ਕੀ ਤੁਸੀਂ ਤਨਖ਼ਾਹ ਵਿੱਚ ਵਾਧਾ ਚਾਹੁੰਦੇ ਹੋ, ਇਹ ਪੜ੍ਹੋ

    • ਲੇਖਕ, ਜੇਮੀ ਰੌਬਰਟਸਨ
    • ਰੋਲ, ਬਿਜ਼ਨਸ ਪੱਤਰਕਾਰ, ਬੀਬੀਸੀ ਨਿਊਜ਼

ਕੰਪਨੀ ਵਿੱਚ ਤੁਹਾਡੀ ਕਿੰਨੀ ਕਦਰ ਹੈ? ਇਸ ਗੱਲ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਤੁਹਾਡੇ ਖਾਤੇ ਵਿੱਚ ਕਿੰਨੀ ਤਨਖ਼ਾਹ ਪੈਂਦੀ ਹੈ।

ਜੇ ਤੁਹਾਡੀ ਕਦਰ ਨਹੀਂ ਪੈ ਰਹੀ, ਮਤਲਬ ਢੁਕਵੀਂ ਤਨਖ਼ਾਹ ਨਹੀਂ ਮਿਲ ਰਹੀ ਤਾਂ ਤੁਹਾਨੂੰ ਆਪਣੇ ਦਫ਼ਤਰ ਵਿੱਚ ਉਸ ਬੰਦੇ ਨਾਲ ਗੱਲ ਕਰਨੀ ਪਵੇਗੀ ਜੋ ਤੁਹਾਡੀ ਤਨਖ਼ਾਹ ਲਈ ਜ਼ਿੰਮੇਵਾਰ ਹੈ।

ਆਪਣੀ ਤਨਖ਼ਾਹ ਵਿੱਚ ਵਾਧੇ ਲਈ ਪੁੱਛਣ ਤੋਂ ਬਹੁਤੇ ਲੋਕ ਘਬਰਾ ਜਾਂਦੇ ਹਨ ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ।

ਦਿ ਡੌਟਸ ਜੋ ਕਿ ਇੱਕ ਪ੍ਰੋਫੈਸ਼ਨਲ ਵੈਬਸਾਈਟ ਹੈ, ਦੇ ਸੰਸਥਾਪਕ ਪਿਪ ਜੈਮੀਸਨ ਦਾ ਕਹਿਣਾ ਹੈ ਕਿ ਅੱਜ ਤੱਕ "ਕਿਸੇ ਦੀ ਨੌਕਰੀ ਤਨਖ਼ਾਹ ਵਿੱਚ ਵਾਧਾ ਮੰਗਣ ਪਿੱਛੇ ਤਾਂ ਨਹੀਂ ਗਈ ਹੋਵੇਗੀ।"

ਸਗੋਂ ਤਨਖ਼ਾਹ ਵਿੱਚ ਵਾਧਾ ਮੰਗਣ ਦਾ ਮਤਲਬ ਹੈ ਕਿ ਤੁਸੀਂ ਕੋਈ "ਇਰਾਦਾ ਰੱਖਦੇ ਹੋ ਤੇ ਕੰਪਨੀ ਵਿੱਚ ਕੰਮ ਕਰਦੇ ਰਹਿਣਾ ਚਾਹੁੰਦੇ ਹੋ"।

ਇਹ ਵੀ ਪੜ੍ਹੋ:

ਹਾਂ ਤਨਖ਼ਾਹ ਵਿੱਚ ਵਾਧਾ ਮੰਗਣ ਦੇ ਚੰਗੇ ਤੇ ਮਾੜੇ ਦੋਵੇਂ ਤਰੀਕੇ ਹੋ ਸਕਦੇ ਹਨ। ਇੱਥੇ ਕੁਝ ਚੰਗੇ-ਮਾੜੇ ਤਰੀਕੇ ਦਿੱਤੇ ਗਏ ਹਨ ਜਿਨ੍ਹਾਂ ਨਾਲ ਤੁਹਾਨੂੰ ਆਪਣੀ ਤਨਖ਼ਾਹ ਵਿੱਚ ਵਾਧਾ ਮੰਗਣ ਵਿੱਚ ਮਦਦ ਹੋ ਸਕਦੀ ਹੈ।

ਆਓ ਪਹਿਲਾਂ ਦੇਖੀਏ ਕਿ ਕਿਹੜੀਆ ਗੱਲਾਂ ਨਾ ਕੀਤੀਆ ਜਾਣ:

