਾਉਂਦੀ ਹੈ।
27 ਸਾਲ ਲੌਰਾ ਆਪਣੀ ਮਾਹਵਾਰੀ ਦਾ ਖੂਨ ਇਕੱਠਾ ਕਰਦੀ ਹੈ। ਉਸ ਵਿੱਚੋਂ ਕੁਝ ਆਪਣੇ ਚਿਹਰੇ ’ਤੇ ਮਲ ਲੈਂਦੀ ਹੈ ਤੇ ਕੁਝ ਪਾਣੀ ਵਿੱਚ ਘੋਲ ਕੇ ਬੂਟਿਆਂ ਨੂੰ ਪਾ ਦਿੰਦੀ ਹੈ।
ਇਸ ਨੂੰ 'ਸੀਡਿੰਗ ਦਿ ਮੂਨ' ਕਿਹਾ ਜਾਂਦਾ ਹੈ। ਇਹ ਇੱਕ ਪੁਰਾਤਨ ਰਵਾਇਤ ਤੋਂ ਪ੍ਰਭਾਵਿਤ ਹੈ ਜਿਸ ਮੁਤਾਬਕ ਮਾਹਵਾਰੀ ਦੇ ਖੂਨ ਨੂੰ ਉਪਜਾਊਪੁਣੇ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ।
ਜਿਹੜੀਆਂ ਔਰਤਾਂ ਇਸ ਰਸਮ ਨੂੰ ਕਰਦੀਆਂ ਹਨ ਉਨ੍ਹਾਂ ਕੋਲ ਆਪਣੇ ਮੂਨਜ਼ ਨੂੰ ਸੈਲੀਬਰੇਟ ਕਰਨ ਦੇ ਆਪਣ ਤਰੀਕੇ ਹਨ। ਹਰ ਮੂਨ ਦੀਆਂ ਆਪਣੀਆਂ ਕਲਾਵਾਂ ਤੇ ਆਪਣੇ ਅਰਥ ਹਨ।
ਇਹ ਵੀ ਪੜ੍ਹੋ:
ਲੌਰਾ ਨੇ ਬੀਬੀਸੀ ਨੂੰ ਦੱਸਆ ਕਿ ਬੂਟਿਆਂ ਨੂੰ ਪਾਣੀ ਦਿੰਦਿਆਂ ਉਹ ਇੱਕ ਖ਼ਾਸ ਮੰਤਰ ਪੜ੍ਹਦੀ ਹੈ। ਉਨ੍ਹਾਂ ਦੱਸਿਆ, “ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਪਿਆਰ ਕਰਦੀ ਹਾਂ ਤੇ ਧੰਨਵਾਦੀ ਹਾਂ।” ਮੈਂ ਚਿਤਵਦੀ ਹਾਂ ਕਿ ਬੂਟੇ ਵਧ-ਫੁੱਲ ਰਹੇ ਹਨ ਤੇ ਬਹੁਤ ਸਾਰਾ ਪੋਸ਼ਣ ਹਾਸਲ ਕਰ ਰਹੇ ਹਨ।”
ਜਦੋਂ ਕਿ ਆਪਣੇ ਮੂੰਹ ’ਤੇ ਖੂਨ ਲਗਾਉਂਦਿਆਂ ਉਹ ਸਿਰਫ਼ ਧੰਨਵਾਦੀ ਤੇ ਮੁੜ-ਊਰਜਾ ਹਾਸਲ ਕਰਨ ਵਾਂਗ ਮਹਿਸੂਸ ਕਰਦੀ ਹੈ।
“ਬਹੁਤ ਜ਼ਿਆਦਾ ਸ਼ਕਤੀਸ਼ਾਲੀ”
ਲੌਰਾ ਦੀ ਇਹ ਰਸਮ ਔਰਤਾਂ ਨੂੰ ਤਾਕਤ ਵੀ ਦੇ ਰਹੀ ਹੈ। ਉਨ੍ਹਾਂ ਮੁਤਾਬਕ, “ਸਭ ਤੋਂ ਵੱਡਾ ਵਿਤਕਰਾ ਤਾਂ ਉਹ ਭਾਵਨਾ ਹੈ ਜੋ ਸਮਾਜ ਦੇ ਮਨ ਵਿੱਚ ਮਾਹਵਾਰੀ ਦੇ ਖੂਨ ਬਾਰੇ ਹੈ ਤੇ ਉਹ ਸ਼ਰਮ ਜੋ ਔਰਤਾਂ ਨੂੰ ਮਾਹਵਾਰੀ ਦੌਰਾਨ ਮਹਿਸੂਸ ਹੁੰਦੀ ਹੈ।”
