You’re viewing a text-only version of this website that uses less data. View the main version of the website including all images and videos.
ਜਦੋਂ ਹੜ੍ਹ ਕਾਰਨ ਬਿਸਤਰੇ 'ਚ ਵੜੀ ਬਾਘਣੀ ਤੇ ਫ਼ਿਰ...
ਅਸਮ ਦੇ ਕਾਜੀਰੰਗਾ ਨੈਸ਼ਨਲ ਪਾਰਕ 'ਚ ਹੜ੍ਹ ਕਰਕੇ ਹੁਣ ਤੱਕ 90 ਤੋਂ ਵੱਧ ਜੀਵ-ਜੰਤੂਆਂ ਦੀ ਮੌਤ ਹੋ ਚੁੱਕੀ ਹੈ।
ਹੜ੍ਹ ਦੀਆਂ ਤਸਵੀਰਾਂ ਵਿੱਚ ਹਾਥੀਆਂ, ਹਿਰਣਾਂ ਅਤੇ ਗੈਂਡਿਆਂ ਨੂੰ ਆਪਣੀ ਜਾਣ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਪਰ ਇਸੇ ਨੈਸ਼ਨਲ ਪਾਰਕ ਵਿੱਚ ਆਏ ਹੜ੍ਹ ਕਰਕੇ ਇੱਕ ਬਾਘਣੀ ਨੂੰ ਇੱਕ ਸਥਾਨਕ ਵਾਸੀ ਦੇ ਘਰ ਸ਼ਰਨ ਲੈਣੀ ਪਈ।
ਵਾਈਲਡ ਲਾਈਫ਼ ਟਰੱਸਟ ਆਫ਼ ਇੰਡੀਆ ਮੁਤਾਬਕ, ਵੀਰਵਾਰ ਸਵੇਰੇ ਇਸ ਬਾਘਣੀ ਨੂੰ ਨੈਸ਼ਨਲ ਪਾਰਕ ਤੋਂ 200 ਮੀਟਰ ਦੂਰ ਹਾਈਵੇਅ ਦੇ ਕੰਢੇ ਦੇਖਿਆ ਗਿਆ ਸੀ।
ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹਾਈਵੇਅ 'ਤੇ ਭਾਰੀ ਆਵਾਜਾਈ ਹੋਣ ਕਰਕੇ ਬਾਘਣੀ ਨੂੰ ਇੱਕ ਘਰ ਵਿੱਚ ਪਨਾਹ ਲੈਣੀ ਪਈ।
ਇਹ ਵੀ ਪੜ੍ਹੋ:
ਬਚਾਅ ਦਸਤੇ ਦੇ ਮੈਂਬਰ ਰਥੀਨ ਬਰਮਨ ਦੱਸਦੇ ਹਨ ਕਿ ਬਾਘਣੀ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ ਸੱਤ ਵਜੇ ਘਰ ਵਿੱਚ ਵੜੀ ਅਤੇ ਸਾਰਾ ਦਿਨ ਬੈੱਡ ਉੱਤੇ ਸੋਂਦੀ ਰਹੀ।
ਉਹ ਕਹਿੰਦੇ ਹਨ, ''ਉਹ ਬਹੁਤ ਜ਼ਿਆਦਾ ਥੱਕੀ ਹੋਈ ਸੀ ਜਿਸ ਵਜ੍ਹਾ ਕਰਕੇ ਉਹ ਦਿਨ ਭਾਰ ਸੋਂਦੀ ਰਹੀ। ਚੰਗੀ ਗੱਲ ਇਹ ਰਹੀ ਕਿ ਉਸ ਨੂੰ ਕਿਸੇ ਨੇ ਪਰੇਸ਼ਾਨ ਨਹੀਂ ਕੀਤਾ ਤਾਂ ਜੋ ਉਹ ਆਰਾਮ ਕਰ ਸਕੇ। ਇਸ ਖ਼ੇਤਰ ਵਿੱਚ ਜੰਗਲੀ ਜੀਵ-ਜੰਤੂਆਂ ਪ੍ਰਤੀ ਸਤਿਕਾਰ ਦਾ ਭਾਵ ਹੈ।''
ਘਰਵਾਲਿਆਂ ਨੇ ਕੀ ਕੀਤਾ?