ਇਹ ਨਾ ਕਰੋ: ਐਵੇ ਕਿਸੇ ਰਕਮ ਦੀ ਮੰਗ ਨਾ ਕਰੋ

ਮੁਲਾਜ਼ਮਾਂ ਨੂੰ ਕਿਸੇ ਮਿਹਰਬਾਨੀ ਵਜੋਂ ਨਹੀਂ ਲੈਣਾ ਚਾਹੀਦਾ ਸਗੋਂ ਇੱਕ ਕਰਾਰ ਵਜੋਂ ਲੈਣਾ ਚਾਹੀਦਾ ਹੈ ਅਤੇ ਇਸ ਕਰਾਰ ਬਾਰੇ ਸਮੇਂ-ਸਮੇਂ 'ਤੇ ਗੱਲਬਾਤ ਹੋ ਸਕਦੀ ਹੈ।

ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਹਾਨੂੰ ਮਕਾਨ ਦਾ ਕਿਰਾਇਆ ਦੇਣ ਲਈ ਤੇ ਮਹਿੰਗੇ ਕੱਪੜੇ ਖ਼ਰੀਦਣ ਲਈ ਇਹ ਪੈਸੇ ਚਾਹੀਦੇ ਹਨ।

ਹਾਲਾਂਕਿ ਹਰੇਕ ਕੰਪਨੀ ਦਾ ਇਹ ਫਰਜ਼ ਹੈ ਕਿ ਉਹ ਆਪਣੇ ਮੁਲਾਜ਼ਮਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖ ਕੇ ਹੀ ਉਨ੍ਹਾਂ ਦੀ ਤਨਖ਼ਾਹ ਤੈਅ ਕਰੇ।

ਜੇ ਕੋਈ ਮੁਲਾਜ਼ਮ ਨੌਕਰੀ ਛੱਡ ਕੇ ਜਾਂਦਾ ਹੈ ਤਾਂ ਕੰਪਨੀ ਵੱਲੋਂ ਨਵੇਂ ਮੁਲਾਜ਼ਮ ਦੀ ਭਰਤੀ ਤੇ ਉਸ ਦੀ ਟਰੇਨਿੰਗ ਆਦਿ ਉੱਪਰ ਕੀਤਾ ਜਾਣ ਵਾਲਾ ਖ਼ਰਚਾ ਬਹੁਤ ਜ਼ਿਆਦਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਤਨਖ਼ਾਹ ਤੁਹਾਡੀ ਤੇ ਤੁਹਾਡੀ ਕੰਪਨੀ ਦੀ ਕਾਰਗੁਜ਼ਾਰੀ ਦਰਸਾਉਂਦੀ ਹੋਵੇ।

ਇਹ ਨਾ ਕਰੋ: ਜਲਦੀ-ਜਲਦੀ ਵਾਧੇ ਨਾ ਮੰਗੋ

ਜੇ ਤੁਹਾਡੀ ਤਨਖ਼ਾਹ ਹਾਲ ਹੀ ਵਿੱਚ ਵਧੀ ਹੈ ਜਾਂ ਤੁਸੀਂ ਨੌਕਰੀ ਵਿੱਚ ਨਵੇਂ ਹੋ ਤਾਂ ਤੁਹਾਡੇ ਕੋਲ ਤਨਖ਼ਾਹ ਵਿੱਚ ਵਾਧਾ ਮੰਗਣ ਲਈ ਪੁਖ਼ਤਾ ਤਰਕ ਹੋਣੇ ਚਾਹੀਦੇ ਹਨ, ਕਿ ਤੁਹਾਨੂੰ ਐਨੀ ਜਲਦੀ ਤਨਖ਼ਾਹ ਵਿੱਚ ਵਾਧਾ ਕਿਉਂ ਚਾਹੀਦਾ ਹੈ?