ਸੀਡਿੰਗ ਦਿ ਮੂਨ ਬਹੁਤ ਸਾਧਾਰਣ ਪਰ ਹਰ ਔਰਤ ਲਈ ਬਹੁਤ ਸ਼ਕਤੀਸ਼ਾਲੀ, ਤੇ ਗਹਿਰਾ ਪ੍ਰਯੋਗ ਹੈ।
ਮੌਰਨਿਆ ਕੌਰਡੈਸੋ ਜੋ ਕਿ ਇੱਕ ਬਾਡੀ-ਸਾਈਕੋਥੈਰੇਪਿਸਟ ਹਨ, ਇੱਕ ਡਾਂਸਰ ਹੋਣ ਦੇ ਨਾਲ ਉਹ ਇੱਕ ਲੇਖਕ ਵੀ ਹਨ। ਉਨ੍ਹਾਂ ਨੇ ਇਹ ਵਰਲਡ ‘ਸੀਡ ਯੂਅਰ ਮੂਨ’ ਡੇ ਸਾਲ 2018 ਵਿੱਚ ਸ਼ੁਰੂ ਕੀਤਾ।
ਪਿਛਲੇ ਸਾਲ 2000 ਔਰਤਾਂ ਨੇ ਆਪਣੇ ਮੂਨਜ਼ ਨੂੰ ਸੀਡ ਕੀਤਾ।
ਇਸ ਗਤੀਵਿਧੀ ਪਿੱਛੇ ਵਿਚਾਰ ਇਹ ਹੈ ਕਿ ‘ਮਾਹਵਾਰੀ ਦਾ ਖ਼ੂਨ ਔਰਤ ਲਈ ਸ਼ਰਮ ਦਾ ਕਾਰਨ ਨਹੀਂ ਹੈ ਸਗੋਂ ਸ਼ਾਨ ਤੇ ਸ਼ਕਤੀ ਦਾ ਸਬੱਬ ਹੈ। ਅਗਲੀ ਤਰੀਕ 4 ਅਗਸਤ ਹੋਵੇਗੀ।
“ਔਰਤਾਂ ਦਾ ਅਧਿਆਤਮਿਕ ਕਾਰਜ”
ਮੌਰਨਿਆ ਮੁਤਾਬਕ ਮੈਕਸੀਕੋ ਸਮੇਤ ਉੱਤਰੀ ਅਮਰੀਕਾ ਅਤੇ ਪੈਰੂ ਦੇ ਸੱਭਿਆਚਾਰਾਂ ਵਿੱਚ ਮਾਹਵਾਰੀ ਦੇ ਖ਼ੂਨ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਮਿੱਟੀ ਵਿੱਚ ਮਿਲਾਇਆ ਜਾਂਦਾ ਸੀ।
ਉਸ ਸਮੇਂ ਇਸ ਨੂੰ ਔਰਤਾਂ ਦਾ ਅਧਿਆਤਮਿਕ ਕਾਰਜ ਸਮਝਿਆ ਜਾਂਦਾ ਸੀ। ਇਹ ਇੱਕ ਰਸਮ ਸੀ ਜੋ ਦਰਸਾਉਂਦੀ ਸੀ ਕਿ ਇੱਕ ਕੁੜੀ ਨੂੰ ਔਰਤ ਬਣਨ ਦਾ ਮਾਣ ਮਿਲਿਆ ਹੈ।
ਡੇਨੀਏਲਾ ਟੋਨੀਲੀ ਮੈਨਿਕਾ ਬ੍ਰਜ਼ੀਲ ਦੀ ਯੂਨੀਕੈਂਪ ਯੂਨੀਵਰਸਿਟੀ ਵਿੱਚ ਇੱਕ ਮਨੁੱਖੀ ਵਿਕਾਸ ਵਿਗਿਆਨੀ ਹਨ। ਉਨ੍ਹਾਂ ਮੁਤਾਬਕ ਦੂਜੇ ਦੇਸ਼ਾਂ ਵਿੱਚ ਇਸ ਬਾਰੇ “ਬੇਹੱਦ ਨਾਂਹਮੁਖੀ ਨਜ਼ਰੀਆ” ਹੈ। ਉਹ ਇਸ ਵਿਸ਼ੇ ਵਿੱਚ 20 ਸਾਲਾਂ ਤੋਂ ਖੋਜ ਕਾਰਜ ਕਰ ਰਹੇ ਹਨ।