ਇਹ ਬਾਘਣੀ ਜਿਸ ਘਰ ਵਿੱਚ ਵੜੀ, ਉਸ ਦੇ ਮਾਲਿਕ ਮੋਤੀ ਲਾਲ ਹਨ ਜੋ ਘਰ ਦੇ ਕੋਲ ਹੀ ਆਪਣੀ ਦੁਕਾਨ ਵੀ ਚਲਾਉਂਦੇ ਹਨ।
ਉਨ੍ਹਾਂ ਨੇ ਸਵੇਰੇ-ਸਵੇਰੇ ਜਦੋਂ ਬਾਘਣੀ ਨੂੰ ਘਰ ਵਿੱਚ ਵੜਦੇ ਦੇਖਿਆ ਤਾਂ ਉਹ ਆਪਣੇ ਪਰਿਵਾਰ ਸਣੇ ਉੱਥੋਂ ਚਲੇ ਗਏ।
ਰਥੀਨ ਬਰਮਨ ਦੱਸਦੇ ਹਨ, ''ਮੋਤੀ ਲਾਲ ਕਹਿੰਦੇ ਹਨ ਕਿ ਉਹ ਉਸ ਬੈੱਡ ਸ਼ੀਟ ਅਤੇ ਸਰਾਹਣੇ ਨੂੰ ਸੰਭਾਲ ਕੇ ਰੱਖਣਗੇ ਜਿਸ ਉੱਤੇ ਬਾਘਣੀ ਨੇ ਦਿਨ ਭਰ ਆਰਾਮ ਕੀਤਾ ਸੀ।''
ਘਰ ਤੋਂ ਕਿਵੇਂ ਬਾਹਰ ਨਿਕਲੀ ਬਾਘਣੀ
ਬਾਘਣੀ ਦੇ ਘਰ ਵਿੱਚ ਵੜਨ ਦੀ ਜਾਣਕਾਰੀ ਮਿਲਣ ਦੇ ਕੁਝ ਦੇਰ ਬਾਅਦ ਵਾਈਲਡ ਲਾਈਫ਼ ਟਰੱਸਟ ਆਫ਼ ਇੰਡਿਆ ਦੇ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਬਾਘਣੀ ਦੇ ਘਰ ਤੋਂ ਨਿਕਲਣ ਲਈ ਰਾਹ ਬਣਾਉਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਹਾਈਵੇਅ 'ਤੇ ਆਵਾਜਾਈ ਰੋਕ ਕੇ ਘਰ ਦੇ ਕੋਲ ਪਟਾਕਿਆਂ ਨੂੰ ਚਲਾ ਕੇ ਬਾਘਣੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਬਾਘਣੀ ਸ਼ਾਮ ਸਾਢੇ ਪੰਜ ਵਜੇ ਘਰ ਤੋਂ ਨਿਕਲ ਕੇ ਜੰਗਲ ਵੱਲ ਚਲੀ ਗਈ।
ਬਰਮਨ ਦੱਸਦੇ ਹਨ ਕਿ ਹੁਣ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਉਹ ਜੰਗਲ ਵਿੱਚ ਗਈ ਜਾਂ ਆਲੇ-ਦੁਆਲੇ ਦੇ ਖ਼ੇਤਰ ਵਿੱਚ ਚਲੀ ਗਈ।
ਯੂਨੈਸਕੋ ਵੱਲੋਂ ਮਾਨਤਾ ਪ੍ਰਾਪਤ ਕਾਜੀਰੰਗਾ ਨੈਸ਼ਨਲ ਪਾਰਕ 'ਚ 110 ਟਾਈਗਰ ਹਨ ਪਰ ਇਸ ਹੜ੍ਹ ਵਿੱਚ ਕਿਸੇ ਦੀ ਜਾਨ ਨਹੀਂ ਗਈ ਹੈ।
ਦੂਜੇ ਪਾਸੇ ਮਰਣ ਵਾਲੇ ਜਾਨਵਰਾਂ 'ਚ 54 ਹਿਰਣ, 7 ਗੈਂਡੇ, 6 ਜੰਗਲੀ ਸੂਅਰ ਅਤੇ ਇੱਕ ਹਾਥੀ ਦੀ ਮੌਤ ਹੋਈ ਹੈ।
ਹੜ੍ਹ ਦੇ ਕਾਰਨ ਅਸਮ ਅਤੇ ਬਿਹਾਰ 'ਚ ਹੁਣ ਤੱਕ 100 ਲੋਕਾਂ ਦੀ ਜਾਨ ਗਈ ਹੈ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