ਪਰਸਨਲ ਡਿਵੈਲਪਮੈਂਟ ਕੋਚ ਸ਼ੈਰਲੈਟ ਗਰੀਨ ਦਾ ਕਹਿਣਾ ਹੈ ਕਿ ਮੈਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਲੋਕ ਨੌਕਰੀ ਵਿੱਚ ਆਉਣ ਸਾਰ ਹੀ ਤਨਖ਼ਾਹ ਵਿੱਚ ਵਾਧਾ ਮੰਗਣ ਲੱਗ ਪੈਂਦੇ ਹਨ। ਜਦਕਿ ਉਨ੍ਹਾਂ ਨੇ ਨੌਕਰੀ ਦੀ ਆਫ਼ਰ ਦੱਸੀ ਗਈ ਤਨਖ਼ਾਹ ਦੇ ਨਾਲ ਹੀ ਸਵੀਕਾਰ ਕੀਤਾ ਹੁੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਤਨਖ਼ਾਹ ਵਿੱਚ ਵਾਧਾ ਵਫ਼ਾਦਾਰੀ ਅਤੇ ਸਮਾਂ ਲਗਾਉਣ ਤੋਂ ਬਾਅਦ ਹੀ ਮਿਲਣਾ ਚਾਹੀਦਾ ਹੈ। ਮਿਹਨਤ ਨਾਲ ਹੀ ਆਰਥਿਕ ਮੁਨਾਫ਼ਾ ਮਿਲੇਗਾ।

ਇਹ ਨਾ ਕਰੋ: ਆਪਣੇ ਪੇ ਬੈਂਡ ਤੋਂ ਬਾਹਰੋਂ ਕੁਝ ਨਾ ਮੰਗੋ

ਹਾਲਾਂਕਿ ਪੇ ਬੈਂਡ ਤੁਹਾਡੀ ਤਨਖ਼ਾਹ ਨੂੰ ਬਹੁਤ ਹੱਦ ਤੱਕ ਸੀਮਤ ਕਰ ਦਿੰਦੇ ਹਨ, ਪਰ ਫਿਰ ਵੀ ਤੁਸੀਂ ਆਪਣੇ ਪੇ ਬੈਂਡ ਵਿੱਚ ਜਿਸ ਵੀ ਥਾਂ 'ਤੇ ਹੋ ਉੱਥੋਂ ਵਾਧਾ ਮੰਗ ਸਕਦੇ ਹੋ।

ਇਸ ਬਾਰੇ ਆਪਣੇ ਬਾਸ ਨਾਲ ਵਿਚਾਰ ਕਰ ਸਕਦੇ ਹੋ।

ਇਹ ਨਾ ਕਰੋ: ਇੱਧਰ ਉਧਰ ਦੇਖ ਕੇ ਗੱਲ ਨਾ ਕਰੋ

ਮੌਨਸਟਰ ਦੀ ਸਲਾਹ ਹੈ ਕਿ ਗੱਲ ਕਰਦੇ ਸਮੇਂ ਇੱਧਰ-ਉਧਰ ਨਾ ਦੇਖੋ। ਇਸ ਨਾਲ ਸਾਹਮਣੇ ਵਾਲੇ ਨੂੰ ਲੱਗੇਗਾ ਕਿ ਤੁਸੀਂ ਸਹਿਜ ਨਹੀਂ ਹੋ ਜਾਂ ਕੋਈ ਚੀਜ਼ ਤੁਹਾਨੂੰ ਪ੍ਰੇਸ਼ਾਨ ਕਰ ਰਹੀ ਹੈ, ਜਾਂ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਕੀ ਮੰਗ ਰਹੇ ਹੋ।

ਸਾਹਮਣੇ ਵਾਲੇ ਨੂੰ ਲੱਗਣਾ ਚਾਹੀਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਹਿ ਰਹੇ ਹੋ।

ਇਹ ਨਾ ਕਰੋ: ਅਸਪਸ਼ਟਤਾ ਨਾ ਰੱਖੋ

ਮੰਨ ਲਓ, ਤੁਸੀਂ ਆਪਣੀ ਤਨਖ਼ਾਹ ਵਿੱਚ 1,245.25 ਰੁਪਏ ਦਾ ਵਾਧਾ ਮੰਗ ਰਹੇ ਹੋ। ਇਸ ਸੂਰਤ ਵਿੱਚ ਤੁਹਾਨੂੰ ਦੱਸਣਾ ਪਵੇਗਾ ਕਿ 1245 ਅਤੇ .25 ਵਿੱਚੋਂ ਕਿਹੜਾ ਜ਼ਿਆਦਾ ਅਹਿਮ ਹੈ।

ਆਓ ਹੁਣ ਦੇਖੀਏ ਕਿ ਕੀ ਕੀਤਾ ਜਾਣਾ ਚਾਹੀਦਾ ਹੈ:

ਇਹ ਕਰੋ: ਪਹਿਲਾਂ ਚੰਗੀ ਤਰ੍ਹਾਂ ਰਿਸਰਚ ਕਰੋ

ਚੰਗੀਆਂ ਵੈਬਸਾਈਟ 'ਤੇ ਜਾਓ ਤੇ ਤਨਖ਼ਾਹਾਂ ਦੀ ਤੁਲਨਾ ਕਰੋ ਕਿ ਤੁਹਾਡਾ ਕੰਮ ਕਰਨ ਵਾਲਿਆਂ ਨੂੰ ਮਾਰਕਿਟ ਵਿੱਚ ਕਿੰਨੀ ਤਨਖ਼ਾਹ ਮਿਲ ਰਹੀ ਹੈ।

ਆਪਣੀ ਕੰਪਨੀ ਦੇ ਐੱਚ ਆਰ ਨਾਲ ਸੰਪਰਕ ਕਰੋ ਤੇ ਉਨ੍ਹਾਂ ਨੂੰ ਪੁੱਛੋ ਕਿ ਤੁਹਾਡੀ ਕਿੰਨੀ ਤਨਖ਼ਾਹ ਹੋਣੀ ਚਾਹੀਦੀ ਹੈ।

ਐੱਚਆਰ ਕੋਲ ਆਪਣੇ ਦਾਅਵੇ ਨੂੰ ਮਜ਼ਬੂਤੀ ਦੇਣ ਲਈ ਤੁਹਾਡੇ ਕੋਲ ਪੱਕੇ ਸਬੂਤ ਹੋਣੇ ਚਾਹੀਦੇ ਹਨ। ਤੁਸੀਂ ਕਿੰਨੇ ਟੀਚੇ ਹਾਸਲ ਕੀਤੇ, ਕਿੰਨੇ ਕੰਟਰੈਕਟ ਕੰਪਨੀ ਨੂੰ ਦਿਵਾਏ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੀ ਤਨਖ਼ਾਹ ਨਿਰਧਾਰਿਤ ਕਰਨ ਵਾਲੇ ਨੂੰ ਤੁਹਾਡੇ ਕੰਮ ਪ੍ਰਤੀ ਕਿੰਨੀ ਘੱਟ ਜਾਣਕਾਰੀ ਹੈ।

ਇਹ ਕਰੋ: ਢੁਕਵੇਂ ਸਮੇਂ ’ਤੇ ਗੱਲ ਕਰੋ

ਤਨਖ਼ਾਹ ਵਿੱਚ ਵਾਧੇ ਦੀ ਗੱਲ ਉਸ ਸਮੇਂ ਕਰੋ ਜਦੋਂ ਖ਼ੁਸ਼ੀ ਦਾ ਮਾਹੌਲ ਹੋਵੇ। ਜਿਵੇਂ ਤੁਸੀਂ ਕੋਈ ਅਹਿਮ ਟੀਚਾ ਹਾਸਲ ਕਰ ਲਿਆ ਹੋਵੇ ਜਾਂ ਕੰਪਨੀ ਨੂੰ ਕੋਈ ਵੱਡਾ ਕੰਟਰੈਕਟ ਮਿਲ ਗਿਆ ਹੋਵੇ ਜਿਸ ਕਾਰਨ ਸਾਰੇ ਬਾਸ ਖ਼ੁਸ਼ ਹੋਣ।

ਇਹ ਕੰਪਨੀ ਦੇ ਬੱਜਟ ਦੀ ਤਿਆਰੀ ਦਾ ਸਮਾਂ ਵੀ ਹੋ ਸਕਦਾ ਹੈ, ਜਦੋਂ ਤਨਖ਼ਾਹ ਵਿੱਚ ਵਾਧੇ ਦੀ ਗੁੰਜਾਇਸ਼ ਰੱਖ ਕੇ ਨਵੇਂ ਸਾਲ ਦੇ ਬਜਟ ਦੀ ਤਿਆਰੀ ਕੀਤੀ ਜਾ ਸਕੇ।

ਦਫ਼ਤਰੀ ਜ਼ਿੰਦਗੀ ਬਾਰੇ ਬੀਬੀਸੀ ਦੇ ਹੋਰ ਲੇਖ:

ਇਹ ਕਰੋ: ਆਪਣੇ ਪੇ-ਬੈਂਡ ਬਾਰੇ ਜਾਣਕਾਰੀ ਰੱਖੋ

ਕੰਪਨੀਆਂ ਆਪਣੇ ਪੇ-ਬੈਂਡ ਲਗਾਤਾਰ ਸੁਧਾਰਦੀਆਂ ਰਹਿੰਦੀਆਂ ਹਨ ਤਾਂ ਕਿ ਬਹਿਸ ਤੋਂ ਬਚਿਆ ਜਾ ਸਕੇ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੜੇ ਪੇ ਬੈਂਡ ਵਿੱਚ ਹੋ।

ਇਸ ਤੋਂ ਇਲਾਵਾ ਜੇ ਕੰਪਨੀ ਇੱਕ ਕੰਮ ਲਈ ਦੋ ਵਿਅਕਤੀਆਂ ਨੂੰ ਵੱਖੋ-ਵੱਖ ਤਨਖ਼ਾਹ ਦਿੰਦੀ ਹੈ ਤਾਂ ਕੰਪਨੀ ਕਿਸੇ ਵੀ ਸਮੇਂ ਕਾਨੂੰਨੀ ਰਗੜੇ ਵਿੱਚ ਆ ਸਕਦੀ ਹੈ।

ਇਹ ਕਰੋ: ਸਟੀਕ ਰਕਮ ਦੀ ਮੰਗ ਕਰੋ

ਕੋਲੰਬੀਆ ਬਿਜ਼ਨਸ ਸਕੂਲ ਦੇ ਅਧਿਐਨ ਵਿੱਚ ਸਾਹਮਣੇ ਆਇਆ ਕਿ ਇੱਧਰ-ਉੱਧਰ ਦੀਆਂ ਮਾਰਨ ਦੀ ਥਾਂ ਜੇ ਇੱਕ ਰਕਮ ਦੱਸੀ ਜਾਵੇ ਜੋ ਤੁਹਾਨੂੰ ਵਾਧੇ ਵਿੱਚ ਚਾਹੀਦੀ ਹੈ ਤਾਂ ਇਹ ਜ਼ਿਆਦਾ ਕਾਰਗਰ ਹੁੰਦਾ ਹੈ।

ਜਦੋਂ ਤੁਸੀਂ ਸੈਕੰਡ ਹੈਂਡ ਕਾਰ ਵੀ ਖ਼ਰੀਦਣ ਜਾਂਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਅੱਟੇ-ਸੱਟੇ ਲਾਉਣ ਵਾਲਿਆਂ ਨਾਲੋਂ ਇੱਕ ਪੇਸ਼ਕਸ਼ ਕਰਨ ਵਾਲਿਆਂ ਨੂੰ ਜ਼ਿਆਦਾ ਜਾਣਕਾਰ ਸਮਝਿਆ ਜਾਂਦਾ ਹੈ।

ਇਹ ਕਰੋ: ਭਵਿੱਖ ਬਾਰੇ ਗੱਲ ਕਰੋ

ਨੌਕਰੀ ਵਿੱਚ ਤੁਹਾਡੇ ਕੰਮ ਨੂੰ ਸਿਰਫ਼ ਤਨਖ਼ਾਹ ਹੀ ਪ੍ਰਭਾਵਿਤ ਨਹੀਂ ਕਰਦੀ। ਦਫ਼ਤਰ ਦਾ ਮਹੌਲ ਤੇ ਸਹਿਯੋਗੀਆਂ ਦਾ ਆਪਸੀ ਤਾਲਮੇਲ ਵੀ ਬਹੁਤ ਜ਼ਿਆਦਾ ਯੋਗਦਾਨ ਪਾਉਂਦਾ ਹੈ।

ਟੀਮ ਵਿੱਚ ਸਹਿਯੋਗ ਸੁਧਾਰਨ ਬਾਰੇ ਚਰਚਾ ਕਰੋ।

ਇਹ ਕਰੋ: ਆਪਣੇ-ਆਪ 'ਤੇ ਭਰੋਸਾ ਰੱਖੋ

ਮੌਨਸਟਰ ਵੈਬਸਾਈਟ ਦੀ ਮੁਲਾਜ਼ਮਾਂ ਨੂੰ ਸਲਾਹ ਇਹ ਹੈ ਕਿ ਤਨਖ਼ਾਹ ਬਾਰੇ ਗੱਲ ਕਰਨ ਲੱਗਿਆ ਆਪਣੇ ਅਫ਼ਸਰ ਨਾਲ ਸਿੱਧੇ ਬੈਠ ਕੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ।