ਉਨ੍ਹਾਂ ਦੱਸਿਆ, “ਮਾਹਵਾਰੀ ਨੂੰ ਬਿਨਾਂ ਮਤਲਬ ਦੇ ਵਹਿਣ ਵਾਲੇ ਖੂਨ ਵਜੋਂ ਦੇਖਿਆ ਜਾਂਦਾ ਹੈ।” ਇਸ ਨੂੰ ਮਲ-ਮੂਤਰ ਵਾਲੀ ਸ਼੍ਰੇਣੀ ਵਿੱਚ ਹੀ ਰੱਖਿਆ ਜਾਂਦਾ ਹੈ ਜਿਸ ਨਾਲ ਤੁਸੀਂ ਗੁਸਲਖਾਨੇ ਵਿੱਚ ਨਿਪਟਦੇ ਹੋ, ਬਿਲਕੁਲ ਅੱਖਾਂ ਤੋਂ ਓਹਲੇ।”
ਇਹ ਵੀ ਪੜ੍ਹੋ:
1960ਵਿਆਂ ਵਿੱਚ ਇਸਤਰੀਵਾਦੀ ਲਹਿਰਾਂ ਨੇ ਇਸ ਵਿਚਾਰਧਾਰਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਉਸ ਨੇ ਔਰਤਾਂ ਨੂੰ ਆਪਣੇ ਸਰੀਰ ਬਾਰੇ ਖੁੱਲ੍ਹ ਕੇ ਗੱਲ ਕਰਨ ਤੇ ਆਪਣੇ ਸਰੀਰ ਦੀ ਬਣਤਰ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।
ਉਸ ਸਮੇਂ ਤੋਂ ਬਾਅਦ ਕਲਾਕਾਰਾਂ ਨੇ ਮਾਹਵਾਰੀ ਦੇ ਖੂਨ ਨਾਲ ਜੁੜੇ ਬਿੰਬਾਂ ਦੇ ਸਿਆਸੀ ਬਿੰਬਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਅਤੇ ਇਸ ਰਾਹੀਂ ਲਿੰਗਕ ਤੇ ਜਿਣਸੀ ਮੁੱਦਿਆਂ ਬਾਰੇ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।
‘ਮਹਾਂ ਕੁੱਖ’
ਇਸ ਰਸਮ ਬਾਰੇ ਇੰਟਰਨੈਟ ਰਾਹੀਂ ਜਾਣਨ ਵਾਲੀ ਰੈਨਾਟਾ ਰਿਬੈਰੋ ਨੇ ਦੱਸਿਆ,"ਸੀਡਿੰਗ ਮਾਈ ਮੂਨ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਤੇ ਮੈਂ ਧਰਤੀ ਨੂੰ ਇੱਕ ਮਹਾਂ ਕੁੱਖ ਵਜੋਂ ਦੇਖਣਾ ਸ਼ੁਰੂ ਕੀਤਾ। ਬਿਲਕੁਲ ਆਪਣੀ ਕੁੱਖ ਵਾਂਗ।"
"ਮੈਨੂੰ ਲਗਿਆ ਕਿ ਧਰਤੀ ਜੋ ਸਾਨੂੰ ਦਿੰਦੀ ਹੈ ਉਹ ਉਸ ਨੂੰ ਮੋੜ ਦੇਣਾ ਉਚਿਤ ਹੈ।"
ਉਹ ਆਪਣੇ ਖੂਨ ਦੀ ਵਰਤੋਂ ਆਪਣੇ ਘਰ ਦੇ ਗਮਲਿਆਂ ਵਿੱਚ ਉਗਾਏ ਪੌਦਿਆਂ ਲਈ ਕਰਦੀ ਹੈ।
43 ਸਾਲਾ ਰੈਨਾਟਾ ਨੂੰ ਜਦੋਂ ਪਹਿਲੀ ਵਾਰ ਮਾਹਵਾਰੀ ਆਈ ਸੀ ਤਾਂ ਉਨ੍ਹਾਂ ਨੂੰ ਕਿਸੇ ਨੇ ਕਿਹਾ ਸੀ ਕਿ ਹੁਣ ਤੂੰ ਇੱਕ ਔਰਤ ਬਣ ਗਈ ਹੈ ਤੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲਗਣਾ ਚਾਹੀਦਾ।
ਰੈਨਾਟਾ ਨੂੰ ਮਰਦਾਂ ਤੋਂ ਈਰਖਾ ਹੁੰਦੀ ਸੀ ਜਿਨ੍ਹਾਂ ਨੂੰ ਇਸ ਸਭ ਵਿੱਚੋਂ ਲੰਘਣਾ ਨਹੀਂ ਪੈਂਦਾ। ਹੁਣ ਉਸ ਨੂੰ ਇਹ ਖੂਨ ਪਵਿੱਤਰ ਲਗਦਾ ਹੈ।
ਸ਼ਰਮ ਦਾ ਵਿਸ਼ਾ
ਦੁਨੀਆਂ ਭਰ ਵਿੱਚ 14 ਤੋਂ 24 ਸਾਲਾ ਦੀਆਂ 1500 ਔਰਤਾਂ ’ਤੇ ਕੀਤੇ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਇਹ ਵਿਸ਼ਾ ਹਾਲੇ ਵੀ ਕਈ ਸਮਾਜਾਂ ਵਿੱਚ ਇੱਕ ਵਰਜਿਤ ਵਿਸ਼ਾ ਹੈ।
ਇਸ ਸਰਵੇਖਣ ਜਿਸ ਨੂੰ ਜੌਹਨਸਨ ਐਂਡ ਜੌਹਨਸਨ, ਬ੍ਰਾਜ਼ੀਲ ਨੇ ਕਰਵਾਇਆ ਸੀ। ਉਸ ਦੇ ਮੁਤਾਬਕ ਬ੍ਰਾਜ਼ੀਲ, ਦੱਖਣੀ ਅਫ਼ਰੀਕਾ, ਅਰਜਨਟਾਈਨਾ ਤੇ ਫਿਲੀਪੀਨਜ਼ ਵਿੱਚ ਔਰਤਾਂ ਨੂੰ ਮਾਹਵਾਰੀ ਦੌਰਾਨ ਵਰਤਿਆ ਜਾਂਦਾ ਸਮਾਨ ਉਧਾਰਾ ਲੈਣ ਲਈ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ਉਹ ਮਾਹਵਾਰੀ ਦੇ ਪੈਡ ਨਿਪਟਾਉਂਦਿਆਂ ਦੇਖ ਲਏ ਜਾਣ ’ਤੇ ਅਤੇ ਮਾਹਵਾਰੀ ਦੌਰਾਨ ਕੁਰਸੀ ਤੋਂ ਉੱਠਣ ਕਾਰਨ ਵੀ ਮਜ਼ਾਕ ਦੀਆਂ ਪਾਤਰ ਬਣਾਈਆਂ ਜਾਂਦੀਆਂ ਹਨ।