ਆਤਮ ਵਿਸ਼ਵਾਸ਼ ਇਸ ਵਾਰਤਾਲਾਪ ਦੀ ਕੁੰਜੀ ਹੈ। ਢੁਕਵੇਂ ਸ਼ਬਦਾਂ ਦੀ ਵਰਤੋਂ ਕਰੋ ਅਤੇ ਲੋੜ ਅਨੁਸਾਰ ਹੱਥਾਂ ਦੀ ਵਰਤੋਂ ਕਰੋ।

ਆਪਣੇ-ਆਪ ਤੇ ਭਰੋਸਾ ਰੱਖੋ। ਅਸੀਂ ਸਾਰੇ ਕਈ ਅਜਿਹੇ ਕੰਮ ਕਰਦੇ ਹਾਂ ਜੋ ਸਾਡੇ ਕੰਮ ਦਾ ਹਿੱਸਾ ਨਹੀਂ ਹੁੰਦੇ, ਸੋਂ ਉਨ੍ਹਾਂ ਕੰਮਾਂ ਨੂੰ ਗਿਣਾ ਕੇ ਤਨਖ਼ਾਹ ਵਿੱਚ ਵਾਧਾ ਮੰਗਣਾ ਕੋਈ ਬੁਰੀ ਗੱਲ ਨਹੀਂ ਹੈ।

ਇਹ ਕਰੋ: ਹਿੰਮਤ ਨਾ ਹਾਰੋ

ਜੇ ਉਹ ਤੁਹਾਡੀ ਤਨਖ਼ਾਹ ਨਹੀਂ ਵਧਾਉਣਾ ਚਾਹੁੰਦੇ ਜਾਂ ਕਹਿੰਦੇ ਹਨ ਕਿ ਤੁਸੀਂ ਇਸ ਲਾਇਕ ਨਹੀਂ ਹੋ, ਤਾਂ ਪੁੱਛੋ ਕਿ ਤੁਸੀਂ ਕਿਵੇਂ ਉਸ ਲਾਇਕ ਬਣੋਂਗੇ ਕਿ ਤੁਹਾਡੀ ਤਨਖ਼ਾਹ ਵਧਾਈ ਜਾ ਸਕੇ।

ਜੋ ਵੀ ਉਹ ਦੱਸਣਗੇ ਤੁਹਾਨੂੰ ਇਸ ਨਾਲ ਮਦਦ ਮਿਲੇਗੀ, ਤੁਸੀਂ ਤਿਆਰੀ ਕਰ ਸਕੋਗੇ ਕਿ ਅਗਲੀ ਮੀਟਿੰਗ ਵਿੱਚ ਕੀ ਕਹਿਣਾ ਹੈ।

ਤੁਸੀਂ ਨੌਕਰੀ ਤਾਂ ਕਦੇ ਵੀ ਛੱਡ ਕੇ ਜਾ ਸਕਦੇ ਹੋ। ਇਸ ਤੋਂ ਇਲਾਵਾ ਜਦੋਂ ਤੁਸੀਂ ਤਨਖ਼ਾਹ ਵਧਾਉਣ ਲਈ ਕਹਿੰਦੇ ਹੋ ਤਾਂ ਇਸ ਵਿੱਚ ਨੌਕਰੀ ਛੱਡਣ ਦੀ ਧਮਕੀ ਤਾਂ ਪਈ ਹੀ ਹੁੰਦੀ ਹੈ, ਤੁਸੀਂ ਉਸ ਨੂੰ ਬਸ ਬੋਲ ਕੇ ਕਹਿਣਾ ਨਹੀਂ ਚਾਹੁੰਦੇ।

ਚੰਗੀਆਂ ਕੰਪਨੀਆਂ ਵਧੀਆ ਤਨਖ਼ਾਹਾਂ ਦੇ ਕੇ ਚੰਗੀਆਂ ਪ੍ਰਤੀਭਾਵਾਂ ਆਪਣੇ ਕੋਲ ਰੱਖਣ ਵਿੱਚ ਸਫ਼ਲ ਹੁੰਦੀਆਂ ਹਨ। ਇਸੇ ਤਰ੍ਹਾਂ ਹੋਣਾ ਵੀ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)