ਨੌਜਵਾਨ ਫ਼ਿਲਮਕਾਰ ਰਿਆਕਾ ਜ਼ੇਹਟਾਬੀਚੀ ਨੇ ਭਾਰਤ ਦੇ ਹਾਪੁੜ ਇਲਾਕੇ ਵਿੱਚ ਕੁਝ ਔਰਤਾਂ ਉੱਪਰ ਇੱਕ ਛੋਟੀ ਦਸਤਾਵੇਜ਼ੀ ਫਿਲਮ, ‘ਪੀਰੀਅਡ. ਐਂਡ ਆਫ਼ ਸਨਟੈਂਸ’ ਬਣਾਈ ਜਿਸ ਵਿੱਚ ਉਨ੍ਹਾਂ ਨੇ ਕੁਝ ਔਰਤਾਂ ਦੀ ਕਹਾਣੀ ਦੱਸੀ ਜੋ ਸੈਨਟਰੀ ਪੈਡ ਦੀ ਪਹੁੰਚ ਵਧਾਉਣ ਲਈ ਕੋਸ਼ਿਸ਼ ਕਰ ਰਹੀਆਂ ਹਨ।
ਇੱਕ ਔਰਤ ਨੇ ਫਿਲਮ ਵਿੱਚ ਦੱਸਿਆ ਕਿ ਇਹ ਅਪਵਿੱਤਰ ਖੂਨ ਹੁੰਦਾ ਹੈ ਜਦਕਿ ਦੂਸਰੀ ਨੇ ਮੰਨਿਆ ਕਿ ਇਸ ਕਾਰਨ ਉਸ ਨੂੰ ਆਪਣੀ ਪੜ੍ਹਾਈ ਵਿਚਾਲੇ ਛੱਡਣੀ ਪਈ ਸੀ।
ਬਾਹੀਆ ਦੀ ਯੂਨੀਵਰਸਿਟੀ ਦੀ 71 ਸਾਲ ਪ੍ਰੋਫੈਸਰ ਸਿਸਲੀਆ ਸਰਦੇਨਬਰਗ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਮਾਹਵਾਰੀ ਆਈ ਸੀ ਤਾਂ ਕੋਈ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦਾ ਸੀ ਪਰ ਹੁਣ ਜੋ ਔਰਤਾਂ ਇਸ ਬਾਰੇ ਬੋਲਦੀਆਂ ਹਨ ਉਨ੍ਹਾਂ ਸਿਰ ਇਸ ਨਾਲ ਜੁੜੇ ਭੈੜੇ ਰਿਵਾਜ਼ਾਂ ਨੂੰ ਤੋੜਨ ਦੀ ਜਿੰਮੇਵਾਰੀ ਹੈ।
ਵਿਵਾਦ
ਹਰ ਕੋਈ ਸੀਡਿੰਗ ਦਿ ਮੂਨ ਨੂੰ ਅਪਨਾਉਣ ਲਈ ਤਿਆਰ ਨਹੀਂ ਹੈ। ਇਸੇ ਲਈ ਲੌਰਾ ਨੇ ਜੂਨ ਮਹੀਨੇ ਵਿੱਚ ਇੱਕ ਸੈਲਫ਼ੀ ਪੋਸਟ ਕੀਤੀ ਜਿਸ ਵਿੱਚ ਉਨ੍ਹਾਂ ਨੇ ਮਾਹਵਾਰੀ ਦਾ ਖੂਨ ਮੂੰਹ ’ਤੇ ਲਾਇਆ ਹੋਇਆ ਸੀ।
"ਮੇਰੇ 300 ਫੌਲਵਰ ਹਨ ਤੇ ਮੈਂ ਸੋਚਿਆ ਕਿ ਇਹ ਔਰਤਾਂ ਨੂੰ ਜਾਗਰੂਕ ਕਰਨ ਵਾਲੀ ਇੱਕ ਹੋਰ ਪੋਸਟ ਬਣ ਜਾਵੇਗੀ।"
ਚਾਰ ਦਿਨਾਂ ਬਾਅਦ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਇੰਸਟਾਗ੍ਰਾਮ ਉੱਪਰ ਮੀਮ ਬਣਾ ਕੇ ਮਜ਼ਾਕ ਉਡਾਇਆ ਜਾ ਰਿਹਾ ਸੀ।
ਬ੍ਰਾਜ਼ੀਲ ਦੇ ਇੱਕ ਵਿਵਾਦਿਤ ਕਾਮੇਡੀਅਨ ਡੈਨੀਲੋ ਜੈਂਟਿਲੀ ਨੇ ਆਪਣੇ 17 ਮਿਲੀਅਨ ਫੌਲਵਰਾਂ ਲਈ ਇਹ ਪੋਸਟ ਪਾਈ ਤੇ ਲਿਖਿਆ,"ਮਾਹਵਾਰੀ ਦਾ ਖੂਨ ਨਾਰਮਲ ਹੈ ਪਰ ਉਸ ਨੂੰ ਆਪਣੇ ਮੂੰਹ ’ਤੇ ਮਲਣਾ ਅਬਨਾਰਮਲ ਹੈ।"
ਉਨ੍ਹਾਂ ਦਾ ਇਹ ਲਤੀਫ਼ਾ ਉਨ੍ਹਾਂ ਨੂੰ ਪੁੱਠਾ ਪੈ ਗਿਆ। ਪੋਸਟ ਤੇ 2300 ਤੋਂ ਵਧੇਰੇ ਕਾਮੈਂਟ ਆਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਇਸ ਦੀ ਆਲੋਚਨਾ ਕੀਤੀ ਸੀ।
ਲੌਰਾ ਦਾ ਮੰਨਣਾ ਹੈ ਕਿ ਇਸ ਨਾਲ ਇਹੀ ਸਾਬਤ ਹੁੰਦਾ ਹੈ ਕਿ ਇਸ ਵਿਸ਼ੇ ਬਾਰੇ ਕਿੰਨਾ ਟੈਬੂ ਹੈ।
ਉਨ੍ਹਾਂ ਕਿਹਾ, "ਲੋਕ ਸਮਝਦੇ ਹਨ ਕਿ ਜੋ ਉਨ੍ਹਾਂ ਨੂੰ ਸਹੀ ਨਹੀਂ ਲਗਦਾ ਉਹ ਜ਼ਰੂਰ ਅਬਨਾਰਮਲ ਹੋਵੇਗਾ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਆਪਣੇ ਮੋਬਾਈਲ ਫੋਨਾਂ ਦੇ ਪਿੱਛੇ ਛਿਪ ਕੇ ਦਿਲ ਦੁਖਾਉਣ ਵਾਲੀਆਂ ਗੱਲਾਂ ਕਰਦੇ ਰਹਿਣਗੇ।"
"ਇਹ ਮੇਰੇ ਸਰੀਰ ਦਾ ਤਰਲ ਹੈ ਤੇ ਮੈਂ ਫੈਸਲਾ ਕਰਾਂਗੀ ਕਿ ਕੀ ਅਬਨਾਰਮਲ ਹੈ ਤੇ ਜਾਂ ਨਹੀਂ। ਮੈਂ ਕਿਸੇ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇ ਰਹੀ।"
"ਅਬਨਾਰਮਲ ਤਾਂ ਲੋਕਾਂ ਨੂੰ ਦੁਖੀ ਕਰਨਾ ਹੋਣਾ ਚਾਹੀਦਾ ਹੈ। ਮੈਂ ਉਸੇ ਦਿਨ ਹਟਾਂਗੀ ਜਦੋਂ ਅਸੀਂ ਮਾਹਵਾਰੀ ਦੇ ਖੂਨ ਨੂੰ ਸਾਧਾਰਣ ਸਮਝਣਾ ਸ਼ੁਰੂ ਕਰਾਂਗੇ।"
ਇਹ ਵੀ ਪੜ੍ਹੋ: